ਸਫੋਟ ਸਿਧਾਂਤ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਫੋਟ ਸਿਧਾਂਤ: ਇਸ ਸੰਕਲਪ ਦੀ ਵਰਤੋਂ ਭਾਰਤੀ ਕਾਵਿ-ਸ਼ਾਸਤਰੀਆਂ ਨੇ ਅਰਥ ਦੇ ਸੰਚਾਰ ਲਈ ‘ਅਧਾਰ ਇਕਾਈ’ ਦੀ ਸਥਾਪਨਾ ਲਈ ਕੀਤੀ ਹੈ। ਭਾਰਤੀ ਕਾਵਿ-ਸ਼ਾਸਤਰੀ ਧੁਨੀਆਂ, ਸ਼ਬਦਾਂ ਅਤੇ ਵਾਕਾਂ ਨੂੰ ਇਕ ਲੜੀ ਵਿਚ ਵੇਖਦੇ ਹਨ ਅਤੇ ਉਨ੍ਹਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੇ ਸਮੁੱਚ ਤੋਂ ਹੀ ਇਕ ਪੂਰਨ ਅਰਥ ਕੱਢਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਵਾਸਤੇ ਸ਼ਬਦ ਅਤੇ ਵਾਕ ਇਕ ਚਿੰਨ੍ਹ ਦੇ ਸਮਾਨ ਹਨ। ਪੂਰਨ ਅਰਥ-ਸੰਕੇਤ ਨੂੰ ਹੀ ਸਫੋਟ ਕਿਹਾ ਜਾਂਦਾ ਹੈ। ਧੁਨੀਆਂ ਅਤੇ ਸ਼ਬਦ ਸਿਰਫ ਸੰਕੇਤ ਮਾਤਰ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਅਰਥਾਂ ਨੂੰ ਸੰਚਾਰਿਆ ਜਾਂਦਾ ਹੈ। ਸਫੋਟ ਸੰਕਲਪ ‘ਸਫੂਟ’ ਧਾਤੂ ਦਾ ਵਿਉਂਤਪਤ ਰੂਪ ਹੈ ਜਿਸ ਦੇ ਅਰਥ ਹਨ ‘ਫੁੱਟਣਾ’। ਸਫੋਟ ਦੇ ਸਿਧਾਂਤ ਨੂੰ ਇਕ ਵਿਆਕਰਨਕਾਰ ਅਤੇ ਚਿੰਤਕ ਭਰਥਰੀ ਹਰੀ ਨੇ ਵਿਧੀਵਤ ਰੂਪ ਵਿਚ ਸਥਾਪਤ ਕੀਤਾ ਅਤੇ ਇਹ ਸਿਧਾਂਤ ‘ਵਾਕਯਪਦੀ’ ਵਿਚ ਦਰਜ ਹੈ। ਇਸ ਬਾਰੇ ਚਰਚਾ ਭਰਥਰੀ ਹਰੀ ਤੋਂ ਪਹਿਲਾਂ ‘ਮਹਾਂਭਾਸ਼ਯ’ ਅਤੇ ‘ਮੀਮਾਂਸਾ’ ਵਿਚ ਵੀ ਮਿਲਦੀ ਹੈ। ‘ਮਹਾਂਭਾਸ਼ਯ’ ਦਾ ਕਰਤਾ ਪਤੰਜਲੀ ਸ਼ਬਦ ਨੂੰ ਦੋ ਪੱਖਾਂ ਤੋਂ ਵੇਖਦਾ ਹੈ : ਇਕ ਸਫੋਟ ਅਤੇ ਦੂਜਾ ਧੁਨੀ। ਉਸ ਅਨੁਸਾਰ ਸ਼ਬਦ ਦਾ ਸਥਾਈ ਪੱਖ ਸਫੋਟ ਹੈ ਅਤੇ ਵਿਅਕਤੀ ਉਚਾਰਨ ਵਿਚ ਪਰਿਵਰਤਨ ਨਹੀਂ ਵਾਪਰਦਾ ਜਦੋਂ ਕਿ ਧੁਨੀ ਵਿਅਕਤੀਗਤ ਉਚਾਰਨ ਤੋਂ ਪਰਭਾਵਤ ਹੁੰਦੀ ਹੈ। ਪਤੰਜਲੀ ਸਫੋਟ ਨੂੰ ਇਕਾਈਆਂ ਦੀ ਲੜੀ ਮੰਨਦਾ ਹੈ। ਪਤੰਜਲੀ ਮੀਮਾਂਸਾ ਦੀ ਸੋਚ ਦਾ ਧਾਰਨੀ ਸੀ ਪਰ ਭਰਥਰੀ ਹਰੀ ਦਾ ਸਫੋਟ ਸਿਧਾਂਤ ਪਤੰਜਲੀ ਨਾਲੋਂ ਬਿਲਕੁਲ ਅਲੱਗ ਹੈ। ਉਸ ਅਨੁਸਾਰ ਸ਼ਬਦ ਜਾਂ ਵਾਕ ਦੇ ਦੋ ਪੱਖ ਹੁੰਦੇ ਹਨ : ਪਰਗਟਾਵਾ ਅਤੇ ਭਾਵ। ਪਰਗਟਾਵਾ ਧੁਨੀ ਜਾਂ ਰੂਪ ਦਾ ਸੂਚਕ ਹੈ ਅਤੇ ਭਾਵ ਅਰਥ ਦਾ ਸੂਚਕ ਹੁੰਦਾ ਹੈ। ਰੂਪ ਬਾਹਰੀ ਪੱਖ ਹੈ ਜਦੋਂ ਕਿ ਭਾਵ ਜਾਂ ਅਰਥ ਉਸ ਦਾ ਅੰਦਰੂਨੀ ਪੱਖ ਹੈ। ਇਹ ਅੰਦਰੂਨੀ ਪੱਖ ਭਾਵ ਅਰਥ ਉਸ ਅਨੁਸਾਰ ਸਫੋਟ ਹੈ। ਸਫੋਟ ਨੂੰ ਪਰਗਟਾਉਣ ਵਿਚ ਹਰ ਧੁਨੀ, ਸ਼ਬਦ ਆਦਿ ਇਕਾਈਆਂ ਸਹਾਈ ਹੁੰਦੀਆਂ ਹਨ ਅਤੇ ਸ਼ੁਰੂ ਤੋਂ ਅਰਥ ਦਾ ਸਫੋਟ ਹੋਣਾ ਅਰੰਭ ਹੋ ਜਾਂਦਾ ਹੈ ਅਤੇ ਅੰਤਮ ਇਕਾਈ ਤੱਕ ਇਕ ਪੂਰਨ ਸੰਕੇਤ ਸਿਰਜ ਜਾਂਦਾ ਹੈ ਜਿਸ ਤੋਂ ਅਰਥ ਦਾ ਸਫੋਟ ਹੁੰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.