ਵਿਸਾਖੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸਾਖੀ : ਵਿਸਾਖੀ ਪ੍ਰਸਿੱਧ ਪੁਰਬ ਹੈ, ਜਿਸਦਾ ਮੁੱਢ ਪ੍ਰਕਿਰਤੀ ਪੂਜਾ ਨਾਲ ਬੱਝਾ। ਹਿੰਦੂ ਧਰਮ ਗ੍ਰੰਥਾਂ ਵਿੱਚ ਇਸ ਪੁਰਬ ਦਾ ਵਿਸ਼ੇਸ਼ ਮਹਾਤਮ ਦਰਸਾਇਆ ਗਿਆ ਹੈ। ਇੱਕ ਧਾਰਨਾ ਅਨੁਸਾਰ ਪੰਜਾਬ ਵਾਸੀਆਂ ਨੂੰ ਜਦੋਂ ਪਹਿਲੀ ਵੇਰੀਂ ਭੋਂ ਤੋਂ ਅੰਨ ਪ੍ਰਾਪਤ ਹੋਇਆ, ਤਦ ਤੋਂ ਅਨਾਜ ਦੀ ਮੁੱਖ ਫ਼ਸਲ (ਕਣਕ) ਦੀ ਆਮਦ ’ਤੇ ਇਸ ਦਿਨ ਨੂੰ ਖ਼ੁਸ਼ੀ ਦੇ ਰੁਪ ਵਿੱਚ ਮਨਾਉਣ ਦਾ ਚਲਨ ਸ਼ੁਰੂ ਹੋਇਆ। ਸਮਾਂ ਪੈਣ ’ਤੇ ਇਸ ਦਿਨ ਨਾਲ ਕੁੱਝ ਵਿਸ਼ੇਸ਼ ਘਟਨਾਵਾਂ ਜੁੜਨ ਕਾਰਨ ਇਹ ਪੁਰਬ ਇਤਿਹਾਸਿਕ ਮਹੱਤਤਾ ਵਾਲਾ ਬਣ ਗਿਆ।

     ਭਾਰਤੀ ਤਿਉਹਾਰਾਂ ਦਾ ਸੰਬੰਧ ਸੂਰਜ ਅਤੇ ਚੰਦਰਮਾ ਨਾਲ ਹੋਣ ਕਰ ਕੇ, ਵਿਸਾਖ ਮਹੀਨੇ ਦਾ ਨਾਂ ਵਿਸਾਖਾ ਨਖਸ਼ਤਰ ਤੋਂ ਰੱਖਿਆ ਗਿਆ ਹੈ। ਵਿਸਾਖੀ ਸੂਰਜ ਵਰ੍ਹੇ ਦਾ ਪਹਿਲਾ ਦਿਨ ਹੈ। ਇਸ ਦਿਨ ਸੂਰਜ ਪਹਿਲੀ ਰਾਸ਼ੀ ‘ਮੇਖ’ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਕਾਰਨ ਇਸ ਦਿਨ ਨੂੰ ਮੇਖ ਸੰਕਰਾਂਤੀ (ਸੰਗਰਾਂਦ) ਵੀ ਕਿਹਾ ਜਾਂਦਾ ਹੈ। ਵਿਸ਼ਨੂੰ ਨੇ ਇਸ ਨਾਂ ਨੂੰ ਆਪਣਾ ਹਮ-ਨਾਂਵ ਬਣਾ ਕੇ ਹੋਰ ਵੀ ਵਿਸ਼ੇਸ਼ਤਾ ਪ੍ਰਦਾਨ ਕੀਤੀ।

          ਮਾਧਵੋ ਮਾਸੋ ਵੱਲਭੋ ਮਧੂਸੂਦਨਮੁ।

     ‘ਪਦਮ ਪੁਰਾਣ’ ਵਿੱਚ ਵਿਸਾਖ ਦੇ ਮਹੀਨੇ ਨੂੰ ਮਧੂਸੂਦਨ ਦਾ ਪ੍ਰੇਮੀ ਦੱਸਿਆ ਗਿਆ ਹੈ।

ਰਿਸ਼ੀ ਨਾਰਦ ਨੇ ਰਾਜਾ ਅੰਬਰੀਸ਼ ਨੂੰ ਵਿਸਾਖ ਦਾ ਮਹਾਤਮ ਇਸ ਸਲੋਕ ਰਾਹੀਂ ਦਰਸਾਇਆ ਹੈ:

ਯਥਾ ਹਰ੍ਰੇਰਨਾਮ ਭਯੇਨ ਭੂਪ

ਨਸ਼ਯੰਤਿ ਸਰ੍ਵੈ ਦੁਰਿਤਸਯ ਵ੍ਰਿੰਦਾ।

ਨੂਨੰ ਖੌ ਮੇਸ਼ ਗਤੇ ਵਿਭਾਤੇ,

          ਸ੍ਨਾਨੇਨ ਤੀਰ੍ਥ ਹਰਿਸ੍ਤਵੇਨ ॥

ਭਾਵ : ਜਿਵੇਂ ਪ੍ਰਭੂ ਦਾ ਨਾਂ ਸਭ ਦੁੱਖਾਂ ਦਾ ਨਾਸ ਕਰਦਾ ਹੈ। ਇਸ ਤਰ੍ਹਾਂ (ਸੂਰਜ ਦੇ ਮੇਖ ਰਾਸ਼ੀ ਵਿੱਚ ਦਾਖ਼ਲ ਹੋਣ ਸਮੇਂ) ਵਿਸਾਖੀ ਦੇ ਦਿਨ ਇਸ਼ਨਾਨ-ਦਾਨ ਦਾ ਫਲ ਯੱਗ ਜਿਹਾ ਹੈ।

     ਭਾਰਤੀ ਮਨੌਤ ਅਨੁਸਾਰ ਵਿਸਾਖ ਵਿੱਚ ਕਿਉਂਕਿ ਸੂਰਜ ਉਤਰਾਯਣ ਦਿਸ਼ਾ ਵਿੱਚ ਚਲੇ ਜਾਣ ਕਾਰਨ ਸਮੂਹ ਪਦਾਰਥਾਂ ਦਾ ਰਸ ਸੋਖ ਲੈਂਦਾ ਹੈ। ਇਸ ਲਈ ਮਨੁੱਖ ਵੀ ਇਸ ਸਥਿਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਦੂਜਾ ਬਸੰਤ ਰਿਤੂ ਵਿੱਚ ਇਸਤਰੀ ਪੁਰਸ਼ ਵਿੱਚ ਕਾਮ ਵਾਸਨਾ ਵਧੇਰੇ ਉਦਰਿਤ ਹੋਣ ਕਾਰਨ ਇਸਤਰੀ ਵਿੱਚ (ਰਜ) ਅਤੇ ਪੁਰਸ਼ ਵਿੱਚ (ਵੀਰਯ) ਦੀ ਘਾਟ ਨੂੰ ਗਰਮ ਰਿਤੂ ਦੇ ਇਸ਼ਨਾਨ ਦੁਆਰਾ ਸੰਤੁਲਿਤ ਕੀਤਾ ਜਾ ਸਕਦਾ ਹੈ।

     ਮਹਾਭਾਰਤ ਅਨੁਸਾਰ ਸਕੰਦ ਰਿਸ਼ੀ ਦੀ ਪੈਦਾਇਸ਼ ਅਗਨੀ ਸ੍ਵਾਹਾ ਤੋਂ ਹੋਈ। ਇੰਦਰ ਨੇ ਉਸ ਦੀ ਅਗਨੀ ਤੋਂ ਡਰਦਿਆਂ ਸਕੰਦ ਨੂੰ ਮਾਰਨਾ ਚਾਹਿਆ। ਪਰ ਸਕੰਦ ਦੇ ਮੂੰਹ ਵਿੱਚੋਂ ਨਿਕਲੀ ਅਗਨੀ ਕਾਰਨ ਉਸ ਦੀ ਪੇਸ਼ ਨਾ ਗਈ, ਤਦ ਇੰਦਰ ਦੇ ਬੱਜਰ ਪ੍ਰਹਾਰ ਨਾਲ ਸਕੰਦ ਦੀ ਪਸਲੀ ਟੁੱਟ ਗਈ, ਜਿਸ ਵਿੱਚੋਂ ਵੀਰ ਪੁਰਸ਼ ਜਨਮਿਆ ਜੋ ਵੈਸਾਖ ਦੇ ਨਾਂ ਨਾਲ ਪ੍ਰਸਿੱਧ ਹੋਇਆ।

     ਵਿਸਾਖੀ ਦੇ ਦਿਨ ਦੀ ਇੱਕ ਮਹੱਤਤਾ ਇਹ ਵੀ ਹੈ ਕਿ ਇਸ ਦਿਨ ਮਹਾਜਨ, ਵਪਾਰੀ ਅਤੇ ਸੇਠ ਸ਼ਾਹੂਕਾਰ ਆਪਣੇ ਕਾਰੋਬਾਰ ਸੰਬੰਧੀ ਨਵੇਂ ਵਹੀਆਂ-ਖਾਤੇ ਲਾਉਂਦੇ ਹਨ। ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਵਿਸਾਖੀ ਦੇ ਦਿਨ ਬਿਕ੍ਰਮੀ ਸੰਮਤ ਸ਼ੁਰੂ ਹੋਇਆ।

     ਭਾਰਤੀ ਸ਼ਾਸਤਰਾਂ ਅਨੁਸਾਰ, ਉਹੋ ਰਾਜਾ ਨਵਾਂ ਸੰਮਤ ਸ਼ੁਰੂ ਕਰ ਸਕਦਾ ਹੈ, ਜੋ ਆਪਣੀ ਬੀਰਤਾ ਨਾਲ ਪਰਜਾ ਨੂੰ ਗ਼ੁਲਾਮੀ ਤੋਂ ਮੁਕਤ ਕਰ ਦੇਵੇ। ਉਜੈਨ ਦੇ ਮਹਾਰਾਜਾ ਬਿਕ੍ਰਮਾ ਦੱਤ ਨੇ ਆਪਣੀ ਭੁਜਾ ਦੇ ਬਲ ਨਾਲ ਸ਼ੱਕ ਕੌਮ ਨੂੰ ਹਰਾਇਆ ਅਤੇ ਨਵਾਂ ਬਿਕ੍ਰਮੀ ਸੰਮਤ ਚਲਾਇਆ।

     ਵਿਸਾਖੀ ਵਾਲੇ ਦਿਨ ਦੀ ਇੱਕ ਵਿਸ਼ੇਸ਼ ਮਹੱਤਤਾ ਇਹ ਵੀ ਸਮਝੀ ਜਾ ਸਕਦੀ ਹੈ ਕਿ ਸੰਮਤ 1756 ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਹਨਾਂ ਹੱਥੋਂ ਆਪ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਦੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਤਦ ਤੋਂ ਮਗਰੋਂ ਵਿਸਾਖੀ ਦਾ ਇਹ ਦਿਨ ਖ਼ਾਲਸਾ ਸਾਜਨਾ ਦੇ ਪਵਿੱਤਰ ਪੁਰਬ ਵਜੋਂ ਮਨਾਇਆ ਜਾਂਦਾ ਹੈ। ਉਸ ਦਿਨ ਤੋਂ ਪਿੱਛੋਂ ਸਾਜੇ ਹੋਏ ਖ਼ਾਲਸੇ ਨੂੰ ਕਕਾਰਾਂ ਦੀ ਰਹਿਤ ਮਰਯਾਦਾ ਦੇ ਕੇ ਪੁਰਸ਼ਾਂ ਦੇ ਨਾਂ ਪਿੱਛੇ ‘ਸਿੰਘ’ ਅਤੇ ਇਸਤਰੀਆਂ ਦੇ ਨਾਂ ਪਿੱਛੇ ‘ਕੌਰ’ ਲਾਉਣ ਦੀ ਰੀਤ ਸ਼ੁਰੂ ਹੋਈ। 1699 ਨੂੰ ਵਿਸਾਖੀ ਵਾਲੇ ਦਿਨ ਸਿੱਖ ਧਰਮ ਵਿੱਚ ਅੰਮ੍ਰਿਤਪਾਨ ਕਰਨ ਦਾ ਇੱਕ ਖ਼ਾਸ ਵਿਧੀ ਵਿਧਾਨ ਪ੍ਰਚਲਿਤ ਹੋਇਆ। ਜਿਸ ਵਿੱਚ ਸੰਗਤ ਵੱਲੋਂ ਚੁਣੇ ਹੋਏ ਕਰਨੀ ਦੇ ਪੂਰੇ ਪੰਜ ਖੜਗਧਾਰੀ ਸਿੰਘ ਲੋਹੇ ਦੇ ਬਾਟੇ ਵਿੱਚ ਜਲ ਅਤੇ ਪਤਾਸੇ ਮਿਲਾ ਕੇ, ਯਥਾ ਕ੍ਰਮ ਵੀਰ ਆਸਨ ਲਗਾ ਕੇ ਖੰਡਾ ਫੇਰਦੇ ਹੋਏ, ਜਪ, ਜਾਪ, ਸਵੱਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਦੇ ਹੋਏ ਭੋਗ ਪਾਉਣ ਅਤੇ ਅਰਦਾਸ ਕਰਨ ਉਪਰੰਤ ਵੀਰਾਸਨ ਵਿੱਚ ਬੈਠੇ ਅੰਮ੍ਰਿਤ ਅਭਿਲਾਸ਼ੀਆਂ ਨੂੰ ਪੰਜ ਚੁਲੇ ਨੇਤਰਾਂ ਅਤੇ ਕੇਸਾਂ ਵਿੱਚ ਤਰੌਂਕ ਕੇ, ਅਤੇ ਪੰਜ ਚੁਲੇ ਪਾਨ ਕਰਵਾ ਕੇ ਸਿੱਖ ਧਰਮ ਵਿੱਚ ਸ਼ਾਮਲ ਕੀਤੇ ਜਾਣ ਦਾ ਚਲਨ ਸ਼ੁਰੂ ਹੋਇਆ।

     ਵਿਸਾਖੀ ਦਾ ਪੁਰਬ ਜਿੱਥੇ ਅਨੰਦਪੁਰ ਦੇ ਖ਼ਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਹੈ, ਉਸ ਤੋਂ ਵਧੇਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਵੀ ਸੰਬੰਧਿਤ ਹੈ। ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਕਿਉਂਕਿ ਇਸ ਅਸਥਾਨ ਪੁਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਦਿੱਬ ਦ੍ਰਿਸ਼ਟੀ ਅਤੇ ਅਦਭੁੱਤ ਸ਼ਕਤੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। ਇਸ ਬੀੜ ਨੂੰ ਦਮਦਮੇ ਵਾਲੀ ਬੀੜ ਕਿਹਾ ਜਾਂਦਾ ਹੈ। ਇਸ ਪਵਿੱਤਰ ਅਸਥਾਨ ਤੇ ਵਿਸਾਖੀ ਵਾਲੇ ਦਿਨ ਲੱਖਾਂ ਦੀ ਗਿਣਤੀ ਵਿੱਚ ਲੋਕ, ਪੁਰਬ ਦੀ ਯਾਦ ਵਿੱਚ ਇਕੱਤਰ ਹੁੰਦੇ ਹਨ।

     ਦੇਸ਼ ਭਰ ਵਿੱਚ ਵਿਸਾਖੀ ਦਾ ਇਹ ਪੁਰਬ ਜਿੱਥੇ ਪ੍ਰਾਚੀਨ ਇਤਿਹਾਸਿਕਤਾ, ਅਧਿਆਤਮਿਕ ਮਹਾਤਮ, ਨਵੀਂ ਫ਼ਸਲ ਦੀ ਆਮਦ ਅਤੇ ਖ਼ਾਲਸੇ ਦੇ ਜਨਮ ਦਿਨ ਨਾਲ ਸੰਬੰਧਿਤ ਸਮਝ ਕੇ ਮਨਾਇਆ ਜਾਂਦਾ ਹੈ, ਉੱਥੇ ਇਸ ਨਾਲ ਜਲ੍ਹਿਆਂ ਵਾਲੇ ਬਾਗ਼ (ਅੰਮ੍ਰਿਤਸਰ) ਦਾ ਸਾਕਾ ਵੀ ਜੋੜਿਆ ਜਾਂਦਾ ਹੈ, ਜਦੋਂ ਜਰਨਲ ਡਾਇਰ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਇਕੱਤਰ ਹੋਏ ਸਿੱਖ ਸਮੁਦਾਇ ਦੇ ਭਾਰੀ ਇਕੱਠ ’ਤੇ ਗੋਲੀ ਚਲਾਈ ਅਤੇ ਇਹ ਖ਼ੂਨੀ ਸਾਕਾ ਵਿਸਾਖੀ ਵਾਲੇ ਦਿਨ ਨਾਲ ਜੁੜ ਗਿਆ। ਇਉਂ ਅੰਮ੍ਰਿਤਸਰ ਵਿੱਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ਖ਼ੂਨੀ ਸਾਕੇ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਪੁਰਬ ’ਤੇ ਗੁਰਦੁਆਰਿਆਂ ਵਿੱਚ ਦੀਵਾਨ ਸਜਦੇ ਹਨ ਅਤੇ ਭਾਰੀ ਇਕੱਠ ਦੇ ਰੂਪ ਵਿੱਚ ਲੋਕ ਵਿਸਾਖੀ ਨਾਲ ਸੰਬੰਧਿਤ ਅਤੇ ਹੋਰ ਧਰਮ ਅਸਥਾਨਾਂ ’ਤੇ ਜਾ ਕੇ ਮੇਲੇ ਦੇ ਰੂਪ ਵਿੱਚ ਇਹ ਪੁਰਬ ਮਨਾਉਂਦੇ ਹਨ। ਪੰਜਾਬੀ ਲੋਕ-ਨਾਚ ਭੰਗੜਾ ਇਸੇ ਮੇਲੇ ਦੌਰਾਨ ਗੱਭਰੂਆਂ ਵੱਲੋਂ ਨੱਚਿਆ ਜਾਂਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਸਾਖੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਸਾਖੀ [ਨਾਂਇ] ਵੇਖੋ ਵਸਾਖੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਸਾਖੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਿਸਾਖੀ: ਇਹ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੰਨਾਇਆ ਜਾਣ ਵਾਲਾ ਪੰਜਾਬ ਦਾ ਇਕ ਮੌਸਮੀ ਤਿਉਹਾਰ ਹੈ, ਕਿਉਂਕਿ ਇਸ ਦਿਨ ਪੰਜਾਬ ਦਾ ਕਿਸਾਨ ਆਪਣੀ ਪੱਕੀ ਹੋਈ ਫ਼ਸਲ ਨੂੰ ਵੇਖ ਕੇ ਆਨੰਦਿਤ ਹੁੰਦਾ ਹੈ ਅਤੇ ਇਸ ਦਿਨ ਨੂੰ ਕਣਕ ਦੀ ਫ਼ਸਲ ਨੂੰ ਸਮੇਟਣ ਦੀ ਕਾਰਵਾਈ ਸ਼ੁਰੂ ਕਰਦਾ ਹੈ। ਇਸ ਦਿਨ ਫ਼ਸਲ ਨੂੰ ‘ਦਾਤੀ ਪਾਉਣ’ ਦਾ ਸ਼ਗਨ ਵੀ ਕੀਤਾ ਜਾਂਦਾ ਹੈ। ਮੌਸਮ ਨਾਲ ਸੰਬੰਧਿਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਕੌਮੀ ਤਿਉਹਾਰ ਰਿਹਾ ਹੈ। ਜਲੰਧਰ ਜ਼ਿਲ੍ਹੇ ਵਿਚ ਵਿਸਾਖੀ ਵਾਲੇ ਦਿਨ ‘ਵਸੋਆ’ ਨਾਂ ਦਾ ਤਿਉਹਾਰ ਮੰਨਾਇਆ ਜਾਂਦਾ ਹੈ। ‘ਵਸੋਆ’ ਵਿਸਾਖੀ ਸ਼ਬਦ ਦਾ ਹੀ ਪਰਿਵਰਤਿਤ ਰੂਪ ਪ੍ਰਤੀਤ ਹੁੰਦਾ ਹੈ। ਭਾਈ ਗੁਰਦਾਸ ਨੇ ਪਹਿਲੀ ਵਾਰ (ਪਉੜੀ 27) ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਘਰ ਘਰ ਵਿਚ ਅਧਿਆਤਮਿਕ ਮਾਹੌਲ ਪੈਦਾ ਹੋ ਜਾਣ ਵਲ ਸੰਕੇਤ ਕੀਤਾ ਹੈ—ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ

ਭਾਰਤੀ ਮਿਥਿਹਾਸ ਵਿਚ ਵਿਸਾਖ ਦੇ ਮਹੀਨੇ ਵਿਚ ਇਸ਼ਨਾਨ ਕਰਨ ਅਤੇ ਬ੍ਰਤ ਧਾਰਣ ਕਰਨ ਦਾ ਬਹੁਤ ਮਹਾਤਮ ਦਸਿਆ ਗਿਆ ਹੈ। ਇਹ ਵੀ ਰਵਾਇਤ ਹੈ ਕਿ ਇਸ ਦਿਨ ਵਿਆਸ ਰਿਸ਼ੀ ਨੇ ਬ੍ਰਹਮਾ ਵਲੋਂ ਰਚੇ ਚਾਰ ਵੇਦਾਂ ਦਾ ਪਹਿਲੀ ਵਾਰ ਪਾਠ ਕਰਕੇ ਭੋਗ ਪਾਇਆ ਸੀ। ਇਸੇ ਹੀ ਦਿਨ ਰਾਜਾ ਜਨਕ ਨੇ ਇਕ ਮਹਾਨ ਯੱਗ ਕੀਤਾ ਜਿਸ ਵਿਚ ਅਵਧੂਤ ਅਸ਼ੑਟਾਵਕ੍ਰ ਨੇ ਰਾਜੇ ਨੂੰ ਗਿਆਨ ਪ੍ਰਦਾਨ ਕੀਤਾ। ਇਸ ਤਰ੍ਹਾਂ ਅਨੇਕ ਧਾਰਮਿਕ ਪਰੰਪਰਾਵਾਂ ਅਤੇ ਅਨੁਸ਼ਠਾਨਾਂ ਦਾ ਸੰਬੰਧ ਵਿਸਾਖੀ ਦੇ ਦਿਨ ਨਾਲ ਚਿਰ-ਕਾਲ ਤੋਂ ਜੁੜਿਆ ਚਲਾ ਆ ਰਿਹਾ ਹੈ। ਹੁਣ ਵੀ ਦੇਸ਼ ਭਰ ਵਿਚ ਇਸ ਦਿਨ ਸ਼ਰਧਾਲੂ ਲੋਕ ਪਵਿੱਤਰ ਸਰੋਵਰਾਂ ਅਤੇ ਨਦੀਆਂ ਵਿਚ ਇਸ਼ਨਾਨ ਕਰਦੇ ਹਨ। ਪੰਜਾਬ ਵਿਚ ਵਿਸਾਖੀ ਦੇ ਮੌਕੇ ਦਰਬਾਰ ਸਾਹਿਬ , ਅੰਮ੍ਰਿਤਸਰ , ਦਮਦਮਾ ਸਾਹਿਬ (ਤਲਵੰਡੀ ਸਾਬੋ), ਕਰਤਾਰਪੁਰ (ਜਲੰਧਰ) ਅਤੇ ਆਨੰਦਪੁਰ ਸਾਹਿਬ ਆਦਿ ਧਰਮ-ਧਾਮਾਂ’ਤੇ ਬੜੇ ਭਾਰੀ ਮੇਲੇ ਲਗਦੇ ਹਨ ਜਿਨ੍ਹਾਂ ਵਿਚ ਹਰ ਉਮਰ ਦੇ ਮਰਦ-ਔਰਤਾਂ ਸ਼ਾਮਲ ਹੋ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ—ਚੜ੍ਹੇ ਵਿਸਾਖ, ਵਿਸਾਖੀ ਆਈ/ਮੇਲਾ ਵੇਖਣ ਤੁਰੀ ਲੁਕਾਈ/ਪਿੰਡ ਵਿਚ, ਤੇ ਸ਼ਹਿਰ ਸ਼ਹਿਰ ਵਿਚ/ਹੁੰਮ-ਹੁੰਮਾ ਕੇ ਦੇਣ ਵਧਾਈ

ਸਿੱਖ ਧਰਮ ਵਿਚ ਇਸ ਦੀ ਵਿਸ਼ੇਸ਼ ਅਤੇ ਮਹੱਤਵ -ਪੂਰਣ ਸਥਿਤੀ ਹੈ। ਇਸ ਦਿਨ ਸੰਨ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਕੇਸਗੜ੍ਹ ਵਾਲੇ ਸਥਾਨ ਤੇ ‘ਖ਼ਾਲਸਾ ’ (ਵੇਖੋ) ਦੀ ਸਿਰਜਨਾ ਕੀਤੀ, ਜਿਸ ਦੇ ਫਲਸਰੂਪ ਭਾਰਤੀਆਂ ਦੀ ਗ਼ੁਲਾਮ ਮਾਨਸਿਕਤਾ ਚੜ੍ਹਦੀ ਕਲਾ ਵਿਚ ਬਦਲ ਗਈ ਅਤੇ ਮੁਗ਼ਲ- ਪ੍ਰਸ਼ਾਸਕਾਂ ਵਿਰੁੱਧ ਜਨ-ਸੰਘਰਸ਼ ਦਾ ਬਿਗਲ ਵਜਣਾ ਸ਼ੁਰੂ ਹੋ ਗਿਆ। ਇਸ ਦਿਨ ਤੋਂ ਬਾਦ ਆਗਾਮੀ ਇਤਿਹਾਸ ਦੀ ਨੁਹਾਰ ਬਦਲ ਗਈ। ਇਸ ਲਈ ਸਿੱਖ-ਇਤਿਹਾਸ ਵਿਚ ਵਿਸਾਖੀ ਵਾਲਾ ਦਿਨ ਖ਼ਾਲਸੇ ਦੇ ਜਨਮ ਦਿਨ ਵਜੋਂ ਬੜੇ ਉਤਸਾਹ ਨਾਲ ਮੰਨਾਇਆ ਜਾਂਦਾ ਹੈ।

ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਵੀ ਇਸ ਦਿਨ ਦਾ ਵਿਸ਼ੇਸ਼ ਸੰਬੰਧ ਹੈ, ਕਿਉਂਕਿ ਇਸ ਦਿਨ ਸੰਨ 1919 ਈ. ਨੂੰ ਜਲਿਆਂ ਵਾਲੇ ਬਾਗ਼ (ਵੇਖੋ) ਦਾ ਦੁਖਦਾਇਕ ਸਾਕਾ ਹੋਇਆ ਸੀ ਜਿਸ ਨਾਲ ਸਾਰੇ ਦੇਸ਼ ਵਿਚ ਰਾਸ਼ਟਰਵਾਦ ਦੀ ਭਾਵਨਾ ਇਕਦਮ ਪੱਕੇ ਪੈਰਾਂ ਉਤੇ ਹੋ ਗਈ ਸੀ। ਇਸ ਤਰ੍ਹਾਂ ਪੰਜਾਬੀਆਂ ਲਈ ਵਿਸਾਖੀ ਦਾ ਤਿਉਹਾਰ ਧਾਰਮਿਕ, ਸਮਾਜਿਕ , ਸਭਿਆਚਾਰਿਕ ਅਤੇ ਰਾਜਨੈਤਿਕ ਮਹੱਤਵ ਰਖਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਸਾਖੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਿਸਾਖੀ : ਵਿਸਾਖ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਣ ਵਾਲਾ ਪੰਜਾਬ ਦਾ ਮੌਸਮੀ ਤਿਉਹਾਰ ਜਿਸ ਦਿਨ ‘ਕਣਕ ਦੀ ਫ਼ਸਲ ਨੂੰ ਦਾਤੀ ਪਾਉਣ’ ਦਾ ਸ਼ਗਨ ਕੀਤਾ ਜਾਂਦਾ ਹੈ।

ਹਿੰਦੂ ਮਿਥਿਹਾਸ ਅਨੁਸਾਰ ਵਿਸਾਖ ਦੇ ਮਹੀਨੇ ਵਿਚ ਇਸ਼ਨਾਨ ਅਤੇ ਵਰਤ ਦਾ ਵਿਸ਼ੇਸ਼ ਮਹਾਤਮ ਹੈ। ਰਵਾਇਤ ਅਨੁਸਾਰ ਵਿਆਸ ਰਿਸ਼ੀ ਨੇ ਵਿਸਾਖੀ ਵਾਲੇ ਦਿਨ ਚਾਰੇ ਵੇਦਾਂ ਦਾ ਪਹਿਲੀ ਵੇਰ ਸੰਪੂਰਨ ਪਾਠ ਕਰ ਕੇ ਭੋਗ ਪਾਇਆ ਸੀ। ਇਸੇ ਦਿਨ ਹੀ ਰਾਜਾ ਜਨਕ ਨੇ ਮਹਾਨ ਯੱਗ ਕੀਤਾ ਅਤੇ ਅਸ਼ਟਾਵਕਰ ਕੋਲੋਂ ਬ੍ਰਹਮਗਿਆਨ ਪ੍ਰਾਪਤ ਕੀਤਾ।

ਸਿੱਖਾਂ ਵਿਚ ਵੀ ਇਹ ਦਿਨ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਹੈ ਕਿਉਂਕਿ 1699 ਈ. ਵਿਚ ਇਸੇ ਦਿਨ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਿਰਜਿਆ ਅਤੇ ਸੰਤ ਸਿਪਾਹੀ ਪੈਦਾ ਕੀਤੇ ਤਾਂ ਕਿ ਮਜ਼ਲੂਮਾਂ ਦੀ ਰੱਖਿਆ ਹੋ ਸਕੇ। ਆਪ ਦੁਆਰਾ ਲਈ ਗਈ ਪ੍ਰੀਖਿਆ ਵਿਚ ਜਿਹੜੇ ਪੰਜ ਸਿੱਖ ਪੂਰੇ ਉਤਰੇ ਉਨ੍ਹਾਂ ਨੂੰ ਆਪ ਨੇ ਅੰਮ੍ਰਿਤ ਛਕਾ ਕੇ ‘ਪੰਜ ਪਿਆਰੇ’ ਦੀ ਸੰਗਿਆ ਦਿਤੀ ਅਤੇ ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੀ ਨਵੇਕਲੀ ਅਤੇ ਬੇਮਿਸਾਲ ਉਦਾਹਰਣ ਸਥਾਪਤ ਕੀਤੀ। ਇਸ ਲਈ ਸਮੁੱਚੇ ਸਿੱਖ ਪੰਥ ਵਿਚ ਇਹ ਦਿਨ ਖ਼ਾਲਸੇ ਦੇ ਜਨਮ ਦਿਨ ਵੱਜੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੰਨ 1999 ਦੀ ਵਿਸਾਖੀ ਖ਼ਾਲਸੇ ਦੇ 300 ਸਾਲਾ ਸਿਰਜਣਾ ਦਿਵਸ ਵੱਜੋਂ ਵਿਸ਼ਵ ਪੱਧਰ ਉੱਤੇ ਵਿਸ਼ੇਸ਼ ਉਤਸ਼ਾਹ ਨਾਲ ਮਨਾਈ ਗਈ। ਵੱਖ-ਵੱਖ ਸਰਕਾਰੀ, ਗ਼ੈਰ ਸਰਕਾਰੀ ਅਦਾਰੇ ਅਤੇ ਸਿੱਖ ਸੰਗਤਾਂ ਵੱਲੋਂ ਸਾਲ ਭਰ 300 ਸਾਲਾ ਸਿਰਜਣਾ ਦਿਵਸ ਦੇ ਉਤਸਵ ਮਨਾਏ ਗਏ। ਸਾਰੇ ਅਨੰਦਪੁਰ ਸਾਹਿਬ ਨੂੰ ਚਿੱਟੀ ਰੰਗਣ ਵਿਚ ਰੰਗਿਆ ਗਿਆ, ਥਾਂ ਥਾਂ ਉੱਤੇ ਗੁਰੂ ਸਾਹਿਬ ਵੱਲੋਂ ਪਿਆਰ, ਸੱਚ ਅਤੇ ਸਾਂਝੀਵਾਲਤਾ ਦਾ ਸੰਦੇਸ਼ ਨਿਰੂਪਣ ਕਰਦੀਆਂ ਗੁਰਬਾਣੀ ਦੀਆਂ ਤੁਕਾਂ ਵਾਲੇ ਬੈਨਰ, ਮੀਲ ਪੱਥਰ ਆਦਿ ਲਗਾਏ ਗਏ। ਅਨੰਦਪੁਰ ਸਾਹਿਬ ਵਿਖੇ ਨਿਸ਼ਾਨ-ਏ-ਖ਼ਾਲਸਾ, ਸਿੱਖ ਹੈਰੀਟੇਜ ਕੰਪਲੈਕਸ, ਯਾਦਗਾਰੀ ਗੇਟ, ਬਾਗ, ਫੁਹਾਰੇ ਆਦਿ ਬਣਾਏ ਗਏ। ਸਾਰੇ ਸ਼ਹਿਰ ਵਿਚ ਰੌਸ਼ਨੀ ਕੀਤੀ ਗਈ ਅਤੇ ਸਾਊਂਡ ਐਂਡ ਲਾਈਟ ਪ੍ਰੋਗਰਾਮ ਕਰਵਾਏ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਅਤੇ ਬਹਾਦਰ ਸਿੰਘਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਇਨ੍ਹਾਂ ਦਿਨਾਂ ਵਿਚ ਦੇਸ਼ ਬਦੇਸ਼ ਤੋਂ ਆਈਆਂ ਸੰਗਤਾਂ ਦੀ ਇੰਨੀ ਜ਼ਿਆਦਾ ਗਿਣਤੀ ਸੀ ਕਿ ਕੀਰਤਪੁਰ ਸਾਹਿਬ ਤੋਂ ਅੱਗੇ ਕੋਈ ਵਾਹਨ ਨਹੀਂ ਸੀ ਜਾ ਸਕਦਾ ਸੰਗਤਾਂ ਕੇਸਗੜ੍ਹ ਸਾਹਿਬ ਤਕ ਸਾਰਾ ਰਸਤਾ ਪੈਦਲ ਗੁਰਬਾਣੀ ਪੜ੍ਹਦਿਆਂ ਪਹੁੰਚੀਆਂ।

ਇਸ ਦਿਨ ਦਾ ਦੇਸ਼ ਦੀ ਸੁਤੰਤਰਤਾ ਦੀ ਲੜਾਈ ਨਾਲ ਵੀ ਖਾਸ ਸਬੰਧ ਹੈ ਕਿਉਂਕਿ 1919 ਈ. ਵਿਚ ਇਸ ਦਿਨ ਜਲ੍ਹਿਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ ਜਦੋਂ ਕਿ ਲੱਖਾਂ ਨਿਹੱਥੇ ਭਾਰਤੀਆਂ ਉੱਤੇ ਅੰਗਰੇਜ਼ ਜਨਰਲ ਡਾਇਰ ਨੇ ਅੰਧਾਧੁੰਧ ਗੋਲੀ ਚਲਵਾਈ ਅਤੇ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਸਾਕੇ ਦੇ ਫਲਸਰੂਪ ਸਾਰੇ ਦੇਸ਼ਵਾਸੀਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਹੋਰ ਵੀ ਪ੍ਰਚੰਡ ਹੋ ਗਈ ਅਤੇ ਬਰਤਾਨਵੀ ਸਾਮਰਾਜ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕਈ ਪਰਵਾਨਿਆਂ ਨੇ ਲੱਕ ਬੰਨ੍ਹ ਲਿਆ।

ਕਣਕ ਦੀ ਫ਼ਸਲ ਨੂੰ ਸਮੇਟ ਕੇ ਕਿਸਾਨ ਇਸ ਦਿਨ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੇਲਿਆਂ ਤੇ ਜਾਂਦੇ ਹਨ:

ਚੜ੍ਹੇ ਵਿਸਾਖ, ਵਿਸਾਖੀ ਆਈ

ਮੇਲਾ ਵੇਖਣ, ਤੁਰੀ ਲੁਕਾਈ।

ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿਚ, ਹੁੰਮ ਹੁੰਮਾ ਕੇ ਦੇਣ ਵਧਾਈ।

ਧਨੀ ਰਾਮ ਚਾਤ੍ਰਿਕ ਦੀ ਪ੍ਰਸਿੱਧ ਕਵਿਤਾ ‘ਮੇਲੇ ਵਿਚ ਜੱਟ ਵਿਸਾਖੀ ਦੇ ਮੇਲੇ ਸੰਬੰਧੀ ਪੰਜਾਬੀ ਕਿਸਾਨ ਦੇ ਚਾਅ ਅਤੇ ਉਤਸ਼ਾਹ ਨੂੰ ਪ੍ਰਗਟ ਕਰਦੀ ਹੈ।

ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ।

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਮਾਲ ਢੱਗਾ ਸਾਂਭਣੇ ਨੂੰ ਚੂਹੜਾ ਛੱਡ ਕੇ

ਕੱਛੇ ਮਾਰ ਵੰਝਲੀ, ਆਨੰਦ ਛਾ ਗਿਆ।

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਸਿੱਖਾਂ ਦੀ ਨਾਮਧਾਰੀ ਸੰਪ੍ਰਦਾਇ ਵਿਚ ਇਸ ਦਿਨ ਸਮੂਹਿਕ ਵਿਆਹ ਕਰਨ ਦਾ ਰਿਵਾਜ ਹੈ। ਇਸ ਤਰ੍ਹਾਂ ਪੰਜਾਬੀਆਂ ਲਈ ਵਿਸਾਖੀ ਇਕ ਸਰਬ ਸਾਂਝਾ, ਸਭਿਆਚਾਰਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਮਹੱਤਤਾ ਵਾਲਾ ਤਿਉਹਾਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-41-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਲੋ. ਵਿ. ਕੋ.; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.