ਭਾਵ-ਗਠਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਵ-ਗਠਨ: ਇਸ ਸੰਕਲਪ ਦੀ ਵਰਤੋਂ ਪਾਠ-ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਪਾਠ-ਭਾਸ਼ਾ ਵਿਗਿਆਨ ਵਿਚ ਦੋ ਸੰਕਲਪਾਂ ਰੂਪ-ਗਠਨ ਅਤੇ ਭਾਵ-ਗਠਨ ਦਾ ਅਧਿਅਨ ਕਿਸੇ ਸਾਹਿਤਕ ਕਿਰਤ ਨੂੰ ਅਧਾਰ ਬਣਾ ਕੇ ਕੀਤਾ ਜਾਂਦਾ ਹੈ। ਇਹ ਦੋਵੇਂ ਸੰਕਲਪ ਇਕ ਦੂਜੇ ਦੇ ਪੂਰਕ ਹਨ ਭਾਵੇਂ ਕੁਝ ਭਾਸ਼ਾ ਵਿਗਿਆਨੀਆਂ ਨੇ ਇਨ੍ਹਾਂ ਨੂੰ ਵੱਖੋ ਵੱਖਰੇ ਮੰਨਿਆ ਹੈ। ਸੱਚ ਤਾਂ ਇਹ ਹੈ ਕਿ ਕਿਸੇ ਇਕ ਤੱਤ ਦਾ ਅਧਿਅਨ ਦੂਸਰੇ ਤੋਂ ਬਿਨਾਂ ਅਸੰਭਵ ਹੈ। ਹੈਲੀਡੇ ਅਨੁਸਾਰ, “ਹਰ ਪਾਠ ਵਿਚ ਭਾਵ-ਗਠਨ ਹੁੰਦਾ ਹੈ, ਇਹ ਪਾਠ ਦੀ ਏਕਤਾ ਅਤੇ ਸੰਪੂਰਨਤਾ ਨੂੰ ਉਸਾਰਦਾ ਹੈ ਜਿਹੜੀ ਅੰਗਾਂ ਦੇ ਜੋੜ ਨਾਲੋਂ ਵੱਧ ਹੁੰਦੀ ਹੈ” ਇਕੱਲਾ ਰੂਪ-ਗਠਨ ਕਿਸੇ ਪਾਠ ਨੂੰ ਸਿਰਜਨ ਤੋਂ ਅਸਮਰਥ ਹੁੰਦਾ ਹੈ ਕਿਉਂਕਿ ਰੂਪ-ਗਠਨ ਦਾ ਰੂਪ ਦੇ ਪੱਧਰ ’ਤੇ ਵਿਚਰਨ ਹੈ ਪਰ ਵਾਕਾਤਮਕ ਇਕਾਈਆਂ ਵਿਚ ਸਰੂਪ ਦੀ ਏਕਤਾ ਅਤੇ ਵਿਸ਼ੇ ਜਾਂ ਅਰਥਾਂ ਦੀ ਏਕਤਾ ਨੂੰ ਭਾਵ-ਗਠਨ ਕਿਹਾ ਜਾਂਦਾ ਹੈ। ਸੋ ਰੂਪ ਗਠਨ ਤੋਂ ਹੀ ਭਾਵ-ਗਠਨ ਦੀ ਸਿਰਜਨਾ ਹੁੰਦੀ ਹੈ ਜਿਵੇਂ : (ੳ) ‘ਉਹ ਰੋਂਦਾ ਹੈ ਕਿਉਂਕਿ ਉਸ ਦੀ ਮਾਂ ਮਰ ਗਈ ਹੈ, (ਅ) ਉਹ ਹੱਸਦਾ ਹੈ ਕਿਉਂਕਿ ਉਸ ਦੀ ਮਾਂ ਮਰ ਗਈ ਹੈ, (ੲ) ਉਹ ਖੇਡਦਾ ਹੈ ਕਿਉਂਕਿ ਉਸ ਦੀ ਮਾਂ ਮਰ ਗਈ ਹੈ।’ ਇਨ੍ਹਾਂ ਤਿੰਨਾਂ ਵਿਚ ਦੋ ਦੋ ਉਪਵਾਕ ਹਨ ਜਿਹੜੇ ‘ਕਿਉਂਕਿ’ ਯੋਜਕ ਦੁਆਰਾ ਜੁੜੇ ਹੋਏ ਹਨ। ‘ਕਿਉਂਕਿ’ ਕਾਰਨ-ਸੂਚਕ ਯੋਜਕ ਹੈ ਪਹਿਲੇ ਉਪਵਾਕ ਵਿਚ ਜੋ ਸਥਿਤੀ ਪੈਦਾ ਹੁੰਦੀ ਹੈ ਉਸ ਸਥਿਤੀ ਦਾ ਪਰਗਟਾਵਾ ਦੂਜੇ ਉਪਵਾਕਾਂ ਰਾਹੀਂ ਹੁੰਦਾ ਹੈ। ਵਾਕ (ੳ) ਵਿਚ ਰੋਣ ਦਾ ਕਾਰਨ ਮਾਂ ਦਾ ਮਰਨਾ ਹੈ (ਅ) ਵਿਚ ਹੱਸਣ ਦਾ ਕਾਰਨ ਮਾਂ ਦਾ ਮਰਨਾ ਹੈ ਅਤੇ (ੲ) ਵਿਚ ਖੇਡਣ ਦਾ ਕਾਰਨ ਮਾਂ ਦਾ ਮਰਨਾ ਹੈ। ਇਹ ਤਿੰਨੇ ਵਾਕ ਰੂਪ-ਗਠਨ ਦੇ ਤੌਰ ’ਤੇ ਸੰਪੂਰਨ ਵਾਕ ਹਨ ਪਰ ਭਾਵ-ਗਠਨ ਦੇ ਪੱਧਰ ਤੇ ਇਨ੍ਹਾਂ ਸਾਰਿਆਂ ਨੂੰ ਸੰਪੂਰਨ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਹੱਸਣਾ ਤੇ ਮਰਨਾ, ਖੇਡਣਾ ਅਤੇ ਮਰਨਾ ਦੋ ਉਚਿਤ ਭਾਵਾਂ ਦੀ ਸਿਰਜਨਾ ਨਹੀਂ ਕਰਦੇ। ਇਸ ਪਰਕਾਰ ਰੋਣਾ ਤੇ ਮਰਨਾ ਉਚਿਤ ਭਾਵ ਦੇ ਸਿਰਜਕ ਹਨ। ਇਸ ਲਈ ਭਾਵੇਂ ਵਿਆਕਰਨਕ ਪੱਧਰ ’ਤੇ ਇਹ ਤਿੰਨੇ ਵਾਕ ਸੰਪੂਰਨ ਹਨ ਪਰ ਭਾਵ-ਗਠਨ ਦੇ ਪੱਧਰ ਤੇ ਕੇਵਲ (ੳ) ਵਾਕ ਹੀ ਦਰੁਸਤ ਹੈ। ਕਿਸੇ ਇਕ ਪਾਠ ਵਿਚ ਵਾਕਾਂ ਦੇ ਅੰਤਰਗਤ ਅਤੇ ਵਾਕਾਂ ਦਾ ਦੂਜੇ ਵਾਕਾਂ ਨਾਲ ਅਤੇ ਦੂਜੇ ਖੰਡਾਂ ਨਾਲ ਰੂਪ-ਗਠਨ ਦੇ ਪੱਧਰ ’ਤੇ ਮੇਲ ਹੁੰਦਾ ਹੈ ਜੇਕਰ ਇਹ ਉਚਿਤ ਪਰਕਾਰ ਦਾ ਮੇਲ ਨਹੀਂ ਹੁੰਦਾ ਤਾਂ ਸਮੁੱਚੇ ਪਾਠ ਨੂੰ ਪਾਠ ਦੀ ਪਰਿਭਾਸ਼ਾ ਅਨੁਸਾਰ ਪਾਠ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.