ਸਵਾਧੀਨ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਵਾਧੀਨ ਉਪਵਾਕ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਇਕਾਈਆਂ ਦੀ ਸਥਾਪਤੀ ਵੇਲੇ ਕੀਤੀ ਜਾਂਦੀ ਹੈ। ਵਾਕ ਇਕ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਹੈ ਜਦੋਂ ਕਿ ਸ਼ਬਦ\ਭਾਵਾਂਸ਼ ਛੋਟੀ ਤੋਂ ਛੋਟੀ ਇਕਾਈ ਹੈ। ਵਾਕੰਸ਼, ਸ਼ਬਦ ਵਰਗੀ ਅਤੇ ਉਪਵਾਕ, ਵਾਕ ਵਰਗੀ ਇਕਾਈ ਹੈ। ਪਰੰਪਰਾਵਾਦੀ ਵਿਆਕਰਨਕਾਰ ਉਪਵਾਕਾਂ ਦੀ ਵੰਡ ਦੋ ਭਾਗਾਂ ਵਿਚ ਕਰਦੇ ਹਨ : (i) ਸਵਾਧੀਨ ਉਪਵਾਕ ਅਤੇ (ii) ਪਰਾਧੀਨ ਉਪਵਾਕ। ਸਵਾਧੀਨ ਉਪਵਾਕਾਂ ਦੀ ਵਰਤੋਂ ਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ ਜਦੋਂ ਕਿ ਪਰਾਧੀਨ ਉਪਵਾਕਾਂ ਦੀ ਵਰਤੋਂ ਅਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ। ਸੰਯੁਕਤ ਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਉਪਵਾਕਾਂ ਨੂੰ ਸਵਾਧੀਨ ਉਪਵਾਕ ਕਿਹਾ ਜਾਂਦਾ ਹੈ। ਬਣਤਰ ਅਤੇ ਕਾਰਜ ਦੇ ਪੱਖ ਤੋਂ ਸਵਾਧੀਨ ਉਪਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਕਾਲਕੀ (ਵੇਖੋ ਕਾਲਕੀ ਕਿਰਿਆ ਵਾਕੰਸ਼) ਹੁੰਦੇ ਹਨ, ਇਨ੍ਹਾਂ ਉਪਵਾਕਾਂ ਦੀ ਬਣਤਰ ਵਿਚ ਉਦੇਸ਼ ਅਤੇ ਵਿਧੇ ਦੋਵੇਂ ਤੱਤ ਵਿਚਰਦੇ ਹਨ। ਇਹ ਉਪਵਾਕ ਸੁਤੰਤਰ ਤੌਰ ’ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ, ਇਨ੍ਹਾਂ ਉਪਵਾਕਾਂ ਦੀ ਵਰਤੋਂ ਅਤੇ ਕਾਰਜ ਸਧਾਰਨ ਵਾਕਾਂ ਵਾਲਾ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਜਿਨ੍ਹਾਂ ਉਪਵਾਕਾਂ ਵਿਚ ਸਧਾਰਨ ਵਾਕਾਂ ਵਾਲੇ ਸਾਰੇ ਲੱਛਣ ਹੁੰਦੇ ਹਨ ਉਨ੍ਹਾਂ ਉਪਵਾਕਾਂ ਨੂੰ ਸਵਾਧੀਨ ਉਪਵਾਕਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ, ਜਿਵੇਂ : ‘ਬੱਚਾ ਰੋ ਰਿਹਾ ਸੀ ਅਤੇ ਮਾਂ ਉਸ ਨੂੰ ਚੁੱਪ ਕਰਾ ਰਹੀ ਸੀ’ ਇਕ ਸੰਯੁਕਤ ਵਾਕ ਹੈ। ਇਸ ਵਾਕ ਵਿਚ ਦੋ ਉਪਵਾਕ ਹਨ ਇਹ ਦੋਵੇਂ ਉਪਵਾਕ ਸਾਵੇਂ ਹਨ ਤੇ ਯੋਜਕ ‘ਅਤੇ’ ਨਾਲ ਜੁੜੇ ਹੋਏ ਹਨ। ‘ਅਤੇ’ ਯੋਜਕ ਨੂੰ ਵਾਕ ਦੀ ਬਣਤਰ ਵਿਚੋਂ ਕੱਢ ਦੇਣ ਨਾਲ ਸੰਯੁਕਤ ਵਾਕ ਵਿਚ ਵਿਚਰਨ ਵਾਲੇ ਉਪਵਾਕ ਸੁਤੰਤਰ ਵਾਕਾਂ ਵਜੋਂ ਵਿਚਰਨ ਲੱਗ ਜਾਂਦੇ ਹਨ। ਇਹ ਪਰਯੋਗ ਉਨ੍ਹਾਂ ਸਾਰੇ ਵਾਕਾਂ ਤੇ ਲਾਗੂ ਕੀਤਾ ਜਾ ਸਕਦਾ ਹੈ ਜਿਹੜੇ ਸੰਯੁਕਤ ਵਾਕ ਸਾਵੇਂ ਯੋਜਕਾਂ ‘ਤੇ, ਅਤੇ, ਜਾਂ, ਜਾਂ ਫਿਰ’ ਰਾਹੀਂ ਜਾਂ ਕੌਮੇ ਦੀ ਵਰਤੋਂ ਰਾਹੀਂ ਜੁੜੇ ਹੋਏ ਹੋਣ। ਇਕ ਸੰਯੁਕਤ ਵਾਕ ਦੀ ਬਣਤਰ ਵਿਚ ਘੱਟੋ ਘੱਟ ਦੋ ਸਵਾਧੀਨ ਉਪਵਾਕ ਵਿਚਰਦੇ ਹਨ ਅਤੇ ਗਿਣਤੀ ਦੇ ਪੱਖ ਤੋਂ ਇਕ ਸੰਯੁਕਤ ਵਾਕ ਦੀ ਬਣਤਰ ਵਿਚ ਅਸੀਮਤ ਸਵਾਧੀਨ ਉਪਵਾਕ ਵਿਚਰ ਸਕਦੇ ਹਨ। ਮਿਸ਼ਰਤ ਵਾਕਾਂ ਦੀ ਬਣਤਰ ਵਿਚ ਘੱਟੋ-ਘੱਟ ਇਕ ਸਵਾਧੀਨ ਉਪਵਾਕ ਵਿਚਰ ਰਿਹਾ ਹੁੰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.