ਆਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਾ. ਸੰ. ਆਸ਼ਾ. ਸੰਗ੍ਯਾ—ਪ੍ਰਾਪਤੀ ਦੀ ਇੱਛਾ. ਉੱਮੇਦ. “ਆਸਾ ਕਰਤਾ ਜਗੁ ਮੁਆ.” (ਮ: ੩ ਵਾਰ ਗੂਜ ੧) ੨ ਦਿਸ਼ਾ. ਤ਼ਰਫ਼. “ਤੁਮ ਨਹਿ ਆਵੋ ਤਬ ਇਤ ਆਸਾ.” (ਨਾਪ੍ਰ) “ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ.” (ਕੇਦਾ ਮ: ੫)

      ੩ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਈਜਾਦ, ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤਵੇਲੇ ਦੇ ਦੀਵਾਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਕਰਤਾਰਪੁਰ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. “ਪਰ੍ਯੋ ਭੋਗ ਤਬ ਆਸਾਵਾਰ.” (ਗੁਪ੍ਰਸੂ)

      ਗੁਰੁਮਤ ਅਨੁਸਾਰ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਣੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿ੄ਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ੄ੜਜ ਹੈ.1 ਆਸਾ ਦੀ ਸਰਗਮ ਇਹ ਹੈ. ਆਰੋਹੀ—੄ ਰ ਮ ਪ ਧ ਨ ੄. ਅਵਰੋਹੀ—ਰ ੄ ਨ ਧ ਪ ਮ ਗ ਰ ੄.

      ਕਈ ਰਾਗੀ ਧੈਵਤ ਨੂੰ ਵਾਦੀ ਸੁਰ ਮੰਨਦੇ ਹਨ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.

      ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ। ੪ ਮਤਲਬ. ਅਭਿਪ੍ਰਾਯ. ਦੇਖੋ, ਆਸ਼ਯ. “ਤਾਂ ਬਾਬੇ ਉਸ ਦਾ ਆਸਾ ਜਾਣਿਆ.” (ਜਸਾ) ੫ ਅ਼ ਅ਼੉੠. ਸੋਟਾ. ਛਟੀ. ਡੰਡਾ. “ਆਸਾ ਹੱਥ ਕਿਤਾਬ ਕੱਛ.” (ਭਾਗੁ) “ਮਨਸਾ ਮਾਰਿ ਨਿਵਾਰਿਹੁ ਆਸਾ.” (ਮਾਰੂ ਸੋਲਹੇ ਮ: ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.2 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਸਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਾ : ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਉਹਨਾਂ ਇਕੱਤੀ ਰਾਗਾਂ ਵਿਚੋਂ ਇਕ ਰਾਗ ਹੈ ਜਿਨ੍ਹਾਂ ਵਿਚ ਜਪੁ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਾਇਨ ਲਈ ਦਰਜ ਕੀਤੀ ਗਈ ਹੈ ਸਿੱਖ ਸੰਗੀਤ ਪ੍ਰਣਾਲੀ ਵਿਚ ਇਹ ਰਾਗ ਮਹੱਤਵਪੂਰਨ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਰਾਗ ਟੁੰਡੇ ਅਸਰਾਜੇ ਦੀ ਵਾਰ ਸੰਬੰਧੀ ਇਕ ਲੋਕ ਧੁਨ ਤੋਂ ਪੈਦਾ ਹੋਇਆ ਹੈ। ਅੰਮ੍ਰਿਤ ਵੇਲੇ ‘ਆਸਾ ਕੀ ਵਾਰ` ਦੇ ਗਾਇਨ ਹਿੱਤ ਇਸ ਲੋਕਯਾਨਿਕ ਧੁਨੀ ਨੂੰ ਨਿਸਚਿਤ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਆਸਾਵਰੀ ’ ਅਤੇ ‘ਆਸਾ ਕਾਫ਼ੀਆਸਾ ਰਾਗ ਦੇ ਦੋ ਉਪਸੰਗੀ ਹਨ। ਪੁਰਾਤਨ ਗ੍ਰੰਥਾਂ ਵਿਚ ਆਸਾ ਰਾਗ ਦੇ ਗਾਇਨ ਦਾ ਯੋਗ ਸਮਾਂ ਰਾਤ ਦਾ ਦੂਸਰਾ ਪਹਿਰ ਦਰਸਾਇਆ ਗਿਆ ਹੈ ਪਰ ਸਿੱਖ ਪਰੰਪਰਾ ਵਿਚ ਇਹ ਅੰਮ੍ਰਿਤ ਵੇਲੇ ਅਤੇ ਸੰਧਿਆ, ਦੋਵੇਂ ਸਮੇਂ ਹੀ ਗਾਇਆ ਜਾਂਦਾ ਹੈ। ਇਸ ਤੋਂ ਵੀ ਵਧੇਰੇ , ਇਹ ਰਾਗ ਸਰਦ ਰੁੱਤ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਨੂੰ ਇਕ ਰਹਸਾਤਮਿਕ ਮਨੋਦਸ਼ਾ ਪੈਦਾ ਕਰਨ ਵਾਲਾ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਮਿਲਦੀ ਅੰਤਮ ਰਚਨਾ ‘ਰਾਗਮਾਲਾ` ਵਿਚ ਭਾਵੇਂ ਇਸ ਨੂੰ ਰਾਗਨੀ ਭਾਵ ਮੁੱਖ ਰਾਗ, ਮੇਘ ਦੀ ਪਤਨੀ ਦੇ ਰੂਪ ਵਿਚ ਮੰਨਿਆ ਗਿਆ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਪਾਠ ਵਿਚ ਇਸ ਨੂੰ ਇਕ ਪੂਰੇ ਰਾਗ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ। ਇਸ ਦੀ ਬਣਤਰ ਅਤੇ ਰਉਂ ਤੋਂ ਇਹ ਸਪਸ਼ਟ ਹੈ ਕਿ ਇਹ ਰਾਗ ਸ਼ਬਦਾਂ ਦੇ ਸ਼ਰਧਾ ਪੂਰਬਕ ਗਾਇਨ ਲਈ ਢੁੱਕਵਾਂ ਹੈ। ਕੋਮਲ ਨਿਸ਼ਾਦ ਅਤੇ ਕੋਮਲ ਗੰਧਾਰ ਵਿਵਾਦੀ ਰੂਪ ਵਿਚ ਇਸ ਰਾਗ ਦੇ ਗਾਇਨ ਦੇ ਉਤਾਰ-ਚੜਾਅ ਲਈ ਵਰਤੇ ਜਾਂਦੇ ਹਨ। ਆਸਾ ਰਾਗ ਨੂੰ ਥੋੜਾ ਗੁੰਝਲਦਾਰ ਰਾਗ ਮੰਨਿਆ ਗਿਆ ਹੈ ਕਿਉਂਕਿ ਇਸ ਦੇ ਸੁਰਾਂ ਤਾਂਈਂ ਪਹੁੰਚ ਇਕ ਨਿਸ਼ਚਿਤ ਸਥਿਤੀ ਤੋਂ ਹੀ ਕੀਤੀ ਜਾ ਸਕਦੀ ਹੈ।

    ਇਸ ਰਾਗ ਦੀ ਬਣਤਰ ਇਸ ਪ੍ਰਕਾਰ ਹੈ:

    ਥਾਟ =ਬਿਲਾਵਲ

    ਜਾਤਿ = ਅਉੜਵ, ਸੰਪੂਰਣ

    ਆਰੋਹ = ਸ ਰੇ ਮ ਪ ਧ ਨੀ, ਪ ਧ ਸ

    ਅਵਰੋਹ = ਸ ਨੀ ਧ ਪ ਮ ਗ - ਰੇ ਗ ਸ

    ਪਕੜ = ਸ ਰੇ ਮ ਪ ਧ ਪ, ਮ ਗ ਰੇ, ਗ ਰੇ ਗ ਸ

          ਗੁਰੂ ਨਾਨਕ ਦੇਵ , ਗੁਰੂ ਅਮਰ ਦਾਸ , ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਤੋਂ ਇਲਾਵਾ ਕਬੀਰ , ਨਾਮਦੇਵ , ਰਵਿਦਾਸ, ਧੰਨਾ ਅਤੇ ਸ਼ੇਖ ਫ਼ਰੀਦ ਨੇ ਵੀ ਇਸ ਰਾਗ ਵਿਚ ਬਾਣੀ ਦੀ ਰਚਨਾ ਕੀਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।


ਲੇਖਕ : ਧ.ਸ. ਅਤੇ ਅਨੁ. ਗ.ਗ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਸਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਸਾ (ਸੰ.। ਦੇਸ਼ ਭਾਸ਼ਾ) ੧. ਇਕ ਰਾਗਨੀ ਦਾ ਨਾਮ ਹੈ, ਜੋ ਅੰਮ੍ਰਿਤ ਵੇਲੇ ਗਾਂਵੀਦੀ ਹੈ। ਗੁਰਮਤ ਸੰਗੀਤ ਅਨੁਸਾਰ ਸ਼ਾਮਾਂ ਵੇਲੇ ਬੀ ਗਾਉਂਦੇ ਹਨ। ਮੇਘ ਦੀ ਰਾਗਨੀ ਹੈ।

੨. (ਅ਼ਰਬੀ ਅ਼ਸਾ ਹੱਥ ਦਾ ਸੋਟਾ) ਸੋਟਾ। ਯਥਾ-‘ਮਨਸਾ ਮਾਰਿ ਨਿਵਾਰਹੁ ਆਸਾ’ ਮਾਰਨ ਵਾਲੀ (ਮਨਸਾ) ਤ੍ਰਿਸ਼ਨਾ ਦਾ ਮਾਰਨਾ ਹੀ (ਆਸਾ) ਸੋਟਾ ਹੈ।

੩. (ਸੰਸਕ੍ਰਿਤ ਆਸ਼ਯ) ਉਮੈਦ, ਆਸ। ਤ੍ਰਿਸ਼ਨਾ।

ਦੇਖੋ, ‘ਆਸਾਵਰੀ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਸਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਸਾ, (ਸੰਸਕ੍ਰਿਤ) / ਇਸਤਰੀ ਲਿੰਗ : ੧. ਅੱਗੇ ਨੂੰ ਕਿਸੇ ਕੰਮ ਦੇ ਹੋਣ ਦੀ ਉਡੀਕ, ਉਮੀਦ, ਚਾਹ; ੨. ਇਕ ਰਾਗ ਜੋ ਸਵੇਰੇ ਅੰਮ੍ਰਿਤ ਵੇਲੇ ਅਲਾਪਿਆ ਜਾਂਦਾ ਹੈ, ਆਸਾਵਰੀ

–ਆਸਾ ਹੋਣਾ, ਕਿਰਿਆ ਅਕਰਮਕ : ਉਮੈਦ ਹੋਣਾ, ਉਡੀਕ ਰੱਖਣਾ, ਕਿਸੇ ਵਲ ਤੱਕਣਾ, ਕਿਸੇ ਦੇ ਆਸਰਾ ਰਹਿਣਾ

–ਆਸਾਂ ਤੇ ਪਾਣੀ ਫਿਰਨਾ, ਮੁਹਾਵਰਾ : ਆਸ ਪੂਰੀ ਨਾ ਹੋਣ ਦੇ ਸਮਾਨ ਬਣ ਜਾਣਾ, ਕਿਸੇ ਕਾਰਣ ਮਾਯੂਸੀ ਹੋਣਾ

–ਆਸਾਂ ਤੇ ਪਾਣੀ ਫੇਰਨਾ, ਮੁਹਾਵਰਾ : ਆਸ ਪੂਰੀ ਨਾ ਹੋਣ ਦੇਣਾ ਜਾਂ ਪੂਰਾ ਨਾ ਕਰਨਾ

–ਆਸਾ ਦੀ ਵਾਰ, ਇਸਤਰੀ ਲਿੰਗ : ਇਕ ਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਆਸਾ ਦੀ ਇਕ ਬਾਣੀ ਜੋ ਗੁਰਦਵਾਰਿਆਂ ਜਾਂ ਸਿੱਖ ਦੀਵਾਨਾਂ ਵਿਚ ਸਵੇਰ ਵੇਲੇ ਗਾਈ ਜਾਂਦੀ ਹੈ,

–ਆਸਾ ਪੁਜਾਉਣਾ, ਮੁਹਾਵਰਾ : ਆਸ ਪੂਰੀ ਕਰਨਾ

–ਆਸਾ ਪੂਰੀ ਕਰਨਾ, ਉਮੈਦ ਤੇ ਪੂਰਾ ਉਤਰਨਾ

–ਆਸਾਵਰੀ, ਇਸਤਰੀ ਲਿੰਗ : ਆਸਾ ਰਾਗ, ਆਸਾ ਰਾਗ ਦਾ ਗੀਤ, ਇਕ ਛੰਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-11-31-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.