ਸਰਮੁਖ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਮੁਖ ਸਿੰਘ (1893-1952): ਝਬਾਲ ਭਰਾਵਾਂ ਵਿਚੋਂ ਵਿਚਕਾਰਲਾ, ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸੀ ਅਤੇ ਇਸ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਝਬਾਲ ਵਿਖੇ 1893 ਵਿਚ ਹੋਇਆ ਸੀ। ਇਸ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਵਿੱਦਿਆ ਪ੍ਰਾਪਤ ਕੀਤੀ ਅਤੇ ਜਦੋਂ ਬਹੁਤ ਛੋਟੀ ਉਮਰ ਦਾ ਹੀ ਸੀ ਤਾਂ ਇਸ ਨੇ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। 1918 ਵਿਚ ਇਹ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦਾ ਮੈਂਬਰ ਬਣ ਗਿਆ। ਜਦੋਂ 14 ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਤਾਂ ਇਸ ਨੂੰ ਇਕ ਵਲੰਟੀਅਰ ਦੇ ਤੌਰ ਤੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਇਸ ਹੈਸੀਅਤ ਵਿਚ ਇਸ ਨੇ ਪੰਜਾਬ ਦਾ ਵਿਆਪਕ ਦੌਰਾ ਕੀਤਾ ਅਤੇ ਜ਼ਿਲਿਆਂ ਵਿਚ ਅਕਾਲੀ ਜਥੇ ਸੰਗਠਿਤ ਕੀਤੇ। ਇਸ ਨੂੰ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਅੰਗ੍ਰੇਜ਼ਾਂ ਤੋਂ ਲੈਣ ਲਈ ਲਾਏ ਮੋਰਚੇ ਦੇ ਸੰਬੰਧ ਵਿਚ 24 ਨਵੰਬਰ 1921 ਨੂੰ ਗ੍ਰਿਫਤਾਰ ਕਰ ਲਿਆ ਗਿਆ। 26 ਅਗਸਤ 1922 ਨੂੰ ਗੁਰੂ ਕਾ ਬਾਗ ਅੰਦੋਲਨ ਦੇ ਸੰਬੰਧ ਵਿਚ ਇਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਅਪ੍ਰੈਲ 1923 ਵਿਚ ਅੰਮ੍ਰਿਤਸਰ ਵਿਖੇ ਹਿੰਦੂ੍ ਮੁਸਲਿਮ ਦੰਗੇ ਸ਼ੁਰੂ ਹੋ ਗਏ ਤਾਂ ਸਰਮੁਖ ਸਿੰਘ ਨੇ ਅਕਾਲੀ ਵਲੰਟੀਅਰਾਂ ਨੂੰ ਸਰਕਾਰ ਦੀ ਮਦਦ ਲਈ ਭੇਜ ਦਿੱਤਾ ਤਾਂ ਕਿ ਸ਼ਾਂਤੀ ਬਹਾਲ ਹੋ ਸਕੇ ।
13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ ਕਾਨੂੰਨੀ ਸੰਸਥਾਵਾਂ ਕਰਾਰ ਦਿੱਤਾ ਗਿਆ। ਇਹਨਾਂ ਦੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪ੍ਰਸਿੱਧ ਲਾਹੌਰ ਅਕਾਲੀ ਕੇਸ ਵਿਚ ਸਜ਼ਾ ਦਿੱਤੀ ਗਈ। 1925 ਵਿਚ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਉਪਰੰਤ ਅਕਾਲੀ ਲੀਡਰ ਜਿਨ੍ਹਾਂ ਨੇ ਅਦਾਲਤ ਨੂੰ ਇਹ ਭਰੋਸਾ ਦਿੱਤਾ ਕਿ ਉਹ ਐਕਟ ਦੀਆਂ ਧਾਰਾਵਾਂ ਅਨੁਸਾਰ ਕੰਮ ਕਰਨਗੇ ਉਹਨਾਂ ਲੀਡਰਾਂ ਨੂੰ 25 ਜਨਵਰੀ 1926 ਨੂੰ ਛੱਡ ਦਿੱਤਾ ਗਿਆ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਉਹ ਜੇਲ੍ਹਾਂ ਵਿਚ ਬੰਦ ਰਹੇ। ਸਰਮੁਖ ਸਿੰਘ ਵੀ ਇਹਨਾਂ ਵਿਚੋਂ ਹੀ ਸੀ। 27 ਸਤੰਬਰ 1926 ਵਿਚ ਰਿਹਾਈ ਪਿੱਛੋਂ ਇਹ ਹੌਲੀ ਹੌਲੀ ਪਾਸਾ ਬਦਲ ਕੇ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਸ਼ਾਮਲ ਹੋ ਗਿਆ। 1942 ਵਿਚ “ਭਾਰਤ ਛੱਡੋ” ਅੰਦੋਲਨ ਵਿਚ ਇਸ ਨੇ ਗ੍ਰਿਫਤਾਰੀ ਦਿੱਤੀ। 1947 ਵਿਚ ਪੰਜਾਬ ਦੀ ਵੰਡ ਪਿੱਛੋਂ ਇਸ ਨੇ ਲਾਇਲਪੁਰ ਜ਼ਿਲੇ ਤੋਂ ਆਪਣਾ ਨਿਵਾਸ ਬਦਲ ਕੇ ਜਲੰਧਰ ਕਰ ਲਿਆ ਜਿਥੇ 16 ਅਪ੍ਰੈਲ 1952 ਨੂੰ ਇਹ ਅਕਾਲ ਚਲਾਣਾ ਕਰ ਗਿਆ।
ਲੇਖਕ : ਜ.ਜ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First