ਸੰਸਮਰਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਸਮਰਨ : ਵਾਰਤਕ ਦਾ ਅਜਿਹਾ ਸਾਹਿਤ ਰੂਪ ਜਿਸ ਵਿੱਚ ਕੋਈ ਆਪਣੀਆਂ ਯਾਦਾਂ ਦੀ ਪੁਨਰ-ਸਿਰਜਣਾ ਕਰਦਾ ਹੈ, ਸੰਸਮਰਨ ਕਹਾਉਂਦਾ ਹੈ। ਇਹ ਵਾਰਤਕ ਦਾ ਬੜਾ ਦਿਲਚਸਪ ਰੂਪ ਹੈ ਕਿਉਂਕਿ ਇਸ ਵਿੱਚ ਉਹ ਯਾਦਾਂ ਆਉਂਦੀਆਂ ਹਨ ਜਿਹੜੀਆਂ ਅਭੁੱਲ ਅਤੇ ਮਹੱਤਵਪੂਰਨ ਹੁੰਦੀਆਂ ਹਨ। ਸੰਸਮਰਨ, ਸਿਮਰਤੀਆਂ ਦਾ ਸੰਸਾਰ ਹੁੰਦਾ ਹੈ। ਇਹ ਗੱਲ ਬੜੀ ਸਪਸ਼ਟ ਹੈ ਕਿ ਸੰਸਮਰਨ ਲਿਖਣ ਦਾ ਹੱਕਦਾਰ ਉਹੀ ਲੇਖਕ ਹੋ ਸਕਦਾ ਹੈ ਜਿਸ ਨੇ ਜੀਵਨ ਦੇ ਕਿਸੇ ਖੇਤਰ ਵਿੱਚ ਕੋਈ ਜ਼ਿਕਰਯੋਗ ਪ੍ਰਾਪਤੀ ਕੀਤੀ ਹੋਵੇ। ਇਹ ਗੱਲ ਵੀ ਬੜੀ ਅਭਿੰਨ ਹੈ ਕਿ ਮਨੁੱਖ ਆਪਣੇ ਅਨੁਭਵ ਅਤੇ ਹੱਡਬੀਤੀ ਨੂੰ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਸੰਸਮਰਨ ਇਸੇ ਪ੍ਰਵਿਰਤੀ ਵਿੱਚ ਪੈਦਾ ਹੋਣ ਵਾਲਾ ਸਾਹਿਤ ਰੂਪ ਹੈ।
ਸੰਸਮਰਨ ਵਿੱਚ ਜੀਵਨ ਦੀਆਂ ਉਹ ਅਭੁੱਲ ਯਾਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਨੁੱਖ ਕਦੇ ਭੁਲਾ ਨਹੀਂ ਸਕਦਾ। ਗੁਰਬਖਸ਼ ਸਿੰਘ ਨੇ ਆਪਣੀ ਪੁਸਤਕ ਮੇਰੀਆਂ ਅਭੁੱਲ ਯਾਦਾਂ ਵਿੱਚ ਇਹ ਲਿਖਿਆ ਹੈ ਕਿ ਇਹ ਉਹ ਯਾਦਾਂ ਹਨ ਜਿਨ੍ਹਾਂ ਦਾ ਸੰਬੰਧ ਕੇਵਲ ਮੇਰੇ ਲਈ ਹੀ ਨਹੀਂ ਬਲਕਿ ਸਮੁੱਚੀ ਮਨੁੱਖ ਜਾਤੀ ਨਾਲ ਹੈ। ਇਹ ਉਹ ਯਾਦਾਂ ਹਨ ਜਿਨ੍ਹਾਂ ਨੇ ਉਸ ਦੇ ਜੀਵਨ ਨੂੰ ਸਫਲ ਅਤੇ ਜਿਊਂਣ ਜੋਗਾ ਬਣਾਇਆ ਹੈ। ਸੰਸਮਰਨ ਵਿੱਚ ਲੇਖਕ ਉਹਨਾਂ ਹੀ ਯਾਦਾਂ ਨੂੰ ਚਿਤਵਦਾ ਅਤੇ ਚਿਤਰਦਾ ਹੈ ਜੋ ਉਸ ਦੇ ਜੀਵਨ ਦਾ ਮੂਲ ਸੋਮਾ ਬਣੀਆਂ ਹੁੰਦੀਆਂ ਹਨ। ਇਹ ਯਾਦਾਂ ਮਿੱਠੀਆਂ ਅਤੇ ਕੌੜੀਆਂ ਰਲਵੀਆਂ-ਮਿਲਵੀਆਂ ਹੁੰਦੀਆਂ ਹਨ। ਇਹ ਉਹ ਸਾਹਿਤ ਰੂਪ ਹੈ ਜਿਸਨੂੰ ਨਿੱਜੀ ਅਨੁਭਵ ਦੇ ਆਧਾਰ `ਤੇ ਰਚਿਆ ਜਾਂਦਾ ਹੈ। ਇਸੇ ਕਰ ਕੇ ਇਸ ਨੂੰ ‘ਯਾਦ` ਵੀ ਕਿਹਾ ਜਾਂਦਾ ਹੈ।
ਸੰਸਮਰਨ ਵਾਰਤਕ ਦੇ ਦੂਜੇ ਰੂਪਾਂ-ਜੀਵਨੀ, ਸ੍ਵੈਜੀਵਨੀ ਨਾਲ ਭਾਵੇਂ ਮਿਲਦਾ-ਜੁਲਦਾ ਹੈ ਪਰੰਤੂ ਇਸ ਦਾ ਬੁਨਿਆਦੀ ਅੰਤਰ ਇਹ ਹੈ ਕਿ ਇਸ ਵਿੱਚ ਉਸ ਤਰ੍ਹਾਂ ਘਟਨਾਵਾਂ ਦੀ ਲੜੀ ਨਹੀਂ ਹੁੰਦੀ ਜਿਵੇਂ ਜੀਵਨੀ, ਅਤੇ ਸ੍ਵੈਜੀਵਨੀ ਵਿੱਚ ਹੁੰਦੀ ਹੈ। ਸੰਸਮਰਨ ਵਿੱਚ ਵਿਭਿੰਨ ਯਾਦਾਂ ਇੱਕ ਦੂਜੇ ਤੋਂ ਵੱਖਰੀਆਂ ਹੋ ਕੇ ਵੀ ਇੱਕ ਥਾਂ ਇਕੱਠੀਆਂ ਕੀਤੀਆਂ ਹੁੰਦੀਆਂ ਹਨ। ਸੰਸਮਰਨ ਬਾਰੇ ਸ਼ਿਆਮ ਸੁੰਦਰ ਘੋਸ਼ ਨੇ ਆਪਣੀ ਸਾਹਿਤ ਪੁਸਤਕ ਸਾਹਿਤ ਕੇ ਨਯੇ ਰੂਪ ਵਿੱਚ ਲਿਖਿਆ ਹੈ :
ਜੀਵਨੀ ਸੰਸਮਰਨ ਇੱਕ-ਦੂਜੇ ਦੇ ਬਹੁਤ ਨੇੜੇ ਹਨ। ਜੀਵਨ ਦੀਆਂ ਬੀਤੀਆਂ ਘਟਨਾਵਾਂ ਦਾ ਸਿਮਰਨ ਅਤੇ ਜ਼ਿਕਰ ਦੋਹਾਂ ਵਿੱਚ ਹੁੰਦਾ ਹੈ। ਦੋਹਾਂ ਵਿੱਚ ਜੀਵਨ ਨੂੰ ਪਿੱਛੇ ਪਰਤ ਕੇ ਦੇਖਣ ਦਾ ਭਾਵ ਹੈ ਪਰੰਤੂ ਦੋਹਾਂ ਵਿੱਚ ਭੇਦ ਵੀ ਹੈ। ਸੰਸਮਰਨ ਵਿੱਚ ਲੇਖਕ ਦੀ ਦ੍ਰਿਸ਼ਟੀ ਚੋਣ ਭਰੀ ਹੁੰਦੀ ਹੈ। ਇਸ ਵਿੱਚ ਸਿਮਰਤੀ/ਯਾਦ ਬਿਜਲੀ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਹ ਲਿਸ਼ਕ ਵਿੱਚ ਜਿਹੜੀਆਂ ਘਟਨਾਵਾਂ, ਵਿਅਕਤੀ, ਪ੍ਰਸੰਗ ਜਾਂ ਸਥਿਤੀਆਂ ਆਉਂਦੀਆਂ ਹਨ, ਉਹਨਾਂ ਦਾ ਚਿਤਰਨ ਸੰਸਮਰਨ ਵਿੱਚ ਕੀਤਾ ਜਾਂਦਾ ਹੈ ਜਦੋਂ ਕਿ ਜੀਵਨੀ ਅਤੇ ਸਵੈ ਜੀਵਨੀ ਵਿੱਚ ਲੇਖਕ ਨੂੰ ਪਿਛੇ ਪਰਤ ਕੇ ਆਪਣੇ ਜੀਵਨ ਉਪਰ ਬੱਝਵੀਂ ਅਤੇ ਲੜੀਬਧ ਨਜ਼ਰ ਮਾਰਨੀ ਹੈ।
ਸੰਸਮਰਨ ਨਿਰਸੰਦੇਹ ਜੀਵਨੀ ਅਤੇ ਸ੍ਵੈਜੀਵਨੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਇਸ ਦੀ ਆਪਣੀ ਇੱਕ ਲਿਖਣ ਸ਼ੈਲੀ ਹੁੰਦੀ ਹੈ ਜਿਸ ਅਨੁਸਾਰ ਲੇਖਕ ਆਪਣੀਆਂ ਯਾਦਾਂ ਦਾ ਚੋਣਵਾਂ ਰੰਗ ਪੇਸ਼ ਕਰ ਸਕਦਾ ਹੈ। ਉਸ ਲਈ ਇਹ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਘਟਨਾਵਾਂ ਅਤੇ ਪ੍ਰਸੰਗਾਂ ਵਿਚਕਾਰ ਕੋਈ ਲੜੀ ਕਾਇਮ ਰੱਖੇ।
ਸੰਸਮਰਨ ਲਿਖਣ ਦਾ ਹੱਕਦਾਰ ਉਹ ਵਿਅਕਤੀ ਹੁੰਦਾ ਹੈ ਜਿਸਦਾ ਜੀਵਨ ਬੜਾ ਸੰਘਰਸ਼ਮਈ ਅਤੇ ਪ੍ਰਾਪਤੀਆਂ ਵਾਲਾ ਹੋਵੇ, ਉਸੇ ਵਿਅਕਤੀ ਦੀਆਂ ਜੀਵਨ-ਯਾਦਾਂ ਦੂਜਿਆਂ ਲਈ ਰਾਹ ਦਸੇਰਾ ਬਣ ਸਕਦੀਆਂ ਹਨ। ਸੰਸਮਰਨ ਵਿੱਚ ਉਹੀ ਯਾਦਾਂ ਪ੍ਰੇਰਨਾ ਦਾ ਸ੍ਰੋਤ ਬਣਦੀਆਂ ਹਨ ਜੋ ਕਿਸੇ ਨਾ ਕਿਸੇ ਆਦਰਸ਼ ਦੀ ਕਹਾਣੀ ਹੁੰਦੀਆਂ ਹਨ। ਇੱਕ ਸਧਾਰਨ ਵਿਅਕਤੀ ਦੀਆਂ ਯਾਦਾਂ ਕੋਈ ਅਰਥ ਨਹੀਂ ਰੱਖਦੀਆਂ। ਇਹਨਾਂ ਯਾਦਾਂ ਵਿੱਚ ਹੱਡ- ਬੀਤੀ ਹੋਣੀ ਚਾਹੀਦੀ ਹੈ ਜਿਸਨੇ ਆਪਣੇ ਸਮੇਂ ਕਿਸੇ ਨਾ ਕਿਸੇ ਪੱਖ ਨੂੰ ਪ੍ਰਭਾਵਿਤ ਕੀਤਾ ਹੋਵੇ। ਮਹਾਂਪੁਰਖਾਂ ਅਤੇ ਮਹਾਨ ਨਾਇਕਾਂ ਦੀਆਂ ਜੀਵਨ ਸਿਮਰਤੀਆਂ ਨਵੀਂ ਪੀੜ੍ਹੀ ਲਈ ਆਦਰਸ਼ ਤੇ ਪ੍ਰੇਰਨਾ ਬਣਦੀਆਂ ਹਨ।
ਸੰਸਮਰਨ, ਸਾਹਿਤ ਦਾ ਉਹ ਰੂਪ ਹੈ ਜਿਸ ਲਈ ਨਿੱਜ ਦਾ ਤੱਤ ਪ੍ਰਬਲ ਹੁੰਦਾ ਹੈ। ਇਹ ਨਿੱਜ ਦਾ ਤੱਤ ਨਿੱਜ ਤੋਂ ਪਾਰ ਜਾਣ ਦੀ ਯਾਤਰਾ ਕਰਦਾ ਹੈ। ਇੱਕ ਚੰਗਾ ਸੰਸਮਰਨਕਾਰ ਨਿੱਜੀ ਪ੍ਰਾਪਤੀਆਂ ਨੂੰ ਬੜੀ ਨਿਮਰਤਾ ਨਾਲ ਪ੍ਰਗਟਾਉਂਦਾ ਹੈ, ਹਉਮੇ ਨੂੰ ਉੱਭਰਨ ਨਹੀਂ ਦਿੰਦਾ। ਸੰਸਮਰਨ ਵਿੱਚ ਹਰ ਯਾਦ ਆਪਣੇ-ਆਪ ਵਿੱਚ ਸੁਤੰਤਰ ਹੁੰਦੀ ਹੈ। ਇਹ ਕਹਿਣ ਨੂੰ ਯਾਦ ਹੀ ਹੁੰਦੀ ਹੈ। ਪਰੰਤੂ ਇਹਨਾਂ ਯਾਦਾਂ ਦੇ ਝਰੋਖੇ ਵਿੱਚੋਂ ਅਤੀਤ, ਸੱਚ, ਇਤਿਹਾਸ, ਸਮਾਜਿਕ ਯਥਾਰਥ ਅਤੇ ਸੱਭਿਆਚਾਰ ਦੀ ਝਲਕ ਮਿਲਦੀ ਹੈ। ਇਸ ਤਰ੍ਹਾਂ ਸੰਸਮਰਨ ਆਪਣੇ-ਆਪ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਂਦਾ ਹੈ। ਸੰਸਮਰਨ, ਕੇਵਲ ਯਾਦਾਂ ਹੀ ਨਹੀਂ ਬਲਕਿ ਯਾਦਾਂ ਦੇ ਰੂਪ ਵਿੱਚ ਪੂਰੇ ਸਮਾਜ ਦਾ ਬਿੰਬ ਬਣ ਜਾਂਦੇ ਹਨ। ਇਸੇ ਕਰ ਕੇ ਇਹ ਕਿਹਾ ਜਾਂਦਾ ਹੈ ਕਿ ਸੰਸਮਰਨ ਵਿੱਚੋਂ ਕੇਵਲ ਇੱਕ ਵਿਅਕਤੀ ਹੀ ਨਹੀਂ ਬਲਕਿ ਵਿਅਕਤੀਆਂ ਦਾ ਸਮੂਹ ਉਘੜਦਾ ਹੈ। ਸੰਸਮਰਨ ਦੀ ਲਿਖਣ-ਸ਼ੈਲੀ ਬੜੀ ਸਪਸ਼ਟ, ਸਾਦਾ ਸਰਲ ਅਤੇ ਸਹਿਜ ਹੋਣੀ ਚਾਹੀਦੀ ਹੈ। ਰੋਚਕਤਾ ਅਤੇ ਉਤਸੁਕਤਾ ਇਸ ਦੇ ਪ੍ਰਾਣ ਤੱਤ ਹੁੰਦੇ ਹਨ। ਇੱਕ ਚੰਗਾ ਸੰਸਮਰਨਕਾਰ ਕੇਵਲ ਉਹੀ ਯਾਦਾਂ ਸਿਮਰਦਾ ਹੈ ਜੋ ਉਸ ਲਈ ਅਭੁੱਲ ਅਤੇ ਦੂਜਿਆਂ ਲਈ ਪ੍ਰੇਰਕ ਹੁੰਦੀਆਂ ਹਨ।
ਲੇਖਕ : ਜਸਪਾਲ ਕੌਰ ਕਾਂਗ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First