ਸਤਵਾਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਵਾਰਾ : ਪੰਜਾਬੀ ਦਾ ਇੱਕ ਪ੍ਰਸਿੱਧ ਕਾਵਿ-ਰੂਪ ਸਤਵਾਰਾ ਹੈ। ਸਤਾਂ ਵਾਰਾਂ/ਦਿਨਾਂ ਦੇ ਨਾਂ ਤੇ ਰਚੀ ਕਵਿਤਾ ਨੂੰ ਸਤਵਾਰਾ ਕਹਿੰਦੇ ਹਨ। ਪੰਜਾਬੀ ਵਿੱਚ ਸਤਵਾਰਾ ਕਾਵਿ ਦੀ ਰਚਨਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਕਵਿਤਾ ਦਾ ਹਰ ਬੰਦ ਕ੍ਰਮਵਾਰ ਇੱਕ ਦਿਨ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਪ੍ਰਕਾਰ ਹਫ਼ਤੇ ਦੇ ਦਿਨਾਂ (ਵਾਰਾਂ) ਨੂੰ ਆਧਾਰ ਬਣਾ ਕੇ ਲਿਖੀ ਕਵਿਤਾ ਸਤਵਾਰਾ ਅਖਵਾਉ਼ਂਦੀ ਹੈ।

     ਪੰਜਾਬੀ ਦੀਆਂ ਮੌਖਿਕ ਅਤੇ ਲਿਖਤ ਦੋਹਾਂ ਕਾਵਿ- ਪ੍ਰਣਾਲੀਆਂ ਵਿੱਚ ਸਤਵਾਰੇ ਦੀ ਪਰੰਪਰਾ ਬੜੀ ਪੁਰਾਣੀ ਹੈ। ਵਿਕਾਸ ਕ੍ਰਮ ਵਿੱਚ ਸਤਵਾਰਾ ਬਾਰਾਂਮਾਹ ਦਾ ਪੂਰਵਵਰਤੀ ਪ੍ਰਤੀਤ ਹੁੰਦਾ ਹੈ। ਇਸ ਕਾਵਿ-ਰੂਪ ਦੀ ਉਤਪਤੀ ਲੋਕ-ਮਨ ਦੀ ਅਭਿਵਿਅਕਤੀ ਵਿੱਚੋਂ ਹੋਈ। ਹਫ਼ਤੇ ਦੇ ਦਿਨਾਂ ਨਾਲ ਚੰਗੀ ਮਾੜੀ ਭਾਵਨਾ ਜੁੜਨ ਦੀ ਪਰੰਪਰਾ ਵੀ ਪ੍ਰਾਚੀਨ ਹੈ। ਅਰੰਭਲੇ ਪੜਾਅ ਤੇ ਇਹਨਾਂ ਸਤਵਾਰਿਆਂ ਵਿੱਚ ਲੋਕ-ਧਾਰਾਈ ਸਮਗਰੀ ਨੂੰ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹਨਾਂ ਵਿੱਚ ਹਫ਼ਤੇ ਦੇ ਵੱਖ-ਵੱਖ ਵਾਰਾਂ ਨਾਲ ਜੁੜੇ ਭਰਮ-ਚਰਿੱਤਰ ਨੂੰ ਬਿਆਨ ਕੀਤਾ ਗਿਆ। ਨਾਲ ਹੀ ਲੋਕ-ਮਨ ਹਫ਼ਤੇ ਦੇ ਦਿਨਾਂ ਵਿੱਚ ਆਧਾਰ ਬਣਾ ਕੇ ਕੁਝ ਰੋਕਾਂ ਵੀ ਲਾਉਂਦਾ ਰਿਹਾ:

ਸੋਮਵਾਰ ਨਾ ਜਾਈਂ ਪਹਾੜ

ਜਿੱਤੀ ਬਾਜ਼ੀ ਆਵੇਂ ਹਾਰ।

ਮੰਗਲਵਾਰ ਦੀ ਬੁਰੀ ਦਿਹਾੜ

ਸ਼ੁਰੂ ਕੰਮ ਨਾ ਚੜ੍ਹਦਾ ਪਾਰ।

ਬੁੱਧਵਾਰ ਨਾ ਉਭੇ ਜਾਈਏ

ਜੇ ਜਾਈਏ ਤਾਂ ਦੁੱਖ ਹੀ ਪਾਈਏ।

ਵੀਰਵਾਰ ਜੋ ਸਿਰ ਮੁੰਨਾਏ

ਕਾਲ਼ਖ ਆਪਣੇ ਮੱਥੇ ਲਾਏ।

ਸ਼ੁਕਰ ਜਿਹੜਾ ਖੇਡਣ ਜਾਏ

ਯਾ ਗੋਡਾ ਯਾ ਲੱਤ ਭੰਨਾਏ।

ਸ਼ਨਿਚਰ ਨੂੰ ਜੋ ਸ਼ਨੀ ਧਿਆਇ

ਸਭ ਬਲਾ ਉਸ ਦੀ ਟਲ ਜਾਇ।

ਐਤਵਾਰ ਨਾ ਲੰਘੀਂ ਪਾਰ

            ਮਤੇ ਜਿੱਤਾ ਆਵੇਂ ਹਾਰ।

     ਸਤਵਾਰਿਆਂ ਨਾਲ ਜੁੜੀ ਸਮਗਰੀ ਜੇ ਇੱਕ ਪਾਸੇ ਸੂਚਨਾਦਾਇਕ ਹੈ (‘ਐਤਵਾਰ ਤਾਂ ਜਾਣੀਏ, ਜੇ ਪੋਚਾ ਫੇਰਨ ਬਾਣੀਏ`) ਤਾਂ ਦੂਸਰੇ ਪਾਸੇ ਇਹਨਾਂ ਰਾਹੀਂ ਕੰਮ ਵਿੱਚ ਸਫਲਤਾ ਤੇ ਚੜ੍ਹਦੀ ਕਲਾ ਲਈ ਕੀ ਖਾਣਾ ਤੇ ਕੀ ਪਹਿਨਣਾ ਸ਼ੁਭ ਹੈ, ਦਾ ਵੀ ਬਿਆਨ ਬਖ਼ੂਬੀ ਮਿਲਦਾ ਹੈ ਜਿਵੇਂ :

          ‘ਬੁੱਧ ਸ਼ਨਿਚਰ ਕੱਪੜਾ ਤੇ ਗਹਿਣਾ ਐਤਵਾਰ।`

                   ਜਾਂ

          ਮੰਗਲਵਾਰ ਲੋਂਗ, ਬੁੱਧਵਾਰ ਮਿੱਠਾ, ਵੀਰਵਾਰ ਲੱਸੀ, ਸ਼ੁਕਰਵਾਰ ਮੱਖਣ, ਸ਼ਨਿਚਰਵਾਰ ਲੂਣ ਅਤੇ ਐਤਵਾਰ ਪਾਨ ਖਾਣਾ ਕਲਿਆਣਕਾਰੀ ਹੈ।

     ਲੋਕ ਮਾਨਸਿਕਤਾ ਲੰਮੇ ਅਨੁਭਵ ਵਿੱਚੋਂ ਕੁਝ ਸਿੱਟੇ ਕੱਢਦੀ ਹੈ। ਹਫ਼ਤੇ ਦੇ ਵਾਰਾਂ ਨਾਲ ਵਰਖਾ ਚਿੱਤਰ ਦਾ ਜੁੜ ਜਾਣਾ ਇਸ ਦਾ ਇੱਕ ਪ੍ਰਮਾਣ ਹੈ। ਵਿਗਿਆਨਿਕ ਸਾਧਨਾ ਦੀ ਅਣਹੋਂਦ ਵੇਲੇ ਤੋਂ ਹੀ ਵਰਖਾ ਹੋਣ ਜਾਂ ਨਾ ਹੋਣ, ਉਸ ਦੇ ਚੰਗੇ ਮਾੜੇ ਪ੍ਰਭਾਵ ਹਫ਼ਤੇ ਦੇ ਦਿਨਾਂ ਨਾਲ ਜੋੜੇ ਲੋਕ-ਸਿਆਣਪ ਦਾ ਹਿੱਸਾ ਬਣੇ ਰਹੇ ਹਨ :

ਵੀਰਵਾਰ ਦੀ ਝੜੀ

ਅੰਦਰ ਰਹੋ ਦੜੀ।

ਸ਼ੁਕਰਵਾਰ ਦੀ ਝੜੀ

ਨਾ ਰਹੇ ਕੋਠਾ ਨਾ ਰਹੇ ਕੜੀ।

ਸ਼ਨਿਚਰਵਾਰ ਦਾ ਮੀਂਹ

            ਬਾਰਸ਼ ਥੋੜ੍ਹੀ ਬਹੁਤਾ ਸੀਂ।

     ਸਮੇਂ ਨਾਲ ਸਤਵਾਰਾ ਕਾਵਿ-ਰੂਪ ਮਨੌਤਾਂ ਦੇ ਨਾਲ- ਨਾਲ ਬਿਰਹਾ ਦੀਆਂ ਸਾਂਗਾਂ ਅਤੇ ਪ੍ਰੀਤਮ ਨੂੰ ਮਿਲਣ ਦੀਆਂ ਤਾਂਘਾਂ ਦੁਆਲੇ ਕੇਂਦਰਿਤ ਹੁੰਦਾ ਗਿਆ। ਹਫ਼ਤੇ ਦੇ ਹਰ ਦਿਨ ਦੀ ਵੇਦਨਾ ਤੇ ਬਿਰਹਾ ਦੇ ਜੋ ਭਾਵ ਪ੍ਰੇਮਿਕਾ ਦੇ ਦਿਲ ਵਿੱਚ ਉੱਠਦੇ ਰਹੇ ਉਹੀ ਭਾਵ ਵੱਖਰੇ-ਵੱਖਰੇ ਬੰਦ ਵਿੱਚ ਅੰਕਿਤ ਕੀਤੇ ਜਾਣ ਲੱਗ ਪਏ। ਕਰਨੈਲ ਸਿੰਘ ਥਿੰਦ ਅਨੁਸਾਰ :

      ਪ੍ਰੇਮ-ਵੇਦਨਾ ਵਿੱਚ ਮਾਹੀ ਦੀ ਉਡੀਕ ਬੇ-ਸਬਰੀ ਪੈਦਾ ਕਰਦੀ ਹੈ ਤਾਂ ਉਡੀਕਵਾਨ ਆਤਮਾ ਗਿਣ-ਗਿਣ ਕੇ ਦਿਨ ਕਟੀ ਉੱਤੇ ਉਤਰ ਆਉਂਦੀ ਹੈ। ਇਹੀ ਭਾਵਨਾ ਇਸ ਪਿੱਛੇ ਕੰਮ ਕਰਦੀ ਪ੍ਰਤੀਤ ਹੁੰਦੀ ਹੈ।

     ਮੱਧਕਾਲ ਵਿੱਚ ਸਤਵਾਰੇ ਦਾ ਰੂਪ ਵਧੇਰੇ ਨਿਖਰਿਆ। ਇਹ ਕਾਵਿ-ਰੂਪ ਏਨਾ ਹਰਮਨਪਿਆਰਾ ਹੋ ਗਿਆ ਕਿ ਵਿਸ਼ਿਸ਼ਟ ਕਾਵਿ ਨੇ ਵੀ ਇਸ ਨੂੰ ਅਪਣਾ ਲਿਆ। ਸੰਤ, ਗੁਰਮਤਿ ਅਤੇ ਸੂਫ਼ੀ-ਕਾਵਿ ਵਿੱਚ ਸਤਵਾਰਾ ਆਤਮ- ਪ੍ਰਗਟਾਅ ਦਾ ਮਾਧਿਅਮ ਬਣ ਗਿਆ। ਕਬੀਰ ਜੀ ਨੇ ਗਉੜੀ ਰਾਗ ਵਿੱਚ ਸਤਵਾਰਾ ਲਿਖਿਆ।

ਗੁਰੂ ਅਮਰਦਾਸ ਨੇ ਵੀ ਵਾਰਸਤ ਨਾਂ ਹੇਠ ਇੱਕ ਸਤਵਾਰਾ ਰਾਗ ਬਿਲਾਵਲ ਵਿੱਚ ਲਿਖਿਆ ਜੋ ਆਦਿ ਗ੍ਰੰਥ ਵਿੱਚ ਸ਼ਾਮਲ ਹੈ :

ਸੋਮਵਾਰਿ ਸਚਿ ਰਹਿਆ ਸਮਾਇ।

ਤਿਸ ਕੀ ਕੀਮਤ ਕਹੀ ਨਾ ਜਾਇ।

ਆਖਿ ਆਖਿ ਰਹੇ ਸਭਿ ਲਿਵ ਲਾਇ।

ਜਿਸ ਦੇਵੈ ਤਿਸੁ ਪਲੈ ਪਾਇ।

ਅਗਮ ਅਗੋਚਰ ਲਖਿਆ ਨ ਜਾਇ।

            ਗੁਰ ਕੈ ਸ਼ਬਦਿ ਹਰਿ ਰਹਿਆ ਸਮਾਇ।

     ਇਹਨਾਂ ਸਤਵਾਰਿਆਂ ਵਿੱਚ ਹਫ਼ਤੇ ਦੇ ਵਾਰਾਂ ਨਾਲ ਸੰਬੰਧਿਤ ਮਨੌਤਾਂ ਅਤੇ ਮਾੜੇ ਚਰਿੱਤਰ ਦਾ ਖੰਡਨ ਕਰ ਕੇ ਨਵੇਂ ਸੰਕਲਪ ਰੂਪਮਾਨ ਕੀਤੇ ਹਨ। ਕਬੀਰ ਅਤੇ ਗੁਰੂ ਅਮਰਦਾਸ ਨੇ ਆਪਣੇ ਸਤਵਾਰਿਆਂ ਰਾਹੀਂ ਮਨੁੱਖ ਨੂੰ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਚੰਗੇ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ।

     ਸਤਵਾਰੇ ਵਿੱਚ ਕਵੀ ਜਦੋਂ ਸ਼ੁਰੂ ਵਾਲੇ ਵਾਰ ਨੂੰ ਅਖੀਰ ਵਿੱਚ ਦੁਹਰਾ ਕੇ ਬੰਦ ਮੁਕਾਵੇ ਤਾਂ ਉਹ ਕਾਵਿ-ਰੂਪ ਅਠਵਾਰਾ ਬਣ ਜਾਂਦਾ ਹੈ। ਬੁਲ੍ਹੇ-ਸ਼ਾਹ ਨੇ ਵੀ ਅਠਵਾਰਾ ਲਿਖਿਆ ਹੈ ਜਿਸ ਰਾਹੀਂ ਲੋਕ ਸਤਵਾਰਿਆਂ ਦੀ ਪ੍ਰੇਮ- ਪਰੰਪਰਾ ਨੂੰ ਸੂਫ਼ੀ ਰੰਗ ਵਿੱਚ ਸਿਰਜਿਆ ਹੈ :

ਸ਼ਨਿੱਚਰ ਵਾਰ ਉਤਾਵਲੇ ਦੇਖ ਸਜਣ ਦੀ ਸੋ।

ਅਸਾਂ ਮੁੜ ਘਰਿ ਫੇਰ ਨਾ ਆਵਣਾ, ਜੋ ਹੋਣੀ ਸੋ ਹੋ।...

ਵਾਹ ਵਾਹ ਸ਼ਨਿੱਚਰ ਵਾਰ ਵਹੀਲੇ,

ਦੁਖ ਸਜਣ ਦੇ ਮੈਂ ਦਿਲ ਪੀਲੇ।

ਢੂੰਡਾਂ ਔਝੜ ਜੰਗਲ ਬੇਲੇ, ਅੱਧੜੀ ਰੈਣ ਕਵੱਲੜੇ ਵੇਲੇ।

            ਬਿਰਹਾ ਘੇਰੀਆਂ...।

     ਬਾਰਾਂਮਾਹ ਵਾਂਗ ਸਤਵਾਰੇ ਦੇ ਰਚੇਤਾ ਵੀ ਬਣਤਰ ਅਤੇ ਰੂਪ ਵਿਧਾਨ ਵਿੱਚ ਹਮੇਸ਼ਾਂ ਖੁੱਲ੍ਹ ਲੈਂਦੇ ਰਹੇ ਹਨ। ਹਫ਼ਤੇ ਦੇ ਜਿਸ ਦਿਨ ਤੋਂ ਵੀ ਕਵੀ ਦਾ ਮਨ ਹੋਵੇ ਆਪਣੀ ਰਚਨਾ ਸ਼ੁਰੂ ਕਰ ਸਕਦਾ ਹੈ ਅਤੇ ਦਿਨਾਂ ਦੀ ਗਿਣਤੀ ਅਤੇ ਕ੍ਰਮ ਠੀਕ ਰੱਖਦਿਆਂ ਰਚਨਾ ਸੰਪੂਰਨ ਕਰ ਲੈਂਦਾ ਹੈ। ਵਧੇਰੇਤਰ ਕਵੀਆਂ ਨੇ ਸਤਵਾਰਾ ਜਾਂ ਅਠਵਾਰਾ ਐਤਵਾਰ ਤੋਂ ਲਿਖਣਾ ਸ਼ੁਰੂ ਕੀਤਾ ਹੈ ਪਰ ਮੁਸਲਮਾਨ ਕਵੀ ਇਸ ਨੂੰ ਸ਼ਨਿੱਚਰਵਾਰ ਤੋਂ ਸ਼ੁਰੂ ਕਰਦੇ ਹਨ। ਸਤਵਾਰਾ ਲੋਕ-ਕਾਵਿ ਰੂਪ ਵਜੋਂ ਤਾਂ ਭਾਵੇਂ ਅੱਜ ਵੀ ਗਾਇਆ ਜਾਂਦਾ ਹੈ ਪਰ ਵਿਸ਼ਿਸ਼ਟ ਕਾਵਿ ਦੇ ਨਵੀਨ ਰੂਪਾਂ ਵਿੱਚ ਇਸ ਕਾਵਿ-ਰੂਪ ਨੂੰ ਕੋਈ ਥਾਂ ਨਹੀਂ।


ਲੇਖਕ : ਕੁਲਦੀਪ ਸਿੰਘ ਧੀਰ, ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਵਾਰਾ (ਨਾਂ,ਪੁ) ਸੱਤ ਵਾਰਾਂ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਇਕ ਕਾਵਿ ਰੂਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਵਾਰਾ [ਨਾਂਪੁ] ਹਫ਼ਤਾਵਰ, ਸੱਤਾਂ ਦਿਨਾਂ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਵਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵਾਰਾ ਸੰਗ੍ਯਾ—ਸੱਤ ਦਿਨ (ਵਾਰ) ਦਾ ਸਮਾ. ਹਫ਼ਤਾ. ਸਪ੍ਤਾਹ. Week. ਦੇਖੋ, ਸੱਤਵਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.