ਸੁਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਰ :

ਆਓ ਹੇਠਲੇ ਸ਼ਬਦਾਂ ਨੂੰ ਵੇਖੀਏ :

          ਝਾਅ-ਚਾਅ-ਚਾਹ

     ਇਹਨਾਂ ਤਿੰਨਾਂ ਸ਼ਬਦਾਂ ਵਿੱਚ ਵਿਅੰਜਨ ਅਤੇ ਸ੍ਵਰ ਧੁਨੀਆਂ ਇੱਕੋ ਜਿਹੀਆਂ ਹਨ। ਇਹਨਾਂ ਤਿੰਨਾਂ ਸ਼ਬਦਾਂ ਵਿੱਚ ਹੀ ਇੱਕ-ਇੱਕ ਵਿਅੰਜਨ ਧੁਨੀ ਅਤੇ ਇੱਕ-ਇੱਕ ਸ੍ਵਰ ਧੁਨੀ ਹੈ। ਇਹ ਧੁਨੀਆਂ ਹਨ /ਚ/ ਅਤੇ /ਆ/। ਪਰ ਇਹ ਤਿੰਨੇ ਸ਼ਬਦ ਵੱਖਰੇ-ਵੱਖਰੇ ਅਰਥਾਂ ਵਾਲੇ ਹਨ, ਯਾਨੀ ਕਿ ਵੱਖਰੇ ਸ਼ਬਦ ਹਨ। ਫਿਰ ਇਹਨਾਂ ਵਿਚਲਾ ਫ਼ਰਕ ਕੀ ਹੈ? ਇਹ ਫ਼ਰਕ ਸੁਰ ਦਾ ਹੈ।

     ਸੰਗੀਤ ਦੇ ਸੁਰਾਂ ਬਾਰੇ ਜਾਣ ਕੇ ਸੁਰ ਨੂੰ ਸੌਖੇ ਸਮਝਿਆ ਜਾ ਸਕਦਾ ਹੈ। ਸੰਗੀਤ ਵਿੱਚ ਦੋ ਸ਼ਬਦ ਵਰਤੇ ਜਾਂਦੇ ਹਨ-ਆਰੋਹ ਅਤੇ ਅਵਰੋਹ। ਜਦੋਂ ਨੀਵੇਂ ਸੁਰ ਤੋਂ ਉੱਚੇ ਸੁਰ ਵੱਲ ਜਾਇਆ ਜਾਂਦਾ ਹੈ ਤਾਂ ਇਸ ਨੂੰ ਆਰੋਹ ਕਹਿੰਦੇ ਹਨ ਜਿਵੇਂ, ਸਾ-ਰੇ-ਗਾ-ਮਾ-ਧਾ-ਨੀ ਅਤੇ ਜਦੋਂ ਉੱਚੇ ਸੁਰ ਤੋਂ ਨੀਵੇਂ ਸੁਰ ਵੱਲ ਜਾਇਆ ਜਾਂਦਾ ਹੈ ਤਾਂ ਇਸ ਨੂੰ ਅਵਰੋਹ ਕਿਹਾ ਜਾਂਦਾ ਹੈ, ਜਿਵੇਂ, ਨੀ-ਧਾ-ਮਾ-ਗਾ- ਰੇ-ਸਾ। ‘ਝਾਅ`, ‘ਚਾਹ` ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਹੈ। ‘ਝਾਅ` ਦੇ ਉਚਾਰਨ ਸਮੇਂ ਅਰੰਭ ਉੱਚੇ ਸੁਰ ਤੋਂ ਹੁੰਦਾ ਹੈ ਪਰ ਸ਼ਬਦ ਖ਼ਤਮ ਹੁੰਦੇ-ਹੁੰਦੇ ਇਹ ਨੀਵਾਂ ਹੋਈ ਜਾਂਦਾ ਹੈ। ‘ਚਾਅ` ਦੇ ਉਚਾਰਨ ਸਮੇਂ ਸੁਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਜਿੱਥੋਂ ਅਰੰਭ ਹੁੰਦਾ ਹੈ ਉੱਥੇ ਹੀ ਖ਼ਤਮ ਹੁੰਦਾ ਹੈ। ਪਰ ‘ਚਾਹ` ਸ਼ਬਦ ਦੇ ਉਚਾਰਨ ਵਿੱਚ ਸੁਰ ਉੱਪਰ ਨੂੰ ਜਾਈ ਜਾਂਦਾ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ‘ਝਾਅ` ਵਿੱਚ ਅਵਰੋਹ ਹੈ, ‘ਚਾਹ` ਵਿੱਚ ਆਰੋਹ ਹੈ, ਅਤੇ ‘ਚਾਅ` ਵਿੱਚ ਨਾ ਅਵਰੋਹ ਹੈ ਤੇ ਨਾ ਆਰੋਹ। ਸੁਰ ਦੇ ਇਸ ਅੰਤਰ ਨਾਲ ਹੀ ਇਹ ਤਿੰਨੇ ਸ਼ਬਦ ਵੱਖਰੇ-ਵੱਖਰੇ ਹੋ ਗਏ ਹਨ।

     ਸੁਰ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸੁਰ ਦਾ ਅੰਤਰ ਗਲੇ ਵਿੱਚ ਪੈਦਾ ਕਿਵੇਂ ਹੁੰਦਾ ਹੈ। ਸਾਡੇ ਗਲੇ ਵਿਚਲੀ ਸਾਹ ਨਲੀ ਦੇ ਉੱਪਰਲੇ ਸਿਰੇ `ਤੇ ਦੋ ਮਾਸ ਦੇ ਛੋਟੇ-ਛੋਟੇ ਬੁੱਲ੍ਹ ਜਿਹੇ ਹਨ। ਇਹਨਾਂ ਨੂੰ ਨਾਦ ਬੁੱਲ੍ਹੀਆਂ ਕਿਹਾ ਜਾਂਦਾ ਹੈ। ਜਦੋਂ ਹਵਾ ਫੇਫੜਿਆਂ ਵਿੱਚੋਂ ਬਾਹਰ ਆਉਂਦੀ ਹੈ ਤਾਂ ਜੇ ਇਹ ਨਾਦ ਬੁੱਲ੍ਹੀਆਂ ਨੇੜੇ-ਨੇੜੇ ਹੋਣ ਤਾਂ ਇਹਨਾਂ ਵਿੱਚ ਕੰਬਣੀ ਪੈਦਾ ਹੁੰਦੀ ਹੈ। ਕੰਬਣੀ ਦੀ ਵੱਧ ਘੱਟ ਮਾਤਰਾ ਨਾਲ ਹੀ ਵੱਖਰੇ-ਵੱਖਰੇ ਸੁਰ ਪੈਦਾ ਹੁੰਦੇ ਹਨ। ਜਦੋਂ ਕੰਬਣੀ ਵੱਧ ਹੁੰਦੀ ਹੈ ਤਾਂ ਉੱਚਾ ਸੁਰ ਹੁੰਦਾ ਹੈ ਅਤੇ ਜਦੋਂ ਕੰਬਣੀ ਘੱਟ ਹੁੰਦੀ ਹੈ ਤਾਂ ਨੀਵਾਂ ਸੁਰ ਹੁੰਦਾ ਹੈ।

     ਨਾਦ-ਬੁੱਲ੍ਹੀਆਂ ਦੀ ਕੰਬਣੀ ਦੀ ਮਾਤਰਾ ਨੂੰ ਤਾਨ ਕਿਹਾ ਜਾਂਦਾ ਹੈ। ਕੰਬਣੀ ਵੱਧ ਹੋਵੇ ਤਾਂ ਤਾਨ ਉੱਚੀ ਕਹੀ ਜਾਂਦੀ ਹੈ ਅਤੇ ਕੰਬਣੀ ਘੱਟ ਹੋਵੇ ਤਾਂ ਤਾਨ ਨੀਵੀਂ ਕਹੀ ਜਾਂਦੀ ਹੈ।

     ਹੁਣ ਅਸੀਂ ਭਾਸ਼ਾ ਦੀ ਬਣਤਰ ਵਿੱਚ ਸੁਰ ਦਾ ਕੀ ਮਤਲਬ ਹੁੰਦਾ ਹੈ, ਇਸ ਨੂੰ ਹੋਰ ਅਸਾਨੀ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ। ਜਦੋਂ ਕਿਸੇ ਭਾਸ਼ਾ ਵਿੱਚ ਉੱਚੀਆਂ-ਨੀਵੀਆਂ ਤਾਨਾਂ ਦੀ ਵਰਤੋਂ ਵੱਖ-ਵੱਖ ਸ਼ਬਦ ਸਿਰਜਣ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਸੁਰ ਕਹਿੰਦੇ ਹਨ ਅਤੇ ਜਿਹੜੀ ਭਾਸ਼ਾ ਵਿੱਚ ਇਹ ਵਰਤਾਰਾ ਮਿਲਦਾ ਹੈ ਉਸ ਨੂੰ ਸੁਰ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬੀ ਵੀ ਇੱਕ ਸੁਰ ਭਾਸ਼ਾ ਹੈ। ਦੁਨੀਆ ਦੀਆਂ ਅੱਧੀਆਂ ਨਾਲੋਂ ਥੋੜ੍ਹੀਆਂ ਜਿਹੀਆਂ ਵੱਧ ਭਾਸ਼ਾਵਾਂ ਸੁਰ ਭਾਸ਼ਾਵਾਂ ਹਨ। ਪਰ ਭਾਰਤ ਵਿੱਚ ਕੇਵਲ ਪੂਰਬੀ ਭਾਰਤ ਦੀਆਂ ਕੁਝ ਭਾਸ਼ਾਵਾਂ ਜਿਵੇਂ ਖਾਸੀ, ਮਣੀਪੁਰੀ ਆਦਿ ਹੀ ਸੁਰ ਭਾਸ਼ਾਵਾਂ ਹਨ। ਪੰਜਾਬੀ ਨਾਲ ਪਰਿਵਾਰਿਕ ਸੰਬੰਧ ਰੱਖਣ ਵਾਲੀ (ਜਿਵੇਂ ਹਿੰਦੀ, ਬੰਗਾਲੀ, ਉੜੀਆ ਆਦਿ) ਕੋਈ ਭਾਸ਼ਾ ਵੀ ਸੁਰ ਭਾਸ਼ਾ ਨਹੀਂ ਹੈ ਅਤੇ ਨਾ ਹੀ ਦਰਾਵੜ ਪਰਿਵਾਰ ਦੀ ਕੋਈ ਭਾਸ਼ਾ ਸੁਰ ਭਾਸ਼ਾ ਹੈ। ਸੁਰਾਂ ਦੀ ਗਿਣਤੀ ਦੇ ਪੱਖੋਂ ਵੀ ਵੱਖ-ਵੱਖ ਭਾਸ਼ਾਵਾਂ ਦੀ ਸਥਿਤੀ ਵੱਖਰੀ-ਵੱਖਰੀ ਹੈ। ਸਭ ਤੋਂ ਵੱਧ ਸੁਰਾਂ ਦੀ ਗਿਣਤੀ ਚੀਨੀ ਭਾਸ਼ਾ ਵਿੱਚ ਹੈ। ਚੀਨੀ ਭਾਸ਼ਾ ਦੀਆਂ ਕੁਝ ਉਪਬੋਲੀਆਂ ਵਿੱਚ ਛੇ-ਛੇ ਸੁਰਾਂ ਵੀ ਹਨ। ਯਾਨੀ ਕਿ ਸਿਰਫ਼ ਸੁਰ ਦੇ ਅੰਤਰ ਨਾਲ ਇੱਕੋ ਜਿਹੇ ਸ੍ਵਰ ਵਿਅੰਜਨਾਂ ਵਾਲੇ ਸ਼ਬਦ ਤੋਂ ਛੇ ਸ਼ਬਦ ਬਣਾਏ ਜਾ ਸਕਦੇ ਹਨ। ਜਿਵੇਂ ਕਿ ਝਾਅ-ਚਾਅ-ਚਾਹ ਤੋਂ ਪ੍ਰਗਟ ਹੁੰਦਾ ਹੈ, ਪੰਜਾਬੀ ਵਿੱਚ ਤਿੰਨ ਸੁਰਾਂ ਹਨ। ਪੰਜਾਬੀ ਵਿੱਚ ਕੇਵਲ ਸੁਰਾਂ ਵਾਲੇ ਅੰਤਰ ਵਾਲੇ ਸ਼ਬਦਾਂ ਦੇ ਕੁਝ ਹੋਰ ਉਦਾਹਰਨ ਹੇਠ ਲਿਖੇ ਹਨ:

            ਭੀ           -     ਪੀ    -        ਪੀਹ

            ਘੋੜਾ        -     ਕੋੜਾ -        ਕੋਹੜਾ

            ਭਾਰ                -     ਪਾਰ     -        ਪਾਹਰ

     ਪੰਜਾਬੀ ਦੀਆਂ ਸੁਰਾਂ ਨੂੰ ਚੜ੍ਹਦੀ ਸੁਰ, ਸਮਾਂਤਰ ਸੁਰ ਅਤੇ ਡਿੱਗਦੀ ਸੁਰ ਦੇ ਨਾਮ ਦਿੱਤੇ ਗਏ ਹਨ। ਹੁਣ ਵਿਦਵਾਨ ਇਹਨਾਂ ਨੂੰ ਉੱਚੀ, ਮੱਧ ਅਤੇ ਨੀਵੀਂ ਸੁਰ ਵੀ ਕਹਿੰਦੇ ਹਨ। ਇੱਕ ਵਿਦਵਾਨ ਨੇ ਇਹਨਾਂ ਨੂੰ ‘1, 2, 3 ਅੰਕਾਂ ਨਾਲ ਨਾਂ` ਦਿੱਤਾ ਹੈ।

     ਸੁਰ ਦਾ ਪਸਾਰ ਖੇਤਰ ਉਚਾਰ-ਖੰਡ ਹੈ। ਸੁਰ ਦਾ ਮੁੱਖ ਫੈਲਾਅ ਤਾਂ ਇੱਕ ਉਚਾਰ-ਖੰਡ `ਤੇ ਹੀ ਹੁੰਦਾ ਹੈ ਪਰ ਇਸ ਦਾ ਕੁਝ ਪ੍ਰਭਾਵ ਦੂਜੇ ਉਚਾਰ-ਖੰਡ ਤੱਕ ਵੀ ਫੈਲਿਆ ਹੁੰਦਾ ਹੈ। ਏਸੇ ਲਈ ਜੇ ਸ਼ਬਦ ਇੱਕ ਉਚਾਰ- ਖੰਡ ਵਾਲਾ ਹੋਵੇ ਤਾਂ ਸੁਰ ਕਾਰਨ ਉਸ ਦੀ ਲੰਬਾਈ ਕੁਝ ਵੱਧ ਜਾਂਦੀ ਹੈ। ਇਹ ਅਸੀਂ ‘ਭੀ` ਸ਼ਬਦ ਵਿੱਚ ਵੇਖ ਸਕਦੇ ਹਾਂ। ‘ਭੀ` ਸ਼ਬਦ ਦੇ ਉਚਾਰਨ ਨੂੰ ਗਹੁ ਨਾਲ ਵੇਖੀਏ ਤਾਂ ‘ਈ` ਦੋ ਵਾਰੀ ਉਚਾਰੀ ਜਾਂਦੀ ਮਹਿਸੂਸ ਹੁੰਦੀ ਹੈ। ਇਹ ਸੁਰ ਦੀ ਇਸ ਲੋੜ ਕਰ ਕੇ ਹੈ ਕਿ ਸੁਰ ਦਾ ਕੁਝ ਫੈਲਾਅ ਦੂਜੇ ਉਚਾਰ-ਖੰਡ ਤੱਕ ਜਾਂਦਾ ਹੈ।

     ਗੁਰਮੁਖੀ ਵਿੱਚ ਘ, ਝ, ਢ, ਧ, ਭ ਅਤੇ ਹ ਅੱਖਰ ਸੁਰ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ। ਘ, ਝ, ਢ, ਧ ਅਤੇ ਭ ਜਿੱਥੇ ਵੀ ਆਉਂਦੇ ਹਨ ਸੁਰ ਦਾ ਪ੍ਰਗਟਾਵਾ ਕਰਦੇ ਹਨ ਪਰ ‘ਹ` ਸੁਰ ਦੀ ਅਵਾਜ਼ ਵੀ ਦਿੰਦਾ ਹੈ (ਜਿਵੇਂ ‘ਚਾਹ` ਵਿੱਚ) ਅਤੇ ‘ਬਿਨਾਂ ਸੁਰ ਦੀ ਅਵਾਜ਼ ਵੀ (ਜਿਵੇਂ ‘ਹੱਥ` ਵਿੱਚ)। ਘ, ਝ, ਢ, ਧ ਅਤੇ ਭ ਡਿੱਗਦੀ ਸੁਰ ਲਈ ਵੀ ਵਰਤੇ ਜਾਂਦੇ ਹਨ (ਜਿਵੇਂ ਤਰਤੀਬਵਾਰ ਘਰ, ਝਾੜ, ਢੋਲ, ਘੀ ਅਤੇ ਭਾਲ ਵਿੱਚ) ਅਤੇ ਚੜ੍ਹਦੀ ਸੁਰ ਲਈ ਵੀ (ਜਿਵੇਂ ਤਰਤੀਬਵਾਰ ਮਾਘ, ਮਾਝੀ, ਕਾਢ, ਸਾਧ ਅਤੇ ਸਾਂਭ ਵਿੱਚ)।

ਧੁਨੀ-ਵਿਗਿਆਨ ਵਿੱਚ ਉਤਾਰ ਲਈ ‘ ੇ` ਚੜ੍ਹਾਅ ਲਈ ‘ ੇ` ਅਤੇ ਸਮਾਂਤਰਤਾ ਲਈ ‘-` ਚਿੰਨ੍ਹ ਵਰਤੇ ਜਾਂਦੇ ਹਨ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 54628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੁਰ: (1) ਸੁਰ ਇਕ ਅਖੰਡੀ ਧੁਨੀ ਹੈ। ਸੁਰ ਦਾ ਸਬੰਧ ਸੁਰ-ਤੰਦਾਂ ਨਾਲ ਹੈ। ਜਦੋਂ ਮਨੁੱਖੀ ਅੰਗਾਂ ਦੁਆਰਾ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਫੇਫੜਿਆਂ ਵਿਚੋਂ ਆ ਰਹੀ ਵਾਯੂਧਾਰਾ ਸੁਰ-ਤੰਦਾਂ ਵਿਚੋਂ ਗੁਜ਼ਰਦੀ ਹੈ ਅਤੇ ਸੁਰ-ਤੰਦਾਂ ਵਿਚ ਕੰਪਣ ਪੈਦਾ ਹੁੰਦੀ ਹੈ। ਇਹ ਕੰਪਣ ਲਗਾਤਾਰ ਇਕੋ ਜਿਹੀ ਨਹੀਂ ਹੁੰਦੀ ਸਗੋਂ ਘਟਦੀ ਵਧਦੀ ਰਹਿੰਦੀ ਹੈ। ਸੁਰ-ਤੰਦਾਂ ਦੀ ਕੰਪਣ ਦੇ ਉਤਰਾ-ਚੜ੍ਹਾ ਨੂੰ ਪਿੱਚ ਕਿਹਾ ਜਾਂਦਾ ਹੈ। ਜਦੋਂ ਇਹ ਉਤਰਾ-ਚੜ੍ਹਾ ਭਾਸ਼ਾ ਦੇ ਪੱਧਰ ਤੇ ਸਾਰਥਕ ਹੋਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ। ਸੁਰ ਦਾ ਘੇਰਾ ਸ਼ਬਦ ਤੱਕ ਸੀਮਤ ਹੈ ਪਰ ਜਦੋਂ ਪਿਚ ਦਾ ਘਟਣਾ-ਵਧਣਾ ਸ਼ਬਦ ਤੋਂ ਵੱਡੀ ਇਕਾਈ ਤੱਕ ਸਾਰਥਕ ਹੋਵੇ ਤਾਂ ਇਸ ਪਰਕਾਰ ਦੇ ਵਰਤਾਰੇ ਨੂੰ ਵਾਕ-ਸੁਰ ਕਿਹਾ ਜਾਂਦਾ ਹੈ। ਜਦੋਂ ਕਿਸੇ ਸ਼ਬਦ ਉਤੇ ਸੁਰ ਆਉਂਦੀ ਹੈ ਤਾਂ ਉਸ ਸ਼ਬਦ ਦੇ ਅਰਥਾਂ ਵਿਚ ਪਰਿਵਰਤਨ ਆ ਜਾਂਦਾ ਹੈ ਪਰ ਇਹ ਪਰਿਵਰਤਨ ਸ਼ਬਦ ਦੀ ਧੁਨਾਤਮਕ ਬਣਤਰ ’ਤੇ ਅਸਰ ਨਹੀਂ ਪਾਉਂਦਾ ਭਾਵ ਸ਼ਬਦ ਵਿਚਲੇ ਸਵਰ ਅਤੇ ਵਿਅੰਜਨ ਉਹੀ ਰਹਿੰਦੇ ਹਨ ਅਤੇ ਉਸੇ ਤਰਤੀਬ ਵਿਚ ਵਿਚਰਦੇ ਹਨ। ਮੂਲ ਰੂਪ ਵਿਚ ਸ਼ਬਦ ਦੀ ਬਣਤਰ ਵਿਚ ਸਵਰ ਹੀ ਸੁਰ ਦਾ ਪਰਭਾਵ ਗ੍ਰਹਿਣ ਕਰਦੇ ਹਨ। ਇਸੇ ਪਰਕਾਰ ਦਾ ਵਰਤਾਰਾ ਵਾਕ-ਸੁਰ ਦੀ ਵਰਤੋਂ ਵੇਲੇ ਹੁੰਦਾ ਹੈ। ਵਾਕ-ਸੁਰ ਦੀ ਵਰਤੋਂ ਵੇਲੇ ਸ਼ਬਦਾਂ ਦੇ ਅਰਥ ਉਹੀ ਰਹਿੰਦੇ ਹਨ ਪਰੰਤੂ ਸਮੁੱਚੇ ਵਾਕੰਸ਼\ਵਾਕ ਦੇ ਅਰਥ ਬਦਲ ਜਾਂਦੇ ਹਨ।

        (2) ਪੰਜਾਬੀ, ਭਾਰਤੀ-ਆਰੀਆ ਭਾਸ਼ਾ ਪਰਿਵਾਰ ਦੀ ਇਕੋ ਇਕ ਭਾਸ਼ਾ ਹੈ ਜਿਸ ਵਿਚ ਸੁਰ ਦਾ ਵਿਕਾਸ ਹੋਇਆ ਹੈ। ਫਰਾਂਸੀਸੀ ਭਾਸ਼ਾ ਵਿਗਿਆਨੀ ਊਦੀਕੂਰ ਨੇ ਸਘੋਸ਼ ਮਹਾਂ-ਪਰਾਣ ਧੁਨੀਆਂ ਦੇ ਖਾਤਮੇ ਨੂੰ ਸੁਰ ਦਾ ਅਧਾਰ ਮੰਨਿਆ ਹੈ ਜਦੋਂ ਕਿ ਇਸ ਵਿਚਾਰ ਨਾਲ ਬਾਕੀ ਹੋਰ ਵਿਦਵਾਨ ਸਹਿਮਤ ਨਹੀਂ। ਪੰਜਾਬੀ ਵਿਚ ਸੁਰ ਦੀ ਹੋਂਦ ਬਾਰੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਰਾਹਮ ਬੇਲੀ ਨੇ ਤੱਥਾਂ ਨੂੰ ਸਾਹਮਣੇ ਲਿਆਂਦਾ। ਪੰਜਾਬੀ ਵਿਚ ਤਿੰਨ ਸੁਰਾਂ ਹਨ : ਨੀਵੀਂ ਸੁਰ, ਪੱਧਰੀ ਸੁਰ ਅਤੇ ਉਚੀ ਸੁਰ। ਇਨ੍ਹਾਂ ਸੁਰਾਂ ਨੂੰ ਲਿਖਤ ਵਿਚ ਅੰਕਿਤ ਕਰਨ ਲਈ ਕੋਈ ਚਿੰਨ੍ਹ ਨਹੀਂ ਸਗੋਂ ਗੁਰਮੁਖੀ ਲਿਪੀ ਵਿਚ (ਘ, ਝ, ਢ, ਧ, ਭ ਅਤੇ ਹ) ਲਿਪੀ ਚਿੰਨ੍ਹ ਹਨ ਜਿਨ੍ਹਾਂ ਤੋਂ ਸੁਰ ਦਾ ਪਤਾ ਚਲਦਾ ਹੈ ਭਾਵੇਂ IPA ਵਿਚ ਸੁਰਾਂ ਨੂੰ ਅੰਕਿਤ ਕਰਨ ਲਈ ਚਿੰਨ੍ਹ ਮੌਜੂਦ ਹਨ ਅਤੇ ਪੰਜਾਬੀ ਦੀਆਂ ਤਿੰਨਾਂ ਸੁਰਾਂ ਲਈ ਇਹ ਚਿੰਨ੍ਹ (\ - \) ਵਰਤੇ ਜਾਂਦੇ ਹਨ ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ (ਘ, ਝ, ਢ, ਧ, ਭ) ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਵਿਚਰਦੇ ਹਨ, ਇਨ੍ਹਾਂ ਲਿਪੀ ਚਿੰਨ੍ਹਾਂ ਦੀ ਥਾਂ (ਕ, ਚ, ਟ, ਤ, ਪ) ਵਿਅੰਜਨ ਨੀਵੀਂ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਭਾਰ (ਪ ਆ ਰ), ਝੱਲ (ਚ ਅਤੇ ਲ ਲ), ਘਰ (ਕ ਅ ਰ)। ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਇਹ ਲਿਪੀ ਚਿੰਨ੍ਹ ਸ਼ਬਦ ਦੀ ਅਖੀਰਲੀ ਸਥਿਤੀ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਦੀ ਥਾਂ (ਗ, ਜ, ਤ, ਦ, ਬ) ਵਿਅੰਜਨ ਉਚੀ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਸਾਧ (ਸ ਆ ਦ), ਲਾਭ (ਲ ਆ ਬ) ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਇਹ ਲਿਪੀ ਚਿੰਨ੍ਹ ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਆਉਂਦੇ ਹਨ ਤਾਂ ਇਨ੍ਹਾਂ ਲਿਪੀ ਚਿੰਨ੍ਹਾਂ ਦੀ ਥਾਂ ਕ੍ਰਮਵਾਰ (ਗ, ਜ, ਡ, ਦ, ਬ) ਵਿਅੰਜਨ ਨੀਵੀਂ ਜਾਂ ਉਚੀ ਸੁਰ ਨਾਲ ਵਰਤੇ ਜਾਂਦੇ ਹਨ। ਨੀਵੀਂ ਜਾਂ ਉਚੀ ਸੁਰ ਦਾ ਪਤਾ ਦਬਾ ਤੋਂ ਲਗਦਾ ਹੈ। ਜੇ ਦਬਾ ਇਨ੍ਹਾਂ ਧੁਨੀਆਂ ਤੋਂ ਪਹਿਲਾਂ ਵਿਚਰਨ ਵਾਲੀਆਂ ਸਵਰ ਧੁਨੀਆਂ ’ਤੇ ਹੋਵੇ ਤਾਂ ਉਚੀ ਸੁਰ ਦੀ ਵਰਤੋਂ ਹੋਵੇਗੀ ਜਿਵੇਂ : ਸੋਝੀ (ਸ ਓ ਜ ਈ) ਲੱਭੀ (ਲ ਅ ਬ ਬ ਈ) ਪਰ ਜੇ ਦਬਾ ਇਨ੍ਹਾਂ ਧੁਨੀਆਂ ਤੋਂ ਪਿਛੋਂ ਵਿਚਰਨ ਵਾਲੀਆਂ ਸਵਰ ਧੁਨੀਆਂ ਤੇ ਹੋਵੇ ਤਾਂ ਨੀਵੀਂ ਸੁਰ ਦੀ ਵਰਤੋਂ ਹੋਵੇਗੀ ਜਿਵੇਂ : ਕਢਾਈ (ਕ ਅ ਢ ਆ ਈ) ਸੁਝਾ (ਸ ਉ ਜ ਆ)। ਇਸ ਤੋਂ ਇਲਾਵਾ (ਹ) ਧੁਨੀ ਦੀ ਵਰਤੋਂ ਵੱਖੋ ਵੱਖਰੀਆਂ ਉਪਭਾਸ਼ਾਵਾਂ ਵਿਚ ਵੱਖਰੀ ਹੈ। ਮਾਝੀ ਵਿਚ ਅਤੇ ਡੋਗਰੀ ਵਿਚ ਪੂਰਨ ਸੁਰ ਦਾ ਰੂਪ ਇਖਤਿਆਰ ਕਰ ਗਈ ਹੈ ਜਦੋਂ ਕਿ ‘ਪੁਆਧੀ, ਮਲਵਈ, ਦੁਆਬੀ’ ਆਦਿ ਵਿਚ ਇਹ ਸੁਰ ਵਾਂਗ ਵੀ ਅਤੇ ਵਿਅੰਜਨ ਵਾਂਗ ਵੀ ਉਚਾਰੀ ਜਾਂਦੀ ਹੈ।

        (3) ਸੁਰ ਦੇ ਉਚਾਰਨ ਦਾ ਪਰਭਾਵ ਸਵਰਾਂ ਦੀ ਮਾਤਰਾ ਤੇ ਵੀ ਪੈਂਦਾ ਹੈ ਜੇਕਰ ਕਿਸੇ ਦੀਰਘ ਸਵਰ ’ਤੇ ਨੀਵੀਂ ਸੁਰ ਹੋਵੇ ਤਾਂ ਉਸ ਦੀ ਮਾਤਰਾ ਵਿਚਕਾਰਲੀ ਅਤੇ ਉਚੀ ਸੁਰ ਨਾਲੋਂ ਵੱਧ ਹੁੰਦੀ ਹੈ ਜਿਵੇਂ : ਭਾ \ਪ ਆ\। ਪਾ \ਪ ਆ। ਅਤੇ ਪਾਹ \ਪ ਆ\। ਇਸ ਤੋਂ ਇਲਾਵਾ ਸੁਰਾਂ ਦੀ ਸਥਾਪਤੀ ਲਈ ਕੁਝ ਸ਼ਬਦ ਜੁੱਟਾਂ ਨੂੰ ਵੇਖਿਆ ਜਾਂਦਾ ਹੈ ਜਿਨ੍ਹਾਂ ਤੋਂ ਸੁਰ ਦਾ ਪਤਾ ਚਲਦਾ ਹੈ ਜਿਵੇਂ ਘੋੜਾ-ਕੋੜਾ-ਕੋਹੜਾ, ਘੜੀ-ਕੜੀ-ਕੜ੍ਹੀ ਆਦਿ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 54608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰ [ਨਾਂਇ] ਅਵਾਜ਼, ਲਹਿਜਾ; ਸੰਗੀਤ ਵਿੱਚ ਸਵਰਾਂ ਦਾ ਉਤਰਾਅ-ਚੜ੍ਹਾਅ; ਤਾਨ, ਰਾਗ; ਸਲੂਕ, ਸੁਲ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ. ਸੰ. ਸੰਗ੍ਯਾ—ਦੇਵਤਾ. “ਸੁਰ ਨਰ ਤਿਨ ਕੀ ਬਾਣੀ ਗਾਵਹਿ.” (ਸ੍ਰੀ ਅ: ਮ: ੩) ਦੇਖੋ, ਸੁਰਾ। ੨ ਸੂਰਯ। ੩ ਪੰਡਿਤ। ੪ ਸੰ. स्वर—ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੫ ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. “ਸਾਤ ਸੁਰਾ ਲੈ ਚਾਲੈ.” (ਰਾਮ ਮ: ੫) ਦੇਖੋ, ਸ੍ਵਰ । ੬ ਸੁਰਗ ਦਾ ਸੰਖੇਪ ਭੀ ਸੁਰ ਹੈ. “ਅੰਤ ਹੋਏ ਸੁਰਗਾਮੀ.” (ਚੰਡੀ ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 53946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਰ (ਸੰ.। ਸੰਸਕ੍ਰਿਤ ਸੁਰ) ੧. ਦੇਵਤਾ

੨. (ਸੰਸਕ੍ਰਿਤ ਸ੍ਵਰ) ਰਾਗ ਦੀਆਂ ਸੱਤ ਅਵਾਜ਼ਾਂ ਸਾ, ਰੇ, ਗਾ , ਮਾ , ਪਾ, ਧਾ, ਨੀ, ਵਿਚੋਂ ਕੋਈ ਇਕ। ਦੇਖੋ , ‘ਸੁਰਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 53438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ੍ਵਰ ਜਾਂ ਸੁਰ : ਗਾਉਣ ਦੀ ਧੁਨੀ ਨੂੰ ਸ੍ਵਰ ਕਹਿੰਦੇ ਹਨ। ਰਾਗ ਦੇ ਮੂਲ ਰੂਪ ਸੱਤ ਸੁਰ––ਸ਼ੜਜ, ਰਿਸ਼ਭ, ਗਾਂਧਾਰ, ਮਧਯਮ, ਪੰਚਮ, ਧੈਵਤ ਅਤੇ ਨਿਸ਼ਾਦ ਹਨ।

          ਰਾਗ ਦੇ ਆਚਾਰਿਆ ਨੇ ਮੋਰ ਦੀ ਆਵਾਜ਼ ਤੋਂ ਸ਼ੜਜ, ਪਪੀਹੇ ਦੀ ਧੁਨੀ ਤੋਂ ਰਿਸ਼ਭ (ਕਈਆ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਭੀ ਰਿਸ਼ਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨੀ ਤੋਂ ਮਧਯਮ, ਕੋਇਲ ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨੀ ਤੋਂ ਧੈਵਤ ਅਤੇ ਹਾਥੀ ਦੀ ਚਿੰਘਾੜ ਤੋਂ ਨਿਸ਼ਾਦ ਸੁਰ ਕਲਪਿਆ ਹੈ।

          ਜੋ ਸ੍ਵਰ ਰਿਸ਼ੀਆਂ ਨੇ ਰਾਗ ਵਿਦਆ ਦੇ ਆਰੰਭ ਵਿਚ ਥਾਪੇ, ਉਹ ਸ਼ੁੱਧ ਆਖੇ ਜਾਂਦੇ ਹਨ, ਫੇਰ ਪਿਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸ੍ਵਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸ੍ਵਰ ਬਣਾਏ। ਇਨ੍ਹਾਂ ਵਿਚੋਂ ਚਾਰ––ਰਿਸ਼ਭ, ਗਾਂਧਾਰ, ਧੈਵਤ ਅਤੇ ਨਿਸ਼ਾਦ ਵਿਕਾਰੀ ਹੋ ਕੇ ਕੋਮਲ ਹੋ ਜਾਂਦੇ ਹਨ ਅਤੇ ਮਧਯਮ ਵਿਕ੍ਰਿਤ ਹੋਕੇ ਤੀਬਰ (ਕੜਾ) ਹੁੰਦਾ ਹੈ। ਇਸ ਹਿਸਾਬ ਨਾਲ 12 (ਸੱਤ ਸ਼ੁੱਧ ਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ।

          ਸੱਤਾਂ ਸ੍ਵਰਾਂ ਦੀਆਂ 22 ਸ਼੍ਰੁਤੀਆਂ ਹਨ ਜੋ ਸ੍ਵਰਾਂ ਦੇ ਅੰਸ਼ ਆਖਣੇ ਚਾਹੀਦੇ ਹਨ। ਕਈ ਅਗਿਆਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ ਪਰ ਅਜਿਹਾ ਨਹੀਂ ਹੈ। ਮੂਰਛਨਾ ਠਾਟ ਦੀ ਇਸਥਿਤੀ ਨੂੰ ਕਹਿੰਦੇ ਹਨ। ਸ੍ਵਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਅਲਾਪ ਲਈ ਠਹਿਰਾਈ ਗਈ ਹੈ। ਸ਼ੁੱਧ, ਕੋਮਲ ਅਤੇ ਤੀਬਰ ਸੁਰ ਸਮਝਣ ਲਈ ਇਹ ਸੰਕੇਤ ਰੱਖਿਆ ਗਿਆ ਹੈ ਕਿ ਮੁਕਤੇ ਵਾਲਾ ਅੱਖਰ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਬਰ ਹੈ ਜਿਵੇਂ :––

          ਸ਼ੁੱਧ––ਸ ਰ ਗ ਮ ਪ ਧ ਨ

          ਕੋਮਲ––ਰਾ ਗਾ ਧਾ ਨਾ

          ਤੀਬਰ––ਮੀ

          ਰਾਗਾਂ ਦੇ ਬਿਆਨ ਵਿਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਦਾ ਭਾਵ ਇਉਂ ਹੈ :––ਗ੍ਰਹਸ੍ਵਰ ਉਹ ਹੈ ਜਿਸ ਵਿਚ ਰਾਗ ਦੇ ਅਲਾਪ ਦੀ ਸਮਾਪਤੀ ਹੋਵੇ।

          ਵਾਦੀ ਅਥਵਾ ਅੰਸ਼ ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ। ਸੰਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿਚ ਵਾਦੀ ਸੁਰ ਨੂੰ ਸਹਾਇਤਾ ਦੇਵੇ।

          ਅਨੁਵਾਦੀ ਸ੍ਵਰ ਸੰਵਾਦੀ ਨੂੰ ਸਹਾਇਤਾ ਦੇਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰਦਾ ਹੈ।

          ਵਿਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ। ਇਸਨੂੰ ਵਰਜਿਤ ਅਤੇ ਸ਼ੱਤਰੂ ਸ੍ਵਰ ਵੀ ਕਿਹਾ ਜਾਂਦਾ ਹੈ।

          ਹ. ਪੁ.––ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 39961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-09, ਹਵਾਲੇ/ਟਿੱਪਣੀਆਂ: no

ਸੁਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰ, (ਪੁਲਿੰਗ / ਵਿਸ਼ੇਸ਼ਣ) / ਇਸਤਰੀ ਲਿੰਗ : ਰਾਗ ਵਿਦਿਆ ਦੇ ਮਾਹਰਾਂ ਨੇ ਆਵਾਜ਼ ਦੇ ਸੱਤ ਦਰਜੇ ਕਾਇਮ ਕੀਤੇ ਹਨ––ਸਾ, ਰੇ, ਗਾ, ਮਾ, ਪਾ, ਧਾ, ਨੀ। ਇਨ੍ਹਾਂ ਵਿਚੋਂ ਹਰੇਕ ਸੁਰ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-04-33-51, ਹਵਾਲੇ/ਟਿੱਪਣੀਆਂ:

ਸੁਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰ, ਪੁਲਿੰਗ : ੧.  ਆਵਾਜ਼; ੨. ਤਾਨ ਰਾਗ; ੩. ਗੀਤ, ਧਾਰਨ; ੪. ਨਾਸਾਂ ਰਾਹੀਂ ਸਾਹ ਲੈਣ ਦਾ ਭਾਵ; ੫. ਇਸਤਰੀ ਲਿੰਗ : ਸਲੂਕ, ਸੁਲ੍ਹਾ

–ਸੁਰ ਸੱਪਾ, ਪੁਲਿੰਗ : ਮੇਲ ਮਿਲਾਪ, ਮੇਲ ਗੋਲ, ਬੋਲ ਚਾਲ

–ਸੁਰ ਕਰਨਾ, ਮੁਹਾਵਰਾ : ਰਾਗ-ਯੰਤਰ ਦੀ ਆਵਾਜ਼ ਨੂੰ ਠੀਕ ਤਾਨ ਤੇ ਲਿਆਉਣਾ, ਤਾਨ ਬੰਨ੍ਹਣਾ, ਅਲਾਪ ਦਰੁਸਤ ਕਰਨਾ

–ਬੇਸੁਰ, ਵਿਸ਼ੇਸ਼ਣ : ਵਿਗੜੇ ਸੁਰ ਵਾਲਾ, ਬੇਤਾਲ, ਕਿਰਿਆ ਵਿਸ਼ੇਸ਼ਣ : ਸੁਰ ਵਿਗਾੜ ਕੇ, ਤਾਨ ਤੋਂ ਉਖੜ ਕੇ

–ਬੇ-ਸੁਰਾ, ਵਿਸ਼ੇਸ਼ਣ : ਜੋ ਠੀਕ ਸੁਰ ਤੋਂ ਨਹੀਂ ੨. ਬੇ-ਡੌਲ, ਕੁਹਜਾ, ਅਣਫਬਦਾ

–ਸੁਰ ਮਿਲਣਾ, ਮੁਹਾਵਰਾ : ੧. ਆਵਾਜ਼ ਨਾਲ ਆਵਾਜ਼ ਇੱਕ ਹੋਣਾ, ਮੀਜਾ ਰਲਣਾ, ਮਰਜ਼ੀ ਇੱਕ ਹੋਣਾ

–ਸੁਰ ਮਿਲਾਉਣਆ, ਮੁਹਾਵਰਾ : ੧.  ਇੱਕ ਵਜੰਤਰ ਦੀ ਸੁਰ ਨੂੰ ਦੂਜੇ ਦੀ ਸੁਰ ਨਾਲ ਇੱਕ ਕਰਨਾ; ੨. ਸਹਿਮਤ ਹੋਣਾ, ਮੇਲ ਕਰਨਾ, ਰਲੀ ਮਰਜ਼ੀ ਹੋਣਾ, ਸਲਾਹ ਮੇਲਣਾ

–ਸੁਰਮੇਲ, (ਪਦਾਰਥ ਵਿਗਿਆਨ) : ਅਵਾਜ਼ਾਂ ਜਾਂ ਸੁਰਾਂ ਦੇ ਇੱਕ ਹੋਣ ਦਾ ਭਾਵ, ਇੱਕ ਸੁਰਤਾ

–ਸੁਰ ਮਿਲਾਉਣਾ, (ਪਦਾਰਥ ਵਿਗਿਆਨ) : ਕਿਰਿਆ ਸਕਰਮਕ : ਤਾਨ ਮਿਲਾਉਣਾ, ਸੁਰ ਇੱਕ ਕਰਨਾ, ਆਵਜ਼ਾਂ ਨੂੰ ਇਕੋ ਤਾਰ ਤੇ ਲਿਆਉਣਾ

–ਸੁਰ ਲਾਉਣਾ, ਸੁਰਾਂ ਲਾਉਣਾ, ਮੁਹਾਵਰਾ : ਲੰਮੀ ਹੇਕ ਲਾ ਕੇ ਗਾਉਣਾ, ਵਾਜਾਂ ਲਾਉਣਾ, ਮਿਰਜ਼ੇ ਦੇ ਸੱਦ ਲਾਉਣਾ

–ਸੁਰ-ਵਿੱਥਾਂ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਪਿੱਚ ਅਨੁਸਾਰ ਦੋ ਸੁਰਾਂ ਦਾ ਆਪਸ ਦਾ ਸਬੰਧ ਜਾਂ ਨਿਸਬਤ ਜੋ ਖਾਸ ਕਰਕੇ ਸੰਖਿਆ ਵਿੱਚ ਦੱਸਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-04-34-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਹੁਤ ਵਧੀਆ


ਅਵਤਾਰ, ( 2018/09/07 06:4018)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.