ਸਿਆਲਕੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਆਲਕੋਟ [ਨਾਂਪੁ] ਪਾਕਿਸਤਾਨ ਦਾ ਪ੍ਰਸਿੱਧ ਨਗਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਿਆਲਕੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਆਲਕੋਟ. ਪੰਜਾਬ ਦੇ ਉੱਤਰ ਪੂਰਵ ਵੱਲ ਇੱਕ ਸ਼ਹਿਰ , ਜਿਸ ਥਾਂ ਅੰਗ੍ਰੇਜੀ ਛਾਵਨੀ ਹੈ. ਇਸ ਨੂੰ ਸ਼ਾਲਿਵਾਹਨ ਦਾ ਵਸਾਇਆ ਦਸਦੇ ਹਨ. ਦੇਖੋ, ਸਾਲਿਬਾਹਨ. ਕਈ ਲੇਖਕਾਂ ਨੇ ਇਸ ਦਾ ਨਾਉਂ “ਸ਼ਾਕਲ” ਲਿਖਿਆ ਹੈ. ਬਹੁਤੇ ਇਸ ਨੂੰ ਰਾਜਾ ਸ਼ਾਲ੍ਵ ਦਾ ਵਸਾਇਆ “ਸ਼ਾਲ੍ਵਕੋਟ” ਆਖਦੇ ਹਨ.
ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਦੋ ਅਸਥਾਨ ਹਨ— ਇੱਕ ਬੇਰ ਸਾਹਿਬ. ਇਸ ਬੇਰੀ ਹੇਠ ਜਗਤਗੁਰੂ ਵਿਰਾਜੇ ਹਨ. ਹੁਣ ਇਹ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੈ. ਦੇਖੋ, ਬੇਰ ਸਾਹਿਬ.
ਦੂਜਾ ਪਵਿਤ੍ਰ ਅਸਥਾਨ ਬਾਵਲੀ ਸਾਹਿਬ ਹੈ. ਇਹ ਮੂਲੇ ਦੇ ਘਰ ਬਣਾਈ ਗਈ ਹੈ. ਦੇਖੋ, ਮੂਲਾ.
ਪੁਰਾਣੇ ਸਮੇ ਸਿਆਲਕੋਟ ਵਿੱਚ ਕਾਗਜ਼ ਬਹੁਤ ਚੰਗਾ ਬਣਦਾ ਸੀ, ਜਿਸ ਦਾ ਪ੍ਰਸਿੱਧ ਨਾਉਂ ਸਿਆਲਕੋਟੀ ਕਾਗਜ ਸੀ. ਇਹ ਕਸ਼ਮੀਰੀ ਕਾਗਜ ਤੋਂ ਦੂਜੇ ਦਰਜੇ ਸਮਝਿਆ ਜਾਂਦਾ ਸੀ. ਸਿਆਲਕੋਟੀ ਕਾਗਜ ਤੇ ਲਿਖੇ ਬਹੁਤ ਗ੍ਰੰਥ ਹੁਣ ਵੇਖੀਦੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੀਆਂ ਬੀੜਾਂ ਸੌ ਵਿੱਚੋਂ ਸੱਠ ਸਿਆਲੋਕਟੀ ਕਾਗਜ ਤੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਆਲਕੋਟ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਆਲਕੋਟ : ਅਜੋਕੇ ਪਾਕਿਸਤਾਨ ਵਿਚ ਇਕ ਪੁਰਾਤਨ ਸ਼ਹਿਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਕਈ ਵਾਰ ਪਧਾਰੇ ਸਨ। ਗਿਆਨ ਰਤਨਾਵਲੀ ਜੋ ਆਮ ਤੌਰ ਤੇ ਜਨਮ ਸਾਖੀ ਭਾਈ ਮਨੀ ਸਿੰਘ ਕਰਕੇ ਜਾਣੀ ਜਾਂਦੀ ਹੈ ਅਨੁਸਾਰ ਅਤੇ ਜਿਸਦਾ ਸਮਰਥਨ ਸਥਾਨਿਕ ਪਰੰਪਰਾ ਤੋਂ ਵੀ ਮਿਲਦਾ ਹੈ ਗੁਰੂ ਜੀ ਆਪਣੇ ਪਿੰਡ ਤਲਵੰਡੀ ਤੋਂ ਸੈਦਪੁਰ ਰਾਹੀਂ ਸਫ਼ਰ ਤੇ ਜਾਂਦੇ ਹੋਏ ਇਥੇ ਪਹੁੰਚੇ ਸਨ ਅਤੇ ਆਪ ਜੀ ਐਕ ਨਦੀ ਲੰਘ ਕੇ ਕਸਬੇ ਦੇ ਦੱਖਣ ਪੂਰਬ ਵਲ ਜਦੋਂ ਇਕ ਬੇਰੀ ਦੇ ਦਰਖ਼ਤ ਹੇਠ ਬੈਠੇ ਸਨ ਤਾਂ ਇਥੇ ਇਹਨਾਂ ਨੂੰ ਪਤਾ ਲੱਗਾ ਕਿ ਸੂਫੀ ਫ਼ਕੀਰ ਹਮਜ਼ਾ ਗੌਸ ਨੇ ਸ਼ਹਿਰ ਨੂੰ ਬਰਬਾਦ ਹੋਣ ਦਾ ਸਰਾਪ ਦੇ ਦਿੱਤਾ ਹੈ ਅਤੇ ਇਸ ਦੀ ਪੂਰਤੀ ਲਈ ਆਪਣੇ ਆਪ ਨੂੰ ਕਸ਼ਟ ਦੇਣ ਦਾ ਚਲੀਹਾ ਕਰ ਰਿਹਾ ਹੈ। ਫ਼ਕੀਰ ਦੇ ਗੁੱਸੇ ਦਾ ਕਾਰਨ ਸੀ ਕਿ ਇਥੋਂ ਦੇ ਰਹਿਣ ਵਾਲੇ ਗੰਗਾ ਖੱਤਰੀ ਦੇ ਘਰ ਇਸ ਦੇ ਅਸ਼ੀਰਵਾਦ ਨਾਲ ਤਿੰਨ ਪੁੱਤਰ ਜਨਮੇ ਸਨ ਜਿਨ੍ਹਾਂ ਵਿਚੋਂ ਇਕ ਉਸਨੇ ਫ਼ਕੀਰ ਨੂੰ ਦੇਣਾ ਮੰਨਿਆ ਸੀ, ਪਰੰਤੂ ਗੰਗਾ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਫ਼ਕੀਰ ਨੂੰ ਸਮਝਾਇਆ ਕਿ ਇਕ ਵਿਅਕਤੀ ਦੇ ਪਾਪਾਂ ਦੀ ਸਜ਼ਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹਨਾਂ ਵਿਚੋਂ ਹੋ ਸਕਦੈ ਕੁਝ ਨੇਕ ਅਤੇ ਬੁਧੀਵਾਨ ਇਨਸਾਨ ਵੀ ਹੋਣ। ਇਸ ਦੀ ਪਰਖ ਕਰਨ ਲਈ ਗੁਰੂ ਜੀ ਨੇ ਮਰਦਾਨੇ ਨੂੰ ਇਕ ਟਕੇ ਦਾ ਸੱਚ ਅਤੇ ਇਕ ਟਕੇ ਦਾ ਝੂਠ ਖਰੀਦਣ ਲਈ ਸ਼ਹਿਰ ਭੇਜਿਆ। ਮਰਦਾਨਾ ਗੁਰੂ ਜੀ ਦੀ ਪਰਚੀ ਲੈ ਕੇ ਹਰ ਦੁਕਾਨ ਤੇ ਗਿਆ ਪਰੰਤੂ ਕਿਸੇ ਨੇ ਇਸ ਅਜੀਬ ਮੰਗ ਦਾ ਮਤਲਬ ਨਾ ਸਮਝਿਆ। ਅਖੀਰ ਤੇ ਮੂਲਾ ਨਾਮਕ ਇਕ ਦੁਕਾਨਦਾਰ ਨੇ ਇਹ ਪਰਚੀ ਮਰਦਾਨੇ ਤੋਂ ਲੈ ਲਈ ਅਤੇ ਇਸ ਦੇ ਪਿਛਲੇ ਪਾਸੇ ਇਹ ਲਿਖਕੇ ‘ਜਿਊਣਾ ਝੂਠ ਅਤੇ ਮਰਨਾ ਸੱਚ` ਪਰਚੀ ਮਰਦਾਨੇ ਨੂੰ ਮੋੜ ਦਿੱਤੀ।ਪਰਚੀ ਵਾਪਸ ਲੈ ਕੇ ਮਰਦਾਨਾ ਉਥੇ ਆ ਗਿਆ ਜਿਥੇ ਗੁਰੂ ਨਾਨਕ ਅਤੇ ਹਮਜ਼ਾ ਗੌਸ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਸਨ।ਇਸ ਉੱਤਰ ਨੇ ਫ਼ਕੀਰ ਨੂੰ ਸ਼ਾਂਤ ਕਰ ਦਿੱਤਾ ਅਤੇ ਗੁਰੂ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਫਿਰ ਮੂਲੇ ਨੂੰ ਮਿਲਣ ਲਈ ਚਲੇ ਗਏ। ਗੁਰੂ ਜੀ ਦੇ ਦਰਸ਼ਨ ਕਰਕੇ ਮੂਲਾ ਬਹੁਤ ਖੁਸ਼ ਹੋਇਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ। ਇਸ ਨੇ ਆਪਣਾ ਵਪਾਰ ਤਿਆਗ ਦਿੱਤਾ ਅਤੇ ਕਸ਼ਮੀਰ ਅਤੇ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਦੀ ਗੁਰੂ ਜੀ ਦੀ ਯਾਤਰਾ ਸਮੇਂ ਨਾਲ ਹੋ ਤੁਰਿਆ।
ਮਿਹਰਬਾਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀਆਂ ਲੰਮੀਆਂ ਉਦਾਸੀਆਂ ਉਪਰੰਤ ਕਰਤਾਰਪੁਰ ਠਹਿਰਨ ਸਮੇਂ ਇਕ ਵਾਰੀ ਫਿਰ ਭਾਈ ਮੂਲੇ ਨੂੰ ਮਿਲਣ ਲਈ ਗਏ ਸਨ। ਮਿਹਰਬਾਨ ਜਨਮ ਸਾਖੀ ਮੁਤਾਬਿਕ ਇਸ ਵਾਰੀ ਉਹਨਾਂ ਨਾਲ ਨਾਂਗੇ ਸਾਧੂ ਸਨ। ਮੂਲਾ ਆਪਣੀ ਪਤਨੀ ਦੀ ਸਲਾਹ ਨਾਲ ਜਿਸ ਨੇ ਦੂਰੋਂ ਹੀ ਗੁਰੂ ਜੀ ਨੂੰ ਆਉਂਦੇ ਹੋਏ ਦੇਖ ਲਿਆ ਸੀ, ਆਪਣੇ ਘਰ ਦੇ ਪਿਛਲੇ ਪਾਸੇ ਹਨੇਰੇ ਕਮਰੇ ਵਿਚ ਲੁਕ ਗਿਆ ਸੀ। ਜਦੋਂ ਗੁਰੂ ਜੀ ਇਸਦੇ ਘਰ ਪਹੁੰਚੇ ਅਤੇ ਮੂਲੇ ਬਾਰੇ ਪੁਛਿਆ ਤਾਂ ਇਸ ਦੀ ਧਰਮ ਪਤਨੀ ਨੇ ਉੱਤਰ ਦਿੱਤਾ ਕਿ ਮੂਲਾ ਘਰ ਨਹੀਂ ਹੈ ਘਰੋਂ ਬਾਹਰ ਗਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਇਹ ਤੁਕਾਂ ਉਚਾਰਨ ਕਰਨ ਉਪਰੰਤ ਚਲੇ ਗਏ: ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ। ਮਰਣੁ ਨਾ ਜਾਪੈ ਮੂਲਿਆ ਆਵੈ ਕਿਤੈ ਥਾਇ (ਦੁਕਾਨਦਾਰਾਂ ਦੀ ਦੋਸਤੀ ਝੂਠੀ ਹੈ; ਹੇ ਮੂਲਿਆ ਕੋਈ ਨਹੀਂ ਜਾਣਦਾ ਕਿ ਮੌਤ ਕਿੱਥੇ ਘੇਰ ਲਵੇਗੀ)। ਭਾਈ ਮੂਲਾ ਇਸ ਪਿੱਛੋਂ ਛੇਤੀ ਹੀ ਚਲਾਣਾ ਕਰ ਗਿਆ। ਭਾਵੇਂ ਕਿ ਮਿਹਰਬਾਨ ਜਨਮ ਸਾਖੀ ਵਿਚ ਇਹ ਜ਼ਿਕਰ ਹੈ ਕਿ ਉਸਨੇ ਆਪਣੇ ਕੀਤੇ ਤੇ ਪਸਚਾਤਾਪ ਕੀਤਾ ਅਤੇ ਉਸਦੇ ਚਲਾਣੇ ਤੋਂ ਪਹਿਲਾਂ ਗੁਰੂ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ਸੀ। ਪਰ ਪ੍ਰਚਲਿਤ ਪਰੰਪਰਾ ਅਨੁਸਾਰ ਜਦੋਂ ਮੂਲਾ ਹਨੇਰੇ ਵਿਚ ਲੁਕਿਆ ਹੋਇਆ ਸੀ ਤਾਂ ਉਸ ਸਮੇਂ ਉਸ ਨੂੰ ਸੱਪ ਨੇ ਡੰਗ ਲਿਆ ਅਤੇ ਉਹ ਸੱਪ ਦੇ ਡੰਗਣ ਕਰਕੇ ਚਲਾਣਾ ਕਰ ਗਿਆ ਸੀ।
ਸਿਆਲਕੋਟ ਵਿਚ ਦੋ ਇਤਿਹਾਸਿਕ ਗੁਰਦੁਆਰੇ ਸਨ ਅਤੇ ਇਹ ਦੋਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਸਨ ਅਤੇ 1947 ਦੀ ਵੰਡ ਵੇਲੇ ਸਮੂਹਿਕ ਕੂਚ ਸਮੇਂ ਇਹਨਾਂ ਨੂੰ ਤਿਆਗ ਦਿੱਤਾ ਗਿਆ ਸੀ।
ਗੁਰਦੁਆਰਾ ਬਾਬੇ ਦੀ ਬੇਰ: ਇਹ ਗੁਰਦੁਆਰਾ ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਜੀ ਇਸ ਸ਼ਹਿਰ ਦੀ ਆਪਣੀ ਪਹਿਲੀ ਫੇਰੀ ਸਮੇਂ ਇਸ ਬੇਰ ਹੇਠ ਬੈਠੇ ਸਨ ਜੋ ਅਜੇ ਵੀ ਸੰਭਾਲ ਕੇ ਰੱਖੀ ਹੋਈ ਹੈ। ਜਦੋਂ 1913 ਵਿਚ ਮਹੰਤ ਹਰਨਾਮ ਸਿੰਘ ਅਕਾਲ ਚਲਾਣਾ ਕਰ ਗਿਆ ਤਾਂ ਸਰਕਾਰ ਨੇ ਇਕ ਨਾਬਾਲਗ ਨੂੰ ਇਸ ਦਾ ਮਹੰਤ ਥਾਪ ਦਿੱਤਾ ਅਤੇ ਇਕ ਪਤਿਤ ਗੰਡਾ ਸਿੰਘ ਨੂੰ ਇਸ ਦਾ ਸਰਬਰਾਹ ਜਾਂ ਮੈਨੇਜਰ ਲਗਾ ਦਿੱਤਾ। ਸਿੱਖਾਂ ਨੇ ਇਸ ਦਾ ਵਿਰੋਧ ਕੀਤਾ, ‘ਖ਼ਾਲਸਾ ਸੇਵਕ ਜਥਾ` ਨਾਂ ਦਾ ਸੰਗਠਨ ਤਿਆਰ ਕੀਤਾ, ਇਸ ਪ੍ਰਬੰਧ ਨੂੰ ਚੁਨੌਤੀ ਦਿੱਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਾ ਪ੍ਰਬੰਧ ਚੁਣੀ ਹੋਈ ਕਮੇਟੀ ਨੂੰ ਦਿੱਤਾ ਜਾਵੇ। ਜਦੋਂ ਇਸ ਜਥੇ ਦੇ ਕੇਸ ਨੂੰ ਅਦਾਲਤ ਨੇ ਮਨਸੂਖ ਕਰ ਦਿੱਤਾ ਤਾਂ ਜਥੇ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਇਹਨਾਂ ਨੇ ਇਕੱਠ ਕਰਨੇ ਅਤੇ ਆਪਣੀ ਗਲ ਮਨਾਉਣ ਲਈ ਜਲੂਸ ਕੱਢਣੇ ਅਰੰਭ ਕਰ ਦਿੱਤੇ। ਇਸ ਤਰ੍ਹਾਂ ਇਸ ਵਧਦੇ ਹੋਏ ਦਬਾਅ ਕਾਰਨ ਸਰਕਾਰ ਨੂੰ ਝੁਕਣਾ ਪਿਆ ਅਤੇ 5 ਅਕਤੂਬਰ 1920 ਨੂੰ ਸਿੱਖ ਨੇਤਾਵਾਂ ਦੇ ਵਿਰੁੱਧ ਕੇਸ ਵਾਪਸ ਲੈ ਲਿਆ ਅਤੇ 9 ਮੈਂਬਰੀ ਕਮੇਟੀ ਨੂੰ ਮਾਨਤਾ ਦੇ ਦਿੱਤੀ ਜਿਸਨੇ ਪਹਿਲਾਂ ਹੀ ਗੁਰਦੁਆਰੇ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ ਸੀ। ਇਹ ਪੰਜਾਬ ਵਿਚ ਸਿੱਖ ਗੁਰਦੁਆਰਿਆਂ ਦੇ ਸੁਧਾਰ ਲਈ ਅਰੰਭੇ ਲੰਮੇ ਸਮੇਂ ਤਕ ਚਲਣ ਵਾਲੇ ਅੰਦੋਲਨ ਦੀ ਪਹਿਲੀ ਮੁਹਿੰਮ ਸੀ।
ਗੁਰਦੁਆਰਾ ਬਾਉਲੀ ਸਾਹਿਬ : ਇਕ ਖੁੱਲ੍ਹੇ ਖੂਹ ਦਾ ਨਾਂ ਹੈ ਜਿਸ ਦੀਆਂ ਪੌੜੀਆਂ ਹੇਠਾਂ ਪਾਣੀ ਦੀ ਪੱਧਰ ਤਕ ਜਾਂਦੀਆਂ ਹਨ। ਇਹ ਭਾਈ ਮੂਲਾ ਦੇ ਘਰ ਵਾਲੀ ਜਗ੍ਹਾ ਤੇ ਬਣਿਆ ਹੋਇਆ ਹੈ। 1947 ਵਿਚ ਪੰਜਾਬ ਦੀ ਵੰਡ ਸਮੇਂ ਇਹ ਗੁਰਦੁਆਰਾ ਵੀ ਪਾਕਿਸਤਾਨ ਵਿਚ ਰਹਿ ਗਿਆ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਿਆਲਕੋਟ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਿਆਲਕੋਟ : ਪਾਕਿਸਤਾਨ ਵਿਚ ਇਕ ਜ਼ਿਲ੍ਹਾ ਅਤੇ ਉਸ ਜ਼ਿਲ੍ਹੇ ਦਾ ਸਦਰਮੁਕਾਮ ਹੈ।
ਜ਼ਿਲ੍ਹਾ––ਇਹ ਪੱਛਮੀ ਪੰਜਾਬ ਪਾਕਿਸਤਾਨ ਦੇ ਲਾਹੌਰ ਡਵੀਜ਼ਨ ਦਾ ਇਕ ਉੱਘਾ ਜ਼ਿਲ੍ਹਾ ਹੈ। ਜ਼ਿਲ੍ਹੇ ਦੀਆਂ ਹੱਦਾਂ ਅਤੇ ਤਹਿਸੀਲਾਂ ਵਿਚ ਸਮੇਂ ਸਮੇਂ ਅਨੁਸਾਰ ਕਈ ਵਾਰੀ ਅਦਲਾ ਬਦਲੀ ਹੋਈ ਹੈ। ਸੰਨ 1901 ਵਿਚ ਇਸ ਜ਼ਿਲ੍ਹੇ ਦਾ ਕੁੱਲ ਰਕਬਾ 5,097 ਵ. ਕਿ. ਮੀ. ਸੀ ਅਤੇ ਇਹ ਸਿਆਲਕੋਟ, ਡਸਕਾ, ਰਾਈਯਾ, ਪਸਰੂਰ ਅਤੇ ਜ਼ਫ਼ਰਵਾਲ ਪੰਜ ਤਹਿਸੀਲਾਂ ਵਿਚ ਵੰਡਿਆ ਹੋਇਆ ਸੀ। ਸੰਨ 1932 ਵਿਚ ਲਾਹੌਰ ਦੇ ਜ਼ਿਲ੍ਹੇ ਦਾ ਕੁਝ ਇਲਾਕਾ ਇਸ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਇਸ ਜ਼ਿਲ੍ਹੇ ਨੂੰ ਮੁੜ ਚਾਰ ਤਹਿਸੀਲਾਂ ਵਿਚ ਵੰਡਿਆ ਗਿਆ। ਇਹ ਤਹਿਸੀਲਾਂ ਸਿਆਲਕੋਟ, ਡਸਕਾ, ਪਸਰੂਰ, ਅਤੇ ਨਾਰੋਵਾਲ ਵਿਚ ਕਾਇਮ ਕੀਤੀਆਂ ਗਈਆਂ। ਸੰਨ 1947 ਵਿਚ ਸਾਰੇ ਦੇਸ਼ ਦੀ ਵੰਡ ਹੋਈ, ਜਿਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ੱਕਰਗੜ੍ਹ ਪਾਕਿਸਤਾਨ ਵਿਚ ਚਲੀ ਗਈ ਅਤੇ ਇਸ ਨੂੰ ਸਿਆਲਕੋਟ ਜ਼ਿਲ੍ਹੇ ਦੀ ਪੰਜਵੀਂ ਤਹਿਸੀਲ ਬਣਾ ਦਿੱਤਾ ਗਿਆ। ਇਸ ਸਮੇਂ ਇਸ ਜ਼ਿਲ੍ਹੇ ਦਾ ਖੇਤਰਫ਼ਲ 5,354 ਵ. ਕਿ. ਮੀ. ਹੈ। ਜ਼ਿਲ੍ਹੇ ਦੀ ਕੁਲ ਆਬਾਦੀ 2,290,000 (1972) ਹੈ। ਇਸ ਦੇ ਦੱਖਣ-ਪੂਰਬ ਵੱਲ ਰਾਵੀ ਅਤੇ ਉੱਤਰ-ਪੱਛਮ ਵੱਲ ਚਨਾਬ ਦਰਿਆ ਹੈ। ਇਸ ਜ਼ਿਲ੍ਹੇ ਦੇ ਉੱਤਰ-ਪੂਰਬ ਵੱਲ ਜੰਮੂ ਅਤੇ ਕਸ਼ਮੀਰ ਰਾਜ, ਪੂਰਬ ਵਿਚ ਪੰਜਾਬ ਦਾ ਜ਼ਿਲ੍ਹਾ ਗੁਰਦਾਸ ਪੁਰ ਅਤੇ ਪੱਛਮ ਵੱਲ ਜ਼ਿਲ੍ਹਾ ਗੁਜਰਾਂਵਾਲਾ ਅਤੇ ਲਾਹੌਰ ਸਨ। ਸਿਆਲਕੋਟ ਦਾ ਜ਼ਿਲ੍ਹਾ ਪਹਾੜ ਦੀ ਤਰਾਈ ਵਿਚ ਹੈ। ਜ਼ਿਲ੍ਹੇ ਦਾ ਉਤਰੀ ਭਾਗ ਬਹੁਤ ਉਪਜਾਊ ਹੈ ਅਤੇ ਇਸ ਨੂੰ ਅਪਰ ਚਨਾਬ ਨਹਿਰ ਸਿੰਜਦੀ ਹੈ। ਇਸ ਜ਼ਿਲ੍ਹੇ ਦੀਆਂ ਮਸ਼ਹੂਰ ਫ਼ਸਲਾਂ ਕਣਕ, ਗੰਨਾ, ਕਚਾਲੂ ਅਤੇ ਚਾਉਲ ਹਨ। ਇਸ ਜ਼ਿਲ੍ਹੇ ਵਿਚ ਅਰਾਈਂ ਕਾਫ਼ੀ ਗਿਣਤੀ ਵਿਚ ਰਹਿੰਦੇ ਹਨ, ਜੋ ਸਬਜ਼ੀਆਂ ਉਗਾਉਣ ਵਿਚ ਮਾਹਿਰ ਗਿਣੇ ਜਾਂਦੇ ਹਨ।
ਸ਼ਹਿਰ––ਆਮ ਰਵਾਇਤ ਅਨੁਸਾਰ ਸਿਆਲਕੋਟ ਸ਼ਹਿਰ ਦੀ ਸਥਾਪਨਾ ਵਿਕਰਮਾਦਿਤ ਦੇ ਰਾਜ ਵੇਲੇ ਰਾਜ ਸਾਲਵਾਹਨ ਨੇ ਕੀਤੀ। ਲੋਕ ਕਹਾਣੀਆਂ ਦਾ ਪ੍ਰਸਿੱਧ ਨਾਇਕ ਪੂਰਨ ਭਗਤ ਇਸੇ ਰਾਜੇ ਸਾਲਵਾਹਨ ਦਾ ਪੁੱਤਰ ਸੀ। ਸੰਨ 790 ਈ. ਵਿਚ ਸਿਆਲਕੋਟ ਦੇ ਕਿਲ੍ਹੇ ਅਤੇ ਸ਼ਹਿਰ ਨੂੰ ਰਾਜਾ ਨਾਰੌਤ ਨੇ ਤਬਾਹ ਕਰ ਦਿੱਤਾ। ਸਤਾਰ੍ਹਵੀਂ ਸਦੀ ਵਿਚ ਜੰਮੂ ਦੇ ਡੋਗਰੇ ਸਰਦਾਰ ਇਸ ਉੱਤੇ ਕਾਬਜ਼ ਹੋ ਗਏ। ਮਹਾਰਾਜ ਰਣਜੀਤ ਸਿੰਘ ਵੇਲੇ ਸਿਆਲਕੋਟ ਨੂੰ ਸਿੱਖ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਸੰਨ 1849 ਵਿਚ ਸਿੱਖਾਂ ਤੇ ਅੰਗਰੇਜ਼ਾਂ ਦੀ ਦੂਜੀ ਲੜਾਈ ਮਗਰੋਂ ਸਿਆਲਕੋਟ ਅੰਗ੍ਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਸੰਨ 1867 ਵਿਚ ਨਗਰਪਾਲਕਾ ਸਥਾਪਤ ਕੀਤੀ ਗਈ। ਸਿਆਲਕੋਟ ਦਾ ਵੱਡਾ ਇਤਿਹਾਸਕ ਸਥਾਨ ਇਥੋਂ ਦਾ ਕਿਲ੍ਹਾ ਹੈ ਪਰ ਹੁਣ ਵਾਲਾ ਕਿਲ੍ਹਾ ਬਾਰ੍ਹਵੀਂ ਸਦੀ ਦੇ ਅੰਤ ਵਿਚ ਸ਼ਹਾਬਉੱਦੀਨ ਗੌਰੀ ਨੇ ਨੇੜੇ ਉਸੇ ਥਾਂ ਤੇ ਬਣਵਾਇਆ ਸੀ। ਇਹ ਵੀ ਕਹਿੰਦੇ ਹਨ ਕਿ ਪੂਰਨ ਭਗਤ ਨੂੰ ਕੈਦ ਵਿਚ ਰਖਣ ਲਈ ਭੋਰਾ ਇਸੇ ਕਿਲ੍ਹੇ ਵਿਚ ਬਣਵਾਇਆ ਗਿਆ ਸੀ।
ਇਸ ਤੋਂ ਇਲਾਵਾ ਇਥੇ ਬਾਬੇ ਦੀ ਬੇਰ ਦਾ ਗੁਰਦਵਾਰਾ ਬਣਿਆ ਹੋਇਆ ਹੈ। ਇਹ ਗੁਰਦਵਾਰਾ ਉਸ ਥਾਂ ਤੇ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਉਪਦੇਸ਼ ਦੇਣ ਲਈ ਬਿਰਾਜਮਾਨ ਹੋਏ ਸਨ। ਇਸ ਦੇ ਨੇੜੇ ਹੀ ਹਮਜ਼ਾ ਗੌਸ ਫ਼ਕੀਰ ਦਾ ਮਕਬਰਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸਿਆਲਕੋਟ ਵਿਚ ਇਕ ਬਾਉਲੀ ਬਣਵਾਈ ਸੀ ਜਿੱਥੇ ਹੁਣ ਬਾਉਲੀ ਸਾਹਿਬ ਦਾ ਗੁਰਦਵਾਰਾ ਹੈ। ਸ਼ਹਿਰ ਦੇ ਨੇੜੇ ਹੀ ਤੇਜ਼ਾਬੀ ਪਾਣੀ ਦਾ ਇਕ ਖੂਹ ਹੈ ਜਿਸਨੂੰ ਪੂਰਨ ਭਗਤ ਦਾ ਖੂਹ ਕਿਹਾ ਜਾਂਦਾ ਹੈ। ਰਾਜਾ ਤੇਜ ਸਿੰਘ ਨੇ ਇਥੇ ਇਕ ਬਹੁਤ ਵੱਡਾ ਸ਼ਿਵਾਲਾ ਬਣਵਾਇਆ ਸੀ।
ਸਿਆਲਕੋਟ ਅੰਗ੍ਰੇਜ਼ਾਂ ਦੀ ਹਕੂਮਤ ਵੇਲੇ ਜੰਮੂ ਤੇ ਕਸ਼ਮੀਰ ਦੀ ਰਿਆਸਤ ਦੀ ਹੱਦ ਉਤੇ ਸੀ ਜਿਸ ਕਰਕੇ ਇਥੇ ਬਹੁਤ ਵੱਡੀ ਛਾਉਣੀ ਕਾਇਮ ਕੀਤੀ ਗਈ। ਇਸ ਵੇਲੇ ਵੀ ਇਹ ਸ਼ਹਿਰ ਪਾਕਿਸਤਾਨੀ ਫ਼ੌਜ ਦਾ ਵੱਡਾ ਕੇਂਦਰ ਹੈ।
ਸਿਆਲਕੋਟ ਵਿਚ ਉਦਯੋਗਕ ਤਰੱਕੀ ਬਹੁਤ ਜ਼ਿਆਦਾ ਹੋਈ ਹੈ। ਸੰਨ 1932 ਤੋਂ ਇਥੇ ਖੇਡਾਂ ਦੇ ਸਾਮਾਨ ਬਣਾਉਣ ਵਿਚ ਉੱਨਤੀ ਸ਼ੁਰੂ ਹੋਈ। ਦੂਜੇ ਵੱਡੇ ਯੁੱਧ ਤਕ ਸਿਆਲਕੋਟ ਅਜਿਹਾ ਸਾਮਾਨ ਬਣਾਉਣ ਵਿਚ ਸੰਸਾਰ-ਭਰ ਵਿਚ ਸਭ ਤੋਂ ਵੱਡਾ ਕੇਂਦਰ ਬਣ ਗਿਆ। ਯੁੱਧ ਦੇ ਦਿਨਾਂ ਵਿਚ ਹਸਪਤਾਲਾਂ ਵਿਚ ਵਰਤੇ ਜਾਣ ਵਾਲੇ ਸਰਜੀਕਲ ਸਾਮਾਨ ਬਣਾਉਣ ਵਿਚ ਵੀ ਇਥੇ ਜ਼ਿਆਦਾ ਤਰੱਕੀ ਹੋਈ। ਅੱਜ ਵੀ ਇਹ ਪਾਕਿਸਤਾਨ ਦਾ ਇਕ ਵੱਡਾ ਉਦਯੋਗਕ ਕੇਂਦਰ ਹੈ।
ਆਬਾਦੀ––212,000 (1972)
32° 30' ਉ. ਵਿਥ.; 74° 32' ਪੂ. ਲੰਬ.
ਹ.ਪੁ.––ਇੰਪ. ਗ. ਇੰਡ. 22; ਐਨ. ਬ੍ਰਿ. ਮਾ. 9 : 176
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਸਿਆਲਕੋਟ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਿਆਲਕੋਟ : ਜ਼ਿਲ੍ਹਾ –––ਇਹ ਪੱਛਮੀ ਪੰਜਾਬ (ਪਾਕਿਸਤਾਨ) ਦਾ ਇਕ ਉੱਘਾ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਵਿਚ ਸਮੇਂ ਨਾਲ ਕਾਫ਼ੀ ਤਬਦੀਲੀ ਆਉਂਦੀ ਰਹੀ ਹੈ। ਸੰਨ 1901 ਵਿਚ ਇਹ ਜ਼ਿਲ੍ਹਾ ਪੰਜ ਤਹਿਸੀਲਾਂ , ਸਿਆਲਕੋਟ, ਡਸਕਾ, ਰਈਯਾ, ਪਸਰੂਰ ਅਤੇ ਜਫ਼ਰਵਾਲ ਵਿਚ ਵੰਡਿਆ ਹੋਇਆ ਸੀ। ਸੰਨ 1932 ਵਿਚ ਲਾਹੌਰ ਜ਼ਿਲ੍ਹੇ ਦਾ ਕੁਝ ਇਲਾਕਾ ਇਸ ਜ਼ਿਲ੍ਹੇ ਵਿਚ ਮਿਲਾ ਕੇ ਇਸ ਨੂੰ ਚਾਰ ਤਹਿਸੀਲਾਂ, ਸਿਆਲਕੋਟ, ਡਸਕਾ, ਪਸਰੂਰ ਅਤੇ ਨਾਰੋਵਾਲ ਵਿਚ ਵੰਡਿਆ ਗਿਆ। ਸੰਨ 1947 ਵਿਚ ਦੇਸ਼ ਵੰਡ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਪਾਕਿਸਤਾਨ ਵਿਚ ਚਲੀ ਜਾਣ ਤੇ ਇਸ ਨੂੰ ਸਿਆਲਕੋਟ ਜ਼ਿਲ੍ਹੇ ਦੀ ਪੰਜਵੀਂ ਤਹਿਸੀਲ ਬਣਾ ਦਿੱਤਾ ਗਿਆ। ਇਸ ਵੇਲੇ ਇਸ ਜ਼ਿਲ੍ਹੇ ਦੇ ਦੱਖਣ-ਪੂਰਬ ਵੱਲ ਰਾਵੀ ਤੇ ਉੱਤਰ-ਪੱਛਮ ਵੱਲ ਚਨਾਬ ਦਰਿਆ ਹੈ। ਇਸ ਜ਼ਿਲ੍ਹੇ ਦੇ ਉੱਤਰ ਪੂਰਬ ਵੱਲ ਜੰਮੂ ਤੇ ਕਸ਼ਮੀਰ ਰਾਜ, ਪੂਰਬ ਵਿਚ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਅਤੇ ਪੱਛਮ ਵੱਲ ਜ਼ਿਲ੍ਹਾ ਗੁਜਰਾਂਵਾਲਾ ਤੇ ਲਾਹੌਰ ਹਨ।
ਇਹ ਜ਼ਿਲ੍ਹਾ ਪਹਾੜ ਦੀ ਤਰਾਈ ਵਿਚ ਹੈ ਅਤੇ ਇਸ ਜ਼ਿਲ੍ਹੇ ਦਾ ਉੱਤਰੀ ਭਾਗ ਬਹੁਤ ਉਪਜਊ ਹੈ। ਇਸ ਖੇਤਰ ਦੀ ਸਿੰਜਾਈ ਅਪਰ ਚਨਾਬ ਨਹਿਰ ਦੁਆਰਾ ਹੁੰਦੀ ਹੈ। ਇਥੋਂ ਦੀਆਂ ਮਸ਼ਹੂਰ ਫਸਲਾਂ ਕਣਕ, ਗੰਨਾ ਅਤੇ ਚਾਵਲ ਹਨ। ਇਥੇ ਅਰਾਈਂ ਜਾਤ ਦੇ ਲੋਕਾਂ ਦੀ ਕਾਫ਼ੀ ਗਿਣਤੀ ਹੈ। ਇਹ ਲੋਕ ਸਬਜ਼ੀਆਂ ਉਗਾਉਣ ਵਿਚ ਖ਼ਾਸ ਮਾਹਰ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-03-39-03, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 211 ਐਨ. ਬ੍ਰਿ. ਮਾ. 9: 176; ਪੰ. ਵਿ. ਕੋ. 5
ਸਿਆਲਕੋਟ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਿਆਲਕੋਟ : ਸ਼ਹਿਰ –– ਸਿਆਲਕੋਟ ਸ਼ਹਿਰ ਦੀ ਸਥਾਪਨਾ ਬਿਕਰਮਾਦਿਤ ਦੇ ਰਾਜ ਵੇਲੇ ਰਾਜਾ ਸਲਵਾਹਨ ਨੇ ਕੀਤੀ। ਲੋਕ ਕਹਾਣੀਆਂ ਦਾ ਪ੍ਰਸਿੱਧ ਨਾਇਕ ਪੂਰਨ ਭਗਤ ਰਾਜੇ ਸਲਵਾਹਨ ਦਾ ਪੁੱਤਰ ਸੀ। ਸੰਨ 790 ਵਿਚ ਸਿਆਲਕੋਟ ਦੇ ਕਿਲੇ ਅਤੇ ਸ਼ਹਿਰ ਨੂੰ ਰਾਜੇ ਨਾਰੌਤ ਨੇ ਤਬਾਹ ਕਰ ਦਿੱਤਾ। ਸਤਾਰ੍ਹਵੀਂ ਸਦੀ ਵਿਚ ਜੰਮੂ ਦੇ ਡੋਗਰੇ ਸਰਦਾਰਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਵੇਲੇ ਸਿਆਲਕੋਟ ਨੂੰ ਸਿੱਖ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਸੰਨ 1849 ਵਿਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ ਲੜਾਈ ਮਗਰੋਂ ਸਿਆਲਕੋਟ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ।
ਸਿਆਲਕੋਟ ਦਾ ਵੱਡਾ ਇਤਿਹਾਸਕ ਸਥਾਨ, ਸ਼ਹਿਰ ਦੇ ਵਿਚਕਾਰ ਸਥਿਤ ਵੱਡਾ ਕਿਲਾ ਹੈ ਜਿਸ ਨੂੰ ਰਾਜੇ ਸਲਵਾਹਨ ਨੇ ਬਣਵਾਇਆ ਸੀ ਅਤੇ ਜਿਸ ਦੀ ਮੁੜ ਨਵੀਂ ਉਸਾਰੀ ਬਾਰ੍ਹਵੀਂ ਸਦੀ ਦੇ ਅੰਦ ਵਿਚ ਸ਼ਹਾਬ-ਉਦ-ਦੀਨ ਗੌਰੀ ਨੇ ਕਰਵਾਈ। ਕਿਹਾ ਜਾਂਦਾ ਹੈ ਕਿ ਪੂਰਨ ਭਗਤ ਨੂੰ ਕੈਦ ਵਿਚ ਰੱਖਣ ਲਈ ਇਸ ਕਿਲੇ ਵਿਚ ਇਕ ਭੌਰਾ ਬਣਵਾਇਆ ਗਿਆ ਸੀ। ਇਸ ਤੋਂ ਇਲਾਵਾ ਇਥੇ ਹੋਰ ਇਤਿਹਾਸਕ ਸਥਾਨ ਵੀ ਹਨ। ਗੁਰੂ ਨਾਨਕ ਦੇ ਜੀ ਲੋਕਾਂ ਨੂੰ ਉਪਦੇਸ਼ ਦੇਣ ਲਈ ਜਿਥੇ ਬਿਰਾਜਮਾਨ ਹੋਏ ਸਨ ਉਥੇ 'ਬਾਬੇ ਦੀ ਬੇਰ' ਗੁਰਦੁਆਰਾ ਹੈ। ਇਸ ਦੇ ਨੇੜੇ ਹੀ ਹਮਜ਼ਾ ਗੌਂਸ ਫ਼ਕੀਰ ਦਾ ਮਕਬਰਾ ਹੈ। ਗੁਰੂ ਅਰਜਨ ਦੇਵ ਜੀ ਦੀ ਬਣਵਾਈ ਬਾਵੁਲੀ ਵਾਲੀ ਥਾਂ ਤੇ 'ਬਾਉਲੀ ਸਾਹਿਬ' ਗੁਰਦੁਵਾਰਾ ਹੈ। ਇਥੇ ਤੇਜ਼ਾਬੀ ਪਾਣੀ ਦਾ ਇਕ ਖੂਹ ਹੈ ਜਿਸ ਨੂੰ 'ਪੂਰਨ ਭਗਤ ਦਾ ਖੂਹ' ਕਿਹਾ ਜਾਂਦਾ ਹੈ। ਰਾਜਾ ਤੇਜ ਸਿੰਘ ਨੇ ਇਥੇ ਇਕ ਬਹੁਤ ਵੱਡਾ ਸ਼ਿਵਾਲਾ ਬਣਵਾਇਆ ਸੀ।
ਅੰਗਰੇਜ਼ੀ ਰਾਜ ਵੇਲੇ ਸਿਆਲਕੋਟ, ਜੰਮੂ ਤੇ ਕਸ਼ਮੀਰ ਰਿਆਸਤ ਦੀ ਹੱਦ ਉੱਤੇ ਸੀ। ਇਹ ਸ਼ਹਿਰ ਪਾਕਿਸਤਾਨੀ ਫ਼ੌਜ ਦਾ ਇਕ ਵੱਡਾ ਕੇਂਦਰ ਹੈ। ਉਦਯੋਗਿਕ ਤਰੱਕੀ ਪੱਖੋਂ ਸਿਆਲਕੋਟ ਕਾਫ਼ੀ ਅੱਗੇ ਰਿਹਾ ਹੈ। ਸੰਨ 1932 ਵਿਚ ਇਥੇ ਖੇਡਾਂ ਦਾ ਸਾਮਾਨ ਬਣਨਾ ਸ਼ੁਰੂ ਹੋਇਆ। ਦੂਜੇ ਮਹਾਂ ਯੁੱਧ ਤਕ ਸਿਆਲਕੋਟ ਅਜਿਹਾ ਸਾਮਾਨ ਬਣਾਉਣ ਵਿਚ ਸੰਸਾਰ ਭਰ ਵਿਚ ਸਭ ਤੋਂ ਵੱਡਾ ਕੇਂਦਰ ਬਣ ਗਿਆ। ਯੁੱਧ ਦੇ ਦਿਨਾਂ ਵਿਚ ਇਥੇ ਸਰਜੀਕਲ ਸਾਮਾਨ ਬਣਾਉਣ ਦਾ ਕੰਮ ਵੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਹੋਣ ਲਗਾ। ਹੁਣ ਵੀ ਇਹ ਪਾਕਿਸਤਾਨ ਦਾ ਇਕ ਵੱਡਾ ਉਦਯੋਗਿਕ ਕੇਂਦਰ ਹੈ।
ਆਬਾਦੀ – 2,12,000 (1972)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-03-40-13, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ: 22; ਐਨ. ਬ੍ਰਿ. ਮਾ. 9:176; ਪੰ. ਵਿ. ਕੋ. 5
ਵਿਚਾਰ / ਸੁਝਾਅ
Please Login First