ਵਿਕਾਰੀ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਕਾਰੀ ਸ਼ਬਦ: ਇਸ ਸੰਕਲਪ ਦੀ ਵਰਤੋਂ ਭਾਵਾਂਸ਼-ਵਿਉਂਤ ਵਿਚ ਕੀਤੀ ਜਾਂਦੀ ਹੈ। ਵਿਕਾਰ ਦੇ ਪੱਖ ਤੋਂ ਸ਼ਬਦ ਦੋ ਪਰਕਾਰ ਦੇ ਹੁੰਦੇ ਹਨ : (i) ਵਿਕਾਰੀ ਸ਼ਬਦ ਅਤੇ (ii) ਅਵਿਕਾਰੀ ਸ਼ਬਦ। ਵਿਕਾਰੀ ਸ਼ਬਦਾਂ ਦੀ ਬਣਤਰ ਵਿਚ ਵਿਕਾਰੀ ਪਿਛੇਤਰ ਵਿਆਕਰਨਕ ਸਬੰਧਾਂ ਅਨੁਸਾਰ ਰੂਪਾਂਤਰਤ ਹੁੰਦੇ ਹਨ। ਜਿਹੜੇ ਸ਼ਬਦ ਰੂਪ ਘਟੋ ਘਟ ਕਿਸੇ ਇਕ ਵਿਆਕਰਨਕ ਸ਼ਰੇਣੀ (ਲਿੰਗ, ਵਚਨ, ਕਾਲ ਆਦਿ) ਅਨੁਸਾਰ ਰੂਪਾਂਤਰਤ ਹੁੰਦਾ ਹੋਵੇ ਉਸ ਸ਼ਬਦ ਨੂੰ ਵਿਕਾਰੀ ਸ਼ਬਦ ਆਖਿਆ ਜਾਂਦਾ ਹੈ। ਇਸ ਦੇ ਉਲਟ ਜਿਨ੍ਹਾਂ ਸ਼ਬਦ ਰੂਪਾਂ ਦਾ ਵਿਆਕਰਨਕ ਸ਼ਰੇਣੀ ਅਨੁਸਾਰ ਰੂਪਾਂਤਰਨ ਨਾਂ ਹੁੰਦਾ ਹੋਵੇ ਉਨ੍ਹਾਂ ਸ਼ਬਦਾਂ ਰੂਪਾਂ ਨੂੰ ਅਵਿਕਾਰੀ ਸ਼ਬਦਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ ਜਿਵੇਂ : ‘ਕਿ, ਨੇ, ਨੂੰ, ਪਰ, ਤੋਂ, ਫਿਰ’ ਆਦਿ ਅਵਿਕਾਰੀ ਸ਼ਬਦਾਂ ਵਿਚ ਰੱਖੇ ਜਾਂਦੇ ਹਨ ਜਦੋਂ ਕਿ ‘ਮੁੰਡਾ, ਪਿਆਰਾ, ਪੜ੍ਹਦਾ, ਲਿਖਦਾ’ ਆਦਿ ਨੂੰ ਵਿਕਾਰੀ ਸ਼ਬਦਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਕੁਝ ਸ਼ਬਦ-ਸ਼ਰੇਣੀਆਂ ਨੂੰ ਛੱਡ ਕੇ (ਨਾਂਵ, ਪੜਨਾਂਵ, ਸਹਾਇਕ ਕਿਰਿਆ) ਬਾਕੀ ਸ਼ਬਦ-ਸ਼ਰੇਣੀ ਦੇ ਮੈਂਬਰਾਂ ਵਿਚ ਵਿਕਾਰੀ ਅਤੇ ਅਵਿਕਾਰੀ ਦੋਵੇਂ ਭਾਂਤ ਦੇ ਸ਼ਬਦ ਮਿਲਦੇ ਹਨ। ਜਿਨ੍ਹਾਂ ਸ਼ਬਦ-ਸ਼ਰੇਣੀਆਂ ਵਿਚ ਦੋਵੇਂ ਭਾਂਤ ਦੇ ਸ਼ਬਦ ਮਿਲਦੇ ਹਨ ਉਨ੍ਹਾਂ ਨੂੰ ਦੋਹਰੀ ਮੈਂਬਰਸ਼ਿਪ ਵਾਲੇ ਸ਼ਬਦਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਨਾਂਵ, ਪੜਨਾਂਵ, ਸਹਾਇਕ ਕਿਰਿਆ ਸ਼ਰੇਣੀ ਦੇ ਸ਼ਬਦ ਵਿਕਾਰੀ ਹੁੰਦੇ ਹਨ, ਜਿਵੇਂ : ਮੁੰਡਾ, ਮੁੰਡੇ, ਮੁੰਡਿਆਂ ਆਦਿ, ਪੜਨਾਂਵ : ਮੈਂ, ਅਸੀਂ, ਤੂੰ, ਤੁਸੀਂ ਆਦਿ, ਸਹਾਇਕ ਕਿਰਿਆ : ਹੈ, ਹਨ, ਸੀ, ਸਨ, ਸੋ ਆਦਿ। ਦੂਜੇ ਪਾਸੇ ਪਾਰਟੀਕਲਜ਼, ਨਿਰੋਲ ਅਵਿਕਾਰੀ ਸ਼ਬਦ ਹਨ ਜਿਵੇਂ : ਹੀ, ਵੀ, ਈ, ਨਾ, ਨਹੀਂ ਆਦਿ। ਬਾਕੀ ਬਚਦੇ ਸ਼ਬਦ-ਸ਼ਰੇਣੀਆਂ ਦੇ ਮੈਂਬਰ ਵਿਕਾਰੀ ਅਤੇ ਅਵਿਕਾਰੀ ਹੁੰਦੇ ਹਨ ਜਿਵੇਂ : ਅਵਿਕਾਰੀ ਸਬੰਧਕ (ਨੇ, ਨੂੰ, ਤੋਂ), ਵਿਕਾਰੀ ਸਬੰਧਕ (ਦਾ, ਦੇ, ਦੀ, ਦੀਆਂ), ਅਵਿਕਾਰੀ ਯੋਜਕ (ਕਿ, ਤੇ ਅਤੇ ਜੇ), ਵਿਕਾਰੀ ਯੋਜਕ (ਜੋ, ਜਿਹੜਾ), ਅਵਿਕਾਰੀ ਵਿਸ਼ੇਸ਼ਣ (ਲਾਲ, ਗਰਮ, ਸੁੰਦਰ, ਸਾਫ), ਵਿਕਾਰੀ ਵਿਸ਼ੇਸ਼ਣ (ਸੋਹਣਾ, ਸੋਹਣੇ, ਸੋਹਣੀ, ਸੋਹਣੀਆਂ) ਨੋਟ : ਕਿਰਿਆ ਸ਼ਬਦਵਲੀ ਦੇ ਸਾਰੇ ਰੂਪ ਵਿਕਾਰੀ ਹੁੰਦੇ ਹਨ ਪਰ ਜੇ ਕਿਰਿਆ ਧਾਤੂ ਰੂਪ ਵਿਚ ਵਿਚਰ ਰਹੀ ਹੋਵੇ ਤਾਂ ਇਹ ਅਵਿਕਾਰੀ ਹੁੰਦੀ ਹੈ ਜਿਵੇਂ : ਮੁੰਡਾ ਕੰਮ ਕਰ ਰਿਹਾ ਸੀ, ਕੁੜੀ ਕੰਮ ਕਰ ਰਹੀ ਸੀ, ਕੁੜੀਆਂ ਕੰਮ ਕਰ ਰਹੀਆਂ ਸਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 14438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Jo arth pargat krde hon o vikari hikr3 n3


Sukhminder kaur, ( 2024/03/30 02:0235)

Good


Sukhminder kaur, ( 2024/03/30 02:0302)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.