ਸੁਲਤਾਨਵਿੰਡ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਲਤਾਨਵਿੰਡ : ਅੰਮ੍ਰਿਤਸਰ ਦੇ ਦੱਖਣ-ਪੂਰਬ ਵੱਲ 4 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਜਿਸ ਵਿਚ ਦੋ ਇਤਿਹਾਸਿਕ ਗੁਰਦੁਆਰੇ ਹਨ। ਇਕ ਗੁਰੂ ਅਰਜਨ ਦੇਵ (1563-1606) ਅਤੇ ਦੂਸਰਾ ਗੁਰੂ ਹਰਗੋਬਿੰਦ (1595-1644) ਦੀ ਯਾਦ ਵਿਚ ਬਣਿਆ ਹੋਇਆ ਹੈ।

ੁਰਦੁਆਰਾ ਤੂਤ ਸਾਹਿਬ, ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਅਕਸਰ ਗੁਰੂ ਅਰਜਨ ਦੇਵ ਜੀ ਤੂਤ ਦੇ ਇਕ ਦਰਖਤ ਹੇਠ ਬੈਠ ਕੇ ਆਰਾਮ ਕਰਿਆ ਕਰਦੇ ਸਨ। ਪਰੰਤੂ ਅੱਜ-ਕੱਲ੍ਹ ਇਹ ਤੂਤ ਮੌਜੂਦ ਨਹੀਂ ਹੈ। ਮੌਜੂਦਾ ਇਮਾਰਤ ਇਕ ਵਰਗਾਕਾਰ ਕਮਰਾ ਹੈ ਜਿਸ ਨੂੰ 1983 ਵਿਚ ਸਥਾਨਿਕ ਸੰਗਤ ਨੇ ਬਣਾਇਆ ਹੈ ਅਤੇ ਸੰਗਤ ਹੀ ਇਸ ਦੀ ਸੇਵਾ ਸੰਭਾਲ ਕਰਦੀ ਹੈ।

ਗੁਰਦੁਆਰਾ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ, ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਸਥਾਨਿਕ ਪਰੰਪਰਾ ਅਨੁਸਾਰ ਗੁਰੂ ਹਰਗੋਬਿੰਦ ਜੀ ਉਦੋਂ ਰੁਕੇ ਸਨ ਜਦੋਂ ਉਹ ਆਪਣੀ ਸ਼ਾਦੀ ਦੇ ਸੰਬੰਧ ਵਿਚ ਅੰਮ੍ਰਿਤਸਰ ਤੋਂ ਡੱਲੇ ਵੱਲ ਜਾ ਰਹੇ ਸਨ। ਮੌਜੂਦਾ ਇਮਾਰਤ ਇਕ ਚਾਰ ਦੀਵਾਰੀ ਵਿਚ ਸਥਿਤ ਹੈ ਜਿਸ ਲਈ ਇਕ ਵੱਡੀ ਡਿਉੜੀ ਬਣੀ ਹੋਈ ਹੈ। ਇਸ ਨੂੰ 1950 ਵਾਲੇ ਦਹਾਕੇ ਦੇ ਅਰੰਭ ਵਿਚ ਬਣਾਇਆ ਗਿਆ ਸੀ। ਕੇਂਦਰੀ ਇਮਾਰਤ ਇਕ ਸੰਗਤੀ ਹਾਲ ਹੈ ਜਿਸ ਦੇ ਵਿਚਕਾਰ ਵਰਗਾਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਕਾਸ਼ ਅਸਥਾਨ ਦੇ ਉਪਰ ਦੋ ਮੰਜ਼ਲਾਂ ਵਿਚ ਵਰਗਾਕਾਰ ਕਮਰੇ ਹਨ ਜਿਨ੍ਹਾਂ ਉੱਤੇ ਕੰਵਲ-ਪੱਤੀਆਂ ਵਾਲਾ ਗੁੰਬਦ ਬਣਿਆ ਹੋਇਆ ਹੈ ਜਿਸ ਉੱਤੇ ਸੁਨਹਿਰੀ ਛੱਜਾ ਲੱਗਾ ਹੈ। ਇਸ ਹਾਲ ਦੇ ਸਾਮ੍ਹਣੇ ਇਕ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਹੈ। ਇਹ ਗੁਰਦੁਆਰਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਵੀ ਹੈ ਪਰੰਤੂ ਇਸ ਦਾ ਪ੍ਰਬੰਧ ਬਾਬਾ ਕਲਿਆਣ ਸਿੰਘ ਸੇਵਾ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ। ਸੁਲਤਾਨਵਿੰਡ ਵਿਖੇ ਧਾਰਮਿਕ ਯਾਤਰਾ ਪੱਖੋਂ ਇਕ ਹੋਰ ਦਿਲਚਸਪ ਜਗ੍ਹਾ ਇਕ ਪੁਰਾਤਨ ਖੂਹ ਹੈ ਜੋ ਪਿੰਡ ਦੇ ਦੱਖਣ ਪੱਛਮ ਵੱਲ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦਾ ਨਾਂ ਭਾਈ ਮੰਝਵਾਲਾ ਖੂਹ ਹੈ। ਇਹ ਉਹੀ ਖੂਹ ਹੈ ਜਿਸ ਵਿਚ ਇਕ ਵਾਰੀ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਰਧਾਵਾਨ ਸਿੱਖ ਭਾਈ ਮੰਝ ਡਿਗ ਪਿਆ ਸੀ, ਜਿਸਦੇ ਸਿਰ ਉਪਰ ਗੁਰੂ ਕੇ ਲੰਗਰ ਲਈ ਲੱਕੜਾਂ ਦੀ ਪੰਡ ਸੀ। ਇਸ ਨੇ ਖੂਹ ਵਿਚ ਖੜ੍ਹ ਕੇ ਲੱਕੜਾਂ ਨੂੰ ਭਿੱਜਣ ਤੋਂ ਉਦੋਂ ਤਾਂਈ ਬਚਾਈ ਰਖਿਆ ਜਦੋਂ ਤਕ ਅਗਲੇ ਦਿਨ ਗੁਰੂ ਜੀ ਨੇ ਇਸ ਨੂੰ ਖੂਹ ‘ਚੋਂ ਕਢਵਾਇਆ ਨਹੀਂ ਸੀ।


ਲੇਖਕ : ਅਤੇ ਅਨੁ. ਗ.ਨ.ਸ.  ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.