ਸਰੋਜਨੀ ਨਾਇਡੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਰੋਜਨੀ ਨਾਇਡੂ (1879–1949) : ਭਾਰਤ ਦੀ ਇੱਕ ਮਹਾਨ ਨਾਇਕਾ ਜਿਸ ਨੇ ਦੇਸ਼ ਦੇ ਸਾਹਿਤਿਕ, ਸੰਸਕ੍ਰਿਤਿਕ, ਰਾਜਨੀਤਿਕ ਅਤੇ ਸਮਾਜਿਕ ਵਿਕਾਸ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ, ਸਰੋਜਨੀ ਨਾਇਡੂ (Sarojini Naidu) ਸੀ। ਉਸ ਦਾ ਜਨਮ 13 ਫਰਵਰੀ 1879 ਨੂੰ ਹੈਦਰਾਬਾਦ ਵਿਖੇ ਇੱਕ ਨਾਮੀ ਚੱਟੋਪਾਧਿਆਏ ਪਰਿਵਾਰ ਵਿੱਚ ਹੋਇਆ। ਉਸ ਨੇ ਬਾਰਾਂ ਸਾਲ ਦੀ ਉਮਰ ਵਿੱਚ ਦਸਵੀਂ ਪਾਸ ਕੀਤੀ ਪਰ ਇਸ ਤੋਂ ਪਹਿਲਾਂ ਹੀ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਤੇਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ ਅੰਗਰੇਜ਼ੀ ਵਿੱਚ ਲਗਪਗ 2000 ਲਾਈਨਾਂ ਦੀ ਇੱਕ ਲੰਮੀ ਕਵਿਤਾ ਲਿਖੀ ਜਿਸਦਾ ਸਿਰਲੇਖ ‘ਦਾ ਲੇਡੀ ਆਫ਼ ਦਾ ਲੇਕ` ਸੀ। ਪੰਦਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੂੰ ਹੈਦਰਾਬਾਦ ਦੇ ਨਿਜ਼ਾਮ ਵਲੋਂ ਵਜ਼ੀਫ਼ਾ ਪ੍ਰਾਪਤ ਹੋਣ ਤੇ ਇੰਗਲੈਂਡ ਪੜ੍ਹਣ ਲਈ ਭੇਜਿਆ ਗਿਆ। ਕਿੰਗਜ਼ ਕਾਲਜ, ਲੰਦਨ ਅਤੇ ਗਿਰਟਨ, ਕੈਂਬ੍ਰਿਜ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਦੀ ਪ੍ਰਾਪਤੀ ਦੌਰਾਨ ਉਸ ਦੀ ਮੁਲਾਕਾਤ ਐਡਮੰਡ ਗੋਸ ਅਤੇ ਆਰਥਰ ਸਾਈਮਨਜ਼ ਨਾਲ ਹੋਈ ਜੋ ਪ੍ਰਸਿੱਧ ਵਿਦਵਾਨ ਅਤੇ ਕਵੀ ਸਨ। ਇਹਨਾਂ ਦੋਵਾਂ ਨੇ ਅਤੇ ਰਾਈਟਰਜ਼ ਕਲੱਬ ਦੇ ਕੁਝ ਮੈਂਬਰਾਂ ਨੇ ਉਸ ਦੀ ਕਵਿਤਾ ਲਿਖਣ ਦੀ ਕਲਾ ਵਿੱਚ ਨਿਖਾਰ ਲਿਆਉਣ ਲਈ ਕਈ ਮਹੱਤਵਪੂਰਨ ਸੁਝਾਓ ਦਿੱਤੇ ਅਤੇ ਉਸ ਦੀ ਇਸ ਪ੍ਰਤਿਭਾ ਨੂੰ ਚੰਗੇਰਾ ਬਣਾਉਣ ਵਿੱਚ ਸਹਿਯੋਗ ਦਿੱਤਾ। ਇੰਗਲੈਂਡ ਤੋਂ ਵਾਪਸ ਆ ਕੇ ਉਸ ਨੇ 1898 ਵਿੱਚ ਮੇਜਰ ਐਮ.ਜੀ. ਨਾਇਡੂ ਨਾਲ ਸ਼ਾਦੀ ਕਰ ਲਈ।

     ਸਰੋਜਨੀ ਨਾਇਡੂ ਇੱਕ ਬਹੁਤ ਹੀ ਬੁੱਧੀਮਾਨ, ਸੂਝਵਾਨ, ਸੰਵੇਦਨਸ਼ੀਲ ਅਤੇ ਜੋਸ਼ ਵਾਲੀ ਸ਼ਖ਼ਸੀਅਤ ਸੀ। ਆਪਣੇ ਜੀਵਨ ਕਾਲ ਦੌਰਾਨ ਉਸ ਨੇ ਤਿੰਨ ਕਾਵਿ-ਸੰਗ੍ਰਹਿ ਛਪਵਾਏ-ਦਾ ਗੋਲਡਨ ਥਰੈਸ਼ਹੋਲਡ (1905), ਦਾ ਬਰਡ ਆਫ਼ ਟਾਈਮ (1912), ਅਤੇ ਦਾ ਬਰੋਕਨ ਵਿੰਗ (1917)। ਉਸ ਦਾ ਚੌਥਾ ਕਾਵਿ-ਸੰਗ੍ਰਹਿ ਦਾ ਫੈਦਰ ਆਫ਼ ਡਾਨ ਉਸ ਦੀ ਮੌਤ ਤੋਂ ਬਾਅਦ, 1961 ਵਿੱਚ ਪ੍ਰਕਾਸ਼ਿਤ ਹੋਇਆ। ਇਹਨਾਂ ਚਾਰ ਕਾਵਿ- ਸੰਗ੍ਰਹਿਆਂ ਵਿੱਚ ਲਗਪਗ ਦੋ ਸੌ ਕਵਿਤਾਵਾਂ ਅਤੇ ਗੀਤ ਹਨ ਜਿਨ੍ਹਾਂ ਵਿੱਚ ਬਹੁਤਿਆਂ ਨੂੰ ਗਾਇਆ ਜਾ ਸਕਦਾ ਹੈ। ਇਹਨਾਂ ਭਾਵਪੂਰਤ ਕਵਿਤਾਵਾਂ ਸਦਕਾ ਹੀ ਸਰੋਜਨੀ ਨਾਇਡੂ ਨੂੰ ਭਾਰਤ ਦੀ ਕੋਇਲ  ਵੀ ਕਿਹਾ ਜਾਂਦਾ ਹੈ। 1914 ਵਿੱਚ ਉਸ ਨੂੰ ਦਾ ਰੋਇਲ ਸੁਸਾਇਟੀ ਆਫ਼ ਲਿਟਰੇਚਰ ਦਾ ਫੈਲੋ ਚੁਣਿਆ ਗਿਆ। ਸਰ ਐਡਮੰਡ ਗੋਸ ਦੀ ਸਲਾਹ ਨੂੰ ਮੰਨਦਿਆਂ ਹੋਇਆਂ ਉਸ ਨੇ ਅੰਗਰੇਜ਼ੀ ਕਵੀਆਂ ਦਾ ਅਨੁਸਰਨ ਕਰਨ ਦੀ ਬਜਾਏ ਆਪਣੀ ਮੌਲਿਕ ਸ਼ੈਲੀ ਵਿੱਚ ਭਾਰਤੀ ਵਿਸ਼ਿਆਂ, ਨਿੱਜੀ ਵਿਚਾਰਾਂ, ਭਾਵਨਾਵਾਂ ਅਤੇ ਅਨੁਭਵਾਂ ਬਾਰੇ ਲਿਖਣਾ ਸ਼ੁਰੂ ਕੀਤਾ ਤਾਂ ਜੋ ਪੱਛਮੀ ਵਿਦਵਾਨਾਂ ਅਤੇ ਲੇਖਕਾਂ ਨੂੰ ਭਾਰਤ ਅਤੇ ਭਾਰਤੀਆਂ ਦੀ ਸਾਹਿਤਿਕ ਅਤੇ ਸੰਸਕ੍ਰਿਤਿਕ ਅਮੀਰੀ ਬਾਰੇ ਪਤਾ ਲੱਗ ਸਕੇ।

     ਸਰੋਜਨੀ ਨਾਇਡੂ ਦੀਆਂ ਕਵਿਤਾਵਾਂ ਦੀ ਭਾਰਤੀ ਅਤੇ ਪੱਛਮੀ ਪਾਠਕਾਂ ਵੱਲੋਂ ਬਹੁਤ ਸ਼ਲਾਘਾ ਹੋਈ। ਉਸ ਦੀਆਂ ਕਵਿਤਾਵਾਂ ਬਹੁਤ ਹੀ ਭਾਵੁਕ ਹਨ। ਭਾਵੇਂ ਇਹਨਾਂ ਤੇ ਅੰਗਰੇਜ਼ੀ ਰੁਮਾਂਟਿਕ ਕਵੀਆਂ ਦਾ ਪ੍ਰਭਾਵ ਪ੍ਰਤੱਖ ਹੈ ਪਰ ਅਸਲ ਵਿੱਚ ਇਹ ਭਾਰਤੀ ਸਾਹਿਤਿਕ ਪਰੰਪਰਾ ਨਾਲ ਇੱਕ-ਸੁਰ ਹਨ। ਆਪਣੀ ਸਾਦੀ ਸ਼ੈਲੀ, ਯਥਾਰਥਿਕ ਵਿਸ਼ਾ-ਸਮਗਰੀ ਅਤੇ ਰਸ ਕਾਰਨ ਨਾਇਡੂ ਦੀਆਂ ਕਵਿਤਾਵਾਂ ਪਾਠਕਾਂ ਦੇ ਦਿਲਾਂ ਨੂੰ ਮੋਂਹਦੀਆਂ ਰਹੀਆਂ ਹਨ। ਸਰੋਜਨੀ ਨਾਇਡੂ ਨੇ ਆਧੁਨਿਕ ਕਵੀਆਂ ਦੀ ਸ਼ੈਲੀ ਦੇ ਨਵੇਂ ਪ੍ਰਯੋਗਾਂ ਤੋਂ ਸੰਕੋਚ ਕੀਤਾ ਅਤੇ ਦਿਲ ਦੀਆਂ ਭਾਵਨਾਵਾਂ ਨੂੰ ਬੜੇ ਹੀ ਸਿੱਧੇ ਸਾਦੇ ਢੰਗ ਅਤੇ ਸ਼ੈਲੀ ਵਿੱਚ ਪ੍ਰਗਟਾਇਆ। ਉਸ ਦੀਆਂ ਕਵਿਤਾਵਾਂ ਵਿੱਚ ਭਾਰਤੀ ਕਾਮਿਆਂ, ਕਿਰਤੀਆਂ ਦੇ ਦ੍ਰਿਸ਼ਾਂ ਦੀ ਭਰਮਾਰ ਹੈ ਅਤੇ ਆਪਣੀ ਅਦਭੁਤ ਕਲਪਨਾ ਸ਼ਕਤੀ ਨਾਲ ਉਹਨਾਂ ਨੂੰ ਰੰਗਾਂ ਅਤੇ ਸੰਗੀਤ ਨਾਲ ਜੀਵੰਤ ਕਰ ਦਿੱਤਾ ਹੈ। ਭਾਰਤੀ ਜੁਲਾਹੇ, ਮਛਿਆਰੇ, ਸਪੇਰੇ, ਚੂੜੀਆਂ ਵੇਚਣ ਵਾਲੇ, ਵਣਜਾਰੇ, ਨੱਚਣ ਵਾਲੇ, ਪਾਲਕੀ ਚੁੱਕਣ ਵਾਲੇ ਆਦਿ ਬਹੁਤ ਹੀ ਖ਼ੂਬਸੂਰਤੀ ਅਤੇ ਸਪਸ਼ਟਤਾ ਨਾਲ ਚਿਤਰਿਤ ਕੀਤੇ ਗਏ ਹਨ ਜੋ ਪਾਠਕ ਦੇ ਮਨ ਉੱਤੇ ਉਹਨਾਂ ਦੇ ਕਿੱਤਿਆਂ, ਵੇਸ਼ਭੂਸ਼ਾਵਾਂ ਅਤੇ ਕੰਮ ਕਰਨ ਦੇ ਹਾਵਾਂ-ਭਾਵਾਂ ਦੀ ਡੂੰਘੀ ਛਾਪ ਛੱਡ ਜਾਂਦੇ ਹਨ। ਸੁੰਦਰਤਾ ਸੰਬੰਧੀ ਸਰੋਜਨੀ ਨਾਇਡੂ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਉਸ ਦੀਆਂ ਕਵਿਤਾਵਾਂ ਵਿੱਚ ਨਵੀਨਤਾ ਅਤੇ ਯਥਾਰਥ ਦੀ ਸੁਗੰਧ ਹੈ। ਉਸ ਨੇ ਲਗਪਗ ਹਰ ਪ੍ਰਕਾਰ ਦੇ ਵਿਸ਼ੇ ਤੇ ਬੜੀ ਸਫਲਤਾ ਨਾਲ ਕਵਿਤਾਵਾਂ ਲਿਖੀਆਂ, ਜਿਵੇਂ ਕਿ ਕੁਦਰਤ ਦੇ ਨਜ਼ਾਰੇ, ਦੇਸ਼ਭਗਤੀ, ਜੀਵਨ ਅਤੇ ਮੌਤ ਦਾ ਫਲਸਫਾ, ਮਹਾਨ ਹਸਤੀਆਂ ਦਾ ਚਰਿੱਤਰ ਚਿਤਰਨ, ਰੂਹਾਨੀ ਖੋਜ  ਅਤੇ ਅਨੁਭਵ, ਬੱਚਿਆਂ ਨਾਲ ਸੰਬੰਧਿਤ ਵਿਸ਼ੇ ਆਦਿ। ਯਥਾਰਥਿਕ ਵਿਸ਼ਾ ਵਸਤੂ, ਸਾਦੀ ਅਤੇ ਸਿੱਧੀ ਅਭਿਵਿਅਕਤੀ, ਸ਼ਾਬਦਿਕ ਮੌਲਿਕਤਾ ਅਤੇ ਲੈਆਤਮਿਕ ਕੁਸ਼ਲਤਾ ਦੇ ਸਦਕਾ ਉਸ ਨੇ ਅੰਗਰੇਜ਼ੀ ਭਾਸ਼ਾ ਵਿੱਚ ਭਾਰਤੀ ਕਵਿਤਾ ਦੇ ਵਿਕਾਸ ਵਿੱਚ ਵਾਧਾ ਕੀਤਾ। ਉਸ ਦੀਆਂ ਪ੍ਰਸਿੱਧ ਪਾਠ-ਪੁਸਤਕਾਂ ਵਿੱਚ ਅਕਸਰ ਸ਼ਾਮਲ ਕਵਿਤਾਵਾਂ ਵਿੱਚੋਂ ਕੁੱਝ ਇਸ ਤਰ੍ਹਾਂ ਹਨ-ਦਾ ਪੈਲੇਨਕਿਨ ਬੀਅਰਰਜ਼, ਦਾ ਕੋਰੋਮੰਡਲ ਫਿਸ਼ਰਜ਼, ਦਾ ਬੈਂਗਲ ਸੈਲਰਜ਼, ਦਾ ਬਰਡ ਆਫ਼ ਟਾਈਮ, ਇਨ ਦਾ ਬਜ਼ਾਰਜ਼ ਆਫ਼ ਹੈਦਰਾਬਾਦ, ਲਵ ਐਂਡ ਡੈੱਥ, ਡੈੱਥ ਐਂਡ ਲਾਈਫ, ਦਾ ਫਲੂਟ ਪਲੇਅਰ ਆਫ਼ ਬਰਿੰਦਾਬਨ, ਕਰੇਡਲ ਸਾਂਗ, ਚਾਈਲਡ ਫੈਂਸੀਜ਼ ਆਦਿ।

     ਇੱਕ ਸ਼ਾਨਦਾਰ ਕਵਿਤਰੀ ਹੋਣ ਦੇ ਨਾਲ-ਨਾਲ ਸਰੋਜਨੀ ਨਾਇਡੂ ਇੱਕ ਕੁਸ਼ਲ ਵਕਤਾ, ਮਹਾਨ ਦੇਸ਼ ਭਗਤ, ਸਮਾਜ-ਸੁਧਾਰਕ ਅਤੇ ਰਾਜਸੀ ਆਗੂ ਵੀ ਸੀ। ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੀ ਅਜ਼ਾਦੀ ਲਈ ਉਹ ਸੱਤ ਵਾਰੀ ਜੇਲ੍ਹ ਵੀ ਗਈ। ਉਸ ਨੇ 1925 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਵਜੋਂ ਅਤੇ ਯੂਨਾਈਟਿਡ ਪ੍ਰੋਵਿੰਸ (ਅਜੋਕੇ ਉੱਤਰ-ਪ੍ਰਦੇਸ਼) ਦੀ ਪਹਿਲੀ ਮਹਿਲਾ ਗਵਰਨਰ ਵਜੋਂ ਵੀ ਅਹੁਦੇ ਸੰਭਾਲੇ। ਰਾਜਨੀਤੀ ਵਿੱਚ ਪ੍ਰਵੇਸ਼ ਉਪਰੰਤ ਭਾਵੇਂ ਉਸ ਦੀ ਕਾਵਿ-ਰਚਨਾ ਘਟ ਗਈ ਪਰ ਹੋਰ ਕਈ ਤਰੀਕਿਆਂ ਨਾਲ ਵੱਖ-ਵੱਖ ਅਵਸਰਾਂ ਅਤੇ ਅਹੁਦਿਆਂ ਤੇ ਉਸ ਨੇ ਆਪਣੇ ਵਿਚਾਰਾਂ ਨੂੰ ਜੋਸ਼ ਨਾਲ ਪ੍ਰਗਟ ਕੀਤਾ। 2 ਮਾਰਚ 1949 ਨੂੰ ਲਖਨਊ ਵਿਖੇ ਭਾਰਤ ਦੀ ਇਹ ਬੁਲੰਦ ਅਵਾਜ਼ ਸਦਾ ਲਈ ਚੁੱਪ ਹੋ ਗਈ। ਉਸ ਦੀ ਮੌਤ ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਵਿੱਚ ਢੁੱਕਵੀਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਸੀ :

      ਉਹਨਾਂ ਨੇ ਜ਼ਿੰਦਗੀ ਇੱਕ ਕਵਿਤਰੀ ਵਜੋਂ ਸ਼ੁਰੂ ਕੀਤੀ। ਬਾਅਦ ਵਿੱਚ ਘਟਨਾਵਾਂ ਦੀ ਮਜਬੂਰੀ ਨੇ ਉਹਨਾਂ ਨੂੰ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵੱਲ ਖਿੱਚ ਲਿਆ ਅਤੇ ਪੂਰੇ ਜੋਸ਼ ਨਾਲ ਉਹਨਾਂ ਨੇ ਆਪਣੇ-ਆਪ ਨੂੰ ਇਸ ਕਾਰਜ ਪ੍ਰਤਿ ਅਰਪਣ ਕਰ ਦਿੱਤਾ। ਚਾਹੇ ਉਹਨਾਂ ਨੇ ਕਲਮ ਨਾਲ ਕਾਗ਼ਜ਼ ਉੱਤੇ ਬਹੁਤੀਆਂ ਕਵਿਤਾਵਾਂ ਨਹੀਂ ਲਿਖੀਆਂ ਪਰ ਉਹਨਾਂ ਦੀ ਸਾਰੀ ਜ਼ਿੰਦਗੀ ਇੱਕ ਗੀਤ ਅਤੇ ਕਵਿਤਾ ਬਣ ਗਈ। ਅੰਗਰੇਜ਼ੀ ਵਿੱਚ ਭਾਰਤੀ ਕਵਿਤਾ ਨੂੰ ਉਹਨਾਂ ਦੀ ਦੇਣ ਵਡਮੁੱਲੀ ਅਤੇ ਸਦੀਵੀ ਹੈ।


ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.