ਸ਼ਾਹ ਮੁਹੰਮਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਾਹ ਮੁਹੰਮਦ : ਹੁਣ ਤੱਕ ਦੇ ਪੰਜਾਬੀ ਕਾਵਿ ਵਿੱਚੋਂ ਜੇ ਕੌਮੀ ਕਵੀ ਦੀ ਚੋਣ ਕਰਨੀ ਹੋਵੇ ਤਾਂ ਸ਼ਾਹ ਮੁਹੰਮਦ ਨੂੰ ਹੀ ਇਸ ਮਾਣ ਦਾ ਅਸਲ ਹੱਕਦਾਰ ਆਖਿਆ ਜਾ ਸਕਦਾ ਹੈ। ਹਰੇਕ ਧਰਮ, ਵਰਗ ਤੇ ਉਮਰ ਦਾ ਪੰਜਾਬੀ ਉਸ ਦੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ` ਨੂੰ ਸੁਣ ਜਾਂ ਪੜ੍ਹ ਕੇ ਇੱਕ ਵਾਰ ਤਾਂ ਹਲੂਣਿਆ ਜਾਂਦਾ ਹੈ। ਉਸ ਦੀ ਇਸ ਲਿਖਤ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਹੈ ਜਿਸਦੇ ਅੰਤ ਨੂੰ ਉਸ ਨੇ ਬੜੇ ਹੀ ਨਿਰਪੱਖ ਪਰ ਦਰਦ ਭਰੇ ਅੰਦਾਜ਼ ਵਿੱਚ ਚਿਤਰਿਆ ਹੈ।

     ਇਸ ਨੂੰ ਲਿਖਣ ਵੇਲੇ ਸ਼ਾਹ ਮੁਹੰਮਦ ਦੀ ਉਮਰ ਸੱਤਰ ਸਾਲ ਦੇ ਲਗਪਗ ਸੀ। ਉਸ ਦੇ ਜੀਵਨ ਬਾਰੇ ਬਹੁਤਾ ਵੇਰਵਾ ਪ੍ਰਾਪਤ ਨਹੀਂ। ਜੋ ਹੈ ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਮਾਝੇ ਦੇ ਵਡਾਲਾ ਵਿਰਮ ਨਾਮੀਂ ਨਗਰ ਵਿੱਚ 1780 ਦੇ ਕਰੀਬ ਉਸ ਦਾ ਇੱਕ ਕੁਰੈਸ਼ੀ ਪਰਿਵਾਰ ਵਿੱਚ ਜਨਮ ਹੋਇਆ। ਮੁਗ਼ਲ ਬਾਦਸ਼ਾਹਾਂ ਵੇਲੇ ਉਸ ਦੇ ਵਡੇਰੇ ਉੱਚੀਆਂ ਉਪਾਧੀਆਂ `ਤੇ ਰਹਿ ਚੁੱਕੇ ਸਨ। ਧਾਰਮਿਕ ਖੇਤਰ ਵਿੱਚ ਵੀ ਸ਼ਾਹ ਮੁਹੰਮਦ ਦਾ ਕਾਫ਼ੀ ਸਤਿਕਾਰ ਸੀ। ਕੁਰਾਨ ਸ਼ਰੀਫ ਵਿੱਚ ਸ਼ਾਹ ਮੁਹੰਮਦ ਨੂੰ ਪੂਰਾ ਵਿਸ਼ਵਾਸ ਸੀ ਅਤੇ ਉਹ ਪਾਕ ਪਵਿੱਤਰ ਮੁਸਲਮਾਨ ਵਜੋਂ ਜਾਣਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਉਸ ਦੇ ਸੰਬੰਧੀਆਂ ਨੂੰ ਉੱਚੀਆਂ ਉਪਾਧੀਆਂ ਪ੍ਰਾਪਤ ਸਨ। ਤੋਪਖ਼ਾਨੇ ਦਾ ਉੱਚ ਅਧਿਕਾਰੀ ਸੁਲਤਾਨ ਮਹਿਮੂਦ ਉਸ ਦਾ ਨੇੜੇ ਦਾ ਸੰਬੰਧੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਤਿ ਜੋ ਉਸ ਦੀ ਸ਼ਰਧਾ ਸੀ ਇਹ ਉਸ ਦਾ ਨਿਕਟਵਰਤੀ ਕਾਰਨ ਸੀ।

     ਇਸਦਾ ਦੂਰਵਰਤੀ ਕਾਰਨ ਇਹ ਸੀ ਕਿ ਪੰਜਾਹ ਸਾਲਾਂ ਦੀ ਘਾਲਣਾ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ `ਤੇ ਅਧਿਕਾਰ ਸਥਾਪਿਤ ਕਰ ਲਿਆ ਸੀ। ਇਹ ਉਸ ਦੇ ਮਹਾਂਬਲੀ ਹੋਣ ਦਾ ਪ੍ਰਤੱਖ ਪ੍ਰਮਾਣ ਸੀ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਪੰਜਾਬ ਦੇ ਕੁੱਲ ਵਾਸੀ, ਜੋ ਵਧੇਰੇ ਕਰ ਕੇ ਹਿੰਦੂ ਤੇ ਮੁਸਲਮਾਨ ਸਨ, ਰਲ ਮਿਲ ਕੇ ਅਮਨ ਚੈਨ ਨਾਲ ਰਹਿਣ ਲੱਗ ਪਏ ਸਨ। ਸਹਿ-ਹੋਂਦ ਵਿੱਚ ਹੀ ਸਵੈ-ਹੋਂਦ ਦਾ ਇਕਰਾਰ ਸੀ। ਇਸ ਬਾਰੇ ਸ਼ਾਹ ਮੁਹੰਮਦ ਦੀ ਮਾਣਮੱਤੀ ਧਾਰਨਾ ਇਸ ਪ੍ਰਕਾਰ ਸੀ :

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ

ਸਿਰ ਦੋਹਾਂ ਦੇ ਉੱਤੇ ਆਫਾਤ ਆਈ।

ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ

            ਕਦੇ ਨਹੀਂ ਸੀ ਤੀਸਰੀ ਜਾਤ ਆਈ।

     ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਮਗਰੋਂ ਸਭ ਕੁੱਝ ਛਾਈਂ-ਮਾਈਂ ਹੋ ਗਿਆ। ਭਾਵੇਂ ਮਹਾਰਾਜਾ ਦਾ ਸਭ ਤੋਂ ਵੱਡਾ ਲੜਕਾ, ਖੜਕ ਸਿੰਘ ਤਖ਼ਤ `ਤੇ ਬੈਠ ਗਿਆ ਪਰ ਰਾਜ ਵਿੱਚ ਫੈਲ ਰਹੇ ਅਨਾਚਾਰ ਨੂੰ ਉਹ ਕੋਈ ਠੱਲ ਨਹੀਂ ਪਾ ਸਕਿਆ। ਉਸ ਦਾ ਕਰੀਬੀ ਸੰਬੰਧੀ ਚੇਤ ਸਿੰਘ ਕਤਲ ਹੋ ਗਿਆ ਜਿਸਦਾ ਸਦਮਾ ਉਸ ਤੋਂ ਸਹਿਆ ਨਾ ਗਿਆ। ਉਹ ਜਲਦੀ ਹੀ ਪ੍ਰਾਣ ਤਿਆਗ ਗਿਆ ਅਤੇ ਉਸ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ ਤਖ਼ਤ `ਤੇ ਬੈਠ ਗਿਆ। ਉਸ ਦੀ ਵੀ ਛੱਜਾ ਡਿੱਗਣ ਨਾਲ ਮੌਤ ਹੋ ਗਈ ਅਤੇ ਸੰਧਾਵਾਲੀਏ ਸਰਦਾਰਾਂ ਦੀ ਸ਼ਹਿ `ਤੇ ਉਸ ਦੀ ਮਾਤਾ, ਰਾਣੀ ਚੰਦ ਕੌਰ ਨੇ ਰਾਜਪਾਟ ਸੰਭਾਲ ਲਿਆ। ਡੋਗਰੇ ਸਰਦਾਰਾਂ ਨੂੰ ਇਹ ਗੱਲ ਬਿਲਕੁਲ ਨਾ ਜਚੀ। ਉਹ ਮਹਾਰਾਜਾ ਦੇ ਦੂਜੇ ਪੁੱਤਰ ਸ਼ੇਰ ਸਿੰਘ ਦੀ ਮਦਦ ਤੇ ਉੱਤਰ ਆਏ। ਰਾਜਪਾਟ `ਤੇ ਕਬਜ਼ਾ ਕਰ ਕੇ ਉਸ ਨੇ ਰਾਣੀ ਚੰਦ ਕੌਰ ਨੂੰ ਕੈਦ ਕਰ ਲਿਆ। ਭਾਵੇਂ ਉਹ ਵਿਰੋਧੀਆਂ ਨਾਲ ਸੁਲਾਹ ਕਰਨ ਦੀ ਰੌਂ ਵਿੱਚ ਸੀ ਪਰ ਸੰਧਾਵਾਲੀਏ ਸਰਦਾਰਾਂ ਨੂੰ ਉਸ ਦੀ ਰਾਜਗੱਦੀ ਬਿਲਕੁਲ ਪ੍ਰਵਾਨ ਨਹੀਂ ਸੀ। ਉਸਨੂੰ ਕਤਲ ਕਰ ਕੇ ਉਹਨਾਂ ਨੇ ਡੋਗਰੇ ਸਰਦਾਰਾਂ ਦੇ ਮੁਖੀ ਧਿਆਨ ਸਿੰਘ ਨੂੰ ਵੀ ਮਾਰ ਮੁਕਾਇਆ। ਉਹਨਾਂ ਦੇ ਵਾਰਸਾਂ ਨੇ ਸੰਧਾਵਾਲੀਏ ਸਰਦਾਰਾਂ ਦਾ ਸਫ਼ਾਇਆ ਕਰ ਦਿੱਤਾ।

     ਦਰਬਾਰ ਵਿੱਚ ਫੈਲੇ ਅਨਾਚਾਰ ਨੇ ਕੁੱਲ ਰਾਜ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਫ਼ੌਜਾਂ ਲੁੱਟਮਾਰ `ਤੇ ਉੱਤਰ ਆਈਆਂ ਅਤੇ ਹਰ ਪਾਸੇ ਬੁਰਛਾਗਰਦੀ ਦਾ ਹੀ ਬੋਲ-ਬਾਲਾ ਹੋ ਗਿਆ। ਦਰਬਾਰ ਹੀ ਨਹੀਂ ਸਗੋਂ ਸਰਦਾਰ ਵੀ ਸਿਪਾਹੀਆਂ ਤੋਂ ਤ੍ਰੈਹਣ ਲੱਗ ਪਏ। ਘਰ ਬਾਰ ਤੇ ਬਜ਼ਾਰ ਤਾਂ ਕੀ, ਕਿਲ੍ਹੇ ਵੀ ਸੁਰੱਖਿਅਤ ਨਾ ਰਹੇ। ਥੱਲੇ ਦਿੱਤੀਆਂ ਦੋ ਸਤਰਾਂ ਤੋਂ ਇਹ ਹੌਲਨਾਕ ਤਸਵੀਰ ਪੂਰੀ ਤਰ੍ਹਾਂ ਪ੍ਰਤੱਖ ਹੋ ਜਾਂਦੀ ਹੈ:

ਸਾਨੂੰ ਘੜੀ ਦੀ ਕੁਝ ਉਮੀਦ ਨਹੀਂ

            ਅੱਜ ਰਾਤ ਪ੍ਰਸਾਦ ਕਿਨ ਚੱਖਣਾ ਈ।

     ਇਸ ਹਾਲਾਤ ਵਿੱਚ ਬਾਲਕ ਦਲੀਪ ਸਿੰਘ ਨੂੰ ਤਖ਼ਤ `ਤੇ ਬਿਠਾਇਆ ਗਿਆ। ਉਸ ਦਾ ਮਾਮਾ ਜਵਾਹਰ ਸਿੰਘ ਸਰਪ੍ਰਸਤ ਬਣ ਗਿਆ ਪਰ ਭੂਤਮੰਡਲੀ ਵਿੱਚ ਵਟੇ ਸਿਪਾਹੀਆਂ ਨੇ ਉਸ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ। ਬਾਲਕ ਦਲੀਪ ਸਿੰਘ ਦੀ ਮਾਤਾ, ਰਾਣੀ ਜਿੰਦਾ ਏਨੀ ਬੇਜ਼ਾਰ ਹੋ ਗਈ ਕਿ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਉਹ ਅੰਗਰੇਜ਼ ਸਰਕਾਰ ਨਾਲ ਸਾਜ਼ਬਾਜ਼ ਕਰਨ ਲੱਗ ਪਈ। ਦੂਜੇ ਪਾਸੇ ਖ਼ਾਲਸਾ ਫ਼ੌਜ ਨੂੰ ਵੀ ਉਹ ਅੰਗਰੇਜ਼ਾਂ ਵਿਰੁੱਧ ਭੜਕਾਉਣ ਲੱਗ ਪਈ। ਕੁਦਰਤੀ ਤੌਰ `ਤੇ ਖ਼ਾਲਸਾ ਫ਼ੌਜ ਤੇ ਅੰਗਰੇਜ਼ ਸਰਕਾਰ ਵਿਚਕਾਰ ਯੁੱਧ ਅਟੱਲ ਹੋ ਗਿਆ। ਸ਼ਾਹ ਮੁਹੰਮਦ ਇਸਨੂੰ ‘ਜੰਗ ਹਿੰਦ ਪੰਜਾਬ ਦਾ` ਆਖਦਾ ਹੈ। 105 ਬੰਦਾਂ ਵਾਲੇ ਜੰਗਨਾਮੇ ਦੇ ਅੱਧੇ ਹਿੱਸੇ ਵਿੱਚ ਇਸ ਭਾਵੀ ਚਿਤਰਨ ਦਾ ਹੀ ਵਰਣਨ ਹੈ। ਇਸ ਵਰਣਨ ਤੋਂ ਉਸ ਦੇ ਦਰਦਮੰਦ, ਨਿਰਪੱਖ ਤੇ ਹੁਨਰਮੰਦ ਹੋਣ ਬਾਰੇ ਕੋਈ ਸ਼ੰਕਾ ਨਹੀਂ ਰਹਿੰਦਾ।

     ਅਗਲੇ ਅੱਧ ਵਿੱਚ ਉਹਨਾਂ ਲੜਾਈਆਂ ਦਾ ਬਿਰਤਾਂਤ ਹੈ ਜਿਹੜੀਆਂ ਬੱਦੋਵਾਲ ਤੋਂ ਚੱਲ ਕੇ ਮੁੱਦਕੀ ਦੀ ਢਾਬ ਨੇੜੇ ਲੜੀਆਂ ਗਈਆਂ। ਸ਼ਾਹ ਮੁਹੰਮਦ ਇਸ ਗੱਲ ਤੋਂ ਭਲੀ-ਭਾਂਤ ਸੁਚੇਤ ਹੈ ਕਿ ਦਰਬਾਰੀਆਂ ਦੀ ਭੜਕਾਹਟ ਵਿੱਚ ਆਏ ਸਿੱਖ ਸਿਪਾਹੀ ਹਉਮੈ ਦਾ ਸਕਾਰ ਰੂਪ ਸਨ। ਸਤਲੁਜ ਪਾਰ ਕਰ ਕੇ ਅੰਗਰੇਜ਼ਾਂ ਨਾਲ ਮੱਥਾ ਲਾਉਣ ਤੋਂ ਪਹਿਲਾਂ ਉਹ ਫਰੰਗੀਆਂ ਦਾ ਮਾਲ ਅਸਬਾਬ ਹੀ ਨਹੀਂ ਸਗੋਂ ਉਹਨਾਂ ਦੀਆਂ ਤ੍ਰੀਮਤਾਂ ਨੂੰ ਕਾਬੂ ਕਰਨ ਦਾ ਵੀ ਸੁਪਨਾ ਲੈਂਦੇ ਸਨ। ਰਣਖੇਤਰ ਵਿੱਚ ਉੱਤਰ ਕੇ ਉਹ ਸਮਝਦੇ ਸਨ ਕਿ ਉਹਨਾਂ ਦੀ ਜਿੱਤ ਤਾਂ ਯਕੀਨੀ ਸੀ:

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ

            ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।

     ਆਪਣੇ ਸੁਪਨੇ ਤੇ ਯਕੀਨ ਨੂੰ ਸਕਾਰ ਕਰਨ ਖ਼ਾਤਰ ਉਹ ਸਿਰਲੱਥ ਸੂਰਮਿਆਂ ਵਾਂਗ ਲੜੇ ਵੀ। ਵੱਡੀ ਗਿਣਤੀ ਵਿੱਚ ਉਹਨਾਂ ਫ਼ਰੰਗੀਆਂ ਨੂੰ ਮਾਰ ਮੁਕਾਇਆ ਜਿਸ ਕਾਰਨ ਇੰਗਲੈਂਡ ਦੇ ਪੱਤਰਾਂ ਵਿੱਚ ਵੀ ਚਿੰਤਾਜਨਕ ਖ਼ਬਰਾਂ ਛੱਪਣ ਲੱਗ ਪਈਆਂ :

ਨੰਦਨ ਟਾਪੂਆਂ ਵਿੱਚ ਕੁਰਲਾਟ ਪਈ

            ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।

     ਇਸਦੇ ਬਾਵਜੂਦ ਜਿੱਤ ਉਹਨਾਂ ਦੇ ਭਾਗਾਂ ਵਿੱਚ ਲਿਖੀ ਨਹੀਂ ਸੀ। ਸ਼ਾਹ ਮੁਹੰਮਦ ਦੀ ਰਚਨਾ ਵਿੱਚੋਂ ਇਸਦੇ ਕਾਰਨਾਂ ਦਾ ਵੀ ਪਤਾ ਲੱਗ ਜਾਂਦਾ ਹੈ। ਪਹਿਲਾਂ ਤਾਂ ਇਹ ਸੀ ਕਿ ਰਾਜ-ਅਧਿਕਾਰੀ ਹੀ ਨਹੀਂ ਸਨ ਚਾਹੁੰਦੇ ਕਿ ਸਿੱਖ ਫ਼ੌਜਾਂ ਜਿੱਤ ਜਾਣ। ਸਿੱਖ ਫ਼ੌਜਾਂ ਨੂੰ ਫ਼ੌਜੀ ਮਦਦ ਪਹੁੰਚਣ ਤੋਂ ਰੋਕਣ ਲਈ ਉਹ ਕਈ ਹਥਕੰਡੇ ਵਰਤਦੇ ਸਨ। ਉਹ ਇਹ ਵੀ ਨਹੀਂ ਸਨ ਚਾਹੁੰਦੇ ਕਿ ਸਿੱਖ ਫ਼ੌਜਾਂ ਆਰਜ਼ੀ ਤੌਰ `ਤੇ ਪਿਛਾਂਹ ਹਟ ਜਾਣ। ਇਸ ਲਈ ਉਹ ਪੁਲ ਵੱਡ ਦੇਣ ਤੱਕ ਚਲੇ ਗਏ। ਤੀਜੇ ਸਤਲੁਜ ਤੋਂ ਪਾਰ ਦੀਆਂ ਰਿਆਸਤਾਂ ਦੇ ਰਾਜ-ਅਧਿਕਾਰੀ ਸਿੱਖ ਹੋਣ ਦੇ ਬਾਵਜੂਦ ਉਹਨਾਂ ਦੇ ਦੋਖੀ ਹੀ ਸਨ। ਇਸੇ ਕਾਰਨ ਮੁੱਦਕੀ ਦੀ ਲੜਾਈ ਵਿੱਚ ਜਦੋਂ ਦੋਨੋਂ ਫ਼ੌਜਾਂ ਥੱਕ ਕੇ ਮੈਦਾਨ ਛੱਡ ਗਈਆਂ ਤਾਂ ਫ਼ਰੀਦਕੋਟ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਨੂੰ ਸਾਰੀ ਖ਼ਬਰ ਜਾ ਦੱਸੀ ਅਤੇ ਉਹ ਜਿੱਤ ਦੇ ਦਾਅਵੇਦਾਰ ਬਣ ਗਏ। ਨੌਬਤ ਇਹ ਆ ਪਹੁੰਚੀ ਕਿ ਸਿੱਖ ਸਿਪਾਹੀ ਲੜਨ ਤੋਂ ਤੋਬਾ ਕਰਨ ਲੱਗ ਪਏ। ਉਹ ਆਪਣੀਆਂ ਪਲਟਨਾਂ ਛੱਡ ਕੇ ਜਾਣ ਲੱਗ ਪਏ। ਫ਼ੌਜੀ ਨੌਕਰੀ ਨਾਲੋਂ ਉਹਨਾਂ ਨੂੰ ਖੇਤੀ-ਬਾੜੀ ਚੰਗੀ ਲੱਗਣ ਲੱਗ ਪਈ। ਘਰਦਿਆਂ ਨੂੰ ਉਹ ਇਹ ਕਹਿ ਗਏ ਕਿ ਜੇ ਉਹਨਾਂ ਦੇ ਸਾਥੀ ਪੁੱਛ-ਗਿੱਛ ਕਰਨ ਤਾਂ ਕਹਿ ਦੇਣ ਕਿ ਉਹ ਤਾਂ ਲੜਾਈਆਂ ਵਿੱਚ ਮਾਰੇ ਜਾ ਚੁੱਕੇ ਸਨ। ਦੂਰ- ਅੰਦੇਸ਼ ਸ਼ਾਹ ਮੁਹੰਮਦ ਨੂੰ ਪੰਜਾਬ ਦਾ ਭਵਿੱਖ ਬੜਾ ਹੀ ਅਨਿਸ਼ਚਿਤ ਪ੍ਰਤੀਤ ਹੋਇਆ :

ਹੈਸੀ ਖ਼ੂਨ ਦੀ ਇਹ ਜ਼ਮੀਨ ਪਿਆਸੀ

ਹੋਈ ਸੁਰਖ ਸ਼ਰਾਬ ਦੇ ਰੰਗ ਮੀਆਂ।

ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ

            ਜੈਸੇ ਚੜ੍ਹੇ ਅਕਾਸ਼ ਪਤੰਗ ਮੀਆਂ।

     ਬੀਤ ਚੁੱਕੀ ਡੇਢ ਸਦੀ ਨੇ ਇਸ ਅਨਿਸ਼ਚੇ ਨੂੰ ਹੋਰ ਵੀ ਪ੍ਰਤੱਖ ਕਰ ਦਿਖਾਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਦੇ ਪੰਜਾਬ ਦਾ ਕੌਮੀ ਕਵੀ ਵੀ ਸ਼ਾਹ ਮੁਹੰਮਦ ਹੀ ਹੈ।


ਲੇਖਕ : ਤੇਜਵੰਤ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ਾਹ ਮੁਹੰਮਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹ ਮੁਹੰਮਦ. ਦੇਖੋ, ਟੁੰਡਾਲਾਟ ਦਾ ਫੁੱਟਨੋਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸ਼ਾਹ ਮੁਹੰਮਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਾਹ ਮੁਹੰਮਦ (1789-1862) : ਇਸ ਨੂੰ ਪੰਜਾਬ ਦਾ ਪਹਿਲਾ ਕੌਮੀ ਕਵੀ ਕਿਹਾ ਜਾਂਦਾ ਹੈ। ਇਹ ਵਡਾਲਾ ਵਿਰਕ (ਜ਼ਿਲ੍ਹਾ ਅੰਮ੍ਰਿਤਸਰ) ਦਾ ਜੰਮਪਲ ਸੀ। ਇਹ ਜ਼ਾਤ ਦਾ ਕੁਰੈਸ਼ੀ ਸੀ। ਇਸ ਦੇ ਵੱਡੇ ਵਡੇਰੇ ਮੁਗ਼ਲ ਕਾਲ ਵਿਚ ਕਾਜ਼ੀ ਤੇ ਕਾਰਦਾਰ ਆਦਿ ਪਦਵੀਆਂ ਤੇ ਲੱਗੇ ਰਹੇ। ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੇ ਮਹਾਰਾਜਾ ਸ਼ੇਰ ਸਿੰਘ ਦੀ ਵਟਾਲੇ ਵਿਚਲੀ ਭੁਲ–ਭੁਲੱਈਆਂ ਹਵੇਲੀ ਵਿਚ ਬੈਠ ਕੇ ਇਕ ਮਹੀਨੇ ਤੇ ਦਸ ਦਿਨਾਂ ਵਿਚ ਅੰਗਰੇਜ਼ਾ ਤੇ ਸਿੱਖਾਂ ਦੀ ਲੜਾਈ ਦਾ ਹਾਲ ਕਾਵਿ–ਬੱਧ ਕੀਤਾ।

          ਸ਼ਾਹ ਮੁਹੰਮਦ ਪੂਰਨ ਤੌਰ ਤੇ ਦੇਸ਼ ਭਗਤ ਸ਼ਾਇਰ ਸੀ, ਕਿਉਂਕਿ ਇਸ ਨੇ ਪਹਿਲੀ ਵਾਰ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਦਾ ਅੱਖੀਂ ਡਿੱਠਾ ਹਾਲ ਹਿੰਦੂ, ਸਿੱਖ, ਮੁਸਲਮਾਨ ਆਦਿ ਦੇ ਮਜ਼ਹਬੀ ਪੱਖਪਾਤ ਤੋਂ ਉੱਚੇ ਉੱਠ ਕੇ ਲਿਖਿਆ। ਇਸ ਨੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਉਸ ਤੋਂ ਪਿੱਛੋਂ ਪੰਜਾਬ ਵਿਚ ਸਾਂਝੀ ਕੌਮੀਅਤ ਦੀ ਉਸਾਰੀ ਹੁੰਦੀ ਆਪਣੀ ਅੱਖੀਂ ਦੇਖੀ ਸੀ, ਤੇ ਫੇਰ ਇਸੇ ਸਾਂਝੀ ਕੌਮੀਅਤ ਦਾ ਬਦੇਸ਼ੀ ਸਾਮਰਾਜੀ ਤਾਕਤ ਨਾਲ ਟਾਕਰਾ ਹੁੰਦਾ ਵੀ ਦੇਖਿਆ । ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਵਿਚ ਸਿੱਖਾਂ ਨੂੰ ਹਾਰ ਹੋਈ। ਇਸ ਹਾਰ ਤੇ ਸ਼ਾਹ ਮੁਹੰਮਦ ਨੇ ਗ਼ੈਰ–ਸਿੱਖ ਹੁੰਦੇ ਹੋਇਆਂ ਵੀ ਲਹੂ ਦੇ ਹੰਝੂ ਵਹਾਏ ਹਨ ਤੇ ਪੰਜਾਬ ਦੀ ਬਦਕਿਸਮਤੀ ਦਾ ਰੋਣਾ ਰੋਇਆ ਹੈ।

          ਇਸ ਕਵੀ ਨੇ ਸਿੱਖ ਸਿਪਾਹੀਆਂ ਦੀ ਬਹਾਦਰੀ, ਮਹਾਰਾਜਾ ਰਣਜੀਤ ਸਿੰਘ, ਜਿਸਨੂੰ ਸਾਰੇ ਪਿਆਰ ਨਾਲ ‘ਸਰਕਾਰ’ ਕਹਿੰਦੇ ਸਨ, ਦੀ ਗ਼ੈਰ–ਹਾਜ਼ਰੀ ਦੇ ਕਾਰਨ ਹੋਈ ਹਾਰ, ਹਿੰਦੂ–ਮੁਸਲਮਾਨਾਂ ਦੀ ਅਦੁੱਤੀ ਏਕਤਾ ਤੇ ਸਾਂਝ, ਗ਼ੈਰ–ਕੌਮ ਦੀ ਆਮਦ, ਘਰੋਗੀ ਫੁੱਟ, ਡੋਗਰਿਆਂ ਦੀ ਪੰਜਾਬ ਰਾਜ ਨਾਲ ਗ਼ਦਾਰੀ ਆਦਿ ਵਰਗੀਆਂ ਦਰਦ ਭਰੀਆਂ ਘਟਨਾਵਾਂ ਨੂੰ ਪੂਰੇ ਸਿਦਕ ਨਾਲ ਜਜ਼ਬਿਆਂ ਵਿਚ ਪਰੋ ਕੇ ਪੇਸ਼ ਕੀਤਾ ਹੈ। ਇਸ ਦੀ ਇਹ ਲਿਖਤ ਇਤਿਹਾਸਕ ਬਿਰਤਾਂਤ ਹੈ।

          ਇਸ ਤੋਂ ਛੁੱਟ ਇਸਦਾ ਇਕ ਕਿੱਸਾ ‘ਸੱਸੀ ਪੁਨੂੰ’ ਬੈਂਤਾਂ ਵਿਚ ਛਪਿਆ ਮਿਲਦਾ ਹੈ। ਇਸ ਬਾਰੇ ਹਾਲੇ ਪੱਕੇ ਤੌਰ ਤੇ ਕਹਿਣਾ ਮੁਸ਼ਕਲ ਹੈ ਕਿ ਇਹ ਵੀ ਇਸੇ ਸ਼ਾਹ ਮੁਹੰਮਦ ਦੀ ਰਚਨਾ ਹੈ ਜਾਂ ਇਸੇ ਨਾਂ ਦੇ ਕਿਸੇ ਹੋਰ ਕਵੀ ਦੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸ਼ਾਹ ਮੁਹੰਮਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਾਹ ਮੁਹੰਮਦ : ਇਸ ਨੂੰ ਪੰਜਾਬ ਦਾ ਪਹਿਲਾ ਕੌਮੀ ਕਵੀ ਮੰਨਿਆ ਜਾਂਦਾ ਹੈ। ਇਸ ਦਾ ਜਨਮ 1789 ਈ. (ਇਕ ਵਿਚਾਰ ਅਨੁਸਾਰ 1780-82) ਦੇ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਵੀਰਮ ਵਿਖੇ ਕੁਰੈਸ਼ੀ ਗੋਤ ਦੇ ਇਕ ਮੁਸਲਮਾਨ ਪਰਿਵਾਰ ਵਿਚ ਹੋਇਆ।

        ਇਸ ਦੇ ਵੱਡੇ ਵਡੇਰੇ ਮੁਗ਼ਲ ਕਾਲ ਦੌਰਾਨ ਉੱਚ ਪਦਵੀਆਂ ਉੱਪਰ ਲੱਗੇ ਹੋਏ ਸਨ। ਕਿਹਾ ਜਾਂਦਾ ਹੈ ਕਿ ਇਸ ਨੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਹੋਈ ਲੜਾਈ ਨੂੰ ਅੱਖੀਂ ਵੇਖਿਆ। ਇਸ ਨੇ ਇਸ ਲੜਾਈ ਦਾ ਹਾਲ ਮਜ਼ਹਬੀ ਪੱਖ-ਪਾਤ ਤੋਂ ਉੱਪਰ ਉੱਠ ਕੇ ਆਪਣੇ ਜੰਗਨਾਮੇ ਵਿਚ ਲਿਖਿਆ। ਇਸ ਦੀ ਰਚਨਾ ਤੋਂ ਪਤਾ ਚਲਦਾ ਹੈ ਕਿ ਇਹ ਪੰਜਾਬੀਅਤ ਦਾ ਦਾਅਵੇਦਾਰ ਸੀ ਅਤੇ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹਕੂਮਤ ਨੂੰ ਬਦੇਸ਼ੀ ਸਾਮਰਾਜੀਆਂ ਹੱਥੋਂ ਨਸ਼ਟ ਹੋਣ ਤੇ ਭਾਰੀ ਦੁੱਖ ਸੀ। ਬੈਂਤਾਂ ਵਿਚ ਲਿਖੀ ਇਸ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਇਕ ਅਦੁੱਤੀ ਅਤੇ ਲੋਕ-ਪ੍ਰਿਯ ਰਚਨਾ ਹੈ ਜੋ 1846 ਤੋਂ 1848 ਦੌਰਾਨ ਲਿਖੀ ਗਈ। ਇਸ ਦੇ 155 ਬੰਦ ਹਨ। ਇਸ ਦਾ ਅੰਗਰੇਜ਼ੀ ਅਨੁਵਾਦ ਐਮ. ਐਲ. ਪੀਸ ਨੇ 1964 ਈ. ਵਿਚ ਕੀਤਾ।

        ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਇਕ ਕਿੱਸਾ ‘ਸੱਸੀ ਪੁਨੂੰ’ ਵੀ ਲਿਖਿਆ ਹੈ ਪਰ ਇਸ ਬਾਰੇ ਪੱਕੇ ਸਬੂਤ ਨਹੀਂ ਮਿਲਦੇ।

        ਇਸ ਦੀ ਮੌਤ 1862 ਈ. ਵਿਚ ਹੋਈ।


ਲੇਖਕ : ਰਾਮ ਸਰੂਪ ਅਣਖੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-00-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.