ਸ਼ਬਦ-ਜੋੜ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਬਦ-ਜੋੜ : ਸ਼ਬਦ-ਜੋੜ ਕਿਸੇ ਸ਼ਬਦ ਦੇ ਅੱਖਰਾਂ (ਸ੍ਵਰਾਂ ਅਤੇ ਵਿਅੰਜਨਾਂ) ਦਾ ਅਜਿਹਾ ਸੁਮੇਲ ਹੁੰਦਾ ਹੈ ਜਿਸ ਨਾਲ ਉਸ ਦਾ ਸ਼ੁੱਧ ਉਚਾਰਨ ਹੋ ਸਕੇ। ਪ੍ਰਾਚੀਨ ਪੰਜਾਬੀ ਵਿੱਚ ਸ਼ਬਦ-ਜੋੜਾਂ ਨੂੰ ‘ਅਖਰੌਟ` ਵੀ ਕਿਹਾ ਜਾਂਦਾ ਸੀ। ਸ਼ਬਦ-ਜੋੜ ਅੰਗਰੇਜ਼ੀ ਸ਼ਬਦ ਸਪੈਲਿੰਗ (spelling) ਦੇ ਸਮਤੁੱਲ ਹੈ। ਉਰਦੂ ਪਿਛੋਕੜ ਵਾਲੇ ਵਿਦਵਾਨ ਇਸ ਨੂੰ ‘ਹਿੱਜੇ` ਕਹਿੰਦੇ ਹਨ। ਹਿੰਦੀ ਵਿੱਚ ਸ਼ਬਦ-ਜੋੜ ਦੇ ਬਰਾਬਰ ਸ਼ਬਦ ‘ਵਰਤਨੀ` ਹੈ।
ਹਰ ਭਾਸ਼ਾ ਵਿੱਚ ਸ਼ਬਦ-ਜੋੜਾਂ ਦੇ ਨਿਯਮ ਭਾਸ਼ਾਵਾਂ ਦੀ ਵਿਆਕਰਨਿਕ ਵਿਸ਼ੇਸ਼ਤਾਈਆਂ ਕਰ ਕੇ ਭਿੰਨ-ਭਿੰਨ ਹੁੰਦੇ ਹਨ। ਨਾਲ ਹੀ, ਹਰ ਭਾਸ਼ਾ ਦੀਆਂ ਸ੍ਵਰ ਅਤੇ ਵਿਅੰਜਨ ਧੁਨੀਆਂ ਲਈ ਵਰਨਮਾਲਾ ਨਿਸ਼ਚਿਤ ਹੈ। ਇਹਨਾਂ ਵਰਨਮਾਲਾ ਅੱਖਰਾਂ (ਧੁਨੀ ਚਿੰਨ੍ਹਾਂ) ਦੀ ਗਿਣਤੀ ਹਰ ਭਾਸ਼ਾ ਵਿੱਚ ਵੱਖ-ਵੱਖ ਹੋ ਸਕਦੀ ਹੈ। ਪੰਜਾਬੀ ਵਿੱਚ ਪੈਂਤੀ (ਭਾਵੇਂ ਹੁਣ ਸ਼, ਖ਼, ਗ਼, ਜ਼, ਫ਼ ਅਤੇ ਲ਼ ਦੇ ਵਾਧੇ ਨਾਲ ਇਕਤਾਲੀ ਹਨ), ਅੰਗਰੇਜ਼ੀ ਵਿੱਚ ਛੱਬੀ, ਹਿੰਦੀ ਵਿੱਚ ਬਵੰਜਾ ਅਤੇ ਉਰਦੂ ਵਿੱਚ ਤੀਹ ਅੱਖਰ ਹਨ। ਸੰਸਾਰ ਦੀਆਂ ਬਹੁਤੀਆਂ ਭਾਸ਼ਾਵਾਂ ਦੀ ਆਪਣੀ- ਆਪਣੀ ਲਿਪੀ ਹੈ। ਪੰਜਾਬੀ ਦੀ ਲਿਪੀ ਗੁਰਮੁਖੀ (ਭਾਰਤੀ ਪੰਜਾਬੀ ਲਈ) ਅਤੇ ਸ਼ਾਹਮੁਖੀ (ਪਾਕਿਸਤਾਨੀ ਪੰਜਾਬੀ ਲਈ), ਹਿੰਦੀ ਦੀ ਲਿਪੀ ਦੇਵਨਾਗਰੀ ਹੈ; ਉਰਦੂ ਦੀ ਫ਼ਾਰਸੀ ਅਤੇ ਅੰਗਰੇਜ਼ੀ ਦੀ ਰੋਮਨ ਲਿਪੀ ਹੈ।
ਉਚਾਰਨ ਅਤੇ ਸ਼ਬਦ-ਜੋੜ ਇੱਕ ਦੂਜੇ ਉਪਰ ਨਿਰਭਰ ਹੁੰਦੇ ਹਨ। ਜੇ ਸ਼ਬਦ ਉਚਾਰਿਆ ਗ਼ਲਤ ਜਾਵੇਗਾ ਤਾਂ ਉਸ ਦੇ ਲਿਖਣ ਲੱਗਿਆਂ ਸ਼ਬਦ-ਜੋੜ ਵੀ ਗ਼ਲਤ ਹੋ ਸਕਦੇ ਹਨ। ਜੇ ਸ਼ਬਦ ਦੇ ਜੋੜ ਸਹੀ ਨਹੀਂ ਹੋਣਗੇ ਤਾਂ ਉਸ ਦਾ ਉਚਾਰਨ ਸ਼ੁੱਧ ਨਹੀਂ ਹੋ ਸਕੇਗਾ। ਸਾਡੇ ਮੂੰਹ ਵਿੱਚ ਹੋਠ, ਦੰਦ, ਤਾਲੂ, ਸੰਘ, ਕਾਂ, ਕੰਠ-ਪਟਾਰੀ, ਨਾਸਾਂ ਅਜਿਹੇ ਅੰਗ ਹਨ ਜਿਹੜੇ ਧੁਨੀ ਉਚਾਰਨ ਵਿੱਚ ਮਦਦ ਕਰਦੇ ਹਨ। ਇਹਨਾਂ ਵਿੱਚੋਂ ਕਿਸੇ ਅੰਗ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਕਰ ਕੇ ਵੀ ਉਚਾਰਨ ਸ਼ੁੱਧ ਨਹੀਂ ਹੋ ਸਕਦਾ। ਇਹਨਾਂ ਅੰਗਾਂ ਦੀ ਸਮਰੱਥਾ ਨਿਰੰਤਰ ਅਭਿਆਸ ਰਾਹੀਂ ਹੀ ਸਥਾਪਿਤ ਹੁੰਦੀ ਹੈ। ਇਹੋ ਕਾਰਨ ਹੈ ਕਿ ਪੰਜਾਬੀ ਦੀਆਂ ਸੁਰਾਂ (tones) ਗੈਰ-ਪੰਜਾਬੀਆਂ ਲਈ ਉਚਾਰਨੀਆਂ ਔਖੀਆਂ ਹਨ।
ਭਾਸ਼ਾ ਦੇ ਬੁਲਾਰਿਆਂ ਦੇ ਵੱਡੇ ਖੇਤਰ ਵਿੱਚ ਖਿੰਡੇ ਹੋਣ ਕਰ ਕੇ ਬੋਲਣ ਢੰਗ ਵਿੱਚ ਘਾਟੇ-ਵਾਧੇ ਅਵੱਸ਼ ਮਿਲਦੇ ਹਨ। ਇਸ ਦੇ ਨਤੀਜੇ ਵਜੋਂ ਉਚਾਰਨ ਵਿੱਚ ਖੇਤਰੀ ਵਖਰੇਵਿਆਂ ਕਰ ਕੇ, ਲਿਖਤ ਵਿੱਚ ਸ਼ਬਦ-ਜੋੜਾਂ ਦੀ ਭਿੰਨਤਾ ਵੀ ਆ ਜਾਂਦੀ ਹੈ। ਭਾਸ਼ਾ ਦੇ ਅਧਿਐਨ ਵਿੱਚ ਲੱਗੇ ਵਿਦਵਾਨਾਂ ਅਤੇ ਲੇਖਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਮਾਣਿਕ ਸ਼ਬਦ-ਜੋੜਾਂ ਨੂੰ ਹੀ ਆਪਣੀਆਂ ਲਿਖਤਾਂ ਵਿੱਚ ਆਧਾਰ ਬਣਾਇਆ ਜਾਵੇ। ਕੋਸ਼ਕਾਰ ਵੀ ਪ੍ਰਮਾਣਿਕ ਸ਼ਬਦ-ਜੋੜਾਂ ਨੂੰ ਕੋਸ਼ ਦਾ ਮੁੱਖ ਆਧਾਰ ਬਣਾਉਂਦੇ ਹਨ, ਪਰ ਬਦਲਵੇਂ ਸ਼ਬਦ-ਜੋੜਾਂ ਨੂੰ ਵੀ ਕੋਸ਼ ਵਿੱਚ ਯਥਾ-ਸੰਭਵ ਥਾਂ ਦਿੱਤੀ ਜਾਂਦੀ ਹੈ।
ਭਿੰਨ-ਭਿੰਨ ਭਾਸ਼ਾਵਾਂ ਵਿੱਚ ਇੱਕੋ ਸ਼ਬਦ ਦੇ ਭਿੰਨ-ਭਿੰਨ ਸ਼ਬਦ-ਜੋੜ ਹੋ ਸਕਦੇ ਹਨ। ਯੂਰਪ ਦੀਆਂ ਕਈ ਭਾਸ਼ਾਵਾਂ ਦੀ ਲਿਪੀ ਇੱਕੋ ਹੈ, ਪਰ ਉਹਨਾਂ ਵਿੱਚ ਕਾਫ਼ੀ ਸ਼ਬਦਾਵਲੀ ਸਾਂਝੀ ਹੋਣ ਦੇ ਬਾਵਜੂਦ ਬਹੁਤ ਸਾਰੇ ਸ਼ਬਦਾਂ ਦੇ ਜੋੜ ਭਾਸ਼ਾਵਾਂ ਅਨੁਸਾਰ ਭਿੰਨ-ਭਿੰਨ ਮਿਲਦੇ ਹਨ। ਬਰਤਾਨਵੀ ਅੰਗਰੇਜ਼ੀ ਵਿੱਚ ਕਲਰ (colour) ਤੇ ਅਮਰੀਕੀ ਅੰਗਰੇਜ਼ੀ ਦੇ ਕਲਰ (color) ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੈ। ਇਸ ਤਰ੍ਹਾਂ ਲੇਬਰ (labour) ਅਤੇ ਲੇਬਰ (labor) ਦੇ ਜੋੜ ਭਿੰਨ ਹਨ।
ਹਰ ਭਾਸ਼ਾ ਵਿੱਚ, ਸਦੀਆਂ ਤੋਂ ਚੱਲਦੇ ਆ ਰਹੇ ਕਈ ਸ਼ਬਦਾਂ ਦੇ ਸ਼ਬਦ-ਜੋੜ ਰੂੜ੍ਹ ਹੋ ਜਾਂਦੇ ਹਨ। ਉਚਾਰਨ ਵਿੱਚ ਭਾਵੇਂ ਕੁਝ ਲਗਾਂ/ਮਾਤਰਾਂ ਜਾਂ ਅੱਖਰਾਂ ਦਾ ਵਜੂਦ ਨਹੀਂ ਰਹਿੰਦਾ, ਪਰ ਲਿਖਤ ਵਿੱਚ ਬਰਕਰਾਰ ਰਹਿੰਦਾ ਹੈ। ਪੰਜਾਬੀ ਵਿੱਚ ਅਤਿ, ਆਦਿ, ਜੁਗਾਦਿ, ਸਤਿਨਾਮ, ਸਤਿਗੁਰੂ ਵਿੱਚ ਸਿਹਾਰੀ ਦਾ ਉਚਾਰਨ ਨਹੀਂ ਹੁੰਦਾ ਪਰ ਸ਼ਬਦ-ਜੋੜਾਂ ਵਿੱਚ ਸਿਹਾਰੀ ਕਾਇਮ ਹੈ। ਅੰਗਰੇਜ਼ੀ ਦੇ ਅਨੇਕ ਸ਼ਬਦ ਹਨ, ਜਿਨ੍ਹਾਂ ਦੇ ਸ਼ਬਦ-ਜੋੜਾਂ ਵਿੱਚ ਪਏ ਧੁਨੀ-ਚਿੰਨ੍ਹਾਂ ਦਾ ਉਚਾਰਨ ਨਹੀਂ ਹੁੰਦਾ, ਜਿਵੇਂ debt, half, match, ridge, right ਆਦਿ ਵਿਚਲੀਆਂ ਕ੍ਰਮਵਾਰ b, l, t, d ਅਤੇ gh ਧੁਨੀਆਂ ਉਚਾਰੀਆਂ ਹੀ ਨਹੀਂ ਜਾਂਦੀਆਂ।
ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਕਈ ਸ਼ਬਦਾਂ ਦੇ ਦੋ-ਦੋ ਸ਼ਬਦ-ਜੋੜ ਪ੍ਰਚਲਿਤ ਹੋ ਜਾਂਦੇ ਹਨ। ਇਹਨਾਂ ਜੋੜਾਂ ਨੂੰ ਬਦਲਵਾਂ ਰੂਪ (variants) ਕਿਹਾ ਜਾਂਦਾ ਹੈ। ਜੇਕਰ ਅਜਿਹੇ ਬਦਲਵੇਂ ਰੂਪਾਂ ਦਾ ਪ੍ਰਚਲਨ ਬਹੁਤ ਜ਼ਿਆਦਾ ਵਧ ਜਾਵੇ ਤਾਂ ਭਾਸ਼ਾ-ਸ਼ਾਸਤਰੀ ਦੋਵਾਂ ਨੂੰ ਪ੍ਰਮਾਣਿਕ ਮੰਨ ਲੈਂਦੇ ਹਨ। ਪੰਜਾਬੀ ਵਿੱਚ ਸਰਧਾ/ਸ਼ਰਧਾ, ਸੁੱਧ/ਸ਼ੁੱਧ, ਸੁਭ/ਸ਼ੁਭ, ਜੰਤਰ/ਯੰਤਰ, ਸੰਜੋਗ/ਸੰਯੋਗ ਆਦਿ ਸਹੀ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਸੰਗਤਰਾ ਤੇ ਸੰਤਰਾ, ਠਾਣਾ ਤੇ ਥਾਣਾ, ਬੁਰਿਆਈ ਤੇ ਬੁਰਾਈ ਠੀਕ ਮੰਨੇ ਗਏ ਹਨ।
ਸ਼ਬਦ-ਜੋੜਾਂ ਦੀਆਂ ਅਸ਼ੁੱਧੀਆਂ ਤੋਂ ਬਚਣ ਲਈ ਭਾਸ਼ਾ-ਮਾਹਰ ਕੁਝ ਨਿਯਮਾਂ ਨੂੰ ਆਧਾਰ ਬਣਾ ਕੇ ਪ੍ਰਮਾਣਿਕਤਾ ਸਥਾਪਿਤ ਕਰਨ ਦਾ ਯਤਨ ਕਰਦੇ ਹਨ। ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਲਈ, ਮਾਸਟਰ ਕਰਮ ਸਿੰਘ ਗੰਗਾਵਾਲਾ ਨੇ 1929 ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ। 1949 ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸ਼ਬਦ-ਜੋੜ ਨਾਂ ਦਾ ਪੈਂਫਲਟ ਸਰਕਾਰੀ ਤੌਰ ਤੇ ਛਪਵਾ ਕੇ ਵੰਡਿਆ ਸੀ। ਗਿਆਨੀ ਲਾਲ ਸਿੰਘ ਨੇ ਪੰਜਾਬੀ ਸ਼ਬਦ-ਜੋੜਾਂ ਬਾਰੇ ਪੰਜਾਬੀ ਦੁਨੀਆ ਦਾ ਵਿਸ਼ੇਸ਼ ਅੰਕ ਅਗਸਤ 1951 ਵਿੱਚ ਪ੍ਰਕਾਸ਼ਿਤ ਕੀਤਾ ਸੀ। 1968 ਵਿੱਚ ਪਿਆਰ ਸਿੰਘ ਵੱਲੋਂ ਸੰਪਾਦਿਤ ਸ਼ਬਦ-ਜੋੜ ਕੋਸ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ ਸੀ। ਪਰ, ਇਸ ਵਿੱਚ ਦਿੱਤੇ ਸ਼ਬਦ-ਜੋੜਾਂ ਬਾਰੇ ਲੇਖਕਾਂ ਅਤੇ ਵਿਦਵਾਨਾਂ ਵਿੱਚ ਮੱਤ-ਭੇਦ ਹੋਣ ਕਰ ਕੇ, ਨਵੇਂ ਸਿਰਿਓਂ ਸ਼ਬਦ-ਜੋੜਾਂ ਬਾਰੇ ਵਿਚਾਰ-ਚਰਚਾ ਸ਼ੁਰੂ ਕੀਤੀ ਗਈ। ਨਤੀਜੇ ਵਜੋਂ, ਹਰਕੀਰਤ ਸਿੰਘ ਵੱਲੋਂ ਸੰਪਾਦਿਤ ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼ 1988 ਵਿੱਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਤੋਂ ਮਗਰੋਂ, ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਜੋਗਿੰਦਰ ਸਿੰਘ ਪੁਆਰ ਦੇ ਸੇਵਾਕਾਲ ਦੌਰਾਨ ਇੱਕ ਵਾਰ ਫੇਰ ਪੰਜਾਬੀ ਸ਼ਬਦ-ਜੋੜਾਂ ਵਿੱਚ ਬੋਲ ਅਤੇ ਲਿਖਤ ਵਿਚਲੇ ਅੰਤਰ ਨੂੰ ਦੂਰ ਕਰਨ ਦੇ ਇਰਾਦੇ ਨਾਲ ਕੁਝ ਨਿਰਣੇ ਲਏ ਗਏ ਸਨ, ਪਰ ਉਹਨਾਂ ਨੂੰ ਲੇਖਕਾਂ/ਪਾਠਕਾਂ ਨੇ ਪ੍ਰਵਾਨ ਨਹੀਂ ਸੀ ਕੀਤਾ।
ਹਿੰਦੀ ਭਾਸ਼ਾ ਵਿੱਚ, ਇਸ ਦੀਆਂ ਉਪਭਾਸ਼ਾਵਾਂ ਵਿੱਚ ਸ਼ਬਦਾਂ ਦੇ ਉਚਾਰਨ ਭਿੰਨ ਹੋਣ ਦੇ ਬਾਵਜੂਦ, ਸ਼ਬਦ-ਜੋੜਾਂ ਦੀ ਸ਼ੁੱਧਤਾ ਸੰਸਕ੍ਰਿਤ ਸ੍ਰੋਤ ਨਾਲ ਜੁੜੀ ਹੋਣ ਕਰ ਕੇ ਮੱਤ-ਭੇਦਾਂ ਦੀ ਗੁੰਜਾਇਸ਼ ਘੱਟ ਹੈ। ਭਾਵੇਂ ਸੰਸਕ੍ਰਿਤ ਦੇ ਕਈ ਧੁਨੀ-ਚਿੰਨ੍ਹਾਂ ਦਾ ਉਚਾਰਨ, ਹਿੰਦੀ ਭਾਸ਼ਾ ਵਿੱਚ ਬਦਲ ਚੁੱਕਾ ਹੈ, ਪਰ ਲਿਖਤ ਵਿੱਚ ਇਹ ਧੁਨੀ-ਚਿੰਨ੍ਹ ਬਰਕਰਾਰ ਹਨ, ਅਰਬੀ-ਫ਼ਾਰਸੀ ਦੇ ਸ੍ਰੋਤ ਤੋਂ ਆਏ ਸ਼ਬਦਾਂ ਨੂੰ ਵੀ ਸ਼ੁੱਧ ਰੂਪ ਵਿੱਚ ਲਿਖਣ ਦਾ ਚਲਨ ਹੈ।
ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 37224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ਼ਬਦ-ਜੋੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਬਦ-ਜੋੜ [ਨਾਂਪੁ] ਸ਼ਬਦ ਵਿੱਚ ਅੱਖਰਾਂ ਦੀ ਜੁਗਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First