ਵਿਉਂਤਪਤ ਵਧੇਤਰ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਵਿਉਂਤਪਤ ਵਧੇਤਰ:
ਸ਼ਬਦ ਬਣਤਰ ਵਿਚ ਧਾਤੂ ਨਾਲ ਵਿਚਰਨ ਵਾਲੇ ਵਧੇਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਰੂਪਾਂਤਰੀ ਵਧੇਤਰ ਅਤੇ (ii) ਵਿਉਂਤਪਤ ਵਧੇਤਰ। ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਰੂਪ ਨੂੰ ਅਗੇਤਰ ਅਤੇ ਧਾਤੂ ਤੋਂ ਪਿਛੋਂ ਵਿਚਰਨ ਵਾਲੇ ਰੂਪ ਨੂੰ ਪਿਛੇਤਰ ਆਖਿਆ ਜਾਂਦਾ ਹੈ। ਰੂਪਾਂਤਰੀ ਵਧੇਤਰ ਕੇਵਲ ਪਿਛੇਤਰਾਂ ਵਜੋਂ ਹੀ ਵਿਚਰਦੇ ਹਨ। ਪਰ ਵਿਉਂਤਪਤ ਵਧੇਤਰ, ਅਗੇਤਰਾਂ ਅਤੇ ਪਿਛੇਤਰਾਂ ਦੇ ਤੌਰ ਤੇ ਵਿਚਰਦੇ ਹਨ। ਵਿਉਂਤਪਤ ਵਧੇਤਰਾਂ ਦੀ ਪਛਾਣ ਹਿਤ ਕੁਝ ਲੱਛਣ ਇਸ ਪਰਕਾਰ ਹਨ : (i) ਵਿਉਂਤਪਤ ਵਧੇਤਰ ਧਾਤੂ ਦੇ ਅਗਲੇ ਪਾਸੇ ਅਤੇ ਧਾਤੂ ਦੇ ਪਿਛੇ ਵੀ ਵਿਚਰ ਸਕਦੇ ਹਨ; ਅਸ਼ੁਭ (ਅ+ਸ਼ੁਭ) ਸੱਚਾ (ਸੱਚ+ਆ)। ਅਗੇਤਰ ਵਿਉਂਤਪਤ ਹੁੰਦੇ ਹਨ। ਵਿਉਂਤਪਤ ਅਗੇਤਰ ਧਾਤੂ ਦੇ ਅਰਥਾਂ ਨੂੰ ਸੀਮਤ ਕਰਦੇ ਹਨ। ਪੰਜਾਬੀ ਵਿਚ ਅਗੇਤਰਾਂ ਦੀ ਇਕ ਸੀਮਤ ਸੂਚੀ ਹੈ ਅਤੇ ਇਨ੍ਹਾਂ ਦੀ ਵਰਤੋਂ ਨਾਲ ਮੂਲ ਸ਼ਬਦ, ਅਰਥਾਂ ਵਿਚ ‘ਨਾਂਹ ਪੱਖੀ ਜਾਂ ਵਿਪਰੀਤ’ ਅੰਤਰ ਪੈਦਾ ਹੁੰਦਾ ਹੈ ਜਿਵੇਂ : ਸ਼ੁੱਧ-ਅਸ਼ੁੱਧ, ਹੋਣੀ-ਅਨਹੋਣੀ, ਅਕਾਰ ਜਾਂ ਦਰਜੇ ਵਿਚ ਅੰਤਰ ਆਉਂਦਾ ਹੈ, ਜਿਵੇਂ : ਬੋਲੀ-ਉਪਬੋਲੀ, ਅਕਲ-ਕਮਅਕਲ ਆਦਿ। (ii) ਵਿਉਂਤਪਤ ਵਧੇਤਰ ਸ਼ਰੇਣੀ-ਬਦਲੂ ਅਤੇ ਸ਼ਰੇਣੀ-ਰੱਖਿਅਕ ਹੁੰਦੇ ਹਨ : ਵਿਉਂਤਪਤ ਵਧੇਤਰ ਦੋ ਪਰਕਾਰ ਦੇ ਹੁੰਦੇ ਹਨ ਅਗੇਤਰ ਅਤੇ ਪਿਛੇਤਰ। ਅਗੇਤਰਾਂ ਅਤੇ ਪਿਛੇਤਰਾਂ ਦੋਹਾਂ ਦੇ ਰੂਪ ਸ਼ਰੇਣੀ-ਬਦਲੂ ਅਤੇ ਸ਼ਰੇਣੀ-ਰੱਖਿਅਕ ਹੋ ਸਕਦੇ ਹਨ ਜਿਵੇਂ : ਅਗੇਤਰ; ਖੁਸ਼ (ਵਿਸ਼ੇਸ਼ਣ)+ਨਾ (ਸ਼ਰੇਣੀ-ਰੱਖਿਅਕ)ਨਾਖੁਸ਼ (ਵਿਸ਼ੇਸ਼ਣ), ਲਜ (ਨਾਂਵ)+ਨਿਰ (ਸ਼ਰੇਣੀ-ਬਦਲੂ)ਨਿਰਲਜ਼ (ਵਿਸ਼ੇਸ਼ਣ), ਪਿਛੇਤਰ; ਵੱਧ (ਵਿਸ਼ੇਸ਼ਣ)+ਈ (ਸ਼ਰੇਣੀ-ਰੱਖਿਅਕ)ਵਧੀ (ਵਿਸ਼ੇਸ਼ਣ), ਸਿਧਾਂਤ (ਨਾਂਵ+ਕ (ਸ਼ਰੇਣੀ-ਬਦਲੂ)ਸਿਧਾਂਤਕ (ਵਿਸ਼ੇਸ਼ਣ)। (iii) ਰੂਪਾਂਤਰੀ ਪਿਛੇਤਰ ਸ਼ਬਦ ਦੀ ਬਣਤਰ ਵਿਚ ਅੰਤ ’ਤੇ ਵਿਚਰਦੇ ਹਨ ਅਤੇ ਇਹ ਸ਼ਬਦ ਵਿਚ ਇਕ ਵਾਰ ਹੀ ਵਿਚਰ ਸਕਦੇ ਹਨ ਪਰੰਤੂ ਵਿਉਂਤਪਤ ਵਧੇਤਰ ਸ਼ਬਦ ਦੀ ਬਣਤਰ ਵਿਚ ਇਕ ਤੋਂ ਵੱਧ ਵਾਰ ਵਿਚਰ ਸਕਦੇ ਹਨ ਜਿਵੇਂ : ਸੁਗੰਧੀ-ਸੁ (ਅਗੇਤਰ)+ਗੰਧ (ਧਾਤੂ)+ਈ (ਪਿਛੇਤਰ)। (iv) ਅਗੇਤਰ ਸਿਰਫ ਵਿਉਂਤਪਤ ਹੀ ਹੁੰਦੇ ਹਨ ਰੂਪਾਂਤਰੀ ਨਹੀਂ। (v) ਵਿਉਂਤਪਤ ਪਿਛੇਤਰਾਂ ਤੋਂ ਪਿਛੋਂ ਰੂਪਾਂਤਰੀ ਪਿਛੇਤਰ ਵਿਚਰ ਸਕਦਾ ਹੈ ਪਰ ਇਹ ਰੂਪਾਂਤਰੀ ਪਿਛੇਤਰਾਂ ਤੋਂ ਪਿਛੋਂ ਨਹੀਂ ਵਿਚਰ ਸਕਦੇ। (ਹੋਰ ਵੇਖੋ : ਵਧੇਤਰ, ਰੂਪਾਂਤਰੀ ਵਧੇਤਰ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First