ਵਡਹੰਸ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਡਹੰਸ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 24 ਚਉਪਦੇ , ਦੋ ਅਸ਼ਟਪਦੀਆਂ , 17 ਛੰਤ (ਦੋ ਘੋੜੀਆਂ ਦੇ), ਨੌਂ ਅਲਾਹਣੀਆਂ ਅਤੇ ਇਕ ਵਾਰ ਮਹਲਾ ੪ ਸ਼ਾਮਲ ਹੈ।

ਚਉਪਦੇ ਪ੍ਰਕਰਣ ਦੇ ਕੁਲ 24 ਚਉਪਦਿਆਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ ਜਿਨ੍ਹਾਂ ਵਿਚੋਂ ਪਹਿਲੇ ਦੋ ਚਉਪਦੇ ਹਨ ਅਤੇ ਤੀਜੇ ਵਿਚ ਕੇਵਲ ਇਕੋ ਪਦਾ ਹੈ। ਇਨ੍ਹਾਂ ਵਿਚ ਪਰਮਾਤਮਾ ਨੂੰ ਮਿਲਣ ਦੀ ਤੀਬਰ ਭਾਵਨਾ ਪ੍ਰਗਟਾਈ ਗਈ ਹੈ। ਗੁਰੂ ਅਮਰਦਾਸ ਜੀ ਦੇ ਲਿਖੇ ਨੌਂ ਚਉਪਦਿਆਂ ਵਿਚ ਅੱਠ ਚਾਰ ਚਾਰ ਪਦਿਆਂ ਦੇ ਸਮੁੱਚ ਹਨ ਅਤੇ ਇਕ ਵਿਚ ਪੰਜ ਪਦੇ ਹਨ। ਇਨ੍ਹਾਂ ਵਿਚ ਗੁਰੂ ਜੀ ਦਾ ਉਪਦੇਸ਼ ਹੈ ਕਿ ਪਰਮਾਤਮਾ ਨਾਲ ਮੇਲ ਹੋਣ ਵਿਚ ਵਾਸਨਾਵਾਂ ਵਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਗੁਰੂ ਦੀ ਸ਼ਰਣ ਵਿਚ ਜਾ ਕੇ ਦੂਰ ਕੀਤਾ ਜਾ ਸਕਦਾ ਹੈ। ਗੁਰੂ ਰਾਮਦਾਸ ਜੀ ਦੇ ਤਿੰਨ ਚਉਪਦਿਆਂ ਵਿਚੋਂ ਪਹਿਲਾਂ ਚਾਰ ਪਦਿਆਂ ਦਾ ਅਤੇ ਦੂਜਾ ਪੰਜ ਪਦਿਆਂ ਦਾ ਹੈ, ਪਰ ਤੀਜਾ ਛੇ ਦਾ ਸਮੁੱਚ ਹੈ। ਇਸ ਵਿਚ ‘ਰਹਾਉ ’ ਦੀਆਂ ਤੁਕਾਂ ਨਹੀਂ ਹਨ। ਇਨ੍ਹਾਂ ਵਿਚ ਪਰਮਾਤਮਾ ਦਾ ਸੰਯੋਗ-ਸੁਖ ਪ੍ਰਾਪਤ ਕਰਨ ਲਈ ਗੁਰੂ ਦੀ ਸਹਾਇਤਾ ਦੀ ਇੱਛਾ ਪ੍ਰਗਟ ਕੀਤੀ ਗਈ ਹੈ। ਗੁਰੂ ਅਰਜਨ ਦੇਵ ਜੀ ਦੇ ਲਿਖੇ ਨੌਂ ਚਉਪਦਿਆਂ ਵਿਚ ਸੱਤਾਂ ਵਿਚ ਚਾਰ ਚਾਰ ਪਦੇ ਹਨ ਅਤੇ ਬਾਕੀਆਂ ਦੋਹਾਂ ਵਿਚੋਂ ਇਕ ਵਿਚ ਤਿੰਨ ਅਤੇ ਇਕ ਵਿਚ ਪੰਜ ਪਦਿਆਂ ਦੇ ਜੁੱਟ ਹਨ। ਪੰਚਪਦੇ ਵਿਚ ‘ਰਹਾਉ’ ਦੀਆਂ ਤੁਕਾਂ ਨਹੀਂ ਹਨ। ਇਨ੍ਹਾਂ ਵਿਚ ਪਰਮਾਤਮਾ ਨੂੰ ਮਿਲਣ ਦੀ ਲੋਚਾ ਪ੍ਰਗਟਾਈ ਹੈ।

ਅਸ਼ਟਪਦੀਆਂ ਸਿਰਲੇਖ ਅਧੀਨ ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੀਆਂ ਲਿਖੀਆਂ ਦੋ ਅਸ਼ਟਪਦੀਆਂ ਦਰਜ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਸਚੇ ਨਾਮ ਦੇ ਸਿਮਰਨ ਉਤੇ ਬਲ ਦਿੱਤਾ ਹੈ।

            ਛੰਤ ਪ੍ਰਕਰਣ ਦੇ ਕੁਲ 17 ਛੰਤਾਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੇ ਹਨ। ਇਕ ਵਿਚ ਚਾਰ ਪਦੇ ਹਨ ਅਤੇ ਇਕ ਵਿਚ ਅੱਠ। ਇਨ੍ਹਾਂ ਵਿਚ ਨਾਮ ਜਪਣ ਨੂੰ ਸ਼੍ਰੇਸ਼ਠ ਕਰਮ ਮੰਨ ਕੇ, ਫਿਰ ਉਸ ਦੀ ਵਿਧੀ ਦਸੀ ਗਈ ਹੈ। ਗੁਰੂ ਅਮਰਦਾਸ ਜੀ ਦੇ ਲਿਖੇ ਛੇ ਛੰਤਾਂ ਵਿਚ ਚਾਰ ਚਾਰ ਪਦੇ ਹਨ। ਇਨ੍ਹਾਂ ਵਿਚ ਮਨੁੱਖ ਨੂੰ ਇਸਤਰੀ ਰੂਪ ਵਿਚ ਸੰਬੋਧਿਤ ਕੀਤਾ ਗਿਆ ਹੈ ਅਤੇ ਪਤੀ-ਪਰਮਾਤਮਾ ਨੂੰ ਮਿਲਣ ਦੇ ਉਪਾ ਦਸੇ ਗਏ ਹਨ। ਗੁਰੂ ਰਾਮਦਾਸ ਜੀ ਦੇ ਲਿਖੇ 6 ਛੰਤ ਚਾਰ ਚਾਰ ਪਦਿਆਂ ਦੇ ਹਨ। ਪਹਿਲੇ ਚੌਹਾਂ ਵਿਚ ਪਰਮਾਤਮਾ ਨੂੰ ਮਿਲਾਉਣ ਵਾਲੇ ਸਾਧਨ, ਗੁਰੂ ਦੀ ਉਸਤਤ ਅਤੇ ਪ੍ਰਭੂ ਦਾ ਮਿਲਾਪ ਕਰਾਉਣ ਲਈ ਅਰਜ਼ੋਈ ਕੀਤੀ ਗਈ ਹੈ। ਪੰਜਵੇਂ ਅਤੇ ਛੇਵੇਂ ਛੰਤਾਂ ਨੂੰ ‘ਘੋੜੀਆਂ’ ਉਪ-ਸਿਰਲੇਖ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੇ ਲਿਖੇ ਤਿੰਨ ਛੰਤਾਂ ਵਿਚ ਚਾਰ ਚਾਰ ਪਦੇ ਹਨ। ਦੂਜੇ ਛੰਤ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਸ਼ਲੋਕ ਹੈ। ਸ਼ਲੋਕ ਦੀ ਭਾਸ਼ਾ ਲਹਿੰਦੀ ਪ੍ਰਭਾਵ ਵਾਲੀ ਹੈ ਅਤੇ ਛੰਤਾਂ ਦੀ ਭਾਸ਼ਾ ਪੂਰਬੀ ਪੰਜਾਬੀ ਹੈ, ਕਿਤੇ ਕਿਤੇ ਸਾਧ-ਭਾਖਾਈ ਰੰਗ ਵੀ ਹੈ। ਇਨ੍ਹਾਂ ਛੰਤਾਂ ਵਿਚ ਵਿਆਹ ਦੇ ਮਾਹੌਲ ਰਾਹੀਂ ਨਿਰਾਕਾਰ ਪਤੀ-ਪਰਮਾਤਮਾ ਦੇ ਦਰਸ਼ਨਾਂ ਲਈ ਬਾਹਰਲੀਆਂ ਨਹੀਂ, ਅੰਦਰਲੀਆਂ ਅੱਖਾਂ ਦੀ ਲੋੜ ਦਸੀ ਗਈ ਹੈ।

ਇਸ ਤੋਂ ਅਗੇ ‘ਅਲਾਹਣੀਆਂ’ ਅਤੇ ‘ਵਡਹੰਸ ਕੀ ਵਾਰ ਮ. ੪’ ਬਾਰੇ ਸੁਤੰਤਰ ਇੰਦਰਾਜ ਵੇਖੋ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਡਹੰਸ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਡਹੰਸ (ਰਾਗ) : ਸ਼ਾੜਵ-ਸੰਪੂਰਨ ਜਾਤੀ ਦਾ ਇਕ ਰਾਗ ਹੈ ਜਿਸ ਦੇ ਨਾਦਾਤਮਕ ਸਰੂਪ ਵਿਚ ਦੋਵੇਂ ਨਿਸ਼ਾਦ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਹ ਖਮਾਜ ਥਾਟ ਨਾਲ ਸਬੰਧਤ ਹੈ। ਇਸ ਦਾ ਵਾਦੀ ਸੁਰ ਰਿਸ਼ਭ  ਅਤੇ ਸੰਵਾਦੀ ਪੰਚਮ ਹੈ। ਇਸ ਦੇ ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਅੱਠਵਾਂ ਹੈ ਅਤੇ ਪੰਨਾ ਨੰਬਰ 557 ਤੋਂ 594 ਤਕ ਅੰਕਿਤ ਹੈ। ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ। ‘ਘੋੜੀਆਂ’ ਅਤੇ ‘ਅਲਾਹੁਣੀਆਂ’ ਵਰਗੇ ਲੋਕ ਕਾਵਿ ਰੂਪ ਇਸ ਰਾਗ ਵਿਚ ਅੰਕਿਤ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-10-02, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਦੂਜੀ; ਗਾਵਹੁ ਸਚੀ ਬਾਣੀ–ਡਾ. ਰਘਬੀਰ ਸਿੰਘ; ਆਦਿ ਗ੍ਰੰਥ ਰਾਗ ਕੋਸ਼ -ਡਾ. ਗੁਰਨਾਮ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.