ਸੰਯੋਜਕੀ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ੰਯੋਜਕੀ ਉਪਵਾਕ: ਮਿਸ਼ਰਤ ਵਾਕਾਂ ਦੀ ਬਣਤਰ ਵਿਚ ਘੱਟੋ ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕ ਵਿਚਰ ਰਹੇ ਹੁੰਦੇ ਹਨ। ਪਰਾਧੀਨ ਉਪਵਾਕ ਕਿਸੇ ਮਿਸ਼ਰਤ ਵਾਕ ਵਿਚ ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਵਰਗਾ ਕਾਰਜ ਕਰਦੇ ਹਨ। ਇਸ ਅਧਾਰ ’ਤੇ ਪਰਾਧੀਨ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : ਕਿ-ਉਪਵਾਕ, ਸੰਯੋਜਕੀ ਉਪਵਾਕ ਅਤੇ ਕਿਰਿਆ ਵਿਸ਼ੇਸ਼ਣੀ ਉਪਵਾਕ। ਸੰਯੋਜਕੀ ਉਪਵਾਕਾਂ ਦੀ ਬਣਤਰ ਅਤੇ ਕਾਰਜ ਸੰਯੋਜਕਾਂ ਤੇ ਨਿਰਭਰ ਹੁੰਦੀ ਹੈ। ਪੰਜਾਬੀ ਵਾਕਾਂ ਦੀ ਬਣਤਰ ਵਿਚਲੇ ਸੰਯੋਜਕੀ ਉਪਵਾਕਾਂ ਦੀ ਬਣਤਰ ‘ਜੋ, ਜਿਹੜਾ’ ਵਰਗ ਦੇ ਸੰਯੋਜਕ ’ਤੇ ਅਧਾਰਤ ਹੁੰਦੀ ਹੈ। ਸੰਯੋਜਕੀ ਉਪਵਾਕਾਂ ਦੇ ਦੋ ਲੱਛਣ ਹੁੰਦੇ ਹਨ : ਇਸ ਪਰਕਾਰ ਦੇ ਉਪਵਾਕ, ਵਾਕ ਵਿਚ ਵਿਚਰਦੇ ਕਿਸੇ ਨਾਂਵ ਵਾਕੰਸ਼ ਦੇ ਵਿਸ਼ੇਸ਼ਣ ਵਜੋਂ ਕਾਰਜ ਕਰਦੇ ਹਨ ਜਦੋਂ ਕਿ ਦੂਜੇ ਪਾਸੇ ਵਾਕ ਵਿਚ ਵਿਚਰਦੇ ਮੁੱਖ ਨਾਂਵ ਵਾਕੰਸ਼ ਅਤੇ ਸਹਿ-ਉਲੇਖਕ ਨਾਂਵ ਵਾਕੰਸ਼ ਵਿਚ ਸਾਂਝ ਹੁੰਦੀ ਹੈ ਭਾਵੇਂ ਨਾਂਵ ਵਾਕੰਸ਼ ਇਕੋ ਨਾਂਵ ਦੇ ਹੀ ਸੂਚਕ ਹੁੰਦੇ ਹਨ। ਸਹਿ-ਉਲੇਖਕ ਨਾਂਵ\ਪੜ੍ਹਨਾਂਵ ਸਵਾਧੀਨ ਉਪਵਾਕ ਵਿਚ ਜਾਂ ਸੰਯੋਜਕੀ ਉਪਵਾਕ ਵਿਚ ਵਿਚਰ ਰਿਹਾ ਹੁੰਦਾ ਹੈ। ਪੰਜਾਬੀ ਭਾਸ਼ਾ ਦੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਵਿਚਰਦੇ ਕਿਸੇ ਨਾਂਵ ਵਾਕੰਸ਼ ਦੇ ਵਿਸ਼ੇਸ਼ਕ ਵਾਕੰਸ਼ ਵਜੋਂ ਕਾਰਜ ਕਰਨ ਵਾਲੇ ਉਪਵਾਕ ਨੂੰ ਸੰਯੋਜਕੀ ਉਪਵਾਕ ਆਖਿਆ ਜਾਂਦਾ ਹੈ। ਸੰਯੋਜਕੀ ਉਪਵਾਕ ਦੀ ਉਦਾਹਰਨ ਇਸ ਪਰਕਾਰ ਹੈ : ਮੇਰਾ ਭਰਾ ਜਿਹੜਾ ਪਿੰਡ ਰਹਿੰਦਾ ਹੈ, ਆਇਆ ਹੈ। ਵਿਚਰਨ ਸਥਾਨ ਦੇ ਪੱਖ ਤੋਂ ਸੰਯੋਜਕੀ ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : (i) ਮੁੱਖ ਉਪਵਾਕ+ਸੰਯੋਜਕੀ ਉਪਵਾਕ, (ii) ਸੰਯੋਜਕੀ ਉਪਵਾਕ+ਮੁੱਖ ਉਪਵਾਕ ਅਤੇ (iii) ਨਾਂਵ ਵਾਕੰਸ਼+ਸੰਯੋਜਕੀ ਉਪਵਾਕ+ਮੁੱਖ ਉਪਵਾਕ। ਪਹਿਲੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਮੁੱਖ ਉਪਵਾਕ ਦਾ ਸਥਾਨ ਪਹਿਲਾਂ ਹੁੰਦਾ ਹੈ ਅਤੇ ਸੰਯੋਜਕੀ ਉਪਵਾਕ ਦਾ ਸਥਾਨ ਅੰਤਲਾ ਹੁੰਦਾ ਹੈ, ਜਿਵੇਂ : ਮੇਰਾ ਉਹ ਭਰਾ ਆਇਆ ਹੈ ਜਿਹੜਾ ਪਿੰਡ ਰਹਿੰਦਾ ਹੈ। ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਛੇ ਪੈਟਰਨ ਹਨ। ਦੂਜੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ, ਵਾਕ ਦੇ ਪਹਿਲੇ ਸਥਾਨ ’ਤੇ ਵਿਚਰਦੇ ਹਨ, ਜਿਵੇਂ : ਜਿਹੜਾ ਮੇਰਾ ਭਰਾ ਪਿੰਡ ਰਹਿੰਦਾ ਹੈ, ਉਹ ਆਇਆ ਹੈ। ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਸੱਤ ਪੈਟਰਨ ਹਨ। ਤੀਜੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ ਤੋਂ ਪਹਿਲਾਂ ਮੁੱਖ ਉਪਵਾਕ ਵਿਚਰਦਾ ਹੈ ਅਤੇ ਮੁੱਖ ਉਪਵਾਕ ਦਾ ਸਥਾਨ ਅੰਤਲਾ ਹੁੰਦਾ ਹੈ, ਜਿਵੇਂ : ਮੇਰਾ ਉਹ ਭਰਾ ਜਿਹੜਾ ਪਿੰਡ ਰਹਿੰਦਾ ਹੈ (ਉਹ) ਆਇਆ ਹੈ। ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਛੇ ਪੈਟਰਨ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.