ਸੁਬੇਗ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਬੇਗ ਸਿੰਘ. ਦੇਖੋ, ਸਬੇਗ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਬੇਗ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਬੇਗ ਸਿੰਘ (ਅ.ਚ. 1745): ਸਿੱਖ ਧਰਮ ਦਾ ਅਠਾਰ੍ਹਵੀਂ ਸਦੀ ਦਾ ਸ਼ਹੀਦ ਸੀ ਜੋ ਲਾਹੌਰ ਜ਼ਿਲੇ ਵਿਚ ਜੰਬਰ ਪਿੰਡ ਦੇ ਨਿਵਾਸੀ ਰਾਇ ਭਾਗਾ ਦੇ ਘਰ ਜਨਮਿਆ ਸੀ। ਇਸ ਨੇ ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਸਿੱਖੀਆਂ ਅਤੇ ਪਿੱਛੋਂ ਜਾ ਕੇ ਮੁਗ਼ਲ ਅਫ਼ਸਰਾਂ ਨਾਲ ਰਾਬਤਾ ਬਣਾ ਕੇ ਸਰਕਾਰੀ ਠੇਕੇਦਾਰ ਬਣ ਗਿਆ। ਜਦੋਂ 1733 ਵਿਚ ਜ਼ਕਰੀਆ ਖ਼ਾਨ ਦੇ ਕਹਿਣ ‘ਤੇ ਮੁਗ਼ਲ ਸਰਕਾਰ ਨੇ ਸਿੱਖਾਂ ਉੱਤੇ ਲੱਗੀ ਜਬਰੀ ਰੋਕ ਨੂੰ ਚੁੱਕਣ ਦਾ ਫ਼ੈਸਲਾ ਕੀਤਾ ਅਤੇ ਇਹ ਫ਼ੈਸਲਾ ਕੀਤਾ ਕਿ ਇਹਨਾਂ ਨੂੰ ਕੁਝ ਦਿੱਤਾ ਜਾਏ ਤਾਂ ਸੁਬੇਗ ਸਿੰਘ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਚੁਣਿਆ ਗਿਆ ਸੀ।

    ਇਹ ਅੰਮ੍ਰਿਤਸਰ ਵਿਖੇ ਲਾਹੌਰ ਸਰਕਾਰ ਦੇ ਵਕੀਲ ਦੇ ਤੌਰ ‘ਤੇ ਅਕਾਲ ਤਖ਼ਤ ‘ਤੇ ਖ਼ਾਲਸੇ ਦੇ ਇਕੱਠ ਵਿਚ ਗਿਆ। ਬਾਅਦ ਵਿਚ ‘ਵਕੀਲ’ ਖਿਤਾਬ ਇਸ ਦੇ ਨਾਂ ਨਾਲ ਪੱਕੇ ਤੌਰ ਤੇ ਹੀ ਜੁੜ ਗਿਆ। ਸਰਕਾਰੀ ਸੰਬੰਧ ਰੱਖਣ ਕਰਕੇ ਸੁਬੇਗ ਸਿੰਘ ਨੂੰ ਇਕੱਠ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੁੱਧ ਹੋਣ ਲਈ ਪਸ਼ਚਾਤਾਪ ਕਰਨਾ ਪਿਆ। ਇਸਨੇ ਮੁਗ਼ਲ ਗਵਰਨਰ ਦੀ ਤਰਫੋਂ ਸਿੱਖਾਂ ਨੂੰ ਜਗੀਰ ਅਤੇ ਨਵਾਬੀ ਦੀ ਪੇਸ਼ਕਸ਼ ਕੀਤੀ ਜਿਹੜੀ ਇੱਕ ਵਾਰੀ ਤਾਂ ਸਿੱਖਾਂ ਨੇ ਠੁਕਰਾ ਦਿੱਤੀ। ਪਰੰਤੂ ਬਹੁਤ ਜ਼ੋਰ ਪਾਉਣ ਉਪਰੰਤ ਸੁਬੇਗ ਸਿੰਘ ਨੇ ਨਵਾਬੀ ਸਵੀਕਾਰ ਕਰਨ ਲਈ ਸਿੱਖਾਂ ਨੂੰ ਮਨਾ ਲਿਆ।

          ਜ਼ਕਰੀਆ ਖ਼ਾਨ ਦੇ ਰਾਜ ਦੇ ਅੰਤ ਸਮੇਂ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕਰ ਦਿੱਤਾ ਗਿਆ। ਧਰਮ ਪਖੋਂ ਇਹ ਪੱਕਾ ਸਿੱਖ ਸੀ ਅਤੇ ਇਸ ਨੂੰ ਆਪਣੇ ਭਰਾਵਾਂ ਨਾਲ ਬਹੁਤ ਹਮਦਰਦੀ ਸੀ। ਕਈ ਮੌਕਿਆਂ ‘ਤੇ ਇਸ ਨੇ ਸਿੱਖਾਂ ਦੇ ਸਿਰਾਂ ਦਾ ਪੂਰੀ ਰਸਮ ਨਾਲ ਸਸਕਾਰ ਕੀਤਾ ਸੀ ਅਤੇ ਉਹਨਾਂ ਦੀਆਂ ਯਾਦਾਂ ਬਣਾਈਆਂ ਸਨ। ਆਪਣੇ ਪਿਤਾ ਜ਼ਕਰੀਆ ਖ਼ਾਨ ਤੋਂ ਪਿੱਛੋਂ ਯਾਹੀਯਾ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਅਤੇ ਇਹ ਸੁਬੇਗ ਸਿੰਘ ਦੇ ਉਲਟ ਹੋ ਗਿਆ। ਇਸ ਨੇ ਆਪ ਜਾਣ ਬੁੱਝ ਕੇ ਇਸਦੇ ਖਿਲਾਫ਼ ਸ਼ਿਕਾਇਤਾਂ ਸੁਣੀਆਂ। ਸੁਬੇਗ ਸਿੰਘ ‘ਤੇ ਆਖ਼ਿਰ ਵਿਚ ਇਸਲਾਮ ਅਤੇ ਰਾਜ ਵਿਰੁੱਧ ਸਰਗਰਮੀਆਂ ਦਾ ਦੋਸ਼ ਲਗਾਇਆ ਗਿਆ। ਇਸੇ ਤਰ੍ਹਾਂ ਇਸਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਸੁਬੇਗ ਸਿੰਘ ਨੂੰ ਆਪਣੀ ਜਿੰਦਗੀ ਬਚਾਉਣ ਬਦਲੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰੰਤੂ ਇਸ ਨੇ ਆਪਣਾ ਧਰਮ ਛੱਡਣਾ ਨਾ ਮੰਨਿਆ। ਇਥੋਂ ਤਕ ਕਿ ਜਦੋਂ ਇਸਦੇ ਲੜਕੇ ਨੂੰ ਚਰਖੜੀ ਉਤੇ ਬੰਨ੍ਹਿਆ ਗਿਆ ਸੀ ਤਦ ਵੀ ਸੁਬੇਗ ਸਿੰਘ ਆਪਣੇ ਧਰਮ ਵਿਚ ਪੱਕਾ ਰਿਹਾ। ਦੋਵੇਂ ਅਕਾਲ ਅਕਾਲ ਉਚਾਰਦੇ ਰਹੇ ਭਾਵੇਂ ਕਿ ਉਹਨਾਂ ਦੇ ਸਰੀਰ ਚਰਖੜੀ ਉੱਤੇ ਤੋੜੇ ਜਾ ਰਹੇ ਸਨ। ਇਹ ਸਭ ਕੁਝ 1745 ਈ. ਵਿਚ ਵਾਪਰਿਆ।


ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁਬੇਗ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੇਗ ਸਿੰਘ/ਸੁਬੇਗ ਸਿੰਘ (ਮ. 1745 ਈ.): ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਜੰਬਰ ਪਿੰਡ ਵਿਚ ਰਾਇ ਭਾਗਾ ਦੇ ਘਰ ਪੈਦਾ ਹੋਇਆ ਇਕ ਮਹਾਨ ਸਿੱਖ ਸ਼ਹੀਦ ਜੋ ਅਰਬੀ-ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਯੋਗਤਾ ਅਤੇ ਸਿਆਣਪ ਕਾਰਣ ਇਹ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਨ ਦੇ ਬਹੁਤ ਨੇੜੇ ਸੀ। ਸੰਨ 1733 ਈ. ਵਿਚ ਜ਼ਕਰੀਆ ਖ਼ਾਨ ਨੇ ਖ਼ਾਲਸੇ ਵਲੋਂ ਸ਼ਾਂਤੀ ਬਣਾਏ ਰਖਣ ਲਈ ਸੁਬੇਗ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਅੰਮ੍ਰਿਤਸਰ ਭੇਜਿਆ ਅਤੇ ਇਕ ਲੱਖ ਰੁਪਏ ਦੀ ਜਾਗੀਰ , ਨਵਾਬੀ ਦਾ ਖ਼ਿਤਾਬ ਅਤੇ ਕੀਮਤੀ ਖ਼ਿਲਤ ਨਜ਼ਰਾਨੇ ਵਜੋਂ ਭੇਜੇ। ਅਕਾਲ ਤਖ਼ਤ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖ਼ਾਲਸੇ ਨੇ ਪਹਿਲਾਂ ਤਾਂ ਇਹ ਸਭ ਕੁਝ ਸਵੀਕਾਰਨ ਤੋਂ ਸੰਕੋਚ ਕੀਤਾ, ਪਰ ਸੁਬੇਗ ਸਿੰਘ ਦੇ ਬਾਰ- ਬਾਰ ਕਹਿਣ ਅਤੇ ਸਮਝਾਉਣ’ਤੇ ਸ. ਕਪੂਰ ਸਿੰਘ ਨੂੰ ਨਵਾਬ ਦੀ ਪਦਵੀ ਦਿੱਤੀ ਗਈ

            ਸ. ਸੁਬੇਗ ਸਿੰਘ ਨੂੰ ਜ਼ਕਰੀਆ ਖ਼ਾਨ ਨੇ ਲਾਹੌਰ ਦਾ ਕੋਤਵਾਲ ਵੀ ਨਿਯੁਕਤ ਕੀਤਾ। ਇਸ ਨੇ ਸਾਲ ਭਰ ਬੜੀ ਈਮਾਨਦਾਰੀ ਅਤੇ ਨਿਆਇਸ਼ੀਲਤਾ ਨਾਲ ਆਪਣਾ ਫ਼ਰਜ਼ ਨਿਭਾਇਆ। ਇਹ ਹਰ ਵਰਗ ਵਲੋਂ ਸਮਾਦਰਿਤ ਸੀ। ਜਦੋਂ ਜਦੋਂ ਵੀ ਲਾਹੌਰ ਵਿਚ ਸਿੱਖਾਂ ਨੂੰ ਕਤਲ ਕੀਤਾ ਜਾਂਦਾ, ਇਹ ਉਨ੍ਹਾਂ ਦਾ ਦਾਹ-ਸੰਸਕਾਰ ਬੜੀ ਸ਼ਰਧਾ ਨਾਲ ਕਰਦਾ ਅਤੇ ਉਨ੍ਹਾਂ ਦੇ ਸਮਾਰਕ ਬਣਵਾਉਂਦਾ।

            ਜ਼ਕਰੀਆ ਖ਼ਾਨ ਦੇ ਦੇਹਾਂਤ ਤੋਂ ਬਾਦ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਉਹ ਮਨੋ ਸੁਬੇਗ ਸਿੰਘ ਨੂੰ ਪਸੰਦ ਨਹੀਂ ਸੀ ਕਰਦਾ। ਉਸ ਨੇ ਇਸ ਦੇ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਫਲਸਰੂਪ ਇਸ ਨੂੰ ਮੁਸਲਮਾਨ ਬਣਨ ਲਈ ਕਿਹਾ। ਇਨਕਾਰ ਕਰਨ’ਤੇ ਇਸ ਨੂੰ ਪੁੱਤਰ ਸ਼ਾਹਬਾਜ਼ ਸਿੰਘ ਸਮੇਤ ਕੈਦ ਕਰ ਲਿਆ। ਦੋਹਾਂ ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ। ਜਦੋਂ ਸੂਬੇਦਾਰ ਦਾ ਕੋਈ ਵਸ ਨ ਚਲਿਆ ਤਾਂ ਦੋਹਾਂ ਪਿਉ-ਪੁੱਤਰਾਂ ਨੂੰ ਚਰਖੀਆਂ ਉਤੇ ਚੜ੍ਹਾ ਕੇ ਬਹੁਤ ਬੇਰਹਿਮੀ ਨਾਲ ਲਾਹੌਰ ਵਿਚ ਸ਼ਹੀਦ ਕਰ ਦਿੱਤਾ। ਸਿੱਖ ਇਤਿਹਾਸ ਅਨੁਸਾਰ ਸ਼ਹਾਦਤ ਦਾ ਇਹ ਸਾਕਾ ਸੰਨ 1745 ਈ. ਵਿਚ ਵਾਪਰਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.