ਅਕਾਲ-ਮੂਰਤਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ-ਮੂਰਤਿ: ਇਹ ਸ਼ਬਦ-ਯੁਗਲ ਗੁਰੂ ਨਾਨਕ ਦੇਵ ਜੀ ਦੁਆਰਾ ਮੂਲ-ਮੰਤ੍ਰ ਵਿਚ ਪਰਮਾਤਮਾ ਦੇ ਵਾਚਕ ਵਜੋਂ ਵਰਤਿਆ ਗਿਆ ਹੈ। ਇਸ ਤੋਂ ਭਾਵ ਹੈ ਉਹ ਸੱਤਾ ਜਿਸ ਦਾ ਸਰੂਪ (ਮੂਰਤ) ਕਾਲ-ਅਤੀਤ ਹੈ, ਅਰਥਾਤ ਜੋ ਕਾਲ ਦੀਆਂ ਸ਼ਕਤੀ-ਸੀਮਾਵਾਂ ਤੋਂ ਉਪਰ ਹੈ, ਜੋ ਤਿੰਨਾਂ ਕਾਲਾਂ ਵਿਚ ਬੰਨ੍ਹੀ ਹੋਈ ਨਹੀਂ ਹੈ। ਇਸ ਤੱਥ ਦੀ ਪੁਸ਼ਟੀ ‘ਜਪੁਜੀ ’ ਦੇ ਪਹਿਲੇ ਸ਼ਲੋਕ ਤੋਂ ਹੀ ਕਰ ਦਿੱਤੀ ਗਈ ਪ੍ਰਤੀਤ ਹੁੰਦੀ ਹੈ — ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ (ਗੁ.ਗ੍ਰੰ.1)।

            ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਤਿਪਾਦਿਤ ਪਰਮਾਤਮਾ ਦਾ ਸਰੂਪ ਕਾਲ ਦੇ ਪ੍ਰਭਾਵ ਤੋਂ ਹਰ ਪ੍ਰਕਾਰ ਮੁਕਤ ਹੈ। ਸੋਰਠਿ ਰਾਗ ਵਿਚ ਗੁਰੂ ਜੀ ਨੇ ਹੋਰ ਵੀ ਸਪੱਸ਼ਟ ਕੀਤਾ ਹੈ ਕਿ — ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਕਰਮਾ (ਗੁ.ਗ੍ਰੰ.597)। ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨੂੰ ‘ਅਕਾਲ-ਮੂਰਤਿ’ ਸ਼ਬਦ ਨਾਲ ਵਿਸ਼ਿਸ਼ਟ ਕਰਦਿਆਂ ਉਸ ਨੂੰ ‘ਖਉ’ (ਵਿਨਾਸ਼) ਤੋਂ ਮੁਕਤ ਦਸਿਆ ਹੈ — ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ (ਗੁ.ਗ੍ਰੰ.1082)।

            ਮੂਲ-ਮੰਤ੍ਰ ਦੇ ਸੰਦਰਭ ਵਿਚ ‘ਅਕਾਲ-ਮੂਰਤਿ’ ਸਰੂਪ ਪਰਮਾਤਮਾ ‘ਸਤਿਨਾਮ ’ ਵੀ ਹੈ। ‘ਸਤਿਨਾਮ’ ਤੋਂ ਭਾਵ ਹੈ ਸਦਾ ਵਿਦਮਾਨ ਰਹਿਣ ਵਾਲਾ ਤੱਤ੍ਵ। ਪਰਮਾਤਮਾ ਸਦਾ, ਸਰਵਤ੍ਰ ਅਤੇ ਸਾਰੀਆਂ ਪਰਿਸਥਿਤੀਆਂ ਵਿਚ ‘ਸਤਿ’ ਹੀ ਰਹਿੰਦਾ ਹੈ। ਉਸ ਉਤੇ ਸਮੇਂ ਦੇ ਫੇਰ ਜਾਂ ਗੇੜ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਪਰ ਸੰਸਾਰ ਦੀ ਹਰ ਇਕ ਵਸਤੂ ਸਮੇਂ ਦੀ ਬਦਲੀ ਨਾਲ ਬਦਲਦੀ ਹੈ, ਵਿਕਾਸ ਕਰਦੀ ਹੈ ਜਾਂ ਨਸ਼ਟ ਹੋ ਜਾਂਦੀ ਹੈ। ਇਸ ਵਾਸਤੇ ਅਸਤਿ ਹੈ, ਨਾਸ਼ਮਾਨ ਹੈ, ਕਾਲਵਸ ਹੈ। ਇਸ ਕਰਕੇ ਵੀ ਕਿਉਂਕਿ ਉਸ ਦੀ ਸਿਰਜਨਾ ਹੋਈ ਹੈ। ਸਪੱਸ਼ਟ ਹੈ ਕਿ ਸ੍ਰਿਸ਼ਟੀ ਉਤੇ ਕਾਲ ਦਾ ਸ਼ਾਸਨ ਹੈ। ਗੁਰਮਤਿ ਅਨੁਸਾਰ ਇਸ ਸ੍ਰਿਸ਼ਟੀ ਦਾ ਰਚੈਤਾ ‘ਅਜੂਨੀ’ ਅਤੇ ‘ਸੈਭੰ ’ ਹੈ। ਉਸ ਦੀ ਸਿਰਜਨਾ ਵੀ ਨਹੀਂ ਹੁੰਦੀ ਹੈ, ਉਹ ਆਪਣੇ ਆਪ ਹੋਂਦ ਵਿਚ ਆਉਣ ਵਾਲਾ ਹੈ। ਉਹ ਸਦਾ ਸਤਿ ਹੈ, ਅਪਵਿਰਤਨ- ਸ਼ੀਲ ਹੈ, ਅਨਸ਼ਵਰ ਹੈ। ਸਿੱਧ ਹੈ ਕਿ ਉਹ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ। ਇਹੀ ਕਾਰਣ ਹੈ ਕਿ ਉਸ ਨੂੰ ‘ਅਕਾਲਵਿਸ਼ੇਸ਼ਣ ਨਾਲ ਵਿਸ਼ਿਸ਼ਟ ਕੀਤਾ ਗਿਆ ਹੈ।

            ਮਾਰੂ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਪਰਮਾਤਮਾ (ਅਕਾਲ-ਪੁਰਖ) ਦੇ ਸਿਰ ਉਤੇ ਕਾਲ ਦਾ ਸ਼ਾਸਨ ਨਹੀਂ ਹੈ, ਉਹ ਅਲੱਖ , ਅਗੰਮ ਅਤੇ ਵਿਚਿਤ੍ਰ ਹੈ — ਤੂ ਅਕਾਲ ਪੁਰਖੁ ਨਾਹਿ ਸਿਰਿ ਕਾਲਾ ਤੂ ਪੁਰਖੁ ਅਲੇਖ ਅਗੰਮ ਨਿਰਾਲਾ (ਗੁ.ਗ੍ਰੰ.1038)। ਉਸਨੇ ਕਾਲ ਅਤੇ ਵਿਕਾਲ ਨੂੰ ਇਕੋ ਵਾਰ ਹੀ ਗ੍ਰਾਹ (ਲੁਕਮਾ) ਬਣਾ ਲਿਆ ਹੈ (ਕਾਲ ਬਿਕਾਲ ਕੀਏ ਇਕ ਗ੍ਰਾਸਾ)। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਖ਼ੁਦ ਕਾਲ ਵੀ ਪਰਮਾਤਮਾ ਦੇ ਵਸ ਵਿਚ ਹੈ, ਉਸ ਦੇ ਅਧੀਨ ਹੈ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਕਾਲ ਦੇ ਪਰਿਵਰਤਨ ਨਾਲ ਅਨੇਕ ਪ੍ਰਕਾਰ ਦੀਆਂ ਰੁਤਾਂ ਦੀ ਸਿਰਜਨਾ ਹੁੰਦੀ ਹੈ। ਘੜੀਆਂ , ਪਹਿਰ , ਵਾਰ, ਮਾਸ ਹੋਂਦ ਵਿਚ ਆਉਂਦੇ ਹਨ, ਪਰ ਉਨ੍ਹਾਂ ਦਾ ਕਾਰਣ ਰੂਪ ਸੂਰਜ ਸਦਾ ਇਕ-ਸਮਾਨ ਰਹਿੰਦਾ ਹੈ। ਉਸੇ ਤਰ੍ਹਾਂ ਪਰਮਾਤਮਾ ਦੇ ਵੀ ਅਨੇਕ ਵੇਸ਼ ਅਤੇ ਰੂਪ ਹਨ, ਪਰ ਉਹ ਖ਼ੁਦ ਸੂਰਜ ਵਾਂਗ ਹਮੇਸ਼ਾਂ ਅਪਰਿਵਰਤਨਸ਼ੀਲ ਅਤੇ ਕਾਲ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹੈ — ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ਸੂਰਜੁ ਏਕੋ ਰੁਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ (ਗੁ.ਗ੍ਰੰ.357)।

            ਗੀਤਾ ਅਤੇ ਉਪਨਿਸ਼ਦਾਂ ਵਿਚ ਵੀ ਬ੍ਰਹਮ ਦੇ ਸਰੂਪ ਸੰਬੰਧੀ ਇਸ ਪ੍ਰਕਾਰ ਦੀਆਂ ਮਾਨਤਾਵਾਂ ਪ੍ਰਗਟ ਕੀਤੀਆਂ ਮਿਲ ਜਾਂਦੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.