ਵਿਚਾਰਣ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Trial_ਵਿਚਾਰਣ: ‘ਵਿਚਾਰਣ’ ਸ਼ਬਦ ਨ ਤਾਂ ਦੀਵਾਨੀ ਜ਼ਾਬਤਾ ਸੰਘਤਾ ਅਤੇ ਨ ਹੀ ਫ਼ੌਜਦਾਰੀ ਜ਼ਾਬਤਾ ਸੰਘਤਾ ਵਿਚ ਪਰਿਭਾਸ਼ਤ ਕੀਤਾ ਗਿਆ ਹੈ। ਮੋਟੇ ਤੌਰ ਤੇ ਇਹ ਗੱਲ ਸਪਸ਼ਟ ਹੈ ਕਿ ਕਾਨੂੰਨ ਦੇ ਮਾਮਲੇ ਜਾਂ ਤੱਥ ਦੇ ਮਾਮਲੇ ਤੇ ਕਿਸੇ ਅਦਾਲਤ ਦੁਆਰਾ ਕੀਤੀ ਗਈ ਪਰੀਖਿਆ ਅਤੇ ਫ਼ੈਸਲੇ ਨੂੰ ਵਿਚਾਰਣ ਕਿਹਾ ਜਾਂਦਾ ਹੈ।
ਵਾਰਟਨ ਦੀ ‘ਲਾ ਲੈਕਸੀਕਨ’ ਅਨੁਸਾਰ ਵਿਚਾਰਣ ਦਾ ਮਤਲਬ ਹੈ ‘ਦੀਵਾਨੀ ਜਾਂ ਫ਼ੌਜਦਾਰੀ ਮੁਕੱਦਮੇ ਦੀ ਅਧਿਕਾਰਤਾ ਰਖਣ ਵਾਲੇ ਜੱਜ ਅੱਗੇ , ਦੇਸ਼ ਦੇ ਕਾਨੂੰਨ ਅਨੁਸਾਰ ਪਰੀਖਿਆ। ਕਾਨਸਾਈਜ਼ ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਵਿਚਾਰਣ ਦਾ ਮਤਲਬ ਹੈ ਕਿਸੇ ਜੱਜ ਦੁਆਰਾ, ਜਿਉਰੀ ਨਾਲ ਜਾਂ ਜਿਉਰੀ ਤੋਂ ਬਿਨਾਂ, ਧਿਰਾਂ ਵਿਚਕਾਰ ਦੀਆਂ ਤਨਕੀਹਾਂ ਅਥਵਾ ਮੁੱਦਿਆਂ ਦੀ ਨਿਆਂਇਕ ਪਰੀਖਿਆ ਅਤੇ ਨਿਆਂ-ਨਿਰਣਾ। ਉਪਰੋਕਤ ਤੋਂ ਇਹ ਸਪਸ਼ਟ ਹੈ ਅਤੇ ਵੈਨਕਟਾ ਚਿਨੇਈਆ ਬਨਾਮ ਸਹਿਨਸ਼ਾਹ (ਏ ਆਈਆਰ 1920 ਮਦਰਾਸ 337) ਵਿਚ ਇਹ ਕਰਾਰ ਦਿੱਤਾ ਗਿਆ ਹੈ ਕਿ ਵਿਚਾਰਣ ਸ਼ਬਦ ਦੇ ਅਰਥ ਅਪਰਾਧ ਦੇ ਵਿਚਾਰਣ ਤਕ ਸੀਮਤ ਨਹੀਂ ਰਖੇ ਜਾ ਸਕਦੇ। ਐਚ ਵੀ ਕਾਮਥ ਬਨਾਮ ਅਲੈਕਸ਼ਨ ਟ੍ਰਿਬਿਊਨਲ (ਏ ਆਈ ਆਰ 1958 ਮ.ਪ 168) ਅਨੁਸਾਰ ‘‘ਵਿਚਾਰਣ ਸ਼ਬਦ ਦੇ ਦੋ ਅਰਥ ਹਨ। ਇਸਦਾ ਮਤਲਬ ਕਿਸੇ ਤਨਕੀਹ ਤੋਂ ਪੈਦਾ ਹੋਏ ਵਿਵਾਦ ਦਾ ਵਿਚਾਰਣ ਹੋ ਸਕਦਾ ਹੈ। ਇਸ ਦਾ (ਦੂਜਾ) ਅਰਥ ਕਿਸੇ ਚੋਣ ਪੈਟੀਸ਼ਨ ਜਾਂ ਸ਼ਿਕਾਇਤ ਜਾਂ ਕਿਸੇ ਮੁਕੱਦਮੇ ਦਾ ਸ਼ੁਰੂ ਤੋਂ ਲੈ ਕੇ ਅੰਤ ਤਕ ਵਿਚਾਰਣ ਵੀ ਹੋ ਸਕਦਾ ਹੈ।’’ ਉਸ ਹੀ ਕੇਸ ਵਿਚ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 90(1) ਵਿਚ ਆਉਂਦੇ ਸ਼ਬਦ ਵਿਚਾਰਣ ਬਾਰੇ ਕਿਹਾ ਗਿਆ ਹੈ ਕਿ ‘‘ਉਸ ਦਾ ਮਤਲਬ ਉਹ ਹੈ ਜੋ ਉਪਰ ਦੂਜੇ ਅਰਥ ਵਜੋਂ ਦਸਿਆ ਗਿਆ ਹੈ।’’ ਮੁਬਾਰਕ ਮਜ਼ਦੂਰ ਬਨਾਮ ਕੇ.ਕੇ. ਬੈਨਰਜੀ (ਏ ਆਈ ਆਰ 1958 ਇਲਾ. 858) ਵਿਚ ਕਿਹਾ ਗਿਆ ਹੈ ਕਿ ਲੋਕ ਪ੍ਰਤੀਨਿਧਤਾ ਐਕਟ ਦੇ ਅਧਿਆਏ III ਦੇ ਉਪਬੰਧਾਂ ਦੇ ਸਮੁੱਚੇ ਪਾਠ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਾ 90 (2) ਵਿਚ ਆਉਂਦੇ ਸ਼ਬਦ ਵਿਚਾਰਣ ਦਾ ਮਤਲਬ ਟ੍ਰਿਬਿਊਨਲ ਅੱਗੇ ਮੁਕੰਮਲ ਕਾਰਵਾਈਆਂ ਤੋਂ ਹੈ। ਹਰੀਸ਼ ਚੰਦਰ ਬਾਜਪਾਈ ਬਨਾਮ ਤ੍ਰਿਲੋਕੀ ਸਿੰਘ (ਏ ਆਈ ਆਰ 1957 ਐਸ ਸੀ 444) ਵੀ ਲੋਕ ਪ੍ਰਤੀਨਿਧਤਾ ਐਕਟ, 1951 ਅਧੀਨ ਕੇਸ ਸੀ। ਉਸ ਕੇਸ ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਐਕਟ ਦੀ ਸਕੀਮ ਨੂੰ ਵੇਖਦੇ ਹੋਏ ਉਥੇ ਵਿਚਾਰਣ ਸ਼ਬਦ ਦੀ ਵਰਤੋਂ ਵਿਸ਼ਾਲ ਭਾਵ ਵਿਚ ਕੀਤੀ ਗਈ ਸੀ। ਇਸ ਤੋਂ ਜਾਪਦਾ ਹੈ ਕਿ ਵਿਚਾਰਣ ਸ਼ਬਦ ਦਾ ਇਕੋ ਅਰਥ ਨਹੀਂ ਹੋ ਸਕਦਾ ਅਰਥਾਤ ਅਰਜ਼ੀਦਾਵਾ ਦਾਇਰ ਕੀਤੇ ਜਾਣ ਤੋਂ ਲੈ ਕੇ ਦਾਵੇ ਦੇ ਨਿਪਟਾਰੇ ਤਕ ਦੀਆਂ ਸਾਰੀਆਂ ਕਾਰਵਾਈਆਂ। ਜਿਵੇਂ ਕਿ ਸਰਵ ਉੱਚ ਅਦਾਲਤ ਨੇ ਪ੍ਰੇਖਣ ਕੀਤਾ ਹੈ ਵਿਚਾਰਣ ਸ਼ਬਦ ਦੇ ਸੰਕੁਚਿਤ ਅਰਥ ਵੀ ਹੋ ਸਕਦੇ ਹਨ ਅਰਥਾਤ ਦਾਵੇ ਦੀ ਅੰਤਮ ਸੁਣਵਾਈ ਜਿਸ ਵਿਚ ਗਵਾਹਾਂ ਦੀ ਪਰੀਖਿਆ, ਦਸਤਾਵੇਜ਼ ਪੇਸ਼ ਕਰਨਾ ਅਤੇ ਬਹਿਸ ਸ਼ਾਮਲ ਹੋਵੇ। ਜ਼ਾਬਤਾ ਦੀਵਾਨੀ ਸੰਘਤਾ ਦੀ ਧਾਰਾ 10 ਵਿਚ ਵਿਚਾਰਣ ਇਸ ਸੰਕੁਚਿਤ ਭਾਵ ਵਿਚ ਵਰਤਿਆ ਗਿਆ ਹੈ।
ਫ਼ੌਜਦਾਰੀ ਮੁਕੱਦਮਿਆਂ ਵਿਚ ਵਿਚਾਰਣ ਦਾ ਆਮ ਤੌਰ ਤੇ ਉਸ ਸਟੇਜ ਪ੍ਰਤੀ ਹਵਾਲਾ ਸਮਝਿਆ ਜਾਂਦਾ ਹੈ ਜੋ ਮੁਲਜ਼ਮ ਦੇ ਵਿਰੁੱਧ ਫ਼ਰਦ ਜੁਰਮ ਲਾਏ ਜਾਣ ਤੋਂ ਪਿਛੋਂ ਆਉਂਦੀ ਹੈ। ਪਰ ਵਿਜੇ ਕੁਮਾਰ ਬਨਾਮ ਰਾਜ (1977 ਸੀ ਐਲ ਆਰ 37) ਅਨੁਸਾਰ ਕਈ ਥਾਵਾਂ ਤੇ ਜ਼ਾਬਤਾ ਫ਼ੌਜਦਾਰੀ ਸੰਘਤਾ ਵਿਚ ਵੀ ਵਿਚਾਰਣ ਵਿਚ ਫ਼ਰਦ ਜ਼ੁਰਮ ਲਾਏ ਜਾਣ ਤੋਂ ਪਹਿਲਾਂ ਦੀ ਸਟੇਜ ਵੀ ਸ਼ਾਮਲ ਕੀਤੀ ਗਈ ਹੈ।
ਲੇਕਿਨ ਇਹ ਜ਼ਰੂਰ ਹੈ ਕਿ ਜ਼ਾਬਤਾ ਫ਼ੌਜਦਾਰੀ ਸੰਘਤਾ ਵਿਚ ਯਥਾਪਰਿਭਾਸ਼ਤ ‘ਜਾਂਚ ’ ਵਿਚਾਰਣ ਤੋਂ ਵਖਰੀ ਚੀਜ਼ ਹੈ ਅਤੇ ਜਦੋਂ ਵਿਚਾਰਣ ਸ਼ੁਰੂ ਹੁੰਦਾ ਹੈ ਉਦੋਂ ਜਾਂਚ ਬੰਦ ਹੋ ਜਾਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First