ਹੇਹਰਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੇਹਰਾਂ ਹੇਹਰ ਗੋਤ ਦੇ ਜੱਟਾਂ ਦਾ ਵਸਾਇਆ ਇੱਕ ਪਿੰਡ , ਜੋ ਜਿਲਾ, ਤਸੀਲ ਲਹੌਰ ਵਿੱਚ ਹੈ. ਇਹ ਰੇਲਵੇ ਸਟੇਸ਼ਨ ਕੋਟ ਲਖਪਤ ਤੋਂ ੮ ਮੀਲ ਦੱਖਣ ਪੂਰਵ ਹੈ. ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਡੇ ਭਾਈ ਪ੍ਰਿਥੀ ਚੰਦ ਜੀ ਦੇ ਇਸ ਪਿੰਡ ਸਹੁਰੇ ਸਨ ਉਨ੍ਹਾਂ ਦਾ ਚਲਾਣਾ ਭੀ ਇੱਥੇ ਹੀ ਹੋਇਆ ਹੈ. ਸਮਾਧ ਬਣੀ ਹੋਈ ਹੈ, ਜਿਸ ਨਾਲ ਬਹੁਤ ਜਮੀਨ ਅਤੇ ਜਾਗੀਰ ਹੈ।
੨ ਕ੍ਰਿਪਾਲ ਦਾਸ ਉਦਾਸੀ ਮਹਾਤਮਾ ਦੇ ਰਹਿਣ ਦਾ ਗ੍ਰਾਮ , ਜੋ ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਵਿੱਚ ਹੈ. ਇਸ ਥਾਂ ਦਸ਼ਮੇਸ਼ ਮਾਲਵੇ ਨੂੰ ਜਾਂਦੇ ਹੋਏ ਵਿਰਾਜੇ ਹਨ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਭੀ ਇਸ ਜਗਾ ਭਾਈ ਹਮੀਰੇ ਸਿੱਖ ਦਾ ਪ੍ਰੇਮ ਵੇਖਕੇ ਕੁਝ ਚਿਰ ਠਹਿਰੇ ਸਨ. ਉਹ ਪਲੰਘ ਜਿਸ ਪੁਰ ਗੁਰੂ ਸਾਹਿਬ ਵਿਰਾਜੇ ਸਨ ਅਤੇ ਉਹ ਚੁਲ੍ਹਾ ਜਿਸ ਤੇ ਗੁਰੂ ਸਾਹਿਬ ਦਾ ਪ੍ਰਸਾਦ ਤਿਆਰ ਹੋਇਆ ਸੀ, ਦੋਵੇਂ ਸੰਭਾਲਕੇ ਰੱਖੇ ਹੋਏ ਹਨ ਮਹੰਤ ਕ੍ਰਿਪਾਲ ਦਾਸ ਦੇ ਸਮੇਂ ਤੋਂ ਲੈ ਕੇ ਇਥੇ ਸਿੱਖ ਸੰਗਤਾਂ ਜੁੜਦੀਆਂ ਆਈਆਂ ਹਨ. ਗੁਰੁਦ੍ਵਾਰਾ ਦੋਹਾਂ ਸਤਿਗਰੁਾਂ ਦਾ ਪਿੰਡ ਦੇ ਚੜ੍ਹਦੇ ਵੱਲ ਪਾਸ ਹੀ ਹੈ. ਸਿੱਖਰਾਜ ਸਮੇਂ ਪਿੰਡ ਦਾ ਛੀਵਾਂ ਹਿੱਸਾ ਜ਼ਮੀਨ ਗੁਰੁਦ੍ਵਾਰੇ ਨਾਲ ਲਗਾਈ ਗਈ. ਜੋ ਕਈ ਹਜ਼ਾਰ ਵਿੱਘੇ ਹੈ. ਰੇਲਵੇ ਸਟੇਸ਼ਨ ਚੌਕੀਮਾਨ ਤੋਂ ਛੀ ਮੀਲ ਦੱਖਣ ਪੂਰਵ ਇਹ ਅਸਥਾਨ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੇਹਰਾਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੇਹਰਾਂ: ਲੁਧਿਆਣਾ ਜ਼ਿਲੇ ਵਿਚ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਰਾਇਕੋਟ (30O-39' ਉ, 75O-37' ਪੂ) ਤੋਂ 11 ਕਿਲੋਮੀਟਰ ਉੱਤਰ ਵਿਚ ਇਕ ਪਿੰਡ ਹੈ। ਹੇਹਰਾਂ ਵਿਖੇ ‘ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀਂ ’, ਗੁਰੂ ਹਰਿਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਦੇ ਇੱਥੇ ਪਧਾਰਨ ਦੀ ਯਾਦ ਦਿਵਾਉਂਦੇ ਹਨ। ਗੁਰੂ ਹਰਿਗੋਬਿੰਦ ਜੀ ਇਕ ਸ਼ਰਧਾਲੂ ਸਿੱਖ ਭਾਈ ਹਮੀਰਾ ਦੀ ਬੇਨਤੀ ਤੇ ਇਸ ਪਿੰਡ ਆਪਣੀ ਮਾਲਵੇ ਦੀ ਫੇਰੀ ਸਮੇਂ ਆਏ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ 1705 ਵਿਚ ਚਮਕੌਰ ਦੀ ਜੰਗ ਪਿੱਛੋਂ ਇੱਥੇ ਪਹੁੰਚੇ ਤਾਂ ਉਸ ਸਮੇਂ ਇੱਥੇ ਇਕ ਸਿੱਖ ਧਰਮਸਾਲਾ ਮੌਜੂਦ ਸੀ ਜਿਸਦੀ ਸੇਵਾ ਸੰਭਾਲ ਭੰਗਾਣੀ ਦੇ ਯੁੱਧ ਦਾ ਯੋਧਾ ਕਿਰਪਾਲ ਦਾਸ ਉਦਾਸੀ ਕਰਦਾ ਸੀ। ਗੁਰੂ ਸਾਹਿਬ ਦੇ ਅਚਾਨਕ ਉੱਥੇ ਪਹੁੰਚਣ ਤੇ ਕਿਰਪਾਲ ਦਾਸ ਬੜਾ ਪ੍ਰਸੰਨ ਹੋਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਨੂੰ ਅਨੰਦਪੁਰ ਸ਼ਾਹੀ ਫ਼ੌਜਾਂ ਦੇ ਘੇਰੇ ਕਾਰਨ ਛੱਡਣਾ ਪਿਆ ਹੈ ਜੋ ਅਜੇ ਵੀ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਹੋਣਗੀਆਂ ਤਾਂ ਉਸ ਦੀ ਗਰਮ ਜੋਸ਼ੀ ਠੰਢੀ ਜਿਹੀ ਨਿਮਰਤਾ ਵਿਚ ਬਦਲ ਗਈ। ਇਕ ਬਾਗ਼ੀ ਨੂੰ ਪਨਾਹ ਦੇਣ ਦੇ ਸਿੱਟਿਆਂ ਤੋਂ ਡਰਦੇ ਹੋਏ ਉਸਨੇ ਗੁਰੂ ਜੀ ਨੂੰ ਇਹ ਇਸ਼ਾਰਾ ਕਰ ਦਿੱਤਾ ਕਿ ਜ਼ਿਆਦਾ ਦੇਰ ਹੇਹਰਾਂ ਨਾ ਠਹਿਰ ਕੇ ਉਹ ਛੇਤੀ ਹੀ ਕਿਸੇ ਸੁਰੱਖਿਅਤ ਥਾਂ ਤੇ ਚੱਲੇ ਜਾਣ। ਗੁਰੂ ਜੀ ਨੇ ਉਸਨੂੰ ਡਰ-ਮੁਕਤ ਹੋਣ ਲਈ ਅਤੇ ਰੱਬੀ ਹੁਕਮ ਵਿਚ ਪੂਰਨ ਵਿਸ਼ਵਾਸ ਰੱਖਣ ਲਈ ਕਿਹਾ। ਇਹ ਉਦਾਸੀ ਡੇਰਾ ਕਿਰਪਾਲ ਦਾਸ ਅਤੇ ਉਸਦੇ ਗੱਦੀ ਨਸ਼ੀਨਾਂ ਦੀ ਦੇਖ-ਰੇਖ ਹੇਠ ਵਧਦਾ ਫੁੱਲਦਾ ਰਿਹਾ।
1925 ਵਿਚ, ਸਿੱਖ ਗੁਰਦੁਆਰਾ ਐਕਟ ਬਣਨ ਨਾਲ 15 ਜੂਨ 1951 ਨੂੰ ਪੁਰਾਣੀ ਧਰਮਸਾਲਾ ਵਾਲੀ ਥਾਂ ਤੇ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ ਸੀ। ਇਹ ਗੁਰਦੁਆਰਾ ਇਕ ਵੱਡਾ ਆਇਤਾਕਾਰ ਹਾਲ ਹੈ ਜੋ ਉੱਚੇ ਥੜ੍ਹੇ ਉੱਤੇ ਬਣਿਆ ਹੋਇਆ ਹੈ ਜਿਸਦੇ ਚਾਰੇ ਪਾਸੇ ਵਰਾਂਡਾ ਬਣਿਆ ਹੋਇਆ ਹੈ। ਇਸ ਹਾਲ ਵਿਚ ਇਕ ਛੋਟਾ ਜਿਹਾ ਵਰਗਾਕਾਰ ਇਕ ਪਾਸੇ ਖੁੱਲ੍ਹਾ ਕਮਰਾ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਜਿਸਦੇ ਉਪਰ ਕਮਲ ਦੇ ਫੁੱਲ ਦੇ ਆਕਾਰ ਵਾਲਾ ਗੁੰਬਦ ਬਣਿਆ ਹੋਇਆ ਹੈ। ਵੱਡੇ ਜੋੜ ਮੇਲੇ ਹਰ ਮਹੀਨੇ ਦੇ ਪਹਿਲੇ ਦਿਨ ਹੁੰਦੇ ਹਨ। ਗੁਰਪੁਰਬ ਵਿਸ਼ੇਸ਼ ਕਰਕੇ ਪਹਿਲੇ, ਛੇਵੇਂ ਅਤੇ ਦਸਵੇਂ ਗੁਰੂ ਦੇ ਜਨਮ ਪੁਰਬ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਦੋ ਪਵਿੱਤਰ ਯਾਦਗਾਰਾਂ ਇੱਥੇ ਮੌਜੂਦ ਹਨ - ਗੁਰੂ ਸਾਹਿਬਾਨ ਦੁਆਰਾ ਵਰਤੇ ਗਏ ਇਕ ਮੰਜੇ ਦੀ ਚੁਗਾਠ ਅਤੇ ਇਕ ਚੁੱਲ੍ਹਾ ਜਿਹੜਾ ਗੁਰੂਆਂ ਲਈ ਭੋਜਨ ਪਕਾਉਣ ਲਈ ਵਰਤਿਆ ਗਿਆ ਸੀ। ਗੁਰਦੁਆਰੇ ਦੇ ਨਾਂ ਤੇ ਖੇਤੀ ਵਾਲੀ ਜ਼ਮੀਨ ਹੈ ਅਤੇ ਕੁਝ ਇਮਾਰਤਾਂ ਵੀ ਹਨ।
ਲੇਖਕ : ਮ. ਗ. ਸ. ਅਤੇ ਅਨੁ.: ਗ. ਨ. ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First