ਹਿਸਟਰੀ ਆਫ਼ ਦ ਸਿਖਸ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿਸਟਰੀ ਆਫ਼ ਦ ਸਿਖਸ: ਡਬਲਿਯੂ. ਐਲ. ਮੈਕਗ੍ਰੇਗਰ ਦੀ ਰਚਨਾ ਹੈ ਜੋ ਬ੍ਰਿਟਿਸ਼ ਭਾਰਤੀ ਫ਼ੌਜ ਵਿਚ ਇਕ ਡਾਕਟਰ (ਸਰਜਨ) ਦੇ ਤੌਰ ਤੇ ਨੌਕਰੀ ਕਰਦਾ ਸੀ , ਇਸ ਨੂੰ ਪਹਿਲੀ ਵਾਰੀ ਜੇਮਜ਼ ਮੇਡਨ ਨੇ 1846 ਵਿਚ ਦੋ ਭਾਗਾਂ ਵਿਚ ਲੰਦਨ ਤੋਂ ਛਪਵਾਇਆ ਸੀ ਅਤੇ ਭਾਸ਼ਾ ਵਿਭਾਗ ਪੰਜਾਬ , ਪਟਿਆਲਾ ਨੇ ਇਸ ਨੂੰ 1970 ਵਿਚ ਮੁੜ ਛਪਵਾਇਆ ਸੀ। ਪਹਿਲੇ ਭਾਗ ਦਾ ਉਪ ਸਿਰਲੇਖ ਹੈ “ਕਨਟੇਨਿੰਗ ਦ ਲਾਈਵਸ ਆਫ਼ ਦ ਗੁਰੂਜ਼: ਦ ਹਿਸਟਰੀ ਆਫ਼ ਦ ਇੰਨਡੀਪੈਂਡੇਂਟ ਸਰਦਾਰਸ, ਆਰ ਮਿਸਲਸ ਐਂਡ ਦ ਲਾਈਫ਼ ਆਫ਼ ਦ ਗ੍ਰੇਟ ਫਾਊਂਡਰ ਆਫ਼ ਦ ਸਿੱਖ ਮੋਨਾਰਕੀ, ਮਹਾਰਾਜਾ ਰਣਜੀਤ ਸਿੰਘ” ਅਤੇ ਇਹ ਪੂਰਨ ਤੌਰ ਤੇ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਹੈ। ਇਹ ਗੱਲ ਸਪਸ਼ਟ ਹੈ ਕਿ ਇਹ ਰਚਨਾ ਅਹਮਦ ਸ਼ਾਹ ਦੀ ਤਾਰੀਖ਼-ੲ-ਹਿੰਦ ਅਤੇ ਪ੍ਰਿੰਸੈਪ ਦੀ ਰਚਨਾ ‘‘ਲਾਈਫ ਆਫ਼ ਰਣਜੀਤ ਸਿੰਘ” ਉੱਤੇ ਆਧਾਰਿਤ ਹੈ। ਦੂਸਰਾ ਭਾਗ ਜਿਸਦਾ ਉਪ ਸਿਰਲੇਖ ਹੈ “ਕਨਟੇਨਿੰਗ ਐਨ ਅਕਾਊਂਟ ਆਫ਼ ਦ ਵਾਰ ਬਿਟਵੀਨ ਦ ਸਿਖਸ ਐਂਡ ਦ ਬ੍ਰਿਟਿਸ਼ ਇਨ 1845-46”, ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੀ ਐਂਗਂਲੋ-ਸਿੱਖ ਜੰਗ ਦੇ ਅੰਤ ਤਕ ਦਾ ਵੇਰਵਾ ਹੈ।
ਪਹਿਲੇ ਭਾਗ ਵਿਚ ਭੂਮਿਕਾ ਤੋਂ ਇਲਾਵਾ ਅਠਾਰ੍ਹਾਂ ਅਧਿਆਇ ਹਨ, ਜਿਨ੍ਹਾਂ ਵਿਚੋਂ ਪਹਿਲੇ ਛੇ ਅਧਿਆਇ ਸਿੱਖ ਗੁਰੂਆਂ ਨਾਲ ਸੰਬੰਧਿਤ ਹਨ ਜਿਨ੍ਹਾਂ ਵਿਚੋਂ ਇਕ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨਾਲ ਸੰਬੰਧਿਤ ਹੈ, ਦੂਸਰਾ ਅਗਲੇ ਅੱਠ ਗੁਰੂਆਂ ਅਤੇ ਅਗਲੇ ਚਾਰ ਅਧਿਆਇ ਗੁਰੂ ਸਾਹਿਬਾਨ ਦੇ ਕ੍ਰਮ ਅਨੁਸਾਰ ਦਸਵੇਂ ਅਤੇ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਹੈ। ਅਗਲੇ ਦੋ ਅਧਿਆਇ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਅਤੇ ਵਿਕਾਸ ਦੇ ਫਲਸਰੂਪ ਸਿੱਖ ਮਿਸਲਾਂ ਦੀ ਸਥਾਪਤੀ ਨਾਲ ਸੰਬੰਧਿਤ ਹਨ। ਇਸ ਤੋਂ ਅਗਲੇ ਤਿੰਨ ਅਧਿਆਇ ਜੋ ਪੂਰੀ ਤਰ੍ਹਾਂ ਤਾਰੀਖ਼-ੲ-ਹਿੰਦ ਪੁਸਤਕ ਉੱਤੇ ਆਧਾਰਿਤ ਹਨ, ਇਹਨਾਂ ਦਾ ਸੰਬੰਧ ਬਾਰ੍ਹਾਂ ਵਿਚੋਂ ਛੇ ਸਿੱਖ ਮਿਸਲਾਂ ਜਿਵੇਂ ਕਿ ਭੰਗੀ , ਫ਼ੈਜ਼ੁਲਾਪੁਰੀਆ, ਰਾਮਗੜ੍ਹੀਆ, ਕਨ੍ਹਈਆ, ਆਹਲੂਵਾਲੀਆ ਅਤੇ ਸੁੱਕਰਚੱਕੀਆ ਨਾਲ ਹੈ। ਲੇਖਕ ਨੇ ਬਾਕੀ ਮਿਸਲਾਂ ਦਾ ਜ਼ਿਕਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਬ੍ਰਿਟਿਸ਼ ਪ੍ਰਭੂਸੱਤਾ ਨੂੰ ਮੰਨ ਲਿਆ ਸੀ ਇਸ ਕਰਕੇ ਉਸ ਦੇ ਵਿਚਾਰ ਅਨੁਸਾਰ ਇਹ ਉਸਦੇ ਅਧਿਐਨ ਖੇਤਰ ਵਿਚ ਨਹੀਂ ਆਉਂਦੀਆਂ ਸਨ। ਅਖੀਰਲੇ ਸੱਤ ਅਧਿਆਇ ਜਿਨ੍ਹਾਂ ਦਾ ਜ਼ਿਆਦਾ ਹਿੱਸਾ ਪ੍ਰਿੰਸੈਪ ਅਤੇ ਅਹਮਦ ਸ਼ਾਹ ਦੀਆਂ ਪੁਸਤਕਾਂ ਉੱਤੇ ਹੀ ਆਧਾਰਿਤ ਹੈ, ਸਿੱਖ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਹਨ।
ਦੂਸਰਾ ਭਾਗ, ਜਿਸ ਵਿਚ ਅਠਾਰ੍ਹਾਂ ਅਧਿਆਇ ਹਨ, ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਅਰੰਭ ਹੁੰਦਾ ਹੈ ਅਤੇ ਇਸ ਵਿਚ ਦਰਬਾਰੀ ਸਾਜ਼ਸ਼ਾਂ ਦਾ ਜ਼ਿਕਰ ਹੈ ਜੋ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਸ਼ੁਰੂ ਹੋਈਆਂ।ਇਸ ਵਿਚ ਐਂਗਲੋਂ-ਸਿੱਖ ਜੰਗਾਂ ਦਾ ਜ਼ਿਕਰ ਹੈ ਅਤੇ ਬ੍ਰਿਟਿਸ਼ ਦੇ ਪੰਜਾਬ ਨੂੰ ਆਪਣੇ ਰਾਜ ਨਾਲ ਮਿਲਾਉਣ ਨਾਲ ਇਹ ਵਰਨਨ ਖ਼ਤਮ ਹੁੰਦਾ ਹੈ। ਮਹਾਰਾਜਾ ਦਲੀਪ ਸਿੰਘ ਦਾ ਰਾਜ ਇਸ ਰਚਨਾ ਦਾ ਪ੍ਰਮੁਖ ਵਿਸ਼ਾ ਹੈ। ਲੇਖਕ ਨੇ ਇਸ ਸਮੇਂ ਨੂੰ ਪ੍ਰਚਲਿਤ ਬ੍ਰਿਟਿਸ਼ ਨਜ਼ਰੀਏ ਤੋਂ ਬਿਆਨ ਕੀਤਾ ਹੈ।
ਤੱਥਾਂ ਅਤੇ ਵਿਆਖਿਆ ਦੀਆਂ ਗ਼ਲਤੀਆਂ ਤੋਂ ਇਲਾਵਾ ਇਸ ਰਚਨਾ ਵਿਚ ਸਿੱਖਾਂ ਦੀ ਬਿਲਕੁਲ ਹੀ ਪ੍ਰਸੰਸਾ ਨਹੀਂ ਕੀਤੀ ਗਈ , ਅਤੇ ਪੂਰਬਲੇ ਫ਼ਾਰਸੀ ਇਤਿਹਾਸਕਾਰਾਂ ਦੀ ਨਕਲ ਕਰਕੇ ਉਹਨਾਂ ਬਾਰੇ ਵਿਸ਼ੇਸ਼ ਤੌਰ ਤੇ ਬੰਦਾ ਸਿੰਘ ਬਾਰੇ ਹਲਕੀ ਸ਼ਬਦਾਵਲੀ ਵਰਤੀ ਹੈ। ਲੇਖਕ ਗੁਰੂ ਗੋਬਿੰਦ ਸਿੰਘ ਦੀ ਮਹਾਨਤਾ ਤੋਂ ਮੁਨਕਰ ਨਹੀਂ ਹੈ ਪਰੰਤੂ ਇਹ ਸਿੱਖ ਧਰਮ ਅਤੇ ਫ਼ਲਸਫ਼ੇ ਦੇ ਸੂਖਮ ਤੱਤਾਂ ਨੂੰ ਸਮਝਣ ਤੋਂ ਅਸਮਰੱਥ ਹੈ। ਇਹ ਰਣਜੀਤ ਸਿੰਘ ਦੀ ਪੀੜ੍ਹੀ ਵਿਚ ਨੌ ਨਿਹਾਲ ਸਿੰਘ ਨੂੰ ਅਖੀਰਲਾ ਰਾਜਾ ਮੰਨਦਾ ਹੈ ਅਤੇ ਲਿਖਦਾ ਹੈ ਕਿ ਦਲੀਪ ਸਿੰਘ ਦੇ ਰਾਜ ਵੇਲੇ ਸਿੱਖ ਫ਼ੌਜ “ਇਤਨੀ ਹੰਕਾਰ ਵਿਚ ਆ ਗਈ ਸੀ ਕਿ ਇਹ ਆਪਣੇ ਆਪ ਨੂੰ ਪੰਜਾਬ ਤਕ ਮਹਿਦੂਦ ਨ ਰੱਖ ਕੇ ਸਾਰੇ ਹਿੰਦੁਸਤਾਨ ਨੂੰ ਜਿੱਤਣਾ ਚਾਹੁੰਦੀ ਸੀ ਅਤੇ ਆਪਣੇ ਆਪ ਨੂੰ ਬ੍ਰਿਟਿਸ਼ ਰਾਜ ਨੂੰ ਖ਼ਤਮ ਕਰਨ ਦੇ ਯੋਗ ਸਮਝਦੀ ਸੀ।” ਮੈਕਗ੍ਰੇਗਰ ਦੀ ਪੁਸਤਕ ਇਕ ਸਿੱਧਾ ਇਤਿਹਾਸ ਨਹੀਂ ਹੈ ਪਰੰਤੂ ਫਿਰ ਵੀ ਇਹ ਇਕ ਕੀਮਤੀ ਸ੍ਰੋਤ ਪੁਸਤਕ ਹੈ। ਇਸ ਪੁਸਤਕ ਦਾ ਸਾਰਥਕ ਲਾਭ ਪ੍ਰਾਪਤ ਕਰਨ ਲਈ ਲੇਖਕ ਦੇ ਉਦੇਸ਼, ਪੱਖਪਾਤਾਂ ਅਤੇ ਰਵੱਈਏ ਨੂੰ ਧਿਆਨ ਵਿਚ ਰੱਖਣਾ ਪਵੇਗਾ।
ਲੇਖਕ : ਜ.ਸ.ਗ ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First