ਵਿਗਿਆਨ ਅਤੇ ਜੀਵਨ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿਧਾਂਤਾਂ ਨੂੰ ਪਰਖਣਾ ਵਿਗਿਆਨ ਦਾ ਕਰੱਤਵ ਹੈ ਤਾਂ ਜੋ ਤੱਥਾਂ ਦੇ ਆਧਾਰ ਤੇ ਇਨ੍ਹਾਂ ਦੀ ਸੋਧ-ਸੁਧਾਈ ਕੀਤੀ ਜਾ ਸਕੇ। ਤੱਥਾਂ ਤੇ ਪੂਰਾ ਨਾ ਉਤਰਨ ਵਾਲੇ ਸਿਧਾਂਤਾਂ ਨੂੰ ਇਹ ਅਸਵੀਕਾਰ ਵੀ ਕਰੀ ਜਾ ਰਿਹਾ ਹੈ। ਤੱਥਾਂ ਤੇ ਪੂਰਾ ਉਤਰਨ ਕਾਰਨ ਜੀਵਨ-ਵਿਕਾਸ ਦੇ ਸਿਧਾਂਤ ਨੂੰ ਵੀ ਸਵੀਕਰਤੀ ਮਿਲੀ।

ਵੇਖਿਆ ਜਾਵੇ ਤਾਂ ਵਿਗਿਆਨ ਇਕ ਪ੍ਰਕਾਰ ਦੀ ਇਮਾਰਤ ਹੈ। ਜਿਵੇਂ ਇਮਾਰਤ ਦੀ ਇੱਟਾਂ ਦੁਆਰਾ ਉਸਾਰੀ ਹੋਈ ਹੁੰਦੀ ਹੈ, ਉਸੇ ਪ੍ਰਕਾਰ ਵਿਗਿਆਨ ਵੀ ਇਕੱਤਰ ਕੀਤੇ ਤੱਥਾਂ ਦੀ ਸਿਲਸਿਲੇਵਾਰ ਹੋਈ ਉਸਾਰੀ ਦਾ ਫਲ ਹੈ। ਉਧੜ-ਦੁਗੜੇ ਇਕੱਠੇ ਕੀਤੇ ਤੱਥ ਇੱਟਾਂ ਦੇ ਅੰਬਾਰ ਜਿਉਂ ਹੁੰਦੇ ਹਨ। ਜਿਵੇਂ ਇੱਟਾਂ ਦੀ ਤਰਤੀਬ ਤਹਿਤ ਹੋਈ ਉਸਾਰੀ ਇਮਾਰਤ ਬਣੀ ਦਿੱਸਦੀ ਹੈ, ਉਸੇ ਪ੍ਰਕਾਰ, ਵਿਆਖਿਆ ਸਹਿਤ ਤੱਥਾਂ ਦਾ ਵਿਉਂਤਬਧ ਸਿਲਸਿਲਾ ਵਿਗਿਆਨ ਦਾ ਮੂਲ ਹੈ।

ਹਿਸਾਬ 'ਚ, ਫਿਜ਼ਿਕਸ 'ਚ, ਕੈਮਿਸਟਰੀ 'ਚ ਤਾਂ ਸਿੱਧੀ ਪਰਖ ਦੁਆਰਾ ਕੁਦਰਤੀ ਨਿਯਮ ਉਲੀਕ ਸਕਣੇ ਸੰਭਵ ਹਨ, ਇਸ ਲਈ ਕਿਉਂਕਿ ਇਨ੍ਹਾਂ ਵਿਸ਼ਿਆਂ ਦਾ ਸਬੰਧ ਨਿਰਜੀਵ ਹਿੰਦਸਿਆਂ ਅਤੇ ਸ਼ੈਆਂ ਨਾਲ ਹੈ, ਜਿਨ੍ਹਾਂ ਦੇ ਸਰਲ ਅਤੇ ਸਥਿਰ ਸਰੂਪ ਹਨ। ਪਰ ਜੀਵਨ ਦੀ ਇਹ ਸਥਿਤੀ ਨਹੀਂ। ਇਹ ਅਨੇਕਾਂ ਅਜਿਹੀਆਂ ਪ੍ਰਕਿਰਿਆਂਵਾਂ ਦੇ ਪ੍ਰਸਪਰ ਸਬੰਧਾਂ ਚੋਂ ਪੁੰਗਰਦੀ ਅਵਸਥਾ ਹੈ, ਜਿਹੜੀਆਂ ਪਲ–ਪਲ ਬਦਲਦੀਆਂ ਰਹਿੰਦੀਆਂ ਹਨ। ਇਸ ਕਾਰਨ ਜੀਵਨ ਦਾ ਉਲਝਿਆ ਅਤੇ ਪਲਚਿਆ ਸਰੂਪ ਹੈ ਅਤੇ ਇਸ ਨੂੰ ਸਮਝ ਸਕਣਾ ਸਹਿਲ ਨਹੀਂ। ਇਕ ਸੈੱਲ ਦੇ ਬਣੇ ਕੀਟਾਣੂ ਦੀ ਵੀ ਹਾਲ ਤਕ ਮੁਕੰਮਲ ਸਮਝ ਵਿਗਿਆਨ ਨੂੰ ਨਹੀਂ ਹੈ, ਮਨੁੱਖ ਦੀ ਤਾਂ ਗੱਲ ਹੀ ਹੋਰ ਹੈ, ਜਿਸ ਦਾ ਅਰਬਾਂ-ਖ਼ਰਬਾਂ ਸੈੱਲਾਂ ਦਾ ਬਣਿਆ ਸਰੀਰ ਹੈ। ਇਨ੍ਹਾਂ ਸੈੱਲਾਂ ਚੋਂ ਹਰ ਇਕ ਅੰਦਰ 46 ਕ੍ਰੋਮਡੋਰੇ ਹਨ, ਜਿਨ੍ਹਾਂ ਉਪਰ 30 ਹਜ਼ਾਰ ਤੋਂ ਵੀ ਵੱਧ ਜੀਨ ਖਿੰਡੇ ਹੋਏ ਹਨ ਅਤੇ ਜਿਨ੍ਹਾਂ ਦੇ ਫਿਰ ਅਗੋਂ ਪ੍ਰਗਟਾਵਿਆਂ ਚੋਂ ਵਿਅਕਤੀ ਦਾ ਜੀਵਨ ਪੁੰਗਰਦਾ ਹੈ। ਮਨੁੱਖ ਦੀ ਜੈਵਿਕ ਪਰਿਸਥਿਤੀ ਅਤੇ ਜੀਵਨ ਦੇ ਵਿਕਾਸ ਨੂੰ ਸਮਝਣ 'ਚ, ਇਸੇ ਲਈ ਸਮਾਂ ਲਗਾ

ਜੀਵ-ਵਿਗਿਆਨ ਦਾ ਹਰ ਇਕ ਖੇਤਰ ਅੱਜ ਵਿਕਾਸ ਦੇ ਪਿਛੋਕੜ’ਚ ਅਰਥ ਗ੍ਰਹਿਣ ਕਰ ਰਿਹਾ ਹੈ। ਸੰਸਾਰ ਵਿਖੇ ਜੀਵਾਂ ਦਾ ਪਸਾਰ ਅਤੇ ਵੰਨਗੀ , ਜੀਵ ਦੀ ਬਣਤਰ ਅਤੇ ਇਸ ਅੰਦਰਲੀਆਂ ਪ੍ਰਕਿਰਿਆਵਾਂ ਅਤੇ ਇਸ ਦਾ ਧਾਰਨ ਕੀਤਾ ਜਾ ਰਿਹਾ ਵਤੀਰਾ: ਇਨ੍ਹਾਂ ਦੀ ਵਿਆਖਿਆ ਤਦ ਹੀ ਸੰਭਵ ਹੋ ਸਕੀ, ਜਦ ਇਨ੍ਹਾਂ ਨੂੰ ਵਿਕਾਸ ਦੇ ਪਿਛੋਕੜ 'ਚ ਨਿਹਾਰਿਆ ਗਿਆ। ਵਿਕਾਸ ਦੇ ਵਿਚਾਰ ਨੂੰ ਅੱਜ ਸੱਭ ਵਿਚਾਰਵਾਨ ਅਤੇ ਵਿਗਿਆਨੀ ਸਵੀਕਾਰ ਕਰ ਰਹੇ ਹਨ। ਵਿਗਿਆਨਕ ਖੇਤਰਾਂ’ਚ ਅੱਜ ਇਹ ਵਿਵਾਦ ਨਹੀਂ ਛਿੜਿਆ ਹੋਇਆ ਕਿ ਜੀਵ-ਸੰਸਾਰ ਵਿਕਾਸ ਦੁਆਰਾ ਹੋਂਦ’ਚ ਆਇਆ ਹੈ ਜਾਂ ਨਹੀਂ, ਸਗੋਂ ਅੱਜ ਚਰਚਾ ਅਧੀਨ ਇਹ ਵਿਸ਼ਾ ਹੈ ਕਿ ਉਹ ਕਿਹੜੀਆਂ ਪਰਿਸਥਿਤੀਆਂ ਹਨ, ਜਿਹੜੀਆਂ ਜੀਵਨ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਹੀਆਂ ਹਨ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.