ਸੰਗ੍ਰਾਮ ਸ਼ਾਹ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗ੍ਰਾਮ ਸ਼ਾਹ (ਪ੍ਰਚਲਿਤ ਨਾਂ ਸਾਂਗੋ ਸ਼ਾਹ) : ਭਾਈ ਸਾਧੂ ਅਤੇ ਬੀਬੀ ਵੀਰੋ (ਸੁਪੁੱਤਰੀ ਗੁਰੂ ਹਰਗੋਬਿੰਦ ਸਾਹਿਬ) ਦੇ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਦੇ ਭੂਆ ਦੇ ਬੇਟੇ (ਫੁਫੇਰ) ਸਨ। ਸੰਗ੍ਰਾਮ ਸ਼ਾਹ ਆਪਣੇ ਚਾਰ ਭਰਾਵਾਂ- ਜੀਤ ਮੱਲ , ਗੁਲਾਬ ਰਾਇ , ਮਾਹਰੀ ਚੰਦ ਤੇ ਗੰਗਾ ਰਾਮ- ਸਮੇਤ ਭੰਗਾਣੀ ਦੇ ਯੁੱਧ (1688) ਵਿਚ ਲੜੇ ਸਨ। ਗੁਰੂ ਜੀ ਦਾ ਸਾਥ ਛੱਡ ਕੇ ਦੁਸ਼ਮਨ ਦੀ ਫ਼ੌਜ ਨਾਲ ਮਿਲ ਚੁਕੇ ਤਨਖ਼ਾਹਦਾਰ ਪਠਾਣ ਸਿਪਾਹੀਆਂ ਦਾ ਸੰਗ੍ਰਾਮ ਸ਼ਾਹ ਨੇ ਡੱਟ ਕੇ ਟਾਕਰਾ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੀਵਨ ਕਥਾ ਬਚਿਤ੍ਰ ਨਾਟਕ ਵਿਚ ਇਸ ਦੀ ਸੂਰਬੀਰਤਾ ਦੀ ਉਚੇਚੀ ਪ੍ਰਸੰਸਾ ਕੀਤੀ ਹੈ। ਬਹਾਦਰੀ ਨਾਲ ਲੜਦੇ-ਲੜਦੇ ਇਹ ਦੁਸ਼ਮਣ ਦੇ ਕਮਾਂਡਰ, ਨਜਾਬਤ ਖ਼ਾਂ ਦੇ ਆਮ੍ਹਣੇ-ਸਾਮ੍ਹਣੇ ਹੋਇਆ। ਦੋਹਾਂ ਨੇ ਇਕ ਦੂਜੇ ਉੱਤੇ ਆਪਣੇ ਬਰਛਿਆਂ ਦੇ ਵਾਰ ਕੀਤੇ ਅਤੇ ਦੋਵੇਂ ਆਪਸੀ ਮੁੱਠਭੇੜ ਵਿਚ ਨਾਲੋ ਨਾਲ ਧਰਤੀ ਤੇ ਡਿੱਗ ਪਏ।


ਲੇਖਕ : ਗ.ਨ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਗ੍ਰਾਮ ਸ਼ਾਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਗੋ ਸ਼ਾਹ/ਸੰਗ੍ਰਾਮ ਸ਼ਾਹ (ਮ. 1688 ਈ.): ਗੁਰੂ ਹਰਿਗੋਬਿੰਦ ਜੀ ਦੀ ਸੁਪੁੱਤਰੀ ਬੀਬੀ ਵੀਰੋ ਦਾ ਵਿਆਹ ਝਬਾਲ ਪਿੰਡ ਦੇ ਨਿਵਾਸੀ ਭਾਈ ਧਰਮੇ ਖੋਸਲੇ ਦੇ ਪੁੱਤਰ ਭਾਈ ਸਾਧੂ ਜਨ ਨਾਲ ਸੰਨ 1629 ਈ. (1686 ਬਿ.) ਵਿਚ ਹੋਇਆ। ਇਸ ਦੰਪਤੀ ਤੋਂ ਪੰਜ ਸੂਰਬੀਰ ਪੁੱਤਰ ਪੈਦਾ ਹੋਏ—ਭਾਈ ਸੰਗੋ ਸ਼ਾਹ (ਸੰਗ੍ਰਾਮ ਸ਼ਾਹ), ਗੁਲਾਬ ਚੰਦ , ਜੀਤ ਮੱਲ , ਗੰਗਾ ਰਾਮ ਅਤੇ ਮਾਹਰੀ ਚੰਦ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਲੜਕੇ ਸਨ। ‘ਬਚਿਤ੍ਰ ਨਾਟਕ ’ (ਅਧਿ. 8) ਅਨੁਸਾਰ ਇਹ ਪੰਜੇ ਭਰਾ ਭੰਗਾਣੀ ਦੇ ਯੁੱਧ ਵਿਚ (18 ਸਤੰਬਰ 1688 ਈ.) ਖ਼ੂਬ ਲੜੇ— ਤਹਾ ਸਾਹ ਸ੍ਰੀ ਸਾਹ ਸੰਗ੍ਰਾਮ ਕੋਪੇ ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ ਹਠੀ ਜੀਤ ਮਲਿੰ ਸੁ ਗਾਜੀ ਗੁਲਾਬੰ ਰਣੰ ਦੇਖੀਐ ਰੰਗ ਰੂਪੰ ਸਹਾਬੰ ਹਠਿਯੋ ਮਾਹਰੀ ਚੰਦਯੰ ਗੰਗਰਾਮੰ ਜਿਨੇ ਕਿਤੀਯੰ ਜਿਤੀਯੰ ਫ਼ੌਜ ਤਾਮੰ

            ਉਕਤ ਪੰਜਾਂ ਭਰਾਵਾਂ ਨੇ ਖ਼ੂਬ ਡਟ ਕੇ ਯੁੱਧ ਕੀਤਾ। ਇਨ੍ਹਾਂ ਪੰਜਾਂ ਵਿਚ ਸੰਗੋ ਸ਼ਾਹ ਅਤੇ ਜੀਤ ਮੱਲ ਨੇ ਵੀਰ-ਗਤੀ ਪ੍ਰਾਪਤ ਕੀਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.