ਸਿੱਧੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਧੀਆਂ: ਸੰਸਕ੍ਰਿਤ ਭਾਸ਼ਾ ਦੇ ਸਿਦਿੑਧ (ਸਿੱਧੀ) ਤੋਂ ਭਾਵ ਹੈ ਸਾਧਨਾ ਦੁਆਰਾ ਪ੍ਰਾਪਤ ਕੀਤੀ ਅਲੌਕਿਕ ਸ਼ਕਤੀ। ਅਜਿਹੀਆਂ ਸਿੱਧੀਆਂ ਦੇ ਸੁਆਮੀ ਨੂੰ ‘ਸਿੱਧ’ ਕਿਹਾ ਜਾਂਦਾ ਹੈ। ਯੋਗ ਅਤੇ ਤੰਤ੍ਰ ਮਤ ਨਾਲ ਸੰਬੰਧਿਤ ਜਾਂ ਪ੍ਰਭਾਵਿਤ ਧਰਮ-ਸਾਧਨਾਵਾਂ ਵਿਚ ਇਨ੍ਹਾਂ ਦਾ ਉੱਲੇਖ ਮਿਲਦਾ ਹੈ। ਪੁਰਾਤਨ ਗ੍ਰੰਥਾਂ ਵਿਚ ਸਿੱਧੀਆਂ ਦੀ ਪ੍ਰਕਾਰ-ਵੰਡ ਵੀ ਹੋਈ ਹੈ, ਪਰ ਇਨ੍ਹਾਂ ਨੂੰ ਹਾਸਲ ਕਰਨ ਦੇ ਵਖ ਵਖ ਸਾਧਨ ਅਤੇ ਵਿਧੀਆਂ ਹਨ। ਇਨ੍ਹਾਂ ਸਿੱਧੀਆਂ ਦੀ ਗਿਣਤੀ ਵਿਚ ਵੀ ਮਤ-ਭੇਦ ਹੈ, ਪਰ ਮੁੱਖ ਤੌਰ ’ਤੇ ਦੋ ਗਿਣਤੀਆਂ ਦਾ ਅਧਿਕ ਉੱਲੇਖ ਮਿਲਦਾ ਹੈ—ਅਸ਼ਟ ਸਿੱਧੀਆਂ ਅਤੇ ਅਠਾਰਹ ਸਿੱਧੀਆਂ।

            ‘ਪਾਤੰਜਲ ਯੋਗ-ਪ੍ਰਦੀਪ’ (ਪੰਨਾ 514) ਅਨੁਸਾਰ ਸਾਧਕ ਯੋਗ ਦੇ ਅਭਿਆਸ ਨਾਲ ਜੋ ਅਲੌਕਿਕ ਜਾਂ ਜਾਦੂਈ ਸ਼ਕਤੀਆਂ ਪ੍ਰਾਪਤ ਕਰਦਾ ਹੈ, ਉਨ੍ਹਾਂ ਦੀ ਗਿਣਤੀ ਅੱਠ ਹੈ— (1) ਅਣਿਮਾ (ਅਣੂ ਵਾਂਗ ਲਘੂ ਜਾਂ ਅਦ੍ਰਿਸ਼ ਹੋ ਸਕਣਾ), (2) ਲਘਿਮਾ (ਹਲਕਾ ਬਣ ਕੇ ਉੱਡ ਸਕਣਾ), (3) ਮਹਿਮਾ (ਪਰਬਤ ਵਾਂਗ ਭਾਰਾ ਹੋ ਸਕਣਾ), (4) ਪ੍ਰਾਪੑਤਿ (ਕਿਤੋਂ ਵੀ ਕੋਈ ਵਸਤੂ ਪ੍ਰਾਪਤ ਕਰ ਸਕਣਾ), (5) ਪ੍ਰਾਕਾਮੑਯ (ਇੱਛਾ- ਸ਼ਕਤੀ ਨੂੰ ਕਿਸੇ ਪ੍ਰਕਾਰ ਦੀ ਰੋਕ ਤੋਂ ਮੁਕਤ ਕਰ ਸਕਣਾ), (6) ਵਸਿਤ੍ਵ (ਸਾਰੇ ਪ੍ਰਾਣੀਆਂ ਨੂੰ ਵਸ ਵਿਚ ਕਰ ਸਕਣਾ), (7) ਈਸ਼ਿਤ੍ਵ (ਸਾਰੇ ਪਦਾਰਥਾਂ ਉਤੇ ਅਧਿਕਾਰ ਜਮਾ ਸਕਣਾ), (8) ਕਾਮ ਵਸ਼ਾਯਿਤਾ (ਸਾਧਕ ਦੇ ਹਰ ਪ੍ਰਕਾਰ ਦੇ ਸੰਕਲਪਾਂ ਦਾ ਪੂਰਾ ਹੋ ਸਕਣਾ)। ਇਨ੍ਹਾਂ ਸਿੱਧੀਆਂ ਦਾ ਅਧਿਕ ਮਹੱਤਵ ਹਠ-ਯੋਗ ਵਿਚ ਮੰਨਿਆ ਗਿਆ ਹੈ।

            ਪੁਰਾਣ-ਸਾਹਿਤ ਵਿਚ ਦਸ ਹੋਰ ਸਿੱਧੀਆਂ ਦਾ ਵਿਵਰਣ ਵੀ ਮਿਦਲਾ ਹੈ, ਜਿਵੇਂ (1) ਅਨੂਰਮਿ (ਭੁੱਖ ਤ੍ਰੇਹ ਦਾ ਨ ਲਗਣਾ), (2) ਦੂਰ-ਸ਼੍ਰਵਣ (ਦੂਰੋਂ ਸਾਰੀ ਗੱਲ ਸੁਣ ਸਕਣੀ), (3) ਦੂਰ-ਦਰਸ਼ਨ (ਦੂਰ ਤੋਂ ਹੀ ਕੋਈ ਵਸਤੂ ਜਾਂ ਦ੍ਰਿਸ਼ ਵੇਖ ਸਕਣਾ), (4) ਮਨੋਵੇਗ (ਮਨ ਦੀ ਚਾਲ ਵਾਂਗ ਜਲਦੀ ਜਾ ਸਕਣਾ), (5) ਕਾਮ-ਰੂਪ (ਮਨ ਚਾਹਿਆ ਰੂਪ ਧਾਰਣ ਕਰ ਸਕਣਾ), (6) ਪਰਕਾਯ-ਪ੍ਰਵੇਸ਼ (ਕਿਸੇ ਹੋਰ ਦੀ ਦੇਹ ਵਿਚ ਪ੍ਰਵੇਸ਼ ਕਰ ਸਕਣਾ), (7) ਸ੍ਵਛੰਦ-ਮ੍ਰਿਤੂ (ਆਪਣੀ ਇੱਛਾ ਅਨੁਸਾਰ ਮਰ ਸਕਣਾ), (8) ਸੁਰ-ਕ੍ਰਿੀੜਾ (ਦੇਵਤਿਆਂ ਨਾਲ ਮਿਲ ਕੇ ਮੌਜ-ਮੇਲਾ ਕਰ ਸਕਣਾ), (9) ਸੰਕਲਪ- ਸਿੱਧੀ (ਚਿਤਵਣ ਅਨੁਸਾਰ ਸਭ ਕੁਝ ਪੂਰਾ ਕਰ ਸਕਣਾ), (10) ਅਪ੍ਰਤਿਹਤ-ਗਤਿ (ਹਰ ਥਾਂ ਬੇਰੋਕ ਜਾ ਸਕਣਾ)।

            ਇਨ੍ਹਾਂ ਦਸ ਅਤੇ ਪਹਿਲਾਂ ਦਸੀਆਂ ਗਈਆਂ ਅੱਠ ਸਿੱਧੀਆਂ ਨੂੰ ਮਿਲਾ ਕੇ ਅਠਾਰ੍ਹਾਂ ਸਿੱਧੀਆਂ ਬਣ ਜਾਂਦੀਆਂ ਹਨ। ਬੌਧੀ ਤੰਤ੍ਰਾਂ ਵਿਚ ਅੱਠ ਮਹਾ-ਸਿੱਧੀਆਂ ਦਾ ਵੀ ਉੱਲੇਖ ਮਿਲਦਾ ਹੈ— ਖੜਗ , ਅੰਜਨ , ਪਾਦਲੋਪ, ਅੰਤਰਧਾਨ, ਰਸ- ਰਸਾਯਣ, ਖੇਚ , ਭੂਚਰ ਅਤੇ ਪਾਤਾਲ

            ‘ਯੋਗ-ਸੂਤ੍ਰ’ (3/37) ਵਿਚ ਸਿੱਧੀਆਂ ਨੂੰ ਯੋਗੀ ਦੀ ਸਾਧਨਾ ਵਿਚ ਵਿਘਨ ਮੰਨਿਆ ਗਿਆ ਹੈ। ਇਨ੍ਹਾਂ ਦੇ ਚੱਕਰ ਵਿਚ ਪੈਣ ਵਾਲਾ ਯੋਗੀ ਆਪਣੇ ਵਾਸਤਵਿਕ ਮਾਰਗ ਤੋਂ ਖੁੰਜ ਜਾਂਦਾ ਹੈ ਅਤੇ ਸਮਾਧੀ ਦੀ ਅਵਸਥਾ ਤੋਂ ਵਾਂਝਿਆ ਰਹਿ ਜਾਂਦਾ ਹੈ। ਇਸ ਲਈ ਯੋਗੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਿੱਧੀਆਂ ਦੇ ਗੇੜ ਵਿਚ ਨ ਪੈ ਕੇ ਆਪਣੇ ਅੰਤਿਮ ਉਦੇਸ਼ (ਕੈਵਲੑਯ ਜਾਂ ਆਤਮ-ਦਰਸ਼ਨ) ਵਲ ਵਧੇ।

            ਇਹ ਠੀਕ ਹੈ ਕਿ ਇਨ੍ਹਾਂ ਸਿੱਧੀਆਂ ਨੂੰ ਯੋਗ ਵਿਚ ਸਮਾਧੀ ਜਾਂ ਕੈਵਲੑਯ ਪ੍ਰਾਪਤੀ ਤੋਂ ਨੀਵਾਂ ਦਸਿਆ ਜਾਂਦਾ ਹੈ, ਪਰ ਇਨ੍ਹਾਂ ਨਾਲ ਭਾਵੇਂ ਉਚਤਮ ਲਕੑਸ਼ ਪ੍ਰਾਪਤ ਨ ਵੀ ਹੋਵੇ, ਤਾਂ ਵੀ ਹੇਠਲੀਆਂ ਸਥਿਤੀਆਂ ਦਾ ਵੀ ਆਪਣਾ ਮਹੱਤਵ ਹੈ। ਹਰ ਇਕ ਦਾ ਆਪਣਾ ਆਪਣਾ ਫਲ ਹੈ। ਜਦੋਂ ਮਨੁੱਖ ਇਨ੍ਹਾਂ ਨੂੰ ਪ੍ਰਾਪਤ ਕਰਕੇ ਇਨ੍ਹਾਂ ਨੂੰ ਹੀ ਪੂਰਣਤਾ ਦਾ ਰੂਪ ਸਮਝਣ ਲਗ ਜਾਂਦਾ ਹੈ ਤਾਂ ਉਦੋਂ ਇਹ ਚਰਮ-ਲਕੑਸ਼ ਵਿਚ ਵਿਘਨ ਬਣਦੀਆਂ ਹਨ। ਅਸਲ ਵਿਚ, ਇਹ ਤਾਂ ਸਾਧਨਾ-ਮਾਰਗ ਦੇ ਫਲ ਹਨ। ਇਨ੍ਹਾਂ ਨੂੰ ਹਾਸਲ ਕਰਕੇ ਯੋਗੀ ਆਪਣੀ ਘਾਲਣਾ ਨੂੰ ਸਫਲ ਸਮਝਣ ਲਗ ਜਾਂਦਾ ਹੈ, ਪਰ ਇਹ ਭਰਮ ਹੈ। ਇਨ੍ਹਾਂ ਸਿੱਧੀਆਂ ਪ੍ਰਤਿ ਬੇਪਰਵਾਹ ਹੋਣਾ ਜ਼ਰੂਰੀ ਹੈ।

            ਮੱਧ-ਯੁਗ ਦੇ ਸੰਤ-ਸਾਹਿਤ ਵਿਚ ਇਨ੍ਹਾਂ ਸਿੱਧੀਆਂ ਦੀ ਪ੍ਰਾਪਤੀ ਦਾ ਨਿਖੇਧ ਕਰਕੇ ਸਹਿਜ-ਸਾਧਨਾ ਉਤੇ ਬਲ ਦਿੱਤਾ ਗਿਆ ਹੈ। ਗੁਰੂ ਅਮਰਦਾਸ ਜੀ ਦੀ ਸਥਾਪਨਾ ਹੈ ਕਿ ਹਰਿ ਦੀ ਆਰਾਧਨਾ ਨਾਲ ਨੌਂ ਨਿਧੀਆਂ ਅਤੇ ਅਠਾਰ੍ਹਾਂ ਸਿੱਧੀਆਂ ਸਾਧਕ ਦੇ ਪਿਛੇ ਲਗੀਆਂ ਫਿਰਦੀਆਂ ਹਨ— ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ (ਗੁ.ਗ੍ਰੰ.649)।

            ਗੁਰਬਾਣੀ ਨਾਮ ਸਿਮਰਨ ਵਿਚ ਹੀ ਰਿਧੀਆਂ- ਸਿੱਧੀਆਂ ਦੀ ਪ੍ਰਾਪਤੀ ਦੀ ਸਮਾਈ ਦਸਦੀ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਵਿਚ ਕਿਹਾ ਹੈ — ਪ੍ਰਭੁ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ (ਗੁ.ਗ੍ਰੰ.262)।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿੱਧੀਆਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੱਧੀਆਂ : ਸਰੀਰ, ਇੰਦਰੀਆਂ ਅਤੇ ਚਿੱਤ ਦੇ ਬਦਲਣ ਨਾਲ ਜੋ ਅਦਭੁਤ ਸ਼ਕਤੀਆਂ ਪ੍ਰਗਟ ਹੁੰਦੀਆਂ ਹਨ, ਉਨ੍ਹਾਂ ਨੂੰ ਸਿੱਧੀਆਂ ਆਖਦੇ ਹਨ। ਪਤੰਜਲੀ ਦੇ ਯੋਗ ਦਰਸ਼ਨ, 4-1, ਦੇ ਅਨੁਸਾਰ ਇਹ ਸਿੱਧੀਆਂ ਜਨਮ ਤੋਂ, ਔਸ਼ਧੀਆਂ ਨਾਲ, ਮੰਤਰ ਨਾਲ ਅਤੇ ਤਪ ਜਾਂ ਸਮਾਧੀ ਰਾਹੀਂ ਪ੍ਰਾਪਤ ਹੁੰਦੀਆਂ ਹਨ। ਜਦ ਕੋਈ ਪੁਰਖ ਸਤੋਗੁਣੀ ਹੋ ਜਾਂਦਾ ਹੈ ਤਦ ਵੀ ਉਸ ਵਿਚ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਹਨ। ਜਿਨ੍ਹਾਂ ਨੂੰ ਇਹ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਉਹ ਸਿੱਧ ਕਹਾਉਂਦੇ ਹਨ।

          ਸਿੱਧੀ ਪ੍ਰਾਪਤ ਕਰਨ ਦੇ ਢੰਗ ਸਮੇਂ ਅਤੇ ਸੰਪ੍ਰਦਾਇ ਅਨੁਸਾਰ ਬਦਲਦੇ ਰਹੇ ਹਨ। ਧਾਰਨਾਯੋਗ, ਹਠਯੋਗ, ਕਰਮਯੋਗ, ਭਗਤੀਯੋਗ, ਰਾਜਯੋਗ, ਗਿਆਨਯੋਗ, ਸੰਪੂਰਣਯੋਗ ਆਦਿ ਕਈ ਤਰ੍ਹਾਂ ਦੇ ਯੋਗਾਂ ਨਾਲ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਭਿੰਨ ਭਿੰਨ ਸੰਪ੍ਰਦਾਵਾਂ ਵਿਚ ਸਿੱਧੀਆਂ ਵੀ ਭਿੰਨ ਭਿੰਨ ਦਿੱਤੀਆਂ ਗਈਆਂ ਹਨ। ਹਠਯੋਗੀਆਂ ਅਨੁਸਾਰ ਅੱਠ ਸਿੱਧੀਆਂ ਹਨ :

          1. ਸੂਖਮ ਹੋ ਜਾਣਾ (ਅਣਿਮਾ); 2. ਬਹੁਤ ਵੱਡਾ ਹੋ ਜਾਣਾ (ਮਹਿਮਾ); 3. ਬਹੁਤ ਹਲਕਾ ਹੋ ਜਾਣਾ (ਲਘਿਮਾ); 4. ਬਹੁਤ ਭਾਰਾ ਹੋ ਜਾਣਾ (ਗਰਿਮਾ); 5. ਮਨਚਾਹੀ ਚੀਜ਼ ਮਿਲ ਜਾਣਾ (ਪ੍ਰਾਪਤੀ); 6. ਇੱਛਾ ਕਰਦੇ ਸਾਰ ਹੀ ਕੋਈ ਪਦਾਰਥ ਮਿਲ ਜਾਣਾ (ਪ੍ਰਾਕਾਮਯਮ); 7. ਸਭ ਉਤੇ ਸ਼ਾਸਨ ਕਰਨਾ (ਈਸਤਵਮ); 8. ਕਿਸੇ ਨੂੰ ਵੱਸ ਵਿਚ ਕਰਨਾ (ਵਸ਼ੀਤਵਮ)।

          ਗੋਰਖਬਾਣੀ ਵਿਚ ਇਕ ਥਾਂ ਤੇ 24 ਸਿੱਧੀਆਂ ਦਾ ਜ਼ਿਕਰ ਵੀ ਮਿਲਦਾ ਹੈ।

          ਭਾਗਵਤ ਪੁਰਾਣ ਅਨੁਸਾਰ ਇਨ੍ਹਾਂ ਸਿੱਧੀਆਂ ਦੀ ਗਿਣਤੀ ਦਸ ਹੈ, ਜੋ ਸਤੋਗੁਣੀ ਹੋ ਜਾਣ ਨਾਲ ਪ੍ਰਾਪਤ ਹੋ ਜਾਂਦੀਆਂ ਹਨ :––

          1. ਭੁੱਖ, ਤ੍ਰੇਹ ਆਦਿ ਨਾ ਲੱਗਣਾ; 2. ਦੂਰ ਦੀ ਗੱਲ ਸੁਣ ਸਕਣਾ; 3. ਦੂਰ ਦੀ ਚੀਜ਼ ਵੇਖ ਸਕਣਾ; 4. ਮਨ ਵਰਗੀ ਤੇਜ਼ ਗਤੀ ਹੋਣੀ; 5. ਰੂਪ ਬਦਲ ਲੈਣਾ; 6. ਦੂਜੇ ਦੇ ਸਰੀਰ ਵਿਚ ਚਲੇ ਜਾਣਾ; 7. ਇੱਛਾ ਅਨੁਸਾਰ ਮਰਨਾ; 8. ਸੰਕਲਪ ਸਿੱਧ ਹੋ ਜਾਣਾ; 9. ਚੰਦ੍ਰਲੋਕ ਆਦਿ ਵਿਚ ਜਾ ਸਕਣਾ; 10. ਆਖਿਆ ਦਾ ਮੰਨਿਆ ਜਾਣਾ। ਬੋਧ ਤੰਤਰਾਂ ਅਨੁਸਾਰ ਅੱਠ ਮਹਾਂ ਸਿੱਧੀਆਂ ਹਨ :––1. ਖਡਗ; 2. ਅੰਜਨ; 3. ਪਾਦਲੇਪ; 4. ਅੰਤਰਧਾਨ; 5. ਰਸਰਸਾਯਣ; 6. ਖੇਚਰ; 7. ਭੂਚਰ; 8. ਪਾਤਾਲ।

          ਭਾਰਤ ਦੇ 84 ਸਿੱਧ ਪ੍ਰਸਿੱਧ ਹਨ। ਸਿੱਧੀਆਂ ਦੇ ਸਬੰਧ ਵਿਚ ਨਾਥ ਜੋਗੀ ਵਧੇਰੇ ਕਰਕੇ ਇਨ੍ਹਾਂ ਤੋਂ ਹੀ ਪ੍ਰਭਾਵਤ ਰਹੇ। ਨਾਥਾਂ ਦਾ ਪ੍ਰਭਾਵ ਸੰਤਾਂ ਅਤੇ ਭਗਤਾਂ ਉੱਪਰ ਪਿਆ ਪਰ ਇਨ੍ਹਾਂ ਵਿਚ ਸਿੱਧੀਆਂ ਲਈ ਕੋਈ ਲਗਨ ਨਹੀਂ ਸੀ।

          ਹ. ਪੁ.––ਪੁਰਾਤਤਵਨਿਬੰਧਾਵਲੀ-ਰਾਹੁਲ, ਇਲਾਹਾਬਾਦ, 1958; ਹਿੰਦੀ ਸਾਹਿਤਯ ਕੋਸ਼, ਬਨਾਰਸ ਸੰ. 2015; ਸ੍ਰੀਮਦ ਭਾਗਵਤ ; Geschichte des indischer Litteraturc–Dr. M. Winternitz ; ਅਪਭੰਸ਼ ਪਾਠਾਵਲੀ; ਹਿੰਦੁਸਥਾਨਕਾ ਸੰਪੂਣ ਇਤਿਹਾਸ-ਗਣੇਸ਼ ਨਾਰਾਯਣ ਜੋਸ਼ੀ-1944।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.