ਹੁਕਮਨਾਮੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੁਕਮਨਾਮੇ : ਹੁਕਮਨਾਮਾ ਸ਼ਬਦ ਦੋ ਸ਼ਬਦਾਂ, ਹੁਕਮ+ਨਾਮਾ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਉਹ ਲਿਖਤ ਹੈ, ਜਿਸ ਵਿੱਚ ਕੋਈ ਹੁਕਮ ਜਾਂ ਆਗਿਆ ਕੀਤੀ ਗਈ ਹੈ। ਜਦ ਸਿੱਖ ਲਹਿਰ ਪੰਜਾਬ ਤੋਂ ਬਾਹਰ ਦੂਜਿਆਂ ਸੂਬਿਆਂ ਤੱਕ ਫੈਲ ਗਈ ਤਾਂ ਉੱਥੋਂ ਦੀ ਸੰਗਤ ਨੂੰ ਗੁਰੂ ਅਤੇ ਗੁਰੂ ਘਰ ਨਾਲ ਜੋੜਨ ਲਈ ਚਿੱਠੀਆਂ ਲਿਖਣ ਦੀ ਲੋੜ ਪਈ। ਗੁਰੂ ਸਾਹਿਬਾਨ ਅਤੇ ਮਗਰੋਂ ਗੁਰੂ ਮਹਿਲਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਨੂੰ ਸਤਿਕਾਰ ਵਜੋਂ ਹੁਕਮਨਾਮੇ ਕਿਹਾ ਜਾਣ ਲੱਗਾ।

     ਪਹਿਲੇ ਚਾਰ ਗੁਰੂ ਸਾਹਿਬਾਨ ਦੀ ਕੋਈ ਹੱਥ-ਲਿਖਤ ਸਾਡੇ ਪਾਸ ਨਹੀਂ ਪਹੁੰਚੀ। ਗੁਰੂ ਅਰਜਨ ਦੇਵ ਦੇ ਹੱਥੀਂ ਲਿਖਿਆ ਮੂਲ ਮੰਤਰ ਇੱਕ ਬੀੜ ਵਿੱਚ ਪ੍ਰਾਪਤ ਹੈ। ਹੁਕਮਨਾਮੇ ਗੁਰੂ ਹਰਿਗੋਬਿੰਦ ਤੋਂ ਲਿਖੇ ਜਾਣੇ ਸ਼ੁਰੂ ਹੋਏ ਅਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਦੇ ਹੁਕਮਨਾਮੇ ਵੀ ਮਿਲਦੇ ਹਨ। ਮੱਧ-ਕਾਲ ਤੋਂ ਚੱਲੀ ਇਹ ਪਰੰਪਰਾ ਅੱਜ ਤੱਕ ਵੀ ਜਾਰੀ ਹੈ ਅਤੇ ਸ੍ਰੀ ਅਕਾਲ ਤਖ਼ਤ ਅਤੇ ਪ੍ਰਮੁਖ ਤਖ਼ਤਾਂ ਤੋਂ ਹੁਣ ਤੱਕ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਗੁਰੂ ਤੇਗ਼ ਬਹਾਦਰ ਦੇ ਸਮੇਂ ਤੱਕ ਹੁਕਮਨਾਮੇ ਗੁਰੂ ਸਾਹਿਬਾਨ ਵੱਲੋਂ ਆਪ ਹੀ ਲਿਖੇ ਤੇ ਭੇਜੇ ਜਾਂਦੇ ਸਨ, ਪਰ ਗੁਰੂ ਗੋਬਿੰਦ ਸਿੰਘ ਦੇ ਸਮੇਂ ਲਿਖਾਰੀਆਂ ਵੱਲੋਂ ਵੀ ਲਿਖੇ ਜਾਣ ਲੱਗੇ। ਅਨੋਖੀ ਗੱਲ ਇਹ ਸੀ ਕਿ ਕਿਸੇ ਵੀ ਹੁਕਮਨਾਮੇ ਉਪਰ ਕਿਸੇ ਵੀ ਗੁਰੂ ਸਾਹਿਬ ਦਾ ਨਾਂ ਨਹੀਂ ਲਿਖਿਆ ਹੋਇਆ, ਪਰ ਸੰਗਤਾਂ ਦੀ ਤਸੱਲੀ ਅਤੇ ਭਰੋਸੇ ਲਈ ਗੁਰੂ ਸਾਹਿਬ ਆਪਣੀ ਕਲਮ ਤੋਂ ਮੁਕੰਮਲ ਮੂਲ ਮੰਤਰ ਜਾਂ ਇਸ ਦਾ ਛੋਟਾ ਰੂਪ ਹੁਕਮਨਾਮਿਆਂ ਉਪਰ ਲਿਖ ਦਿੰਦੇ, ਜਿਸ ਨੂੰ ਨੀਸਾਣ (ਨਿਸ਼ਾਨ) ਕਿਹਾ ਜਾਣ ਲੱਗਾ। ਗੁਰੂ ਤੇਗ਼ ਬਹਾਦਰ ਤੱਕ ਕੋਈ ਵੀ ਹੁਕਮਨਾਮਾ ਮਿਤੀ- ਬੱਧ ਨਹੀਂ ਸੀ, ਪਰ ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮਿਆਂ ਉਪਰ ਮਿਤੀ (ਤਾਰੀਖ਼) ਪਾਉਣ ਦਾ ਰਿਵਾਜ ਚੱਲ ਪਿਆ।

     ਹੁਕਮਨਾਮੇ ਲਿਖੇ ਜਾਣ ਦਾ ਇੱਕ ਖ਼ਾਸ ਢੰਗ ਤਰੀਕਾ ਹੁੰਦਾ ਸੀ। “ੴ ਸਤਿਗੁਰ ਪ੍ਰਸਾਦਿ" ਲਿਖਣ ਦੇ ਬਾਅਦ ਹੁਕਮਨਾਮਾ ਸਮੁੱਚੀ ਸਿੱਖ ਸੰਗਤ ਨੂੰ ਸੰਬੋਧਿਤ ਹੁੰਦਾ ਸੀ। ਫਿਰ ਗੁਰੂ ਸਾਹਿਬ ਵੱਲੋਂ ਅਸੀਸ ਹੁੰਦੀ ਸੀ। ਕਈ ਵਾਰੀ ਸੰਗਤ ਦੇ ਮੁਖੀ ਦਾ ਨਾਂ ਵੀ ਦੇ ਦਿੱਤਾ ਜਾਂਦਾ ਸੀ। ਫਿਰ ਉਸ ਵਿਸ਼ੇ ਦਾ ਵਰਣਨ ਹੁੰਦਾ ਸੀ ਜਿਸ ਦੀ ਖ਼ਾਤਰ ਹੁਕਮਨਾਮਾ ਲਿਖਿਆ ਜਾਂਦਾ ਸੀ। ਫਿਰ ਕੋਈ ਫ਼ਰਮਾਇਸ਼, ਹਿਦਾਇਤ ਜਾਂ ਨਸੀਹਤ ਹੁੰਦੀ ਸੀ। ਹੁਕਮਨਾਮਾ ਪਹੁੰਚਾਉਣ ਵਾਲੇ ਵਿਅਕਤੀ ਨੂੰ ਮੇਵੜਾ ਕਿਹਾ ਜਾਂਦਾ ਸੀ ਅਤੇ ਜੇ ਮੇਵੜੇ ਨੂੰ ਕੁਝ ਭੇਟਾ ਆਦਿ ਹੋਣੀ ਹੁੰਦੀ ਸੀ ਤਾਂ ਆਖ਼ਰ `ਤੇ ਉਹ ਵੀ ਲਿਖ ਦਿੱਤੀ ਜਾਂਦੀ ਸੀ। ਹੁਕਮਨਾਮਾ ਹਾਸਲ ਕਰਨ ਦੀ ਵੀ ਇੱਕ ਵਿਧੀ ਹੁੰਦੀ ਸੀ, ਜਿੱਥੇ ਮੇਵੜਾ ਹੁਕਮਨਾਮਾ ਲੈ ਕੇ ਪਹੁੰਚਦਾ, ਸਾਰੀ ਸੰਗਤ ਉਸ ਦਾ ਸੁਆਗਤ ਕਰਦੀ ਅਤੇ ਸੰਗਤ ਦਾ ਮੁਖੀਆ ਖੜ੍ਹਾ ਹੋ ਕੇ ਸਤਿਕਾਰ ਸਹਿਤ ਸਿਰ ਨਿਵਾ ਕੇ ਹੁਕਮਨਾਮਾ ਲੈਂਦਾ ਅਤੇ ਫਿਰ ਆਪਣੇ ਸਿਰ `ਤੇ ਰੱਖ ਕੇ ਸੰਗਤ ਵਿੱਚ ਹਾਜ਼ਰ ਹੁੰਦਾ। ਸਾਰੀ ਸੰਗਤ ਵਿੱਚ ਹੁਕਮਨਾਮਾ ਪੜ੍ਹ ਕੇ ਸੁਣਾਇਆ ਜਾਂਦਾ।

     ਹੁਕਮਨਾਮਿਆਂ ਦਾ ਮਹੱਤਵ ਬਹੁ-ਪੱਖੀ ਹੈ। ਸ਼ਰਧਾਲੂ ਸਿੱਖਾਂ ਲਈ ਇਹਨਾਂ ਵਿਚਲੀਆਂ ਗੱਲਾਂ ਇਲਾਹੀ ਬਚਨ ਅਤੇ ਇਹਨਾਂ ਵਿੱਚ ਲਿਖੇ ਗੁਰੂ ਸਾਹਿਬ ਦੇ ਹਰ ਹੁਕਮ ਨੂੰ ਹਰ ਸਿੱਖ ਸਿਰ ਮੱਥੇ ਮੰਨ ਕੇ ਫ਼ਰਮਾਇਸ਼ ਨੂੰ ਪੂਰਿਆਂ ਕਰਨਾ ਆਪਣਾ ਸੱਚਾ-ਸੁੱਚਾ ਧਾਰਮਿਕ ਫ਼ਰਜ਼ ਸਮਝਦਾ ਸੀ। ਗੁਰੂ ਸਾਹਿਬਾਨ ਦੇ ਹੱਥੀਂ ਲਿਖੇ ਹੁਕਮਨਾਮਿਆਂ ਅਤੇ ਨੀਸਾਣਾਂ ਦੇ ਦਰਸ਼ਨ ਹੀ ਵਿਸਮਾਦੀ ਸਨ। ਇਤਿਹਾਸ ਦੇ ਪੱਖ ਤੋਂ ਇਹ ਮੁੱਲਵਾਨ ਹਨ। ਇਹਨਾਂ ਰਾਹੀਂ ਜਿੱਥੇ ਗੁਰੂ ਸਾਹਿਬਾਨ ਅਤੇ ਬਾਹਰਲੀਆਂ ਸਿੱਖ ਸੰਗਤਾਂ ਵਿੱਚ ਸੰਬੰਧ ਬਣੇ ਰਹਿੰਦੇ, ਉੱਥੇ ਗੁਰੂ-ਘਰ ਦੀਆਂ ਲੋੜਾਂ ਵੀ ਸਨਮੁਖ ਰਹਿੰਦੀਆਂ। ਗੁਰੂ ਦੇ ਲੰਗਰ ਲਈ ਰਸਦਾਂ, ਧਰਮ ਅਸਥਾਨਾਂ ਦੀ ਉਸਾਰੀ ਅਤੇ ਹੋਰ ਕੰਮਾਂ ਲਈ ਮਾਇਆ, ਲੋੜਵੰਦ ਸਿੱਖਾਂ ਦੀ ਸਹਾਇਤਾ, ਪ੍ਰਚਾਰ ਲਈ ਹਿਦਾਇਤਾਂ, ਸਿੱਖਾਂ ਨੂੰ ਆਪਸ ਵਿੱਚ ਮੇਲ ਰੱਖਣ ਲਈ ਹੁਕਮ, ਗੁਰਪੁਰਬ ਮਨਾਉਣ ਲਈ ਸੰਗਤਾਂ ਨੂੰ ਉਤਸ਼ਾਹ, ਖ਼ਾਸ-ਖ਼ਾਸ ਮੌਕਿਆਂ ਉਪਰ ਸੰਗਤਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਸੱਦਾ, ਜੰਗਾਂ ਯੁੱਧਾਂ ਲਈ ਹਥਿਆਰ ਗੋਲੀ ਸਿੱਕਾ ਅਤੇ ਜਾਨਵਰ ਅਤੇ ਸਿੱਖ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਹਰ ਤਰ੍ਹਾਂ ਦੀਆਂ ਹਿਦਾਇਤਾਂ ਹੁੰਦੀਆਂ। ਹੁਕਮਨਾਮੇ ਸਿੱਖ ਇਤਿਹਾਸ ਬਾਰੇ ਬੜੀ ਠੋਸ ਅਤੇ ਭਰੋਸੇਯੋਗ ਜਾਣਕਾਰੀ ਦਿੰਦੇ ਹਨ।

     ਹੁਕਮਨਾਮੇ ਵਾਰਤਕ ਵਿੱਚ ਲਿਖੇ ਹੋਣ ਕਰ ਕੇ ਇਹ ਮੱਧ-ਕਾਲੀ ਪੰਜਾਬੀ ਵਾਰਤਕ ਦੇ ਇਤਿਹਾਸ ਦਾ ਇੱਕ ਭਾਗ ਹਨ। ਸਾਹਿਤਿਕ ਪੱਖ ਤੋਂ ਇਹਨਾਂ ਦੀ ਸਭ ਤੋਂ ਪਹਿਲੀ ਖ਼ੂਬੀ ਇਹ ਹੈ ਕਿ ਇਹ ਆਪਣੇ-ਆਪ ਵਿੱਚ ਇੱਕ ਅਸਲੋਂ ਨਵੀਂ ਅਤੇ ਵਿਲੱਖਣ ਵਾਰਤਕ ਵੰਨਗੀ ਹੈ, ਜੋ ਦੂਜੀਆਂ ਵਾਰਤਕ ਵੰਨਗੀਆਂ ਨਾਲੋਂ ਅਸਲੋਂ ਵੱਖਰੀ ਹੈ। ਪੰਜਾਬੀ ਵਿੱਚ ਪੱਤਰ ਲਿਖਣ ਕਲਾ ਦਾ ਅਰੰਭ ਇਹਨਾਂ ਹੁਕਮਨਾਮਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਅੱਜ ਵੀ ਜਦ ਇੱਕ ਸਿੱਖ ਦੂਜੇ ਸਿੱਖ ਨੂੰ ਚਿੱਠੀ ਲਿਖਦਾ ਹੈ ਤਾਂ ਉਸ ਦਾ ਅਰੰਭ ‘ੴ ਸਤਿਗੁਰ ਪ੍ਰਸਾਦਿ` ਤੋਂ ਕਰਦਾ ਹੈ। ਇਹ ਹੁਕਮਨਾਮਿਆਂ ਦੇ ਧਾਰਮਿਕ ਸਾਹਿਤਿਕ ਅਸਰ ਕਰ ਕੇ ਹੀ ਹੈ। ਹੁਕਮਨਾਮੇ ਆਪਣੇ ਸਮੇਂ ਦੀ ਭਾਸ਼ਾ ਦੇ ਨਮੂਨੇ ਹਨ, ਇਸ ਲਈ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਉਪਰ ਰੋਸ਼ਨੀ ਪਾਉਂਦੇ ਹਨ। ਗੁਰਮੁਖੀ ਲਿਪੀ ਵਿੱਚ ਲਿਖੇ ਹੋਣ ਕਰ ਕੇ ਇਹ ਗੁਰਮੁਖੀ ਲਿਪੀ ਦੇ ਵਿਕਾਸ ਤੋਂ ਵੀ ਜਾਣੂ ਕਰਵਾਉਂਦੇ ਹਨ। ਗੁਰਮੁਖੀ ਅੱਖਰਾਂ ਦੀ ਤਰਤੀਬ ਅਤੇ ਬਣਾਵਟ ਸਹਿਜੇ-ਸਹਿਜੇ ਬਦਲਦੀਆਂ ਰਹੀਆਂ ਹਨ, ਇਸ ਲਈ ਇਹਨਾਂ ਤੋਂ ਜਾਣੂ ਹੋਣ ਲਈ ਇਹ ਸਾਡੀ ਅਗਵਾਈ ਕਰਦੇ ਹਨ। ਇਸੇ ਤਰ੍ਹਾਂ ਮਾਤ੍ਰਾਵਾਂ ਦੀ ਗਿਣਤੀ ਅਤੇ ਉਹਨਾਂ ਨੂੰ ਲਿਖਣ (ਚਿੰਨ੍ਹਿਤ) ਦੇ ਢੰਗ ਵੀ ਬਦਲਦੇ ਰਹੇ ਹਨ। ਹੁਕਮਨਾਮੇ ਇਹਨਾਂ ਬਾਰੇ ਵੀ ਬੜੀ ਲਾਹੇਵੰਦ ਸਮਗਰੀ ਜੁਟਾਉਂਦੇ ਹਨ। ਇਸ ਤਰ੍ਹਾਂ ਹੁਕਮਨਾਮੇ ਪੰਜਾਬ ਦੇ ਇਤਿਹਾਸ ਅਤੇ ਸਾਹਿਤ ਬਾਰੇ ਰੋਸ਼ਨੀ ਪਾਉਣ ਦੇ ਨਾਲ ਗੁਰੂ ਸਾਹਿਬਾਨ ਦੁਆਰਾ ਲਿਖੇ ਜਾਣ ਕਰ ਕੇ ਜਾਂ ਨੀਸਾਣ ਪਾਉਣ ਕਰ ਕੇ ਸਿੱਖ ਸਮਾਜ ਲਈ ਸ਼ਰਧਾ, ਪ੍ਰੇਮ ਅਤੇ ਸਤਿਕਾਰ ਦੇ ਸੋਮੇ ਹਨ।

     ਹੁਕਮਨਾਮਿਆਂ ਦੇ ਮਹੱਤਵ ਨੂੰ ਪਛਾਣਦਿਆਂ ਹੋਇਆਂ ਇਹਨਾਂ ਨੂੰ ਇਕੱਠਿਆਂ ਕਰਨ ਦਾ ਕੰਮ ਵੀ ਸਮੇਂ-ਸਮੇਂ ਵਿਦਵਾਨਾਂ ਵੱਲੋਂ ਹੁੰਦਾ ਰਿਹਾ ਹੈ। ਭਰਵੇਂ ਰੂਪ ਵਿੱਚ ਇਹਨਾਂ ਦਾ ਸੰਗ੍ਰਹਿ ਸਭ ਤੋਂ ਪਹਿਲਾਂ 1967 ਦੇ ਅਰੰਭ ਵਿੱਚ ਹੁਕਮਨਾਮੇ ਪੁਸਤਕ ਵਿੱਚ ਗੰਡਾ ਸਿੰਘ ਵੱਲੋਂ ਤਿਆਰ ਕਰ ਕੇ ਛਪਵਾਇਆ ਗਿਆ, ਜਿਸ ਵਿੱਚ 89 ਨੀਸਾਣ ਤੇ ਹੁਕਮਨਾਮੇ ਹਨ। ਇਸ ਵਿੱਚ ਸਭ ਤੋਂ ਵੱਧ ਗੁਰੂ ਗੋਬਿੰਦ ਸਿੰਘ ਦੇ ਨੀਸਾਣ ਤੇ ਹੁਕਮਨਾਮੇ ਹਨ, ਜਿਨ੍ਹਾਂ ਦੀ ਗਿਣਤੀ 34 ਹੈ। ਗੁਰੂ ਤੇਗ਼ ਬਹਾਦਰ ਦੇ ਇਸੇ ਸੰਗ੍ਰਹਿ ਵਿੱਚ 22 ਹੁਕਮਨਾਮੇ ਹਨ। ਇਹਨਾਂ ਦਾ ਹੀ ਇੱਕ ਹੋਰ ਸੰਕਲਨ ਨੀਸਾਣ ਤੇ ਹੁਕਮਨਾਮੇ (ਸੰਪ. ਸਮਸ਼ੇਰ ਸਿੰਘ ਅਸ਼ੋਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪ ਚੁੱਕਾ ਹੈ। ਕੇਵਲ ਗੁਰੂ ਤੇਗ਼ ਬਹਾਦਰ ਦੇ ਹੁਕਮਨਾਮਿਆਂ ਦੇ ਹੀ ਦੋ ਸੰਗ੍ਰਹਿ ਵੱਖ-ਵੱਖ ਪੁਸਤਕਾਂ ਵਿੱਚ ਮਿਲਦੇ ਹਨ। ਪਹਿਲਾ ਸੰਗ੍ਰਹਿ ਫੌਜਾ ਸਿੰਘ ਦਾ ਹੈ, ਜਿਸ ਵਿੱਚ ਹੁਕਮਨਾਮਿਆਂ ਦਾ ਮੂਲ ਪਾਠ ਪੰਜਾਬੀ ਤੋਂ ਬਿਨਾਂ ਹਿੰਦੀ ਤੇ ਅੰਗਰੇਜ਼ੀ ਅਨੁਵਾਦ ਸਹਿਤ ਦਿੱਤਾ ਗਿਆ ਹੈ। ਦੂਜਾ ਸੰਕਲਨ ਸਬਿੰਦਰਜੀਤ ਸਿੰਘ ਸਾਗਰ (2002) ਦਾ ਹੈ, ਜਿਸ ਵਿੱਚ ਪੰਜਾਬੀ ਦੇ ਨਾਲ-ਨਾਲ ਇਹਨਾਂ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਗਿਆ ਹੈ। ਨਾਮਧਾਰੀ ਆਗੂ ਬਾਬਾ ਰਾਮ ਸਿੰਘ ਦੀਆਂ ਚਿੱਠੀਆਂ, ਜਿਨ੍ਹਾਂ ਨੂੰ ਉਹਨਾਂ ਦੇ ਸ਼ਰਧਾਲੂ ‘ਹੁਕਮਨਾਮੇ’ ਹੀ ਆਖਦੇ ਹਨ, ਕਿਤਾਬੀ ਰੂਪ ਵਿੱਚ ਜਸਵਿੰਦਰ ਸਿੰਘ ਵੱਲੋਂ ਸੰਪਾਦਿਤ ਹੋ ਕੇ, ਨਾਮਧਾਰੀ ਦਰਬਾਰ, ਭੈਣੀ ਸਾਹਿਬ (ਲੁਧਿਆਣਾ) ਵੱਲੋਂ ਛਪ ਚੁੱਕੇ ਹਨ। ਇਹਨਾਂ ਚਿੱਠੀਆਂ ਦੀ ਵਿਧੀ ਵੀ ਗੁਰੂ ਸਾਹਿਬਾਨ ਵਾਲੇ ਹੁਕਮਨਾਮਿਆਂ ਦੀ ਹੀ ਹੈ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.