ਗੋਸਟਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਸਟਿ ਸੰ. ਗੋ੄਎. ਸੰਗ੍ਯਾ—ਗਊਆਂ ਦੇ ਠਹਿਰਣ ਦਾ ਥਾਂ. ਗੋਸ਼ਾਲਾ। ੨ ਸੰ. ਗੋ੄਎੢. ਸਭਾ. ਮਜਲਿਸ। ੩ ਭਾਵ—ਸਭਾ ਵਿੱਚ ਵਾਰਤਾਲਾਪ. ਚਰਚਾ. “ਗੋਸਟਿ ਗਿਆਨ ਨਾਮ ਸੁਣਿ ਉਧਰੇ.” (ਸੋਰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਸਟਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਸਟਿ (ਸਾਹਿਤ-ਵਿਧਾ): ਇਹ ਇਕ ਪਰੰਪਰਾਗਤ ਅਤੇ ਸੰਵਾਦਤਮਕ ਸਾਹਿਤ-ਵਿਧਾ ਹੈ। ‘ਗੋਸਟਿ’ ਸ਼ਬਦ ਸੰਸਕ੍ਰਿਤ ਦੀ ‘ਗੋਸ਼ੑਠੑ’ ਧਾਤੂ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਇਕੱਠਾ ਕਰਨਾ। ਪਹਿਲਾਂ ਇਹ ਸ਼ਬਦ ਗਊਆਂ ਦੇ ਠਹਿਰਨ ਦੀ ਥਾਂ ਲਈ ਵਰਤਿਆ ਜਾਂਦਾ ਸੀ , ਪਰ ਕਾਲਾਂਤਰ ਵਿਚ ਇਸ ਦੀ ਵਰਤੋਂ ਇਕੱਠੇ ਮਿਲ ਕੇ ਬੈਠੇ ਹੋਏ ਲੋਕਾਂ ਵਿਚਲੀ ਗੱਲਬਾਤ, ਵਾਰਤਾਲਾਪ ਜਾਂ ਵਿਚਾਰ-ਚਰਚਾ ਲਈ ਹੋਣ ਲਗੀ ਅਤੇ ਇਸ ਵਿਚਾਰ-ਚਰਚਾ ਦਾ ਲਿਖਿਤ ਰੂਪ ‘ਗੋਸਟਿ’ ਕਿਹਾ ਜਾਣ ਲਗਿਆ। ਅਜ-ਕਲ ਸਾਹਿਤਿਕ ਸੈਮੀਨਾਰਾਂ ਨੂੰ ਵੀ ‘ਗੋਸਟਿ’ ਕਿਹਾ ਜਾਂਦਾ ਹੈ।

            ਵਿਚਾਰ-ਵਟਾਂਦਰੇ ਜਾਂ ਸੰਵਾਦ ਦੀ ਇਹ ਸਾਹਿਤ -ਵਿਧਾ ਪ੍ਰਾਚੀਨ ਕਾਲ ਤੋਂ ਚਲਦੀ ਆ ਰਹੀ ਹੈ। ਲਗਭਗ ਸਾਰੀਆਂ ਭਾਸ਼ਾਵਾਂ ਦੇ ਸਾਹਿਤਾਂ ਦਾ ਆਰੰਭ ਧਾਰਮਿਕ ਅਤੇ ਦਾਰਸ਼ਨਿਕ ਵਿਸ਼ਿਆਂ ਵਾਲੀਆਂ ਪੁਸਤਕਾਂ ਨਾਲ ਹੋਇਆ ਹੈ। ਵਖ ਵਖ ਤਰ੍ਹਾਂ ਦੇ ਗੰਭੀਰ ਵਿਸ਼ਿਆਂ ਦੇ ਤਰਕ-ਵਿਤਰਕ ਨੂੰ ਲਿਪੀ-ਬੱਧ ਰੂਪ ਦੇਣ ਲਈ ਜਾਂ ਜਨ-ਸਾਧਾਰਣ ਦੇ ਸ਼ੰਕਿਆਂ ਨੂੰ ਮੁਖ ਰਖਦੇ ਹੋਇਆਂ ਪਰਸਪਰ ਵਿਰੋਧੀ ਵਿਚਾਰ- ਪਰੰਪਰਾਵਾਂ ਦੇ ਕਿਸੇ ਖ਼ਾਸ ਨੁਕਤੇ ਤੋਂ ਜਾਣੂ ਕਰਾਉਣ ਲਈ ‘ਗੋਸਟਿ’ ਦਾ ਸਾਹਿਤਿਕ ਮਾਧਿਅਮ ਵਿਸ਼ੇਸ਼ ਰੂਪ ਵਿਚ ਚੁਣਿਆ ਜਾਂਦਾ ਰਿਹਾ ਹੈ।

            ਪ੍ਰਾਚੀਨ ਭਾਰਤੀ ਦਾਰਸ਼ਨਿਕ ਸਾਹਿਤ ਵਿਚ ਗੋਸਟਿ ਦੀ ਪਰੰਪਰਾ ਮੌਜੂਦ ਹੈ। ਯੂਨਾਨ ਦੇ ਪ੍ਰਸਿੱਧ ਦਰਸ਼ਨ- ਵੇਤਾ ਸੁਕਰਾਤ ਦੇ ਸਿੱਧਾਂਤਾਂ ਦਾ ਅਫ਼ਲਾਤੂਨ ਦੁਆਰਾ ਇਸੇ ਸ਼ੈਲੀ ਵਿਚ ਅੰਕਨ ਹੋਇਆ ਹੈ। ਕੁਝ ਚੇਲੇ ਸੁਆਲ ਕਰਦੇ ਹਨ ਅਤੇ ਸੁਕਰਤਾ ਆਪਣੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਦਾ ਉੱਤਰ ਦਿੰਦਾ ਹੈ। ਇਸ ਵਿਧਾ ਦੁਆਰਾ ਕਿਸੇ ਵਿਸ਼ੇਸ਼ ਸਿੱਧਾਂਤ ਜਾਂ ਮਤ ਬਾਰੇ ਬੌਧਿਕ ਦ੍ਰਿਸ਼ਟੀ ਤੋਂ ਸੂਖਮ ਵਿਸ਼ਲੇਸ਼ਣ ਹੋ ਸਕਦਾ ਹੈ ਅਤੇ ਸ਼ੰਕਾਲੂ ਨੂੰ ਭਲੀ-ਭਾਂਤ ਸੰਤੁਸ਼ਟ ਕੀਤਾ ਜਾ ਸਕਦਾ ਹੈ। ਹਰ ਨਵੇਂ ਧਾਰਮਿਕ ਜਾਂ ਦਾਰਸ਼ਨਿਕ ਦ੍ਰਿਸ਼ਟੀਕੋਣ ਦੀ ਸਥਾਪਨਾ ਪ੍ਰਾਚੀਨ ਪ੍ਰਚਲਿਤ ਪਰੰਪਰਾਵਾਂ ਦੇ ਵਿਰੋਧ ਵਿਚ ਜਾਂ ਉਸ ਦੇ ਨਵੀਨੀਕਰਣ ਵਜੋਂ ਹੁੰਦੀ ਹੈ। ਅਜਿਹੀ ਅਵਸਥਾ ਵਿਚ ਪ੍ਰਾਚੀਨ ਧਰਮ ਜਾਂ ਦਰਸ਼ਨ ਆਪਣੇ ਪਰੰਪਰਾਗਤ ਸਰੂਪ ਦੀ ਰਖਿਆ ਲਈ ਯਤਨ ਕਰਦਾ ਹੈ ਅਤੇ ਨਵਾਂ ਮਤ ਪੁਰਾਤਨ ਮਤ ਦੀਆਂ ਘਾਟਾਂ ਨੂੰ ਉਘਾੜ ਕੇ ਉਨ੍ਹਾਂ ਉਪਰ ਆਪਣੀ ਵਿਸ਼ੇਸ਼ਤਾ ਅਤੇ ਪ੍ਰਭੁਤਾ ਸਥਾਪਿਤ ਕਰਦਾ ਹੈ। ਉਪਨਿਸ਼ਦ , ਪੁਰਾਣ ਆਦਿ ਪ੍ਰਾਚੀਨ ਰਚਨਾਵਾਂ ਇਕ ਪ੍ਰਕਾਰ ਦੀਆਂ ਦਾਰਸ਼ਨਿਕ ਅਤੇ ਧਾਰਮਿਕ ਗੋਸ਼ਟਾਂ ਦਾਂ ਲਿਖਿਤ ਵਿਵਰਣ ਹਨ। ਇਸੇ ਤਰ੍ਹਾਂ ਮਹਾਤਮਾ ਬੁੱਧ ਦੀਆਂ ਆਪਣੇ ਚੇਲਿਆਂ ਨਾਲ ਹੋਈਆਂ ਸਿੱਧਾਂਤ-ਵਿਸ਼ਲੇਸ਼ਣ ਸੰਬੰਧੀ ਗੋਸ਼ਟਾਂ ਵੀ ਮਿਲਦੀਆਂ ਹਨ। ਨਾਥ-ਯੋਗੀਆਂ, ਸਿੱਧਾਂ, ਭਗਤਾਂ, ਸੰਤਾਂ ਬਾਰੇ ਬਹੁਤ ਸਾਰੀਆਂ ਗੋਸ਼ਟਾਂ ਉਪਲਬਧ ਹਨ।

            ਪੰਜਾਬੀ ਵਿਚ ‘ਗੋਸਟਿ’ ਲਿਖਣ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ‘ਸਿਧ-ਗੋਸਟਿ’ (ਵੇਖੋ) ਨੂੰ ਲਿਖ ਕੇ ਕੀਤਾ ਜਿਸ ਵਿਚ ਉਨ੍ਹਾਂ ਨੇ ਆਪਣੇ ਸਿੱਧਾਂਤਾਂ ਨੂੰ ਯੋਗ-ਮਤ ਦੇ ਸੰਦਰਭ ਵਿਚ ਤੁਲਨਾਤਮਕ ਵਿਧੀ ਨਾਲ ਪੇਸ਼ ਕੀਤਾ। ਇਹ ਗੋਸਟਿ ਕਾਵਿ-ਬੱਧ ਹੈ। ਵਾਰਤਕ ਵਿਚ ਗੋਸ਼ਟਾਂ ਲਿਖਣ ਦਾ ਆਰੰਭ ਜਨਮਸਾਖੀ ਸਾਹਿਤ ਤੋਂ ਹੋਇਆ ਹੈ।

          ‘ਗੋਸਟਿ’ ਸਾਹਿਤ-ਵਿਧਾ ਦਾ ਉੱਲੇਖ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਸੋਰਠ ਰਾਗ ਵਿਚ ਕਿਹਾ ਹੈ ਕਿ ਨਾਮ ਦੇ ਸ਼੍ਰਵਣ ਅਤੇ ਗਿਆਨ ਦੇ ਸੰਵਾਦ ਨਾਲ ਜਿਗਿਆਸੂ ਦਾ ਉੱਧਾਰ ਹੋ ਜਾਂਦਾ ਹੈ— ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ (ਗੁ.ਗ੍ਰੰ.615)। ਧਨਾਸਰੀ ਰਾਗ ਵਿਚ ਵੀ ਕਿਹਾ ਹੈ ਕਿ ਸਾਧਾਂ ਨਾਲ ਗੋਸਟਿ ਹੋਣ ਨਾਲ ਕਾਮ , ਕ੍ਰੋਧ , ਲੋਭ ਆਦਿ ਵਿਕਾਰ ਨਸ਼ਟ ਹੋ ਗਏ ਹਨ— ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ (ਗੁ.ਗ੍ਰੰ.674-75)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੋਸਟਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੋਸਟਿ* (ਸੰ.। ਸੰਸਕ੍ਰਿਤ ਗੋਖ਼ਠੑ=ਕਠੇ ਹੋਣਾ, ਗੋਖ਼ਠੑਤੇ+ਅਚ ਪ੍ਰਤੇ) ੧. ਇਕੱਠ। ਸਭਾ। ਮੇਲ। ਯਥਾ-‘ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ’।

੨. ਬਾਤ ਚੀਤ, ਬਹਸ, ਚਰਚਾ, ਵੀਚਾਰ। ਯਥਾ-‘ਸਿਧ ਗੋਸਟਿ ’।

----------

* ਗੋਸ਼ਠੑ ਦੇ ਇਹ ਅਰਥ ਬੀ ਹਲ-ਗੋ+ਖ਼ਠੑ+ਕ ਪ੍ਰਤੇ -ਗੋਖ਼ਠੑ- ਗਊਆਂ ਦੇ ਖੜੇ ਹੋਣ ਦੀ ਥਾਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੋਸਟਿ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੋਸਟ/ਗੋਸਟਿ :  ‘ਗੋਸਟ’ ਸ਼ਬਦ ਸੰਸਕਿੑਤ ਦੀ ਗੋਸ਼ਠ੍ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਇਕੱਠਾ ਕਰਨਾ। ਪਹਿਲਾਂ ਇਹ ਸ਼ਬਦ ਗਊਆ ਦੇ ਠਹਿਰਨ ਦੀ ਥਾਂ ਲਈ ਵਰਤਿਆ ਜਾਂਦਾ ਸੀ, ਪਰ ਕਾਲਾਂਤਰ ਵਿਚ ਇਸ ਦੀ ਵਰਤੋਂ ਇਕੱਠੇ ਮਿਲ ਕੇ ਬੈਠੇ ਹੋਏ ਲੋਕਾਂ ਵਿਚਲੀ ਗੱਲਬਾਤ, ਵਾਰਤਲਾਪ ਜਾ ਵਿਚਾਰ–ਚਰਚਾ ਲਈ ਹੋਣ ਲਗੀ ਅਤੇ ਇਸ ਵਿਚਾਰ–ਚਰਚਾ ਦਾ ਲਿਖਤ ਰੂਪ ‘ਗੋਸਟਿ’ ਕਿਹਾ ਜਾਣ ਲਗ ਪਿਆ। ਅੱਜ ਕੱਲ੍ਹ ਸਾਹਿਤਿਕ ਸੈਮੀਨਾਰਾਂ ਨੂੰ ‘ਗੋਸ਼ਟੀ’ ਕਿਹਾ ਜਾਂਦਾ ਹੈ।

          ਵਿਚਾਰ–ਵਟਾਂਦਰੇ ਦੀ ਇਹ ਸਾਹਿੱਤ–ਵਿਧਾ ਪ੍ਰਾਚੀਨ ਕਾਲ ਤੋਂ ਚਲਦੀ ਆ ਰਹੀ ਹੈ। ਲਗਭਗ ਸਾਰੀਆਂ ਭਾਸ਼ਾਵਾਂ ਦੇ ਸਾਹਿੱਤਾਂ ਦਾ ਆਰੰਭ ਧਾਰਮਿਕ ਅਤੇ ਦਾਰਸ਼ਿਕ ਵਿਸ਼ਿਆਂ ਵਾਲੀਆਂ ਪੁਸਤਕਾਂ ਨਾਲ ਹੋਇਆ ਹੈ ਅਤੇ ਵਿਸ਼ਿਆਂ ਦੇ ਤਰਕ–ਵਿਤਰਕ ਨੂੰ ਲਿਪੀ–ਬੁੱਧ ਰੂਪ ਦੇਣ ਲਈ ਜਾਂ ਜਨ–ਸਾਧਾਰਣ ਦੇ ਸ਼ੰਕਿਆਂ ਨੂੰ ਮੁੱਖ ਰੱਖਦੇ ਹੋਇਆਂ ਪਰਸਪਰ ਵਿਰੋਧੀ ਵਿਚਾਰ ਪਰੰਪਰਾਵਾਂ ਦੇ ਕਿਸੇ ਖ਼ਾਸ ਨੁਕਤੇ ਤੋ ਜਾਣੂੰ ਕਰਾਉਣ ਲਈ ‘ਗੋਸਟਿ’ ਦਾ ਸਾਹਿਤਿਕ ਮਾਧਿਆਮ ਵਿਸ਼ੇਸ਼ ਰੂਪ ਵਿਚ ਚੁਣਿਆ ਗਿਆ ਹੈ। ਪ੍ਰਾਚੀਨ ਭਾਰਤੀ ਦਾਰਸ਼ਨਿਕ ਸਾਹਿੱਤ ਵਿਚ ਗੋਸਟਿ ਦੀ ਪਰੰਪਰਾ ਮੌਜੂਦ ਹੈ। ਯੂਨਾਨ ਦੇ ਪ੍ਰਸਿੱਧ ਦਰਸ਼ਨ–ਵੇਤਾ ਸੁਕਰਾਤ ਦੇ ਸਿਧਾਂਤ ਦਾ ਅਫ਼ਲਾਤੂਨ ਦੁਆਰਾ ਇਸੇ ਸ਼ੈਲੀ ਵਿਚ ਅੰਕਨ ਹੋਇਆ ਹੈ। ਕੁਝ ਚੇਲੇ ਸੁਆਲ ਕਰਦੇ ਹਨ ਅਤੇ ਸੁਕਰਾਤ ਆਪਣੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਦਾ ਉੱਤਰ ਦਿੰਦਾ ਹੈ। ਇਸ ਵਿਧਾ ਦੁਆਰਾ ਕਿਸੇ ਵਿਸ਼ੇਸ਼ ਸਿਧਾਂਤ ਜਾਂ ਮੱਤ ਬਾਰੇ ਬੌਧਿਕ ਪੱਖ ਤੋਂ ਸੂਖਮ ਵਿਸ਼ਲੇਸ਼ਣ ਹੋ ਸਕਦਾ ਹੈ ਅਤੇ ਸ਼ੰਕਾਲੂ ਦੀ ਭਲੀ ਭਾਂਤ ਸੰਤੁਸ਼ਟੀ ਹੋ ਸਕਦੀ ਹੈ। ਹਰ ਨਵੇਂ ਧਾਰਮਿਕ ਜਾਂ ਦਾਰਸ਼ਨਿਕ ਦ੍ਰਿਸ਼ਟੀਕੋਣ ਦੀ ਸਥਾਪਨਾ ਪ੍ਰਾਚੀਨ ਪ੍ਰਚੱਲਿਤ ਪਰੰਪਰਾਵਾਂ ਦੇ ਵਿਰੋਧ ਵਿਚ ਜਾਂ ਉਸ ਦੇ ਨਵੀਨੀਕਰਣ ਵਜੋਂ ਹੁੰਦੀ ਹੈ। ਅਜਿਹੀ ਅਵਸਥਾ ਵਿਚ ਪ੍ਰਾਚੀਨ ਧਰਮ ਜਾਂ ਦਰਸ਼ਨ ਆਪਣੇ ਪਰੰਪਰਾਗਤ ਸਰੂਪ ਦੀ ਰੱਖਿਆ ਲਈ ਯਤਨ ਕਰਦਾ ਹੇ ਅਤੇ ਨਵਾਂ ਮੱਤ ਪੁਰਾਣੇ ਮੱਤ ਪੁਰਾਣੇ ਮੱਤ ਦੀਆਂ ਕਮਜ਼ੋਰੀਆਂ ਨੂੰ ਉਘਾੜ ਕੇ ਉਨ੍ਹਾਂ ਉਪਰ ਆਪਣੀ ਵਿਸ਼ੇਸ਼ਤਾ ਅਤੇ ਪ੍ਰਭੁਤਾ ਸਥਾਪਤ ਕਰਦਾ ਹੈ। ਉਪਨਿਸ਼ਦ, ਪੁਰਾਣ ਆਦਿ ਰਚਨਾਵਾਂ ਇਕ ਪ੍ਰਕਾਰ ਦੀਆਂ ਦਾਰਸ਼ਨਿਕ ਅਤੇ ਧਾਰਮਿਕ ਗੋਸ਼ਟਾਂ ਦਾ ਲਿਖਤੀ ਵਿਵਰਣ ਹਨ। ਇਸੇ ਤਰ੍ਹਾਂ ਮਹਾਤਮਾ ਬੁੱਧ ਦੀਆਂ ਆਪਣੇ ਚੇਲਿਆ ਨਾਲ ਹੋਏ ਸਿਧਾਂਤ ਵਿਸ਼ਲੇਸ਼ਣ ਦੀਆਂ ਗੋਸ਼ਟਾ ਮਿਲਦੀਆਂ ਹਨ। ਨਾਥ ਯੋਗੀਆਂ, ਭਗਤਾਂ, ਸੰਤਾਂ ਬਾਰੇ ਬਹੁਤ ਸਾਰੀਆਂ ਗੋਸ਼ਟਾਂ ਉਪਲਬਧ ਹਨ,ਜ਼ਿਨ੍ਹਾਂ ਵਿਚੋਂ ਅਧਿਕਾਸ਼ ਅਪਭ੍ਰੰਸ਼ ਵਿਚ ਹਨ।

          ਪੰਜਾਬੀ ਸਾਹਿੱਤ ਵਿਚ ਗੋਸਟਿ ਸਾਹਿੱਤ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ‘ਸਿਧ ਗੋਸਟਿ’ ਲਿਖ ਕੇ ਕੀਤਾ ਜਿਸ ਵਿਚ ਉਨ੍ਹਾਂ ਨੇ ਆਪਣੇ ਸਿਧਾਂਤ ਯੋਗ––ਮੱਤ ਦੀ ਤੁਲਨਾ ਵਿਚ ਪੇਸ਼ ਕੀਤੇ। ਇਹ ਗੋਸ਼ਟਿ ਕਾਵਿ–ਬੱਧ ਹੈ। ਵਾਰਤਕ ਵਿਚ ਗੋਸ਼ਟਿ ਲਿਖਣ ਦਾ ਆਰੰਭ ਜਨਮ–ਸਾਖੀਆਂ ਤੋਂ ਹੁੰਦਾ ਹੈ ਕਿਉਂਕਿ ਵਾਰਤਕ ਵਿਚ ਨਾਥ–ਯੋਗੀਆਂ ਨਾਲ ਸੰਬੰਧਿਤ ਗੋਸ਼ਟਾਂ ਬਹੁਤ ਬਾਅਦ ਵਿਚ ਲਿਖੀਆਂ ਗਈਆਂ ਜੋ ਅਧਿਕਤਰ ਅਪਭ੍ਰੰਸ਼ ਵਿਚ ਲਿਖੀਆਂ ਗੋਸ਼ਟਾਂ ਦੇ ਹੀ ਗੁਰਮੁਖੀ ਸੰਸਕਰਣ ਸਨ। ਮੱਧ ਕਾਲ ਵਿਚ ਪੰਜਾਬੀ ਦੀਆਂ ਗੋਸ਼ਟਾਂ ਦੋ ਰੂਪਾਂ ਵਿਚ ਸਾਹਮਣੇ ਆਈਆਂ। ਇਕ ਉਹ ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਨਾਲ ਹੈ। ਇਹ ਅਧਿਕਤਰ ਜਨਮ–ਸਾਖੀਆਂ ਵਿਚ ਕਥਾ–ਪ੍ਰਸੰਗ ਅਨੁਸਾਰ ਸੰਕਲਿਤ ਹੋਈਆਂ ਹਨ। ਮਿਹਰਬਾਨ ਵਾਲੀ ਜਨਮ–ਸਾਖੀ ਤਾਂ ਹੈ ਹੀ ਗੋਸ਼ਟ–ਸੰਗ੍ਰਹਿ। ਕੁਝ ਗੋਸ਼ਟਾਂ ਸੁੰਤਤਰ ਰੂਪ ਵਿਚ ਵੀ ਮਿਲਦੀਆਂ ਹਨ ਜਿਵੇਂ ਮੱਕੇ ਮਦੀਨੈ ਦੀ ਗੋਸਟਿ, ਕਾਰੂੰ ਨਾਲ ਗੋਸਟਿ, ਅਜਿਹੇ ਰੰਧਾਵੇ ਨਾਲ ਗੋਸ਼ਟਿ, ਆਦਿ।

          ਗੁਰੂ ਨਾਨਕ ਦੇਵ ਦੇ ਵਿਅਕਤਿਤਵ ਨਾਲ ਸੰਬੰਧਿਤ ਗੋਸ਼ਟਾਂ ਤੋਂ ਇਲਾਵਾ ਕੁਝ ਗੋਸ਼ਟਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਸੰਬੰਧ ਹੋਰਨਾਂ, ਸਾਧਾਂ, ਸੰਤਾਂ, ਮਹਾਪੁਰਖਾਂ ਨਾਲ ਹੈ ਇਨ੍ਹਾਂ ਵਿਚੋਂ ਪਹਿਲੀ ਪ੍ਰਕਾਰ ਦੀਆਂ ਉਹ ਹਨ ਜਿਨ੍ਹਾਂ ਦਾ ਸੰਬੰਧ ਸਿੱਖ ਗੁਰੂਆਂ ਨਾਲ ਹੈ, ਜਿਵੇਂ ‘ਗੋਸ਼ਟਾਂ ਗੁਰੂ ਅਮਰਦਾਸ ਜੀ ਕੀਆਂ’ । ਦੂਜੀ ਪ੍ਰਕਾਰ ਦੀਆਂ ਉਹ ਗੋਸ਼ਟਾਂ ਹਨ ਜਿਨ੍ਹਾਂ ਦਾ ਸੰਬੰਧ ਕਬੀਰ, ਧੰਨਾ, ਕਾਨ੍ਹਾ, ਨਾਮੇਦਉ, ਰਵੀਦਾਸ ਨਾਲ ਹੈ। ਇਨ੍ਹਾਂ ਦਾ ਸਰੂਪ ਗੋਸ਼ਟਿ–ਪਰਮਾਰਥ ਵਾਲਾ ਮਿਲਿਆ ਜੁਲਿਆ ਹੈ। ਤੀਜਾ ਰੂਪ ਦਾ ਸੰਬੰਧ ਨਾਥਾਂ, ਹਿੰਦੂ ਜਾਂ ਮੁਸਲਮਾਨ ਧਾਰਮਿਕ ਮੁਖੀਆਂ ਨਾਲ ਹੈ। ਇਨ੍ਹਾਂ ਵਿਚ ਧਾਰਮਿਕ ਪੱਖ ਦਾ ਵਿਸ਼ਲੇਸ਼ਣ ਹੁੰਦਾ ਹੈ, ਜਿਵੇਂ ‘ਗੋਸਟਿ ਫਕੀਰੀ ਦੀ’, ਗੋਸਟਿ ਮਾਰਫਤ ਦੀ’। ਸੋਢੀ ਮਿਹਰਬਾਨ ਦੇ ਲੜਕੇ ਹਰਿ ਜੀ ਨੇ ਆਪਣੇ ਪਿਤਾ ਮਿਹਰਬਾਨ ਦੀ ਜੀਵਨ–ਗਾਥਾ ਗੋਸ਼ਟਾਂ ਵਿਚ ਲਿਖੀ ਹੈ। ਇਸ ਤਰ੍ਹਾਂ ਗੋਸ਼ਟਿ ਪੰਜਾਬੀ ਵਿਚ ਬਹੁਤ ਪ੍ਰਸਿੱਧ ਅਤੇ ਲੋਕਪ੍ਰਿਯ ਰਹੀ ਹੈ।

[ਸਹਾ. ਗ੍ਰੰਥ––ਡਾ. ਰਤਨ ਸਿੰਘ ਜੱਗੀ : ‘ਪੁਰਾਤਨ ਪੰਜਾਬੀ ਵਾਰਤਕ’; ਸਰੂਪ ਅਤੇ ਵਿਕਾਸ ’; ‘ ਗੁਰੂ ਨਾਨਕ ਦੀ ਵਿਚਾਰਧਾਰਾ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.