ਵਧੇਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਧੇਤਰ : ਧਾਤੂਆਂ ਨਾਲ ਜੁੜ ਕੇ ਨਵੇਂ ਸ਼ਬਦ ਬਣਾਉਣ ਵਾਲੀਆਂ ਇਕਾਈਆਂ ਨੂੰ ਵਧੇਤਰ ਕਹਿੰਦੇ ਹਨ। ਵਧੇਤਰ ਆਪ ਖ਼ੁਦ ਸ਼ਬਦ ਵਜੋਂ ਨਹੀਂ ਵਿਚਰ ਸਕਦੇ ਕੇਵਲ ਧਾਤੂਆਂ ਨਾਲ ਜੁੜ ਕੇ ਹੀ ਵਿਚਰ ਸਕਦੇ ਹਨ। ਇਸ ਪ੍ਰਕਾਰ ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੀਆਂ ਇਕਾਈਆਂ ਨੂੰ ਧਾਤੂ ਅਤੇ ਵਧੇਤਰ ਵਿੱਚ ਵੰਡਿਆ ਜਾਂਦਾ ਹੈ। ਨਿਮਨ ਸ਼ਬਦਾਂ ਨੂੰ ਦੋ-ਦੋ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ ਚਿੜੀਆਂ=ਚਿੜੀ+ਆਂ, ਅਗਿਆਨੀ=ਆ+ ਗਿਆਨੀ, ਕਰ=ਕ-ਰ+ਆ। ਇਹਨਾਂ ਸ਼ਬਦਾਂ ਵਿੱਚ ਚਿੜੀ, ਗਿਆਨੀ ਅਤੇ ਕਰ ਧਾਤੂ ਹਨ ਅਤੇ ਆਂ, ਅ ਅਤੇ ਆ ਵਧੇਤਰ ਹਨ। ਬਣਤਰ ਦੇ ਪੱਖ ਤੋਂ ਸ਼ਬਦਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਭਾਵ ਇਕਹਿਰੇ ਰੂਪ ਵਾਲੇ ਸ਼ਬਦ ਅਤੇ ਮਿਸ਼ਰਤ ਰੂਪ ਵਾਲੇ ਸ਼ਬਦ। ਇਕਹਿਰੇ ਰੂਪ ਵਾਲੇ ਸ਼ਬਦਾਂ ਦੀ ਬਣਤਰ ਮੂਲ ਰੂਪ ਜਾਂ ਧਾਤੂ ਆਧਾਰਿਤ ਹੁੰਦੀ ਹੈ, ਜਿਵੇਂ: ਦੌੜ, ਭੱਜ, ਖਾ, ਨੀਲਾ, ਪੀਲਾ ਆਦਿ ਇਕਹਿਰੇ ਰੂਪ ਹਨ ਪਰ ਦੂਜੇ ਪਾਸੇ ਸੰਬੰਧਕ, ਯੋਜਕ ਅਤੇ ਪਾਰਟੀਕਲਜ਼ (ਨੇ, ਨੂੰ, ਦਾ, ਤੇ, ਅਤੇ, ਹੀ, ਵੀ, ਨਾ) ਸ਼ਬਦ ਇਕਹਿਰੇ ਰੂਪ ਵਾਲੇ ਹੁੰਦੇ ਹਨ ਅਤੇ ਇਹਨਾਂ ਦਾ ਰੋਲ ਵਾਕਾਤਮਿਕ ਪੱਧਰ ਦਾ ਹੁੰਦਾ ਹੈ। ਮਿਸ਼ਰਤ ਸ਼ਬਦਾਂ ਦੀ ਬਣਤਰ ਵਿੱਚ ਮੂਲ ਰੂਪ ਭਾਵ ਧਾਤੂ ਤੋਂ ਇਲਾਵਾ ਵਧੇਤਰ ਵੀ ਵਿਚਰਦੇ ਹਨ। ਵਧੇਤਰ ਦੀ ਪਛਾਣ ਹਿਤ ਕਿਹਾ ਜਾ ਸਕਦਾ ਹੈ ਕਿ ਵਧੇਤਰਾਂ ਦੀ ਗਿਣਤੀ ਸੀਮਿਤ ਹੁੰਦੀ ਹੈ। ਵਿਚਰਨ ਸਥਾਨ ਦੇ ਪੱਖ ਤੋਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ-ਮੂਲ ਰੂਪ ਜਾਂ ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਨੂੰ ਅਗੇਤਰ, ਪਿੱਛੋਂ ਵਿਚਰਨ ਵਾਲੇ ਨੂੰ ਪਿਛੇਤਰ ਅਤੇ ਧਾਤੂ ਦੇ ਮੱਧ ਵਿੱਚ ਵਿਚਰਨ ਵਾਲੇ ਨੂੰ ਵਿੱਚੇਤਰ ਜਾਂ ਮਧੇਤਰ ਕਿਹਾ ਜਾਂਦਾ ਹੈ। ਧਾਤੂ ਸ਼ਬਦ ਦਾ ਕੇਂਦਰੀ ਤੱਤ ਹੈ ਅਤੇ ਵਧੇਤਰ ਇਸ ਦੇ ਬਾਹਰੀ ਤੱਤ ਹਨ। ਧਾਤੂ ਵਿੱਚ ਮੂਲ ਸ਼ਬਦ ਹੁੰਦੇ ਹਨ। ਜਦੋਂ ਸ਼ਬਦ ਨੂੰ ਵਿਆਕਰਨ ਦੀ ਇਕਾਈ ਵਜੋਂ ਵਾਕਾਤਮਿਕ ਬਣਤਰ ਵਿੱਚ ਵਰਤਿਆ ਜਾਂਦਾ ਹੈ ਤਾਂ ਵਧੇਤਰ ਇਸ ਦੀ ਬਣਤਰ ਵਿੱਚ ਵਾਧਾ ਕਰਦੇ ਹਨ। ਵਧੇਤਰ ਵਜੋਂ ਵਿਚਰਨ ਵਾਲਾ ਹਰ ਇੱਕ ਤੱਤ ਕਿਸੇ ਲੱਛਣ ਦਾ ਸੂਚਕ ਹੁੰਦਾ ਹੈ, ਜਿਵੇਂ : ‘ਲਿਖਦੇ` ਵਿੱਚ ‘ਲਿਖ` (ਧਾਤੂ) ਦਾ (ਕਾਲ-ਸੂਚਕ) ਅਤੇ (ਏ) ਵਚਨ ਤੇ ਲਿੰਗ-ਸੂਚਕ ਹੈ। ਵਿਆਕਰਨਿਕ ਸ਼ਬਦ ਤੋਂ ਇਲਾਵਾ ਕੋਸ਼ਗਤ ਸ਼ਬਦਾਂ ਵਿੱਚ ਜਿਵੇਂ: ‘ਸ਼ੁਧ` ਹਾਂ-ਸੂਚਕ ਸ਼ਬਦ ਹੈ ਪਰ ‘ਅ` ਵਧੇਤਰ ਨਾਲ ਇਹ ਨਾਂਹ-ਸੂਚਕ ਹੋ ਜਾਂਦਾ ਹੈ ਜਿਵੇਂ ‘ਅਸ਼ੁਧ`। ਧਾਤੂ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਵਧੇਤਰ ਸੁਤੰਤਰ ਤੌਰ `ਤੇ ਸ਼ਬਦ ਵਜੋਂ ਨਹੀਂ ਵਿਚਰ ਸਕਦੇ। ਵਧੇਤਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਰੂਪਾਂਤਰੀ ਅਤੇ ਵਿਉਤਪਤ। ਵਿਚਰਨ ਸਥਾਨ ਦੇ ਪੱਖ ਤੋਂ ਰੂਪਾਂਤਰੀ ਵਧੇਤਰ ਸਿਰਫ਼ ਪਿਛੇਤਰਾਂ ਦੇ ਤੌਰ `ਤੇ ਹੀ ਵਰਤੇ ਜਾਂਦੇ ਹਨ ਅਤੇ ਇਹ ਸ਼ਬਦ ਦੇ ਅੰਤ `ਤੇ ਆ ਕੇ ਸ਼ਬਦ ਦੇ ਵਿਆਕਰਨਿਕ ਲੱਛਣਾਂ (ਲਿੰਗ, ਵਚਨ, ਕਾਲ ਆਦਿ) ਦੀ ਸੂਚਨਾ ਪ੍ਰਦਾਨ ਕਰਦੇ ਹਨ। ਇਹਨਾਂ ਦੀ ਵਰਤੋਂ ਨਾਲ ਸ਼ਬਦਾਂ ਦੀ ਰੂਪਾਵਲੀ ਹੋਂਦ ਵਿੱਚ ਆਉਂਦੀ ਹੈ ਜਿਵੇਂ : ‘ਮੁੰਡਾ, ਮੁੰਡੇ, ਮੁੰਡਿਆਂ, ਮੁੰਡਿਓ`, ‘ਸੋਹਣਾ, ਸੋਹਣੇ, ਸੋਹਣੀ, ਸੋਹਣੀਆਂ, ਸੋਹਣਿਓ`, ‘ਤੁਰਦਾ, ਤੁਰਦੀ, ਤੁਰਦੀਆਂ, ਤੁਰੇਗਾ` ਆਦਿ। ਇਸ ਪ੍ਰਕਾਰ ਦੇ ਵਧੇਤਰਾਂ ਦੇ ਜੁੜਨ ਨਾਲ ਸ਼ਬਦ ਦੀ ਸ਼ਬਦ-ਸ਼੍ਰੇਣੀ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਦੂਜੇ ਪਾਸੇ ਵਿਉਤਪਤ ਵਧੇਤਰ, ਅਗੇਤਰ ਅਤੇ ਪਿਛੇਤਰ ਦੇ ਤੌਰ `ਤੇ ਵਿਚਰਦੇ ਹਨ। ਪੰਜਾਬੀ ਸ਼ਬਦ ਸਿਰਜਣਾ ਵਿੱਚ ਸਾਰੇ ਦੇ ਸਾਰੇ ਅਗੇਤਰ ਵਿਉਤਪਤ ਵਧੇਤਰ ਹਨ। ਇਹ ਧਾਤੂ ਤੋਂ ਪਹਿਲਾਂ ਵਿਚਰਦੇ ਹਨ ਅਤੇ ਇੱਕ ਵੇਲੇ ਇੱਕੋ ਅਗੇਤਰ ਵਿਚਰ ਸਕਦਾ ਹੈ। ਇਹਨਾਂ ਦੇ ਵਿਚਰਨ ਨਾਲ ਸ਼ਬਦ ਦੀ ਸ਼੍ਰੇਣੀ ਬਦਲੀ ਵੀ ਜਾਂਦੀ ਹੈ ਅਤੇ ਨਹੀਂ ਵੀ। ਭਾਵ ਇਹ ਸ਼੍ਰੇਣੀ-ਬਦਲੂ ਅਤੇ ਸ਼੍ਰੇਣੀ-ਰੱਖਿਅਕ ਹਨ, ਜਿਵੇਂ: ਧੜਕ (ਕਿਰਿਆ)+(ਨਿ)-ਨਿਧੜਕ (ਵਿਸ਼ੇਸ਼ਣ) ਸ਼੍ਰੇਣੀ-ਬਦਲੂ, ਦਾਦਾ (ਨਾਂਵ)+ਪੜ-ਪੜਦਾਦਾ (ਨਾਂਵ) ਸ਼੍ਰੇਣੀ ਰੱਖਿਅਕ। ਵਿਉਤਪਤ ਪਿਛੇਤਰ, ਸ਼੍ਰੇਣੀ-ਰੱਖਿਅਕ ਅਤੇ ਸ਼੍ਰੇਣੀ-ਬਦਲੂ ਹੁੰਦੇ ਹਨ। ਪੰਜਾਬੀ ਸ਼ਬਦ-ਰਚਨਾ ਵਿਚਲੇ ਵਧੇਤਰਾਂ ਨੂੰ ਅਗੇਤਰਾਂ ਅਤੇ ਪਿਛੇਤਰਾਂ ਵਿੱਚ ਵੰਡਿਆ ਜਾਂਦਾ ਹੈ ਭਾਵ ਪੰਜਾਬੀ ਵਿੱਚ ‘ਵਿੱਚੇਤਰ` ਨਹੀਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਧੇਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਧੇਤਰ: ਬਣਤਰ ਦੇ ਪੱਖ ਤੋਂ ਸ਼ਬਦਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਕਹਿਰੇ ਰੂਪ ਵਾਲੇ ਸ਼ਬਦ ਅਤੇ ਮਿਸ਼ਰਤ ਰੂਪ ਵਾਲੇ ਸ਼ਬਦ। ਇਕਹਿਰੇ ਰੂਪ ਵਾਲੇ ਸ਼ਬਦਾਂ ਦੀ ਬਣਤਰ ਧਾਤੂ ਅਧਾਰਤ ਹੁੰਦੀ ਹੈ ਜਿਵੇਂ : ‘ਦੌੜ, ਭੱਜ, ਖਾ, ਲਾਲ, ਪੀਲਾ, ਇਥੇ’ ਆਦਿ ‘ਦਾ’ ਸਬੰਧਕ, ਯੋਜਕ ਅਤੇ ਪਾਰਟੀਕਲਜ਼ (ਨੇ, ਨੂੰ, ਤੇ, ਅਤੇ, ਹੀ, ਵੀ, ਨਾ) ਸ਼ਬਦ ਇਕਹਿਰੇ ਰੂਪ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਦਾ ਰੋਲ ਵਾਕਾਤਮਕ ਪੱਧਰ ਦਾ ਹੁੰਦਾ ਹੈ। ਮਿਸ਼ਰਤ ਸ਼ਬਦਾਂ ਦੀ ਬਣਤਰ ਵਿਚ ਮੂਲ ਰੂਪ ਭਾਵ ਧਾਤੂ ਤੋਂ ਇਲਾਵਾ ਵਧੇਤਰ ਵੀ ਵਿਚਰਦੇ ਹਨ। ਵਧੇਤਰ ਦੀ ਪਛਾਣ ਹਿਤ ਕਿਹਾ ਜਾ ਸਕਦਾ ਹੈ ਕਿ ਵਧੇਤਰਾਂ ਦੀ ਗਿਣਤੀ ਸੀਮਤ ਹੁੰਦੀ ਹੈ। ਵਿਚਰਨ ਸਥਾਨ ਦੇ ਪੱਖ ਤੋਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ। ਮੂਲ ਰੂਪ ਤੋਂ ਪਹਿਲਾਂ ਵਿਚਰਨ ਵਾਲੇ ਨੂੰ ਅਗੇਤਰ, ਮੂਲ ਰੂਪ ਤੋਂ ਪਿਛੋਂ ਵਿਚਰਨ ਵਾਲੇ ਨੂੰ ਪਿਛੇਤਰ ਅਤੇ ਧਾਤੂ ਦੇ ਮੱਧ ਵਿਚ ਵਿਚਰਨ ਵਾਲੇ ਨੂੰ ‘ਵਿਚੇਤਰ’ ਜਾਂ ‘ਮਧੇਤਰ’ ਕਿਹਾ ਜਾਂਦਾ ਹੈ। ਧਾਤੂ ਸ਼ਬਦ ਦਾ ਕੇਂਦਰੀ ਤੱਤ ਹੈ ਅਤੇ ਵਧੇਤਰ ਇਸ ਦੇ ਬਾਹਰੀ ਤੱਤ ਹਨ। ਧਾਤੂ ਮੂਲ ਸ਼ਬਦ ਹੁੰਦੇ ਹਨ। ਜਦੋਂ ਸ਼ਬਦ ਨੂੰ ਵਿਆਕਰਨ ਦੀ ਇਕਾਈ ਵਜੋਂ ਵਾਕਾਤਮਕ ਬਣਤਰ ਵਿਚ ਵਰਤਿਆ ਜਾਂਦਾ ਹੈ ਤਾਂ ਵਧੇਤਰ ਇਸ ਦੀ ਬਣਤਰ ਵਿਚ ਵਾਧਾ ਕਰਦੇ ਹਨ। ਵਧੇਤਰ ਵਜੋਂ ਵਿਚਰਨ ਵਾਲਾ ਹਰ ਇਕ ਤੱਤ ਕਿਸੇ ਲੱਛਣ ਦਾ ਸੂਚਕ ਹੁੰਦਾ ਹੈ, ਜਿਵੇਂ : ‘ਲਿਖਦੇ’ ਵਿਚ ‘ਲਿਖ’ (ਧਾਤੂ) ਦਾ (ਕਾਲ-ਸੂਚਕ) ਅਤੇ (ਏ) ਵਚਨ ਤੇ ਲਿੰਗ-ਸੂਚਕ ਹੈ। ਵਿਆਕਰਨਕ ਸ਼ਬਦ ਤੋਂ ਇਲਾਵਾ ਕੋਸ਼ਗਤ ਸ਼ਬਦਾਂ ਵਿਚ ਜਿਵੇਂ : ‘ਸ਼ੁਧ’ ਹਾਂ-ਸੂਚਕ ਸ਼ਬਦ ਹੈ ਪਰ ‘ਅ ਵਧੇਤਰ ਨਾਲ ਇਹ ਨਾਂਹ-ਸੂਚਕ ਹੋ ਜਾਂਦਾ ਹੈ ਜਿਵੇਂ ‘ਅਸ਼ੁਧ’। ਧਾਤੂ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਵਧੇਤਰ ਸੁਤੰਤਰ ਤੌਰ ’ਤੇ ਸ਼ਬਦ ਵਜੋਂ ਨਹੀਂ ਵਿਚਰ ਸਕਦੇ। ਵਧੇਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਰੂਪਾਂਤਰੀ ਅਤੇ (ii) ਵਿਉਂਤਪਤ। ਵਿਚਰਨ ਸਥਾਨ ਦੇ ਪਖ ਤੋਂ ਰੂਪਾਂਤਰੀ ਵਧੇਤਰ ਸਿਰਫ ਪਿਛੇਤਰਾਂ ਦੇ ਤੌਰ ’ਤੇ ਹੀ ਵਰਤੇ ਜਾਂਦੇ ਹਨ ਅਤੇ ਇਹ ਸ਼ਬਦ ਦੇ ਅੰਤ ’ਤੇ ਆ ਕੇ ਸ਼ਬਦ ਦੇ ਵਿਆਕਰਨਕ ਲੱਛਣਾਂ (ਲਿੰਗ, ਵਚਨ, ਕਾਲ ਆਦਿ) ਦੀ ਸੂਚਨਾ ਪਰਦਾਨ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਸ਼ਬਦਾਂ ਦੀ ਰੂਪਾਵਲੀ ਹੋਂਦ ਵਿਚ ਆਉਂਦੀ ਹੈ, ਜਿਵੇਂ : ‘ਮੁੰਡਾ, ਮੁੰਡੇ, ਮੁੰਡਿਆਂ, ਮੁੰਡਿਓ’ ; ਸੋਹਣਾ, ਸੋਹਣੇ, ਸੋਹਣੀ, ਸੋਹਣੀਆਂ, ਸੋਹਣਿਓ’; ‘ਤੁਰਦਾ, ਤੁਰਦੀ, ਤੁਰਦੀਆਂ, ਤੁਰੇਗਾ’ ਆਦਿ। ਇਸ ਪਰਕਾਰ ਦੇ ਵਧੇਤਰਾਂ ਦੇ ਜੁੜਨ ਨਾਲ ਸ਼ਬਦ ਦੀ ਸ਼ਬਦ-ਸ਼ਰੇਣੀ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ। ਦੂਜੇ ਪਾਸੇ ਵਿਉਂਤਪਤ ਵਧੇਤਰ, ਅਗੇਤਰ ਅਤੇ ਪਿਛੇਤਰ ਦੇ ਤੌਰ ’ਤੇ ਵਿਚਰਦੇ ਹਨ। ਪੰਜਾਬੀ ਸ਼ਬਦ ਸਿਰਜਨਾ ਵਿਚ ਸਾਰੇ ਦੇ ਸਾਰੇ ਅਗੇਤਰ ਵਿਉਂਤਪਤ ਵਧੇਤਰ ਹਨ। ਇਹ ਧਾਤੂ ਤੋਂ ਪਹਿਲਾਂ ਵਿਚਰਦੇ ਹਨ ਅਤੇ ਇਕ ਵੇਲੇ ਇਕੋ ਅਗੇਤਰ ਵਿਚਰ ਸਕਦਾ ਹੈ। ਇਨ੍ਹਾਂ ਦੇ ਵਿਚਰਨ ਨਾਲ ਸ਼ਬਦ ਕਦੀ ਸ਼ਰੇਣੀ ਬਦਲ ਵੀ ਜਾਂਦੀ ਹੈ ਅਤੇ ਨਹੀਂ ਵੀ। ਭਾਵ ਇਹ ਸ਼ਰੇਣੀ-ਬਦਲੂ ਅਤੇ ਸ਼ਰੇਣੀ-ਰੱਖਿਅਕ ਹਨ, ਜਿਵੇਂ : ਧੜਕ (ਕਿਰਿਆ)+(ਨਿ)-ਨਿਧੜਕ (ਵਿਸ਼ੇਸ਼ਣ) ਸ਼ਰੇਣੀ-ਬਦਲੂ, ਦਾਦਾ (ਨਾਂਵ)+ਪੜ-ਪੜਦਾਦਾ (ਨਾਂਵ) ਸ਼ਰੇਣੀ ਰੱਖਿਅਕ। ਵਿਉਂਤਪਤ ਪਿਛੇਤਰ, ਸ਼ਰੇਣੀ-ਰੱਖਿਅਕ ਅਤੇ ਸ਼ਰੇਣੀ-ਬਦਲੂ ਹੁੰਦੇ ਹਨ। ਪੰਜਾਬੀ ਸ਼ਬਦ-ਰਚਨਾ ਵਿਚਲੇ ਵਧੇਤਰਾਂ ਨੂੰ ਅਗੇਤਰਾਂ ਅਤੇ ਪਿਛੇਤਰਾਂ ਵਿਚ ਵੰਡਿਆ ਜਾਂਦਾ ਹੈ ਭਾਵ ਪੰਜਾਬੀ ਵਿਚ ‘ਵਿਚੇਤਰ’ ਨਹੀਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 15041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.