ਸਿੱਖੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖੀ [ਨਾਂਇ] ਸਿੱਖਮਤ, ਸਿੱਖ ਧਰਮ , ਸਿੱਖ ਮਰਯਾਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੱਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖੀ. ਸੰਗ੍ਯਾ—ਸਿਖ੍ਯਾ ਧਾਰਨ ਦੀ ਕ੍ਰਿਯਾ। ੨ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਪੱਧਤਿ. “ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ.” (ਭਾਗੁ) “ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ.” (ਗੁਪ੍ਰਸੂ) ਦੇਖੋ, ਸਿੱਖਧਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੱਖੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖੀ: ਸਿੱਖ ਦੀ ਮਰਯਾਦਾ ਜਾਂ ਜੀਵਨ-ਵਿਧੀ ਹੀ ‘ਸਿੱਖੀ’ ਹੈ। ਇਸ ਬਾਰੇ ਗੁਰਬਾਣੀ ਵਿਚ ਅਨੇਕ ਥਾਂਵਾਂ ਉਤੇ ਕਥਨ ਮਿਲ ਜਾਂਦੇ ਹਨ, ਪਰ ਇਸ ਦੇ ਸਰੂਪ ਦਾ ਵਿਸਤਾਰ ਸਹਿਤ ਵਰਣਨ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਸਵੈਯਾਂ ਵਿਚ ਹੋਇਆ ਹੈ ਕਿਉਂਕਿ ਇਨ੍ਹਾਂ ਦਾ ਰਚਨਾ-ਉਦੇਸ਼ ਹੀ ਸਿੱਖ, ਸਿੱਖੀ, ਗੁਰੂ ਸਿੱਖ ਸੰਬੰਧ ਆਦਿ ਵਿਸ਼ਿਆਂ ਦਾ ਵਿਸ਼ਲੇਸ਼ਣ ਹੀ ਰਿਹਾ ਹੈ। ਅਸਲ ਵਿਚ ‘ਸਿੱਖੀ’ ਦੀ ਪਾਲਨਾ ਬੜੀ ਕਠਿਨ ਸਾਧਨਾ ਹੈ। ਭਾਈ ਗੁਰਦਾਸ ਅਨੁਸਾਰ — ਗੁਰਸਿਖੀ ਬਾਰੀਕ ਹੈ ਉਹ ਵਾਲਹੁ ਨਿਕੀ ਤ੍ਰਿਖੀ ਖੰਡੇਹਾਰ ਹੈ ਉਹ ਵਾਲਹੁ ਨਿੱਕੀ (ਵਾਰ 9)। ਇਕ ਹੋਰ ਥਾਂ’ਤੇ ਵੀ ਭਾਈ ਜੀ ਨੇ ਕਿਹਾ ਹੈ — ਵਾਲਹੁੰ ਨਿਕੀ ਆਖੀਐ ਖੰਡੇ ਧਾਰਹੁੰ ਸੁਣੀਐ ਤਿਖੀ ਸਤਿਗੁਰੁ ਤੁਠੇ ਪਾਈਐ ਸਾਧ ਸੰਗਤ ਗੁਰਮਤਿ ਗੁਰਸਿਖੀ (ਵਾਰ 28)।

            ਭਾਈ ਮਨੀ ਸਿੰਘ ਨੇ ‘ਸਿੱਖਾਂ ਦੀ ਭਗਤਮਾਲਾ ’ ਵਿਚ ਲਖਨਊ ਨਿਵਾਸੀ ਭਾਈ ਚੂਹੜ ਪਾਸੋਂ ਛੇਵੇਂ ਗੁਰੂ ਜੀ ਨੂੰ ਪ੍ਰਸ਼ਨ ਕਰਵਾ ਕੇ ਅਤੇ ਫਿਰ ਗੁਰੂ ਜੀ ਵਲੋਂ ਉਸ ਦੇ ਉਤਰ ਵਿਚ ਸਿੱਖੀ ਦੇ ਮੂਲ ਸੰਬੰਧੀ ਜਾਣਕਾਰੀ ਦਿੰਦਿਆਂ ਲਿਖਿਆ ਹੈ— ਮਨ ਨੀਵਾਂ, ਸੇਵਾ ਟਹਿਲ, ਸਾਧ ਸੰਗਤਿ ਕਾ ਸੰਗ, ਸ਼ਬਦ ਦਾ ਅਭਿਆਸ ਸਮਝ (ਗਯਾਨ), ਜਿਸ ਨੇ ਜਗਤ ਕੋ ਝੂਠ ਅਤੇ ਪਰਮਾਤਮਾ ਕੋ ਸਤ ਜਾਤਾ ਹੈ ਸੋ ਸਿਖ ਹੈ, ਤੁਸੀਂ ਸਾਰੇ ਇਕ ਵਾਹਿਗੁਰੂ ਨੂੰ ਜਾਣਨਾ

            ਸੰਖੇਪ ਵਿਚ ‘ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ’ ਸਿੱਖੀ ਦਾ ਮੂਲ-ਆਧਾਰ ਹੈ, ਬਾਕੀ ਸਭ ਕੁਝ ਇਸ ਦਾ ਸਰੂਪ ਵਿਸ਼ਲੇਸ਼ਣ ਹੈ। ਵੇਖੋ ‘ਸਿੱਖ’, ‘ਪੰਥ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿੱਖੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੱਖੀ: ‘ਸਿੱਖੀ’ ਉਹ ਰੀਤ, ਰਹਿਣੀ ਜਾਂ ਮਰਯਾਦਾ ਹੈ ਜਿਸ ਨੂੰ ਗੁਰੂ ਦਾ ਸਿੱਖ ਧਾਰਣ ਕਰਦਾ ਹੈ। ਹਰੇਕ ਮੱਤ ਦੇ ਕਿਸੇ ਵਿਸ਼ੇਸ਼ ਅਸੂਲ ਨੂੰ ਗ੍ਰਹਿਣ ਕਰਕੇ ਉਸ ਤੱਤ ਵਿਸ਼ੇਸ਼ ਦੇ ਸੰਚਾਲਕ ਦੁਆਰਾ ਦਰਸਾਏ ਗਏ ਨਿਯਮਾਂ ਅਨੁਸਾਰ ਆਪਣਾ ਜੀਵਨ ਢਾਲਣਾ ਲਗਭਗ ਹਰ ਧਰਮ–ਸਾਧਨਾ ਵਿਚ ਪ੍ਰਚੱਲਿਤ ਹੈ। ਸਿੱਖ ਧਰਮ ਦੀ ਸਥਾਪਨਾ ਤੋਂ ਪਿੱਛੋਂ ਸਿੱਖ ਧਰਮ ਦੇ ਅਨੁਯਾਈਆਂ ਦੀ ਮਰਯਾਦਾ ਆਦਿ ਲਈ ‘ਸਿੱਖੀ’ ਜਾਂ ‘ਗਰੁਸਿੱਖੀ’ ਸ਼ਬਦ ਰੂੜ੍ਹ ਹੋਇਆ। ਗੁਰੂ ਨਾਨਕ ਦੇਵ ਜੀ ਨੇ ‘ਆਸਾ ਦੀ ਵਾਰ’ ਵਿਚ ਸਿੱਖੀ ਦੀ ਪਰਿਭਾਸ਼ਾ ਦਿੰਦਿਆਂ ਗੁਰੂ ਦੇ ਵਿਚਾਰ ਅਨੁਸਾਰ ਸਿੱਖਿਆ ਪ੍ਰਾਪਤ ਕਰਕੇ ਜੀਵਨ ਜਾਚ ਨੂੰ ਸਿੱਖੀ ਆਖਿਆ ਹੈ–‘ਸਿੱਖੀ’ ਸਿੱਖਿਆ ਗੁਰ ਵਿਚਾਰ’। ਗੁਰੂ ਨਾਨਕ ਦੇਵ ਜੀ ਨੇ ‘ਸਲੋਕ ਵਾਰਾਂ ਤੇ ਵਧੀਕ’ ਵਿਚ ਸਿੱਖੀ ਦੇ ਮਾਰਗ ਨੂੰ ਅਤਿ ਬਿਖੜਾ ਦਸਦਿਆਂ ਲਿਖਿਆ ਹੈ :

                   ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ।

                   ਇਤੁ ਮਾਰਗਿ ਪੇਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।                  (ਆ.ਗ੍ਰੰ.ਪੰਨਾ ੧੪੧੨)

          ਗੁਰੂ ਅਮਰਦਾਸ ਜੀ ਨੇ ‘ਅਨੰਦੁ' ਸਾਹਿਬ ਵਿਚ ਗੁਰਸਿੱਖੀ ਨੂੰ ਖੰਡਿਓ ਤਿੱਖੀ ਵਾਲਹੁ ਨਿੱਕੀ ਦਸਿਆ ਹੈ ਜਿਸ ਨੂੰ ਪੂਰੇ ਵਿਸਤਾਰ ਨਾਲ ਭਾਈ ਗੁਰਦਾਸ ਨੇ ਇੰਜ ਬਿਆਨ ਕੀਤਾ ਹੈ:

                   ਗੁਰਸਿਖੀ ਬਾਰੀਕ ਹੈ, ਉਹ ਵਾਲਹੁ ਨਿੱਕੀ।

                   ਤ੍ਰਿਖੀ ਖੰਡੇਹਾਰ ਹੈ, ਉਹ ਵਾਲਹੁ ਨਿੱਕੀ। (੯)

                                       ਅਤੇ

                   ਵਾਲਹੁ ਨਿਕੀ ਆਖੀਐ ਖੰਡੇ ਧਾਰਹੁੰ ਸੁਣੀਐ ਤਿੱਖੀ।

                   ਸਤਿਗੁਰ ਤੁਠੇ ਪਾਈਐ ਸਾਧ ਸੰਗਤ ਗੁਰਮਤਿ ਗੁਰਸਿਖੀ। (੨੮)

                   ਅਸਲ ਵਿਚ, ਭਾਈ ਗੁਰਦਾਸ ਦੀਆਂ ਵਾਰਾਂ ਦਾ ਉਦੇਸ਼ ਸਿੱਖੀ–ਮਰਯਾਦਾ ਦਾ ਸਰੂਪ ਨਿਸ਼ਚਿਤ ਕਰਨਾ ਹੀ ਰਿਹਾ ਹੈ। ਭਾਈ ਮਨੀ ਸਿੰਘ ਨੇ ‘ਭਗਤ ਰਤਨਾਵਲੀ' ਵਿਚ ਲਖਨਊ ਨਿਵਾਸੀ ਭਾਈ ਚੂਹੜ ਪਾਸੋਂ ਛੇਵੇਂ ਗੁਰੂ ਜੀ ਨੂੰ ਪ੍ਰਸ਼ਨ ਕਰਵਾ ਕੇ ਤੇ ਗੁਰੂ ਜੀ ਵੱਲੋਂ ਉਸ ਦੇ ਉੱਤਰ ਵਿਚ ਸਿੱਖੀ ਦੇ ਮੂਲ ਸੰਬੰਧੀ ਜਾਣਕਾਰੀ ਦਿੰਦਿਆਂ ਲਿਖਿਆ ਹੈ–‘‘ਮਨ ਨੀਵਾਂ, ਸੇਵਾ ਟਹਿਲ, ਸਾਧ ਸੰਗਤਿ ਕਾ ਸੰਗ, ਸ਼ਬਦ ਦਾ ਅਭਿਆਸ ਸਮਝ (ਗਯਾਨ), ਜਿਸ ਨੇ ਜਗਤ ਕੋ ਝੂਠ ਅਤੇ ਪਰਮਾਤਮਾ ਕੋ ਸਤ ਜਾਤਾ ਹੈ ਸੋ ਸਿੱਖ ਹੈ, ਤੁਸੀਂ ਸਾਰੇ ਇਕ ਵਾਹਿਗੁਰੂ ਨੂੰ ਜਾਣਨਾ।” ‘ਗੁਰੂ ਪ੍ਰਤਾਪ ਸੂਰਯ’ (ਰੁਤ ੩, ਅਧਿਆਇ ੩੪) ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪ੍ਰਕਾਰ ਦੀ ਸਿੱਖੀ ਦਾ ਜ਼ਿਕਰ ਕੀਤਾ ਗਿਆ ਹੈ, ਜਿਵੇਂ “ਧੰਧੇ ਕੀ ਇਕ , ਦੇਖਾ ਦੇਖੀ। ਹਿਰਸੀ ਤ੍ਰੈ, ਸਿਦਕੀ ਅਵਰੇਖੀ। ਪੰਚਮ ਅਹੈ ਭਾਵ ਕੀ ਭਲੈ। ਪ੍ਰਥਮਾ ਇਮਿ, ਜਿਮਿ ਭਾਈ ਚਲੈ।”

          [ਸਹਾ. ਗ੍ਰੰਥ––ਮ.ਕੋ.; ਗੁ. ਮਾ.; ਗੁ. ਪ੍ਰ.; ਭਾਈ ਮਨੀ ਸਿੰਘ : ‘ਭਗਤ ਰਤਨਾਵਲੀ’; ਭਈ ਸੰਤੋਖ

          ਸਿੰਘ: ‘ਗੁਰ ਪ੍ਰਤਾਪ ਸੂਰਯ’; ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’]                


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-06, ਹਵਾਲੇ/ਟਿੱਪਣੀਆਂ: no

ਸਿੱਖੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਖੀ, ਇਸਤਰੀ ਲਿੰਗ : ੮ ਸਿੱਖ ਧਰਮ, ਸਿਖਪੁਣਾ; ੨. ਮੁਰੀਦੀ

–ਸਿੱਖੀ ਸੇਵਕੀ, ਇਸਤਰੀ ਲਿੰਗ : ੧. ਮੁਰੀਦੀ, ੨. ਮੰਨਣ ਵਾਲਿਆਂ ਦਾ ਸਮੂਹ

–ਸਿੱਖੀ ਸੇਵਕੀ ਚੜ੍ਹਨਾ, ਮੁਹਾਵਰਾ : ਗੁਰੂਆਂ ਜਾਂ ਗੁਰੂ-ਅੰਸ਼ ਲੋਕਾਂ ਦਾ ਆਪਣੇ ਸਿੱਖਾਂ ਕੋਲ ਦਰਸ਼ਨ ਭੇਟ ਨੂੰ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-33-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.