ਹੋਮਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੋਮਰ (ਨੌਂਵੀਂ-ਅੱਠਵੀਂ ਸਦੀ ਪੂਰਵ ਈਸਵੀ) : ਹੋਮਰ (Homer) ਯੂਨਾਨ ਦਾ ਮਹਾਂਕਾਵਿ ਰਚੇਤਾ ਸੀ। ਮੰਨਿਆ ਜਾਂਦਾ ਹੈ ਕਿ ਅੱਠਵੀਂ ਸਦੀ ਪੂਰਵ ਈਸਵੀ ਵਿੱਚ ਸੰਕਲਨ ਹੋਏ ਦੋ ਮਹਾਂਕਾਵਿ ਇਲੀਅਡ ਤੇ ਓਡੀਸੀ ਦੀ ਰਚਨਾ ਉਸ ਨੇ ਕੀਤੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਏਸ਼ੀਆ ਦੇ ਖਿੱਤੇ ਆਓਨੀਆ ਵਿੱਚ ਰਹਿੰਦਾ ਸੀ। ਇੱਕ ਦੰਤ-ਕਥਾ ਅਨੁਸਾਰ ਉਹ ਅੰਨ੍ਹਾ ਸੀ। ਪੁਰਾਤਨ ਸਮੇਂ ਦੀ ਮੌਖਿਕ-ਕਾਵਿ ਦੀ ਨਿਰੰਤਰਤਾ ਵਿੱਚ ਉਸ ਦੀ ਪ੍ਰਾਪਤੀ ਇਹ ਹੈ ਕਿ ਉਸ ਨੇ ਪੁਰਾਤਨ ਮੌਖਿਕ-ਕਾਵਿ ਨੂੰ ਇੱਕ ਸੰਗਠਿਤ ਕਾਵਿ-ਸੰਰਚਨਾ ਵਿੱਚ ਢਾਲ ਕੇ ਯਾਦਗਾਰੀ ਬਣਾ ਦਿੱਤਾ। ਇਲੀਅਡ ਟਰੋਜਨ ਜੰਗ ਨਾਲ ਸੰਬੰਧਿਤ ਰਚਨਾ ਹੈ। ਮਹਾਂਕਾਵਿ ਦੇ ਵੱਖੋ-ਵੱਖਰੇ ਕਾਂਡਾਂ ਵਿੱਚ ਇਸ ਦਾ ਬੁਨਿਆਦੀ ਵਿਸ਼ਾ ਮਨੁੱਖੀ ਹਮਦਰਦੀ ਦੇ ਵਿਅਕਤੀਗਤ ਵੇਰਵਿਆਂ ਅਤੇ ਇਸਦੀ ਵਿਭਿੰਨਤਾ ਰਾਹੀਂ ਜੀਵੰਤਤਾ ਪ੍ਰਾਪਤ ਕਰਦਾ ਹੈ। ਓਡੀਸੀ ਯੂਨਾਨੀ ਨਾਇਕ ਓਡੀਸਸ ਦੇ ਸਾਹਸੀ ਕਾਰਨਾਮਿਆਂ ਦੀ ਰਚਨਾ ਹੈ ਜਿਹੜੇ ਉਸ ਨੂੰ ਟਰੋਜਨ ਜੰਗ ਤੋਂ ਇਥਾਕਾ ਸਾਮਰਾਜ ਦੇ ਸਮੁੰਦਰੀ ਸਫ਼ਰ ਦੌਰਾਨ ਪ੍ਰਾਪਤ ਹੋਏ। ਇਹ ਦੋਵੇਂ ਕਾਵਿ-ਰਚਨਾਵਾਂ ਪੁਰਾਤਨ ਯੂਨਾਨੀ ਵਸਨੀਕਾਂ ਦੁਆਰਾ ਨੈਤਿਕ ਤੇ ਸਾਹਿਤਿਕ ਕਦਰਾਂ-ਕੀਮਤਾਂ ਕਰ ਕੇ ਬਹੁਤ ਸਲਾਹੀਆਂ ਗਈਆਂ ਹਨ ਇਹਨਾਂ ਰਚਨਾਵਾਂ ਨੇ ਪੱਛਮੀ ਸੱਭਿਆਚਾਰ ਉੱਤੇ ਡੂੰਘਾ ਪ੍ਰਭਾਵ ਪਾਇਆ ਹੈ।

     ਵਾਸਤਵਿਕ ਜਾਣਕਾਰੀ ਦੀ ਘਾਟ ਕਰ ਕੇ ਹੋਮਰ ਅਤੇ ਉਸ ਦੀ ਰਚਨਾ ਬਾਰੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਏ ਜਾਂਦੇ ਹਨ। ਇਹਨਾਂ ਦੋਵੇਂ ਰਚਨਾਵਾਂ ਵਿੱਚ ਇੱਕਸਾਰਤਾ ਨਾ ਹੋਣ ਕਾਰਨ ਕਈ ਆਲੋਚਕ ਇਹ ਯਕੀਨ ਕਰਦੇ ਹਨ ਕਿ ਇਹ ਇਕੱਲੇਕਾਰੇ ਲੇਖਕ ਦੀਆਂ ਰਚਨਾਵਾਂ ਨਹੀਂ ਹਨ। ਸੈਮੂਅਲ ਬਟਲਰ (1835–1902) ਦਾ ਯਕੀਨ ਹੈ ਕਿ ਓਡੀਸੀ ਮਹਾਂਕਾਵਿ ਇੱਕ ਔਰਤ ਵੱਲੋਂ ਸੰਕਲਿਤ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਕੁਝ ਹੋਰ ਵਿਚਾਰ ਹਨ ਕਿ ਇਹ ਮਹਾਂਕਾਵਿ ਅਸਲ ਵਿੱਚ ਸਮੂਹ ਲੋਕਾਂ ਦੇ ਆਪ-ਮੁਹਾਰੇ ਕੁਦਰਤੀ ਜਜ਼ਬੇ ਵਿੱਚੋਂ ਉਤਪੰਨ ਹੋਏ ਹਨ। ਇੱਥੋਂ ਤੱਕ ਕਿ ਇੱਕ ਨਵੀਨ ਸਿਧਾਂਤ ਇਹ ਦੱਸਦਾ ਹੈ ਕਿ ਜਿਸ ਤਰ੍ਹਾਂ ਦੀ ਕਾਵਿ-ਭਾਸ਼ਾ ਦਾ ਪ੍ਰਗਟਾਉ ਪ੍ਰਬੰਧ ਹੋਮਰ ਦੇ ਮਹਾਂਕਾਵਾਂ ਵਿੱਚ ਮਿਲਦਾ ਹੈ, ਉਸ ਨੂੰ ਨਾਇਕਾਂ ਦਾ ਜਸ ਗਾਉਣ ਵਾਲੇ ਭੱਟਾਂ ਦੀਆਂ ਕਈ ਪੀੜ੍ਹੀਆਂ ਨੇ ਵਿਕਸਿਤ ਕੀਤਾ ਜਿਹੜੇ ਰਾਜ ਦਰਬਾਰਾਂ ਵਿੱਚ ਕਵਿਤਾ ਦਾ ਗਾਇਨ ਪ੍ਰਸਤੁਤ ਕਰਿਆ ਕਰਦੇ ਸਨ। ਕਿਉਂਕਿ ਹਾਲੇ ਸਾਹਿਤਿਕ ਮੰਤਵ ਦੀ ਵਰਤੋਂ ਲਈ ਲਿਖਤ ਹੋਂਦ ਵਿੱਚ ਨਹੀਂ ਸੀ ਆਈ। ਸੋ ਇਹ ਭੱਟ ਬਿਨਾਂ ਕਿਸੇ ਲਿਖਤ ਦੀ ਵਰਤੋਂ ਕੀਤਿਆਂ ਪ੍ਰਚਲਿਤ ਮੌਖਿਕ ਸਮਗਰੀ ਦੀ ਸਹਾਇਤਾ ਨਾਲ ਹੀ ਆਪਣਾ ਗਾਇਨ ਪੇਸ਼ ਕਰਦੇ ਸਨ। ਇੱਥੋਂ ਤੱਕ ਕਿ ਉਹ ਨਿਰਧਾਰਿਤ ਕਵਿਤਾ ਨੂੰ ਯਾਦ ਕਰਨ ਤੇ ਉਸ ਨੂੰ ਲੈਅ-ਬੱਧ ਤਰਤੀਬ ਦੇਣ ਤੋਂ ਇਲਾਵਾ ਵਾਧੂ ਅਤੇ ਵਿਹਲੇ ਸਮੇਂ ਵਿੱਚ ਮੌਖਿਕ ਨੁਸਖੇ ਘੜਦੇ ਰਹਿੰਦੇ ਸਨ ਜਿਹੜੇ ਉਹਨਾਂ ਨੂੰ ਬਹਾਦਰੀ ਵਰਗੇ ਵਿਸ਼ਿਆਂ ਉੱਤੇ ਲੰਮੀਆਂ ਕਵਿਤਾਵਾਂ ਰਚਣ ਦੇ ਯੋਗ ਬਣਾਉਂਦੇ ਸਨ। ਅਜਿਹੀ ਪਰੰਪਰਾ ਹੋਮਰ ਦੇ ਮਹਾਂਕਾਵਾਂ ਦੀ ਰੀੜ੍ਹ ਦੀ ਹੱਡੀ ਬਣੀ ਹੋਵੇਗੀ। ਪਰੰਤੂ ਇਹ ਗੱਲ ਨਿਸ਼ਚਿਤ ਹੈ ਕਿ ਉਸ ਨੇ ਪਰੰਪਰਿਕ ਵਸਤੂ ਸਮਗਰੀ ਨੂੰ ਆਪਣੀ ਵਿਅਕਤੀਗਤ ਦ੍ਰਿਸ਼ਟੀ ਨਾਲ ਸਿਰਜ ਕੇ ਨਾ ਕੇਵਲ ਯੂਨਾਨ ਦੇ ਲੋਕਾਂ ਲਈ ਬਲਕਿ ਸਮੁੱਚੇ ਸੰਸਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸ਼ਾਹਕਾਰ ਰਚਨਾ ਬਣਾ ਦਿੱਤਾ।

     ਇਲੀਅਡ ਸਿਰਲੇਖ ਇਲੀਅਨ ਸ਼ਬਦ ਤੋਂ ਲਿਆ ਗਿਆ ਹੈ। ਇਹ ਟੋਰਾਇ ਦਾ ਦੂਜਾ ਨਾਂ ਹੈ। ਇਲੀਅਡ ਟਰੋਜਨ ਜੰਗ ਦੇ ਅੰਤਲੇ ਵਰ੍ਹੇ ਦਾ ਬਿਰਤਾਂਤ ਹੈ ਜਿਹੜੀ ਟੋਰਾਇ ਸ਼ਹਿਰ ਦੇ ਮੂਲ ਵਸਨੀਕਾਂ ਅਤੇ ਯੂਨਾਨੀ ਲੋਕਾਂ ਦੇ ਵਿਚਕਾਰ ਲੜੀ ਗਈ। ਯੂਨਾਨੀ ਨਾਇਕ ਐਕਲੀਜ਼ ਦਾ ਕਰੋਧ ਪਿਛੋਕੜ ਦੇ ਰੂਪ ਵਿੱਚ, ਦੰਤ-ਕਥਾ ਵਿਚਲੀ ਟੱਕਰ ਦਾ ਮੂਲ ਕਥਾਨਕ ਬਣਦਾ ਹੈ। ਨੌਜਵਾਨ ਬਹਾਦਰ ਯੋਧਾ ਐਕਲੀਜ਼ ਆਪਣੇ ਮੁੱਖ ਕਮਾਂਡਰ ਐਗਮੈਮਨਨ ਕੋਲੋਂ ਬੇਇੱਜ਼ਤੀ ਮਹਿਸੂਸ ਕਰ ਕੇ ਲੜਾਈ ਵਿੱਚੋਂ ਬਾਹਰ ਹੋ ਜਾਂਦਾ ਹੈ ਅਤੇ ਆਪਣੇ ਯੂਨਾਨੀ ਸਾਥੀਆਂ ਨੂੰ ਟਰੋਜਨਾ ਹੱਥੋਂ ਭਿਆਨਕ ਸੰਕਟ ਭੋਗਣ ਲਈ ਛੱਡ ਜਾਂਦਾ ਹੈ। ਐਕਲੀਜ਼, ਯੂਨਾਨੀਆਂ ਵੱਲੋਂ ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੰਦਾ ਹੈ। ਆਖ਼ਰ ਤਰਸ ਖਾਣ ਤੋਂ ਬਾਅਦ ਉਹ ਆਪਣੇ ਸਾਥੀ ਪੈਟਰੋਕਲਸ ਨੂੰ ਆਪਣੀ ਥਾਂ `ਤੇ ਫ਼ੌਜ ਦੀ ਅਗਵਾਈ ਨਿਭਾਉਣ ਦੀ ਜ਼ੁੰਮੇਵਾਰੀ ਦੇਣ ਲਈ ਮੰਨ ਜਾਂਦਾ ਹੈ। ਪੈਟਰੋਕਲਸ ਦੇ ਕਤਲ ਨਾਲ ਐਕਲੀਜ਼ ਟਰੋਜਨਾਂ ਦੇ ਵਿਰੁੱਧ ਭੜਕ ਉੱਠਦਾ ਹੈ। ਉਹ ਉਹਨਾਂ ਦੇ ਨੇਤਾ ਹੈਕਟਰ (ਰਾਜੇ ਪਰਾਈਮ ਦਾ ਪੁੱਤਰ) ਨੂੰ ਇੱਕੋ ਝੜਪ ਵਿੱਚ ਮਾਰ ਮੁਕਾਉਂਦਾ ਹੈ। ਐਕਲੀਜ਼, ਰਾਜੇ ਪਰਾਈਮ ਨੂੰ ਉਸਦੇ ਪੁੱਤਰ ਦੀ ਲਾਸ਼ ਸਪੁਰਦ ਕਰ ਦਿੰਦਾ ਹੈ। ਕਿਉਂਕਿ ਉਹਨਾਂ ਦੋਵਾਂ ਨੂੰ ਮੌਤ ਅਤੇ ਵਿਛੋੜੇ ਦੇ ਦੁੱਖ ਦਾ ਅਹਿਸਾਸ ਸੀ, ਜਿਸ ਕਰ ਕੇ ਉਹ ਟਰੋਜਨ ਰਾਜੇ ਨਾਲ ਸਾਕਾਚਾਰੀ ਦੇ ਰਿਸ਼ਤੇ ਨੂੰ ਰੱਖਣ ਲਈ ਵੀ ਤਿਆਰ ਹੋ ਜਾਂਦਾ ਹੈ। ਇਸ ਨਾਲ ਹੀ ਇਹ ਕਵਿਤਾ ਖ਼ਤਮ ਹੋ ਜਾਂਦੀ ਹੈ। ਕਵਿਤਾ ਵਿੱਚ ਪੂਰੇ ਟਕਰਾਅ ਦੌਰਾਨ ਯੂਨਾਨੀ ਨਗਰ ਉਲੰਪਿਸ ਦੇ ਦੇਵਤੇ ਦੋ ਧੜਿਆਂ ਵਿੱਚ ਵੰਡੇ ਹੋਏ ਦਿਖਾਏ ਗਏ ਹਨ ਜਿਹੜੇ ਉਹਨਾਂ ਲੋਕਾਂ ਪਿੱਛੇ ਆਪਸ ਵਿੱਚ ਲੜਦੇ ਵੀ ਹਨ।

     ਓਡੀਸੀ ਯੂਨਾਨੀ ਨਾਇਕ ਓਡੀਸਿਸ ਦੀ ਟਰੋਜਨ ਲੜਾਈ ਤੋਂ ਘਰ ਵਾਪਸੀ ਅਤੇ ਆਪਣੀ ਪਤਨੀ ਪੈਨੀਲੋਪ ਨੂੰ ਹਥਿਆਉਣ ਵਾਲਿਆਂ ਤੋਂ ਬਦਲਾ ਲੈਣ ਦੀ ਕਥਾ ਹੈ। ਇਸਦੇ ਮੁਢਲੇ ਦ੍ਰਿਸ਼ ਓਡੀਸਿਸ ਦੀ ਲੰਮੀ ਗ਼ੈਰਹਾਜ਼ਰੀ ਦੌਰਾਨ ਘਰ ਦੀ ਤਰਸਯੋਗ ਹਾਲਤ ਨੂੰ ਪੇਸ਼ ਕਰਦੇ ਹਨ। ਕਿਉਂਕਿ ਦਾਅਵੇਦਾਰਾਂ ਦਾ ਇੱਕ ਗੁੱਟ ਉਸ ਦੀ ਧਨ- ਸੰਪਤੀ `ਤੇ ਐਸ਼ ਕਰ ਰਿਹਾ ਸੀ। ਇਉਂ ਹੀ ਉਹ ਪੈਨੀਲੋਪ ਨੂੰ ਹਥਿਆਉਣ ਦੀ ਤਾਕ ਵਿੱਚ ਸਨ। ਇਸ ਤੋਂ ਬਾਅਦ ਇਹ ਮਹਾਂਕਾਵਿ ਓਡੀਸਿਸ ਦੀ ਦਸ ਸਾਲਾਂ ਦੀ ਯਾਤਰਾ ਦੌਰਾਨ ਪੈਦਾ ਹੋਏ ਖ਼ਤਰਿਆਂ ਨਾਲ ਭਰਪੂਰ ਹੈ ਜਿਵੇਂ ਕਿ ਆਦਮਖੋਰ ਦੈਂਤ ਪੋਲੀਫੇਮਸ ਅਤੇ ਕੈਲੀਪਸੋ ਦੇਵੀ ਜਿਹੜੀ ਉਸਦੇ ਅੱਗੇ ਘਰ ਦੀ ਤਲਾਸ਼ ਛੱਡ ਦੇਣ ਉੱਤੇ ਉਸ ਨੂੰ ਅਮਰ ਕਰ ਦੇਣ ਦੀ ਪੇਸ਼ਕਸ਼ ਕਰਦੀ ਹੈ ਅਤੇ ਅਜਿਹਾ ਨਾ ਕਰਨ ਕਰ ਕੇ ਉਹ ਉਸ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੰਦੀ ਹੈ। ਇਸ ਕਵਿਤਾ ਦਾ ਦੂਜਾ ਅੱਧ ਓਡੀਸਿਸ ਦੇ ਆਪਣੇ ਇਥਾਕਾ ਟਾਪੂ `ਤੇ ਪਹੁੰਚਣ ਨਾਲ ਅਰੰਭ ਹੁੰਦਾ ਹੈ। ਇੱਥੇ ਉਹ ਅਤਿਅੰਤ ਦੀ ਸਹਿਣਸ਼ੀਲਤਾ ਅਤੇ ਸਵੈ ਕਾਬੂ ਰੱਖਦਾ ਹੋਇਆ ਆਪਣੇ ਨੌਕਰਾਂ ਦੀ ਵਫ਼ਾਦਾਰੀ ਦਾ ਇਮਤਿਹਾਨ ਲੈਂਦਾ ਹੈ। ਇਉਂ ਉਹ ਇੱਕ ਸਾਜਸ਼ ਘੜ ਕੇ ਪੈਨੀਲੋਪ ਦੇ ਦਾਅਵੇਦਾਰਾਂ ਤੋਂ ਖ਼ੂਨੀ ਬਦਲਾ ਲੈਂਦਾ ਹੈ ਅਤੇ ਅੰਤ ਆਪਣੇ ਪੁੱਤਰ, ਪਤਨੀ ਅਤੇ ਬੁੱਢੇ ਬਾਪ ਨਾਲ ਮੁੜ ਰਹਿਣ ਲੱਗ ਪੈਂਦਾ ਹੈ।

     ਇਸ ਕਵਿਤਾ ਦੀ ਜਟਿਲ ਸੰਰਚਨਾ ਵਰਗੇ ਕਈ ਅੰਤਰੀਵ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਓਡੀਸੀ, ਇਲੀਅਡ ਤੋਂ ਬਾਅਦ ਦੀ ਰਚਨਾ ਹੈ। ਪਰੰਤੂ ਭਾਸ਼ਾ ਇਹਨਾਂ ਦੋਹਾਂ ਰਚਨਾਵਾਂ ਨੂੰ ਇੱਕੋ ਕਾਲ ਦੀਆਂ ਹੋਣ ਦੀ ਗਵਾਹੀ ਭਰਦੀ ਹੈ। ਓਡੀਸੀ ਵਿੱਚ ਦੇਵਤੇ ਦੋ ਧੜਿਆਂ ਵਿੱਚ ਵੰਡੇ ਹੋਏ ਨਹੀਂ ਹਨ। ਉਦਾਹਰਨ ਵਜੋਂ ਸਿਆਣਪ ਦੀ ਦੇਵੀ ‘ਐਥੇਨਾ’ ਯੂਨਾਨੀਆਂ ਦੀ ਵਾਪਸੀ ਉੱਤੇ ਦੁਸ਼ਮਣੀ `ਤੇ ਆ ਜਾਂਦੀ ਹੈ ਅਤੇ ਬਾਅਦ ਵਿੱਚ ਓਡੀਸਿਸ ਦਾ ਬਚਾਉ ਕਰ ਕੇ ਉਸ ਦੀ ਵਾਪਸੀ ਵਿੱਚ ਹਾਂ ਪੱਖੀ ਭੂਮਿਕਾ ਅਦਾ ਕਰਦੀ ਹੈ। ਇਲੀਅਡ ਨਾ ਹੱਲ ਹੋ ਸਕਣ ਵਾਲੀ ਦੁਬਿਧਾ ਅਤੇ ਕਾਮਨਾ ਦੀ ਕਵਿਤਾ ਹੈ। ਇਸਦਾ ਅਸਲੀ ਖਲਨਾਇਕ ਕੋਈ ਨਹੀਂ ਹੈ। ਐਕਲੀਜ਼, ਐਗ ਮੈਮਨਨ, ਪਰਾਈਮ ਅਤੇ ਹੋਰ ਪਾਤਰ ਆਖ਼ਰ ਨੂੰ ਇੱਕ ਬੇਦਰਦ ਅਤੇ ਦੁਖਾਂਤਕ ਜਗਤ ਦਾ ਸ਼ਿਕਾਰ ਬਣਦੇ ਹਨ। ਦੂਜੇ ਪਾਸੇ ਓਡੀਸੀ ਵਿੱਚ ਦੁਸ਼ਟਾਂ ਦੀ ਤਬਾਹੀ, ਸੱਚਿਆਂ ਦੀ ਜਿੱਤ ਅਤੇ ਖਿੰਡਿਆ ਪਰਿਵਾਰ ਮੁੜ ਇਕੱਠਾ ਹੋ ਜਾਂਦਾ ਹੈ। ਇੱਥੇ ਓਡੀਸਿਸ ਦੀ ਤਰਕਸੰਗਤ ਬੋਧਿਕਤਾ ਵਿਸ਼ੇਸ਼ ਕਰ ਕੇ ਸਾਰੀ ਕਥਾ ਦੀ ਉਸਾਰੀ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਦੋਵੇਂ ਮਹਾਂਕਾਵਿ ਪਰੰਪਰਿਕ ਅਤੇ ਗ਼ੈਰ- ਮਨੁੱਖੀ ਭਾਸ਼ਾ ਦੀ ਵਿਸਤਾਰਮਈ ਬਿਰਤਾਂਤ ਸ਼ੈਲੀ ਵਿੱਚ ਲਿਖੇ ਹੋਏ ਹਨ।

     ਹੋਮਰ ਦੀ ਪ੍ਰਸਿੱਧੀ ਸਨਾਤਨੀ ਜਗਤ ਦੇ ਵਿੱਚ ਹੀ ਖ਼ਤਮ ਨਹੀਂ ਹੁੰਦੀ। ਉਸ ਦੇ ਨੀਤੀ ਸ਼ਾਸਤਰ ਨੇ ਮੱਧ- ਕਾਲੀਨ ਬਹਾਦਰੀ ਨੂੰ ਪ੍ਰਭਾਵਿਤ ਕੀਤਾ। ਉਸ ਦੀਆਂ ਕਵਿਤਾਵਾਂ ਪੁਨਰ ਜਾਗ੍ਰਿਤ ਦੌਰ ਵਿੱਚ ਮੁੜ ਸੁਰਜੀਤ ਹੋਈਆਂ ਅਤੇ ਬਾਅਦ ਵਾਲੀਆਂ ਸਦੀਆਂ ਵਿੱਚ ਸਨਾਤਨੀ ਵਿੱਦਿਆ ਦਾ ਇੱਕ ਮਹੱਤਵਪੂਰਨ ਅੰਗ ਬਣੀਆਂ। ਇਹ ਰਚਨਾਵਾਂ ਆਧੁਨਿਕ ਭਾਸ਼ਾਵਾਂ ਵਿੱਚ ਅਣਗਿਣਤ ਵਾਰੀ ਅਨੁਵਾਦਿਤ ਹੋਈਆਂ। ਇਹਨਾਂ ਨੇ ਅੰਗਰੇਜ਼ੀ ਕਵੀ ਜਾਨ ਮਿਲਟਨ, ਸਪੇਨੀ ਨਾਵਲਕਾਰ ਤੇ ਲੇਖਕ ਕਾਰਵੈਨਟੀਜ਼ ਅਤੇ ਆਇਰਿਸ਼ ਜੇਮਜ਼ ਜਾਇਸ ਵਰਗੇ ਬਹੁਤ ਸਾਰੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹੋਮਰ ਦੇ ਮਹਾਂਕਾਵਾਂ ਨਾਲ ਹੀ ਯੂਰਪੀ ਸਾਹਿਤ ਦਾ ਅਰੰਭ ਹੁੰਦਾ ਹੈ। ਇਹ ਅਰੰਭ ਜ਼ਿੰਦਗੀ ਦੀ ਭਰਪੂਰਤਾ ਵਾਲੇ ਵਿਭਿੰਨ ਕਿਰਦਾਰਾਂ ਅਤੇ ਉਤੇਜਿਕ ਘਟਨਾਵਾਂ ਵਾਲਾ ਹੈ ਜਿਸ ਨੂੰ ਪੜ੍ਹ ਕੇ ਅੱਜ ਵੀ ਅਨੰਦ ਮਿਲਦਾ ਹੈ। ਇਹਨਾਂ ਦਾ ਮੁੱਲ ਕਵਿਤਾ ਕਰ ਕੇ ਹੈ ਜਿਹੜੀ ਦੇਵਤਿਆਂ ਤੇ ਨਾਇਕਾਂ ਦੇ ਬਹਾਦਰ ਕਾਰਨਾਮਿਆਂ ਦੇ ਉਦਾਤੀਕਰਨ ਤੋਂ ਅੱਗੇ ਡੂੰਘੀਆਂ ਮਾਨਵੀ ਭਾਵਨਾਵਾਂ ਨੂੰ ਵੀ ਅਭਿਵਿਅਕਤ ਕਰਦੀ ਹੈ।


ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹੋਮਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੋਮਰ : ਹੋਮਰ ਨੂੰ ਦੋ ਯੂਨਾਨੀ ਮਹਾਂਕਾਵਾਂ ‘ਇਲੀਅਡ’ ਤੇ ‘ਓਡੀਸੀ’ ਅਤੇ ਕੁਝ ਹੋਰ ਛੋਟੀਆਂ ਕਵਿਤਾਵਾਂ ਦਾ ਕਰਤਾ ਮੰਨਿਆ ਜਾਂਦਾ ਹੈ। ਇਨ੍ਹਾਂ ਦੋਹਾਂ ਮਹਾਂਕਾਵਾਂ ਨੂੰ ਸਾਹਿਤ-ਜਗਤ ਦੀਆ ਪ੍ਰਥਮ ਅਤੇ ਮਹਾਨ ਰਚਨਾਵਾਂ ਵਿਚ ਗਿਣਿਆ ਜਾਂਦਾ ਹੈ। ਹੋਮਰ ਬਾਰੇ ਪੁਰਾਣੇ ਸਮਿਆਂ ਅਰਥਾਤ ਛੇਵੀਂ ਸਦੀ ਈ. ਪੂ. ਤੋਂ ਹੀ ਖੋਜ ਕੀਤੀ ਜਾਂਦੀ ਰਹੀ ਹੈ। ਦੂਜੀ ਸਦੀ ਈ. ਪੂ. ਤੋਂ ਹੀ ਉਪਰੋਕਤ ਦੋ ਮਹਾਂਕਾਵਾਂ ਦੇ ਵਸਤੂ-ਪਾਠ ਬਾਰੇ ਕੁਝ ਗਿਆਨ ਹੋਣ ਲੱਗਾ ਪ੍ਰਤੀਤ ਹੁੰਦਾ ਹੈ। ਪ੍ਰਾਚੀਨ ਸਮੇਂ ਦਾ ਯੂਨਾਨੀ ਸਾਹਿਤ ਤੇ ਕਲਾ ਅੱਠਵੀਂ ਸਦੀ ਈ. ਪੂ. ਤੋਂ ਯੂਨਾਨੀਆਂ ਵਿਚ ਇਕ ਵੇਦ ਗਾਥਾ ਦੀ ਹੋਂਦ ਦੀ ਗਵਾਹੀ ਦਿੰਦੇ ਹਨ, ਜੋ ਜਗਤ ਦੀ ਰਚਨਾ, ਦੇਵਤਿਆਂ ਦੇ ਜੀਵਨ ਤੇ ਕਾਰਨਾਮਿਆਂ, ਉੱਚ ਕੁਲਾਂ ਤੇ ਸੂਰਮਿਆਂ ਦੀਆਂ ਹਾਰਾਂ ਜਿੱਤਾਂ ਤੇ ਹੋਰ ਸਮੂਹੀ ਘਟਨਾਵਾਂ, ਜਿਵੇਂ ਥੀਬਜ਼, ਤੇ ਟ੍ਰਾਇ ਵਿਰੁੱਧ ਯੁੱਧਾਂ ਜਾਂ ਵਿਅਕਤੀਗਤ ਕਾਰਨਾਮਿਆਂ, ਜਿਵੇਂ ਪਰਸੀਅਸ, ਥੀਸੀਅਸ ਤੇ ਹੈਰਾਕਲੀਜ਼ ਦੇ ਕਾਰਨਾਮਿਆਂ ਨਾਲ ਸਬੰਧਤ ਹਨ।

          ‘ਇਲੀਅਡ’ ਅਰਥਾਤ ਇਲਿਓਸ (ਟ੍ਰਾਇ) ਦੀ ਕਥਾ ਦੀ ਪਹਿਲੀ ਪੰਕਤੀ ਵਿਚ ਹੀ ਇਸ ਦੇ ਵਿਸ਼ੇ ਨੂੰ ਆਕਿਲੀਜ਼ ਦੀ ਰੌਦਰ ਆਖਿਆ ਗਿਆ ਹੈ, ਤੇ ਇਹ ਰੌਦਰ ਆਕੀਆ (ਯੂਨਾਨ ਦਾ ਇਕ ਭਾਗ) ਦੀ ਸੈਨਾ ਦੇ ਸੈਨਾਪਤੀ ਐਗਾਮੈਮਨਾਨ ਤੇ ਇਸ ਦੇ ਮਹਾਨਤਮ ਯੋਧੇ ਆਕਿਲੀਜ਼ ਵਿਚਕਾਰ ਬੰਦੀ ਬਣਾਈਆਂ ਇਸਤ੍ਰੀਆਂ ਤੋਂ ਉਤਪੰਨ ਹੁੰਦਾ ਹੈ। ਆਕੀਆ ਦੀ ਸੈਨਾ ਨੌਂ ਵਰ੍ਹੇ ਤੋਂ ਇਲਿਓਸ (ਟ੍ਰਾਇ) ਦਾ ਘੇਰਾ ਪਾਈ ਬੈਠੀ ਹੈ, ਕਿਉਂਕਿ ਇਲਿਓਸ ਦਾ ਰਾਜ ਕੁਮਾਰ ਪੈਰਿਸ ਐਗਾਮੈਮਨਾਨ ਦੇ ਭਰਾ ਮੈਨੇਲਾੱਸ ਦੀ ਪਤਨੀ ਹੈਲਨ ਨੂੰ ਨਸਾ ਕੇ ਲੈ ਗਿਆ ਸੀ। ਇਸ ਝਗੜੇ ਦੇ ਫਲਸਰੂਪ ਪਹਿਲਾਂ ਆਕਿਲੀਜ਼ ਦੀ ਸਹਾਇਤਾ ਤੋਂ ਬਿਨਾਂ ਅਤੇ ਜ਼ਿਊਸ ਦੇਵਤਾ ਦੀ ਕ੍ਰੋਪੀ ਦੇ ਕਾਰਨ ਏਕੀਅਨ ਸੈਨਾ ਬੜੀ ਹਾਨੀ ਝਲਦੀ ਹੈ। ਫਿਰ ਆਕਿਲੀਜ਼ ਵੀ ਆਪਣੇ ਮਿੱਤਰ ਪ੍ਰਾਤ੍ਰੋ-ਕਲੱਸ ਦੀ ਮੌਤ ਤੋਂ ਬਹੁਤ ਦੁਖੀ ਹੁੰਦਾ ਹੈ। ਅੰਤ ਫਿਰ ਜਦੋਂ ਆਕਿਲੀਜ਼ ਟ੍ਰਾਇ ਦੇ ਯੋਧੇ ਹੈਕਟਰ ਨੂੰ ਮਾਰ ਕੇ ਆਪਣੇ ਮਿੱਤਰ ਦਾ ਬਦਲਾ ਚੁਕਾ ਲੈਂਦਾ ਹੈ ਤਾਂ ਉਸ ਦੀ ਐਗਾਮੈਮਨਾਨ ਨਾਲ ਸੁਲ੍ਹਾ ਹੋ ਜਾਂਦੀ ਹੈ। ਆਕਿਲੀਜ਼ ਦੇਵਤਿਆਂ ਨਾਲ ਵੀ ਮੰਨ ਜਾਂਦਾ ਹੈ ਤੇ ਸਾਊ ਬਣ ਕੇ ਟ੍ਰਾਇ ਦੇ ਰਾਜਾ ਪ੍ਰੀਅਮ ਨੂੰ ਹੈਕਟਰ ਦੀ ਦੇਹ ਟ੍ਰਾਇ ਵਿਚ ਲੈ ਜਾਣ ਦਿੰਦਾ ਹੈ। ਇਹ ਸਾਰੀਆਂ ਘਟਨਾਵਾਂ 40 ਕੁ ਦਿਨਾਂ ਦੀਆਂ ਹਨ। ਇਸ ਤੋਂ ਪਿਛੋਂ ਹੋਮਰ ਸੰਵਾਦ, ਸਿਮ੍ਰਿਤੀ ਵਰਣਨ, ਰੂਪਕ ਤੇ ਉਪਮਾ ਆਦਿ ਅਲੰਕਾਰਾਂ ਰਾਹੀਂ ਪਿਛਲੇ ਨੌਂ ਵਰਿਆਂ ਦੇ ਯੁੱਧ ਦੀ ਕਹਾਣੀ ਬਿਆਨ ਕਰਦਾ ਹੈ ਤੇ ਭਵਿਖਬਾਣੀ ਕਰਦਾ ਹੈ ਕਿ ਕਿਵੇਂ ਥੋੜ੍ਹੇ ਚਿਰ ਵਿਚ ਹੀ ਟ੍ਰਾਇ ਵਾਸੀਆਂ ਦੇ ਕਲੇਸ਼ਾਂ ਦਾ ਅੰਤ ਹੋ ਜਾਵੇਗਾ ਤੇ ਆਕਿਲੀਜ਼ ਵੀ ਹੈਕਟਰ ਤੋਂ ਥੋੜ੍ਹਾਂ ਵਿਚ ਪਿਛੋਂ ਹੀ ਮਰ ਜਾਵੇਗਾ ਤੇ ਉਸ ਨੂੰ ਅੰਤਮ ਵਿਜੈ ਤੇ ਆਪਣੇ ਪਿਤਾ ਜਾਂ ਪੁੱਤਰ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਵੇਗਾ।

          ਸੋ ਇਕ ਪ੍ਰਕਾਰ ਦੇ ਸਥਾਈ-ਭਾਵਾਂ ਜਾਂ ਵਿਵਿਧ ਰਸਾਂ ਦੀ ਉਤਪਤੀ ਨਾਲ ਹੀ ਇਹ ਸੰਭਗ ਹੈ ਕਿ ਪਾਠਕਾਂ ਨੂੰ ਇਸ ਕਥਾ ਵਿਚ ਟ੍ਰਾਇ ਦੇ ਯੁੱਧ ਦੀ ਸਾਰੀ ਕਥਾ ਤੇ ਇਸ ਦਾ ਪਿਛੋਕੜ ਤੋਂ ਵੀ ਵਧੇਰੇ ਯੂਨਾਨੀਆਂ ਦੇ ਅਤੀਤ ਕਾਲ ਦਾ ਅਨੁਭਵ ਹੁੰਦਾ ਹੈ। ਇਸ ਵਿਚ ਸਿਮ੍ਰਿਤੀਆਂ ਜਿਵੇਂ ਕਿ ਪ੍ਰਾਚੀਨ ਯੋਧਿਆਂ ਨੈਸਟਰ ਤੇ ਫ਼ੀਨਕਸ ਦੀਆਂ, ਜਾਂ ਪੈਤਰੀ-ਕਥਾਵਾਂ ਜਿਵੇਂ ਕਿ ਗਲਾੱਕਸ ਦੀ ਦੱਸੀ ਬੈਲਰੋਫਾੱਨ ਦੀ ਕਥਾ ਜਾਂ ਦੇਵ ਬਾਣੀ ਰਾਹੀਂ, ਜਾਂ ਕਰਤਾ ਵਲੋਂ ਆਪ ਦਿਤੇ ਬ੍ਰਿਤਾਂਤ ਰਾਹੀਂ ਸਾਰੇ ਜਗਤ ਦੇ ਸੂਰਬੀਰਤਾ ਦੇ ਖੇਤਰ ਵਿਚ ਟ੍ਰਾਇ ਦਾ ਯੁੱਧ ਤੇ ਇਸ ਵਿਚ ਵੀ ਆਕਿਲੀਜ਼ ਤੇ ਐਗਾਮੈਮਨਾਨ ਦਾ ਝਗੜਾ ਰਖ ਦਿਤਾ ਗਿਆ ਹੈ। ‘ਓਡੀਸੀ’ ਦੀ ਕਥਾ ‘ਇਲੀਅਡ’ ਨਾਲੋਂ ਵਡੇਰੇ ਅਕਾਰ ਤੇ ਪਸਾਰ ਵਾਲੀ ਹੈ, ਪਰ ਇਸ ਦੀ ਬ੍ਰਿਤਾਂਤ ਵਿਧੀ ਵਧੇਰੇ ਸਰਲ ਹੈ। ਮੁੱਖ ਵਿਸ਼ਾ ਇਕ ਯੂਨਾਨੀ-ਯੋਧੇ ਉਡੀਸੀਅਸ ਦੀ ਟ੍ਰਾਇ ਦੇ ਯੁੱਧ ਤੋਂ ਪਰਤ ਕੇ ਘਰ ਆਉਣ ਦੀ ਕਹਾਣੀ ਹੈ, ਜਿਸ ਵਿਚ ਉਡੀਸੀਅਸ ਤੇ ਉਸ ਦੇ ਸਾਥੀ ਅਗਿਆਤ ਦੇਸ਼ਾਂ ਤੇ ਸਾਗਰਾ ਦੀ ਯਾਤਰਾ ਕਰਦੇ, ਕਈ ਪ੍ਰਕਾਰ ਦੇ ਕਾਰਨਾਮੇ ਤੇ ਸਾਹਸ ਵਿਖਾਉਂਦੇ ਹਨ ਤੇ ਇਕੱਲਾ ਓਡੀਸੀਅਸ ਹੀ ਵਾਪਸ ਆਪਣੇ ਘਰ ਇਥਾਕਾ ਵਿਚ ਆਉਂਦਾ ਹੈ।

          ‘ਇਲੀਅਡ’ ਵਾਂਗ ‘ਉਡੀਸੀ’ ਦੇ ਬਿਰਤਾਂਤ ਦਾ ਪਸਾਰ ਵੀ ਚਾਲੀ ਦਿਨਾਂ ਵਿਚ ਹੀ ਸਮਾਇਆ ਹੋਇਆ ਹੈ। ਕਾਵਿ ਦੇ ਆਰੰਭ ਵਿਚ ਉਡੀਸੀਅਸ ਨੂੰ ਇਕ ਪਰੀ ਕਾਲਿਪਸੋ, ਅਰਥਾਤ ਲੁਕਾਣ ਵਾਲੀ, ਆਪਣੇ ਦੀਪ ਆਕਸੀਜੀਆ ਵਿਚ ਰੋਕ ਲੈਂਦੀ ਹੈ। ਇਹ ਟ੍ਰਾਇ ਦੇ ਹਰਨ ਦਾ ਦਸਵਾਂ ਵਰ੍ਹਾ ਹੈ ਤੇ ਪਿਛੇ ਇਥਾਕਾ ਵਿਚ ਉਡੀਸੀਅਸ ਦੀ ਪਤਨੀ ਪੈਨੀਲੋਪ ਤੇ ਵੀਹ ਕੁ ਵਰ੍ਹੇ ਦੇ ਪੁੱਤਰ ਟੈਲੈਮਾਕਸ ਤੇ ਹੋਰ ਲੋਕਾਂ ਨੂੰ ਉਸ ਦੀ ਕੋਈ ਖ਼ਬਰ ਸਾਰ ਨਹੀਂ। ਪੈਨੀਲੋਪ ਨੂੰ ਵਿਧਵਾ ਸਮਝ ਕੇ ਤੇ ਉਨ੍ਹਾਂ ਦੇ ਪੁੱਤਰ ਦੀ ਪਰਵਾਹ ਨਾ ਕਰਦੇ ਹੋਏ ਕਈ ਰਾਜੇ ਪੈਨੀਲੋਪ ਨੂੰ ਵਿਆਹੁਣ ਲਈ ਉਸ ਦੇ ਪਿੱਛੇ ਪਏ ਹੋਏ ਹਨ।

          ਗੱਲ ਨੂੰ ਇਥੇ ਲਿਆ ਕੇ ਕਵੀ ਫਿਰ ਟੈਲੈਮਾਕਸ ਦੇ ਕਾਰਨਾਮਿਆਂ ਦਾ ਵਰਣਨ ਕਰਦਾ ਹੈ। ਐਥੀਨੀ ਦੇਵੀ, ਜਿਸ ਨੂੰ ਟੈਲੈਮਾਕਸ ਬਹੁਤ ਪਿਆਰਾ ਹੈ, ਉਸ ਨੂੰ ਆਪਣੇ ਪਿਤਾ ਦੀ ਭਾਲ ਵਿਚ ਟ੍ਰਾਇ ਦੇ ਯੋਧਿਆਂ ਵਿਚ ਸਭ ਤੋਂ ਵਧੇਰੇ ਗਿਆਨਵਾਨ ਪਾਈਲੋਸ ਵਿਖੇ ਨੈਸਟਰ ਅਤੇ ਸਪਾਰਟਾ ਵਿਖੇ ਮੈਨੈਲਾੱਸ ਕੋਲ ਭੱਜਦੀ ਹੈ। ਮੈਨੈਲਾੱਸ ਉਸ ਨੂੰ ਨਿਸਚਾ ਕਰਵਾਉਂਦਾ ਹੈ ਕਿ ਉਡੀਸੀਅਸ ਹਾਲੀਂ ਜਿਉਂਦਾ ਹੈ। ਉਧਰ ਉਡੀਸੀਅਸ ਕਾਲਿਪਸੋ ਤੋਂ ਲੱਕੜੀ ਦੇ ਇਕ ਫੱਟੇ ਉੱਤੇ ਤਰਦਾ ਸਤਾਰਾਂ ਦਿਨਾਂ ਪਿਛੋਂ ਸਕੇਰੀ ਦੇ ਸਥਾਨ ਉੱਤੇ ਕੰਢੇ ਆ ਲਗਦਾ ਹੈ। ਉਕੇ ਰਾਜਕੁਮਾਰੀ ਨਾਉਸੀਕਾ ਉਸ ਦੀ ਸਹਾਇਤਾ ਕਰਦੀ ਹੈ ਤੇ ਉਸ ਨੂੰ ਉਸ ਥਾਉਂ ਤੇ ਉਥੋਂ ਦੇ ਲੋਕਾਂ ਬਾਰੇ ਦੱਸਦੀ ਹੈ। ਉਹ ਆਪਣੇ ਤੇ ਆਪਣੇ ਵੰਸ਼ ਬਾਰੇ ਵੀ ਉਸ ਨੂੰ ਜਾਣਕਾਰੀ ਦਿੰਦੀ ਹੈ। ਨਾਉਸੀਕਾ ਦੇ ਮਾਤਾ ਪਿਤਾ ਉਡੀਸੀਅਸ ਦਾ ਸੁਆਗਤ ਕਰਦੇ ਹਨ ਤੇ ਉਸ ਦੇ ਮਨੋਰੰਜਨ ਲਈ ਦਾਅਵਤਾ ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ। ਹੁਣ ਉਸ ਨੂੰ ਆਪਣਾ ਆਪ ਵੀ ਪਰਗਟ ਕਰਨਾ ਪੈਂਦਾ ਹੈ। ਇਸ ਬਿਰਤਾਂਤ ਵਿਚ ਸਭ ਪ੍ਰਕਾਰ ਦੀਆਂ ਪ੍ਰਾਕ੍ਰਿਤਿਕ ਗੱਲਾਂ ਤੇ ਚਮਤਕਾਰ ਆਦਿ ਵਰਣਨ ਕੀਤੇ ਜਾਂਦੇ ਹਨ ਤੇ ਸਰੋਤੇ ਸਭ ਕੁਝ ਸੱਚ ਮੰਨਕੇ ਸੁਣਦੇ ਹਨ।

          ਅੱਗੋਂ ਉਡੀਸੀਅਸ ਐਥੀਨੀ ਦੀ ਸਹਾਇਤਾ ਨਾਲ ਆਪਦੇ ਵਫ਼ਾਦਾਰ ਸੂਰਪਾਲ ਯੂਮੀਅੱਸ ਦੇ ਘਰ ਪਹੁੰਚਦਾ ਹੈ ਜਿਥੇ ਉਸ ਨੂੰ ਉਸ ਦਾ ਪੁੱਤਰ ਟੈਲੀਮਾਕਸ ਆ ਮਿਲਦਾ ਹੈ। ਉਥੋਂ ਉਡੀਸੀਅਸ ਆਪਣੇ ਘਰ ਵਾਪਸ ਪਰਤ ਆਉਂਦਾ ਹੈ ਜਿੱਥੇ ਉਸਦੀ ਪਤਨੀ ਪੈਨੀਲੋਪ ਦੇ ਚਾਹਵਾਨ ਡੇਰੇ ਪਾਈ ਬੈਠੇ ਹਨ, ਪਰ ਉਹ ਉਡੀਸੀਅਸ ਨੂੰ ਨਹੀਂ ਪਛਾਣਦੇ।

          ਐਥੀਨੀ ਦੀ ਸਿਖਾਈ ਹੋਈ ਪੈਨੀਲੋਪ ਆਪਣੇ ਚਾਹਵਾਨਾਂ ਲਈ ਇਕ ਕਮਾਨ ਦਾ ਚਿੱਲਾ ਚੜ੍ਹਾਉਣ ਦੀ ਪ੍ਰੀਖਿਆ ਨਿਯਤ ਕਰਦੀ ਹੈ। ਜਦੋਂ ਉਨ੍ਹਾਂੲ ਵਿਚੋਂ ਕੋਈ ਇਹ ਚਿੱਲਾ ਨਹੀਂ ਚੜ੍ਹਾ ਸਕਦਾ ਤਾਂ ਉਡੀਸੀਅਸ ਜੋ ਹਾਲੀਂ ਤਕ ਗੁਪਤ ਭੇਸ ਵਿਚ ਹੀ ਹੈ, ਕਮਾਨ ਦਾ ਚਿੱਲਾ ਚੜ੍ਹਾ ਕੇ ਇਸ ਦੀ ਰੱਸੀ ਨੂੰ ਟੁਣਕਾਂਦਾ ਹੈ। ਫਿਰ ਸਦਨ ਦੇ ਦਰ ਬੰਦ ਕਰ ਦਿਤੇ ਜਾਂਦੇ ਹਨ ਤੇ ਉਡੀਸੀਅਸ, ਟੈਲੈਮਾਕਸ ਤੇ ਉਨ੍ਹਾਂ ਦੇ ਸਾਥੀ ਸਾਰੇ ਚਾਹਵਾਨਾਂ, ਝੂਠੇ ਸੇਵਕਾਂ ਆਦਿ ਨੂੰ ਕਤਲ ਕਰ ਦਿੰਦੇ ਹਨ। ਇਸ ਤੋਂ ਪਿਛੋਂ ਬਹੁਤ ਸਾਰੀਆਂ ਹੋਰ ਗੱਲਾਂ ਹੁੰਦੀਆਂ ਹਨ ਤਾਂ ਜਾ ਕੇ ਪੈਨੀਲੋਪ ਉਡੀਸੀਅਸ ਨੂੰ ਪਛਾਣ ਸਕਦੀ ਹੈ।

          ‘ਇਲੀਅਡ’ ਤੇ ‘ਉਡੀਸੀ’ ਯੂਰਪੀਨ ਸਾਹਿਤ ਦੀਆਂ ਸਭ ਤੋਂ ਪੁਰਾਤਨ ਪ੍ਰਾਪਤ ਪੁਸਤਕਾਂ ਸਮਝੀਆਂ ਜਾਂਦੀਆਂ ਹਨ। ਇਹ ਅੱਜ ਤੋਂ ਦੋ ਹਜ਼ਾਰ ਵਰ੍ਹੇ ਪੁਰਾਣੀਆਂ ਜ਼ਰੂਰ ਹਨ, ਪਰ ਇਨ੍ਹਾਂ ਦੇ ਸਮੇਂ ਬਾਰੇ ਪ੍ਰਾਪਤ ਗਿਆਨ ਬਹੁਤ ਹੀ ਅਲਪ ਹੈ। ਇਹ ਕਹਿਣਾ ਵੀ ਕਠਨ ਹੈ ਕਿ ਇਨ੍ਹਾਂ ਦੇ ਕਰਤਾ ਦਾ ਇਨ੍ਹਾਂ ਦੇ ਰਚਣ ਦਾ ਮਨੋਰਥ ਕੀ ਸੀ।

          ਗਿਲਬਰਟ ਮੱਰੇ ਜਿਹੇ ਸਮੀਖਿਅਕਾਂ ਦਾ ਕਥਨ ਹੈ ਕਿ ਇਹ ਕਥਾਵਾਂ ਕਿਸੇ ਇਕ ਵਿਅਕਤੀ ਦੀ ਰਚਨਾ ਨਹੀਂ। ਇਹ ਸਮੇਂ ਸਮੇਂ ਰਚੀਆਂ ਕਵਿਤਾਵਾਂ ਦੇ ਸੰਗਠਿਤ ਸੰਗ੍ਰਹਿ ਹਨ ਤੇ ਇਕ ਪ੍ਰਕਾਰ ਦੇ ਵਿਕਾਸ ਦਾ ਫਲ ਸਰੂਪ ਹਨ। ਪਰ ਅਫ਼ਲਾਤੂਨ, ਪਿੰਦਾਰ ਤੇ ਅਰਸਤੂ ਵਰਗੇ ਪਿਛਲੇ ਸਮਿਆਂ ਦੇ ਲੇਖਕ ਇਨ੍ਹਾਂ ਨੂੰ ਹੋਮਰ ਦੀ ਕਿਰਤ ਹੀ ਮੰਨਦੇ ਹਨ।

          ਇਹ ਰਚਨਾਵਾਂ ਉਸ ਪ੍ਰਕਾਰ ਦੀ ਸ਼ੈਲੀ ਬੱਧ ਵੀਰ-ਕਥਾ ਨਹੀਂ ਕਹੀਆਂ ਜਾ ਸਕਦੀਆਂ ਜੋ ਪਿਛੋਂ ਜਾ ਕੇ ਯੂਰਪ ਵਿਚ ਇਨ੍ਹਾਂ ਦੀ ਰੀਸ ਵਿਚ ਰਚੀਆਂ ਗਈਆਂ। ਇਹ ਇਕ ਅਤਿ ਸਰਲ ਸੁਭਾਵ ਦੀਆਂ ਰਚਨਾਵਾਂ ਹਨ; ਜਿਵੇਂ ਕਿਸੇ ਕਵੀ ਨੇ ਇਕ ਸੈਨਾ ਦੇ ਰਹਿਣ ਬਹਿਣ, ਉਸ ਦੀਆਂ ਲੜਾਈਆਂ ਭੜਾਈਆਂ ਤੇ ਉਸ ਦੇ ਸੁਆਮੀ ਰਾਜਿਆਂ ਤੇ ਸੈਨਾਪਤੀਆਂ ਦੇ ਕਾਰਨਾਮਿਆਂ ਦੀਆ ਕਹਾਣੀਆਂ ਸਾਧਾਰਨ ਲੋਕਾਂ ਦੇ ਮਨੋਰੰਜਨ ਤੇ ਆਚਾਰ ਸਿੱਖਿਆ ਲਈ ਰਚੀਆਂ ਹੋਣ।


ਲੇਖਕ : ਸੰਤ ਸਿੰਘ ਸੇਖੋਂ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.