ਖ਼ਾਲਸਾ ਦੀਵਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ ਦੀਵਾਨ: ਬਾਅਦ ਵਿਚ ਜਿਸ ਦਾ ਨਾਂ ਬਦਲ ਕੇ ਕੇਂਦਰੀ ਮਾਲਵਾ ਖ਼ਾਲਸਾ ਪ੍ਰਤਿਨਿਧੀ ਦੀਵਾਨ , ਨਾਭਾ ਰੱਖਿਆ ਗਿਆ। ਇਸ ਦੀ ਸਥਾਪਨਾ 1 ਜਨਵਰੀ 1906 ਨੂੰ ਨਾਭਾ ਦੇ ਸ਼ਾਹੀ ਸ਼ਹਿਰ ਵਿਖੇ ਸਿੱਖਾਂ ਦੇ ਭਾਰੀ ਇਕੱਠ ਵਿਚ ਕੀਤੀ ਗਈ ਸੀ। ਇਸ ਮੰਤਵ ਹਿਤ ਪ੍ਰੇਰਨਾ ਨਾਭਾ ਰਿਆਸਤ ਦੀ ਗੱਦੀ ਦੇ ਵਾਰਸ ਅਤੇ ਸਿੰਘ ਸਭਾ ਵਿਚਾਰਧਾਰਾ ਦੇ ਹਾਮੀ ਟਿੱਕਾ ਰਿਪੁਦਮਨ ਸਿੰਘ (1883-1943) ਅਤੇ ਉਹਨਾਂ ਦੇ ਅਧਿਆਪਕ, ਭਾਈ ਕਾਨ੍ਹ ਸਿੰਘ ਪਾਸੋਂ ਪ੍ਰਾਪਤ ਹੋਈ ਸੀ। ਉਸੇ ਦਿਨ ਹੀ ਦੀਵਾਨ ਦੇ ਕੰਮ-ਕਾਜ ਨੂੰ ਚਲਾਉਣ ਲਈ ਇਕ ਪੰਜ-ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਹਜ਼ੂਰਾ ਸਿੰਘ, ਨਿਹਾਲ ਸਿੰਘ, ਬੇਦੀ ਹੁਕਮ ਸਿੰਘ, ਰਘਬੀਰ ਸਿੰਘ ਅਤੇ ਮੀਹਾਂ ਸਿੰਘ ਮੈਂਬਰ ਵਜੋਂ ਸ਼ਾਮਲ ਹੋਏ। ਕਮੇਟੀ ਦੀ ਸਹਾਇਤਾ ਕਰਨ ਲਈ ਸੋਢੀ ਹੀਰਾ ਸਿੰਘ ਨੂੰ ਸਕੱਤਰ ਅਤੇ ਗੁਰਦਿਆਲ ਸਿੰਘ ਨੂੰ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ। ਸਿੱਖ ਧਰਮ ਅਤੇ ਸਿੱਖ ਜੀਵਨ- ਜਾਚ ਅਤੇ ਰਸਮਾਂ ਦਾ ਪ੍ਰਚਾਰ , ਸਿੱਖਾਂ ਵਿਚ ਵਿੱਦਿਆ ਦਾ ਪ੍ਰਸਾਰ , ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਲਿਆਉਣ ਹਿਤ ਉਹਨਾਂ ਦੀ ਤਰੱਕੀ ਹਿਤ ਯਤਨ ਅਤੇ ਸਿੱਖ ਧਾਰਮਿਕ ਅਸਥਾਨਾਂ ਦੀ ਬੇਹਤਰ ਸੇਵਾ-ਸੰਭਾਲ ਦੀਵਾਨ ਦੇ ਉਦੇਸ਼ਾਂ ਵਿਚ ਸ਼ਾਮਲ ਸੀ। ਦੀਵਾਨ 1911 ਤਕ ਆਪਣੇ ਮਿਥੇ ਹੋਏ ਕਾਰਜ-ਖੇਤਰ ਵਿਚ ਪੂਰੀ ਤਰ੍ਹਾਂ ਕਿਰਿਆਸ਼ੀਲ ਰਿਹਾ ਪਰੰਤੂ ਫਿਰ ਹੌਲੀ-ਹੌਲੀ ਇਹ ਸੁੰਗੜਨ ਲੱਗਾ ਕਿਉਂਕਿ 25 ਦਸੰਬਰ 1911 ਨੂੰ, ਆਪਣੇ ਪਿਤਾ ਸਰ ਹੀਰਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ, ਜਦੋਂ ਰਿਪੁਦਮਨ ਸਿੰਘ ਨੇ ਰਾਜ-ਗੱਦੀ ਸੰਭਾਲੀ ਤਾਂ ਉਹਨਾਂ ਦੀ ਦੀਵਾਨ ਦੇ ਕਾਰਜਾਂ ਵਿਚ ਦਿਲਚਸਪੀ ਘੱਟਦੀ ਗਈ।
ਲੇਖਕ : ਸ.ਸ.ਅ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First