ਸੁਮੇਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਮੇਲ : ਸੁਮੇਲ, ਪ੍ਰਵਚਨ, ਵਿਸ਼ਲੇਸ਼ਣ ਜਾਂ ਮੂਲ ਪਾਠ ਭਾਸ਼ਾ-ਵਿਗਿਆਨ ਵਿੱਚ ਵਰਤਿਆ ਜਾਣ ਵਾਲਾ ਮਹੱਤਵਪੂਰਨ ਸੰਕਲਪ ਹੈ। ਇਹ ਸੰਕਲਪ ਭਾਸ਼ਾਈ ਪ੍ਰਵਚਨ ਪਾਠ ਦੇ ਉਸ ਅਦ੍ਰਿਸ਼ ਤੱਤ ਨੂੰ ਦਰਸਾਉਂਦਾ ਹੈ ਜੋ ਪ੍ਰਵਚਨ ਨੂੰ ਇੱਕਜੁੱਟ ਜਾਂ ਚੰਗਾ ਸੰਗਠਿਤ ਰੂਪ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੁਮੇਲ ਦਾ ਸੰਬੰਧ ਉਹਨਾਂ ਭਾਸ਼ਾਈ ਜੁਗਤਾਂ ਨਾਲ ਹੈ ਜੋ ਮੂਲ ਪਾਠ ਵਿੱਚ ਬਣਤਰ ਅਤੇ ਬੁਣਤਰ ਪੈਦਾ ਕਰਦੀਆਂ ਹਨ। ਠੋਸ ਰੂਪ ਵਿੱਚ ਇਸ ਦੀ ਤੁਲਨਾ ਇੱਕ ਇਮਾਰਤ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਇੱਕ ਇਮਾਰਤ ਇੱਟਾਂ ਦੀ ਬਣਦੀ ਹੈ ਪਰ ਜੇ ਇੱਟਾਂ ਨੂੰ ਇਕੱਠਾ ਕਰ ਕੇ ਹੇਠਾਂ ਉੱਪਰ ਰੱਖ ਦਿੱਤਾ ਜਾਵੇ ਤਾਂ ਇਮਾਰਤ ਨਹੀਂ ਬਣ ਜਾਂਦੀ ਸਗੋਂ ਇੱਟਾਂ ਨੂੰ ਆਪਸ ਵਿੱਚ ਜੋੜਨਾ ਪੈਂਦਾ ਹੈ ਅਤੇ ਕਈ ਹੋਰ ਚੀਜ਼ਾਂ ਅਤੇ ਕਈ ਵਿਧੀਆਂ ਵਰਤ ਕੇ ਇਮਾਰਤ ਨੂੰ ਇੱਕ ਬੱਝਵਾਂ ਰੂਪ ਅਤੇ ਬਣਤਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਮੂਲ ਪਾਠ ਨੂੰ ਇੱਕ ਬੱਝਵੀਂ ਗਠਿਤ ਬਣਤਰ ਦੇਣ ਲਈ ਕੁਝ ਭਾਸ਼ਾਈ ਵਿਧੀਆਂ/ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਨਾ ਸਿਰਫ਼ ਵਾਕ ਆਪਣੇ-ਆਪ ਵਿੱਚ ਇੱਕ ਗੱਠੇ ਵਾਂਗ ਬਣੇ ਸਗੋਂ ਇੱਕ ਵਾਕ ਤੋਂ ਦੂਜੇ ਵਾਕ ਵਿੱਚ ਅਜਿਹਾ ਸੰਬੰਧ ਜੁੜੇ ਕਿ ਇਹ ਵਾਕ ਵਿੱਚ ਅਲੱਗ-ਅਲੱਗ ਪਏ ਨਾ ਲੱਗਣ। ਇੱਕ ਵੱਡੀ ਇਕਾਈ ਦੇ ਜ਼ਰੂਰੀ ਅਤੇ ਅਨਿੱਖੜਵੇਂ ਅੰਗ ਲੱਗਣ। ਇਹ ਆਪਸੀ ਮੇਲ-ਜੋੜ ਅਤੇ ਅੰਤਰ- ਸੰਬੰਧਿਤਾ ਨਾ ਸਿਰਫ਼ ਇੱਕ ਤੋਂ ਦੂਜੇ ਵਾਕ ਦੀ ਤਰਤੀਬ ਵਿੱਚ ਹੁੰਦੇ ਹਨ ਸਗੋਂ ਸਾਰੇ ਮੂਲ ਪਾਠ ਵਿੱਚ ਦੂਰੀ ਤੱਕ ਰੇਖਾਂਕਿਤ ਹੁੰਦੇ ਹਨ ਅਤੇ ਸ਼ੁਰੂ ਤੋਂ ਅੰਤ ਤੱਕ ਮੂਲ ਪਾਠ ਸਮੂਹਿਕ ਸ਼ਕਲ ਇਖ਼ਤਿਆਰ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਕਿਸੇ ਨੂੰ ਸਮੂਹ ਦੇ ਰੂਪ ਵਿੱਚ, ਜਿਵੇਂ ਕੋਈ ਬੁਣਿਆ ਹੋਇਆ ਕੱਪੜਾ ਜਾਂ ਕਲਾਕ੍ਰਿਤੀ ਜਾਂ ਨਮੂਨਾ ਪੇਸ਼ ਕਰੇ। ਇਸ ਕਰ ਕੇ ਹੀ ਇਹ ਪ੍ਰਵਚਨ ਬਣ ਜਾਂਦਾ ਹੈ। ਬਿਨਾਂ ਆਪਸੀ ਜੋੜ-ਮੇਲ ਤੋਂ ਬਹੁਤ ਸਾਰੇ ਵਾਕ ਕੋਈ ਮੂਲ ਪਾਠ ਜਾਂ ਪ੍ਰਵਚਨ ਨਹੀਂ ਬਣਦੇ। ਉਹਨਾਂ ਨੂੰ ਕੁਝ ਸਪਸ਼ਟ ਅਤੇ ਲੁਪਤ ਜਾਂ ਸੰਕੇਤਿਕ ਭਾਸ਼ਾਈ ਜੁਗਤਾਂ/ਵਿਧੀਆਂ ਦੀ ਜ਼ਰੂਰਤ ਹੁੰਦੀ ਹੈ ਜੋ ਉਹਨਾਂ ਨੂੰ ਗੱਠਵਾਂ ਜਾਂ ਬੱਝਵਾਂ ਰੂਪ ਦੇ ਕੇ ਇੱਕ ਪਾਠ ਦੀ ਸ਼ਕਲ ਦਿੰਦੇ ਹਨ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਵਾਕਾਂ ਨੂੰ ਭਾਸ਼ਾਈ ਜੁਗਤਾਂ ਰਾਹੀਂ ਗੁੰਦ ਕੇ ਇੱਕਸੁਰਤਾ ਵਿੱਚ ਪਾਠ ਰੂਪ ਤਿਆਰ ਕਰਨ ਦੀ ਪ੍ਰਕਿਰਿਆ ਹੀ ਸੁਮੇਲ ਹੈ। ਇਸੇ ਲਈ ਇਸ ਨੂੰ ਅੰਤਰ ਵਾਕ ਬੰਧਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਸੰਕਲਪ ਪੁਰਾਣੇ ਪੱਛਮੀ ਅਲੰਕਾਰ ਸ਼ਾਸਤਰ ਜਾਂ ਵਾਰਤਾ ਸ਼ਾਸਤਰ ਵਿੱਚ ਵਰਤੇ ਜਾਣ ਵਾਲੇ ਸੰਕਲਪ ਇੱਕਸਾਰਤਾ ਨਾਲ ਵੀ ਮੇਲ ਖਾਂਦਾ ਹੈ। ਵੀਹਵੀਂ ਸਦੀ ਦੇ ਪ੍ਰਮੁਖ ਭਾਸ਼ਾ-ਵਿਗਿਆਨੀਆਂ ਵਿੱਚੋਂ ਇੱਕ ਅਤੇ ਭਾਸ਼ਾ-ਵਿਗਿਆਨ ਦੀ ਸਾਹਿਤ ਸਮੀਖਿਆ ਲਈ ਵਰਤੋਂ ਦੇ ਮੋਢੀ ਰੋਮਨ ਯਾਕੋਬਸਨ ਨੇ ਸਭ ਤੋਂ ਪਹਿਲਾਂ ਸੁਮੇਲ ਦੇ ਸੰਕਲਪ ਨੂੰ ਵਿਸਤਾਰ ਵਿੱਚ ਵਿਕਸਿਤ ਕੀਤਾ। ਯਾਕੋਬਸਨ ਨੇ 1960 ਵਿੱਚ ਕਵਿਤਾ ਦੇ ਹਵਾਲੇ ਨਾਲ ਸਾਹਿਤਿਕ ਮੂਲ ਪਾਠ ਦੇ ਵਿਸ਼ਲੇਸ਼ਣ ਲਈ ਇੱਕ ਮੁਢਲੇ ਵਿਚਾਰ ਦੀ ਨਿਸ਼ਾਨਦੇਹੀ ਕੀਤੀ। ਇਹ ਵਿਚਾਰ ਇਹ ਹੈ ਕਿ ਸਾਹਿਤਿਕ ਮੂਲ ਪਾਠਾਂ ਵਿੱਚ ਦੁਹਰਾ ਅਤੇ ਸੁਮੇਲ ਦੇ ਤੱਤ ਗ਼ੈਰ ਸਾਹਿਤਿਕ ਪਾਠਾਂ ਨਾਲੋਂ ਕਿਤੇ ਵਧੇਰੇ ਹੁੰਦੇ ਹਨ।

     ਕਵਿਤਾ ਵਿੱਚ ਸੁਮੇਲ ਨੂੰ ਅੰਤਰਾ (ਬਾਰ-ਬਾਰ ਆਉਣ ਵਾਲੀ ਸਤਰ), ਇੱਕੋ ਜਿਹੇ ਪੈਰੇ, ਤੁਕਬੰਦੀ, ਅਨੁਪ੍ਰਾਸ, ਛੰਦ ਆਦਿ ਦੇ ਅਰਥਾਂ ਵਿੱਚ ਵਿਚਾਰਿਆ ਜਾਂਦਾ ਹੈ। ਪਰ ਯਾਕੋਬਸਨ ਦੀ ਦਿਲਚਸਪੀ ਸਾਹਿਤ ਦੇ ਇਹ ਜਾਣੇ-ਪਛਾਣੇ ਗੁਣਾਂ ਨਾਲੋਂ ਉਹਨਾਂ ਪੱਖਾਂ ਵਿੱਚ ਜ਼ਿਆਦਾ ਸੀ ਜਿਹੜੇ ਭਾਸ਼ਾਈ ਸੁਮੇਲ ਨਾਲ ਸੰਬੰਧਿਤ ਸਨ, ਜਿਵੇਂ ਵਾਕ ਬਣਤਰ ਅਤੇ ਅਰਥਾਂ ਵਿੱਚ ਸਮਾਂਤਰਤਾ ਜਾਂ ਫਿਰ ਵਾਕ ਬਣਤਰ ਅਤੇ ਧੁਨੀ ਬਣਤਰ ਅਤੇ ਇਹਨਾਂ ਗੁਣਾਂ ਦਾ ਮੀਟਰ ਅਤੇ ਹੋਰ ਗੁਣਾਂ ਨਾਲ ਆਪਸੀ ਤਾਲਮੇਲ ਅਤੇ ਪ੍ਰਭਾਵ।

     ਸਾਹਿਤਿਕ ਅਤੇ ਭਾਸ਼ਾ ਦੀ ਹੋਰ ਰੂਪਾਂ ਵਿੱਚ ਵਰਤੋਂ ਦੇ ਸੰਦਰਭ ਵਿੱਚ ਹੈਲੀਡੇ ਅਤੇ ਹਸਨ ਨੇ ਸੁਮੇਲ ਦੀ ਵਿਸਤ੍ਰਿਤ ਵਿਆਖਿਆ ਕੀਤੀ ਅਤੇ ਇਸ ਨੂੰ ਹਰ ਇੱਕ ਮੂਲ ਪਾਠ ਦੇ ਅਹਿਮ ਗੁਣ ਵਜੋਂ ਪੇਸ਼ ਕੀਤਾ।

     ਮੂਲ ਪਾਠ ਦੇ ਤੱਤਾਂ ਦੀ ਸੰਯੋਜਕਤਾ ਅਰਥਾਂ ਅਤੇ ਹਵਾਲੇ ਨਾਲ ਸੰਬੰਧ ਰੱਖਦੀ ਹੈ। ਸੰਯੋਜਕਤਾ ਵਾਸਤੇ ਕੁਝ ਭਾਸ਼ਾਈ ਸੁਮੇਲ ਗੰਢਾਂ ਦੀ ਨਿਸ਼ਾਨਦੇਹੀ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ :

      1. ਅਰਥ ਸੰਬੰਧ ਜਿਵੇਂ ਕਿ ਸਮਾਨਾਰਥਕਤਾ, ਬਹੁ- ਅਰਥਕਤਾ ਅਤੇ ਵਿਰੋਧਾਰਥਕਤਾ ਅਤੇ ਸ਼ਬਦ ਦੁਹਰਾ। ਕਿਸੇ ਵੀ ਮੂਲ ਪਾਠ ਨੂੰ ਪ੍ਰਵਚਨ ਬਣਨ ਲਈ ਜਾਂ ਅਰਥ ਭਰਪੂਰ ਪਾਠ ਬਣਨ ਲਈ ਜ਼ਰੂਰੀ ਹੈ ਕਿ ਇਸ ਵਿੱਚ ਕਿਸੇ ਵਿਚਾਰ ਜਾਂ ਕਥਨ ਦਾ ਸੰਚਾਰ ਹੋਵੇ ਅਤੇ ਇਸ ਲਈ ਜ਼ਰੂਰੀ ਹੈ ਕਿ ਵਿਚਾਰ ਜਾਂ ਦਲੀਲ ਨੂੰ ਉਤਪੰਨ ਅਤੇ ਵਿਕਸਿਤ ਕੀਤਾ ਜਾਵੇ। ਇਸ ਤਰ੍ਹਾਂ ਜੋ ਵੀ ਸ਼ਬਦ ਅਰਥ ਜਾਂ ਕਥਨ ਇਸ ਵਿੱਚ ਵਾਪਰਨਗੇ, ਉਹਨਾਂ ਵਿੱਚ ਅਰਥ ਸੰਬੰਧ ਹੋਣਗੇ।

      2. ਹਵਾਲਾ ਸੁਮੇਲ ਦੀ ਬਹੁਤ ਹੀ ਮਹੱਤਵਪੂਰਨ ਵਿਧੀ ਹੈ। ਇਹ ਅਜਿਹੀ ਵਿਧੀ ਹੈ ਜਿਸ ਵਿੱਚ ਅਸੀਂ ਕਿਸੇ ਵਾਕ ਜਾਂ ਵਾਕ ਪਦ ਦੀ ਥਾਂ ਦੂਜੇ ਵਾਕ ਵਿੱਚ ਇੱਕ ਵਿਆਕਰਨਿਕ ਸ਼ਬਦ ਦੀ ਵਰਤੋਂ ਕਰਦੇ ਹਾਂ। ਇਸ ਦੀਆਂ ਖ਼ਾਸ ਉਦਾਹਰਨਾਂ ਪੜਨਾਵਾਂ ਅਤੇ ਵਿਸ਼ੇਸ਼ਣਾਂ ਦੇ ਮੁਕਾਬਲੇ ਲਈ ਵਰਤੋਂ ਹਨ (ਇਹ, ਉਹ, ਤਦ, ਉੱਥੇ, ਅਜਿਹਾ, ਇਸੇ ਤਰ੍ਹਾਂ, ਆਦਿ)।

      3. ਪਦਲੋਪ ਵਿਧੀ ਦਾ ਸੰਬੰਧ ਕਿਸੇ ਵਾਕ ਦੇ ਹਿੱਸੇ ਨੂੰ ਅਗਲੇ ਵਾਕ ਵਿੱਚ ਦੁਹਰਾ ਨੂੰ ਰੋਕਣ ਨਾਲ ਹੈ ਕਿਉਂਕਿ ਵਾਕ ਦੇ ਉਸ ਹਿੱਸੇ ਵਿਚਲੀ ਜਾਣਕਾਰੀ ਨੂੰ ਪਿਛਲੇ ਵਾਕ ਦੇ ਹਵਾਲੇ ਨਾਲ ਸਮਝਿਆ ਮੰਨ ਲਿਆ ਜਾਂਦਾ ਹੈ। ਇਸ ਤਰ੍ਹਾਂ ਵਾਕ ਆਪਸ ਵਿੱਚ ਇਸ ਤਰ੍ਹਾਂ ਬੱਝ ਜਾਂਦੇ ਹਨ ਕਿ ਇੱਕ ਦੇ ਅਰਥ ਦੂਜੇ ਤੇ ਨਿਰਭਰ ਹੋ ਜਾਂਦੇ ਹਨ ਅਤੇ ਉਹ ਵੱਖਰੇ-ਵੱਖਰੇ ਹੁੰਦੇ ਹੋਏ ਵੀ ਗੰਢੇ ਜਾਂਦੇ ਹਨ ਅਤੇ ਇੱਕ ਸਮੂਹ ਬਣ ਜਾਂਦੇ ਹਨ।

      4. ਦੁਹਰਾ ਕਿਸੇ ਸ਼ਬਦ ਜਾਂ ਵਾਕ ਨੂੰ ਮੂਲ ਪਾਠ ਵਿੱਚ ਬਾਰ-ਬਾਰ ਵਰਤਿਆ ਜਾਣਾ ਹੈ ਕਿਉਂਕਿ ਇਸ ਨੂੰ ਮੁਢਲਾ ਅਰਥ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਾਰਾ ਪਾਠ ਇਸ ਦੁਆਲੇ ਘੁੰਮਣ ਲੱਗਦਾ ਹੈ। ਇਸ ਦੀ ਉਦਾਹਰਨ ਗੀਤਾਂ ਦਾ ਮੁਖੜਾ ਹੈ ਜਿਸ ਨੂੰ ਹਰ ਪਦ ਤੋਂ ਬਾਅਦ ਦੁਹਰਾਇਆ ਜਾਂਦਾ ਹੈ।

      5. ਸੰਬੰਧਕੀ ਸੁਮੇਲ ਕੁਝ ਸ਼ਬਦਾਂ ਜਾਂ ਸਮੂਹਾਂ ਦੀ ਕਿਸੇ ਵਾਕ ਵਿੱਚ ਵਰਤੋਂ ਹੈ ਤਾਂ ਕਿ ਪਹਿਲੇ ਵਾਕ ਦੇ ਅਰਥਾਂ ਨੂੰ ਸਪਸ਼ਟ ਕੀਤਾ ਜਾ ਸਕੇ ਜਾਂ ਪਹਿਲੇ ਵਾਕ ਵਿਚਲੀ ਜਾਣਕਾਰੀ ਅਤੇ ਦੂਜੇ ਵਾਕ ਵਿਚਲੀ ਜਾਣਕਾਰੀ ਦਾ ਸੰਬੰਧ ਜੋੜਿਆ ਜਾ ਸਕੇ।


ਲੇਖਕ : ਸੁਖਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਮੇਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਮੇਲ [ਨਾਂਪੁ] ਚੰਗਾ ਮੇਲ਼, ਸੁਜੋੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਮੇਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਮੇਲ, ਪੁਲਿੰਗ : ਠੀਕ ਮੇਲ, ਚੰਗਾ ਮੇਲ, ਸੁਜੋੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-22-04-59-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.