ਅਪਰਾਧ ਦੀ ਪਰਿਭਾਸ਼ਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Crime, Definition of_ਅਪਰਾਧ ਦੀ ਪਰਿਭਾਸ਼ਾ: ਅਪਰਾਧ ਅਥਵਾ ਜੁਰਮ ਨੂੰ ਪਰਿਭਾਸ਼ਤ ਕਰਦਿਆਂ ਮੋਟੇ ਤੌਰ ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਾਨੂੰਨ ਦੀ ਉਲੰਘਣਾ ਵਿਚ ਕੀਤੇ ਗਏ ਕੰਮ ਨੂੰ ਅਪਰਾਧ ਅਥਵਾ ਜੁਰਮ ਦਾ ਨਾਂ ਦਿੱਤਾ ਜਾਂਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਹੈ ਕਿ ਕਾਨੂੰਨ ਦੀ ਹਰ ਉਲੰਘਣਾ ਨੂੰ ਜੁਰਮ ਅਥਵਾ ਅਪਰਾਧ ਨਹੀਂ ਕਿਹਾ ਜਾ ਸਕਦਾ। ਮਿਸਾਲ ਲਈ ਮੁਆਇਦਾ ਭੰਗ ਕਰਨ ਦੇ ਕੰਮ ਨੂੰ ਜਾਂ ਦੀਵਾਨੀ ਕਾਨੂੰਨ ਦੀ ਉਲੰਘਣਾ ਨੂੰ ਅਪਰਾਧ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਹਿੰਦੁ ਵਿਆਹ ਐਕਟ, 1955 ਦੇ ਪਾਸ ਹੋਣ ਤੋਂ ਪਹਿਲਾਂ ਹਿੰਦੂਆਂ ਲਈ ਦੂਜਾ ਵਿਆਹ ਕਰਨਾ ਅਪਰਾਧ ਨਹੀਂ ਸੀ ਅਤੇ ਮੁਸਲਮਾਨ ਮਰਦ ਅਜ ਵੀ ਚਾਰ ਵਿਆਹ ਕਰਵਾ ਸਕਦੇ ਹਨ ਅਤੇ ਉਨ੍ਹਾਂ ਲਈ ਬਹੁ-ਵਿਆਹ ਅਜ ਵੀ ਅਪਰਾਧ ਨਹੀਂ ਹੈ। ਇਸੇ ਤਰ੍ਹਾਂ ਪਰਗਮਨ ਭਾਰਤ ਵਿਚ ਅਪਰਾਧ ਹੈ ਜਦ ਕਿ ਇੰਗਲੈਂਡ ਵਿਚ ਇਹ ਅਪਰਾਧ ਨ ਹੋ ਕੇ ਦੀਵਾਨੀ ਦਾਵੇ ਦਾ ਕਾਰਨ ਹੈ। ਇਸ ਤਰ੍ਹਾਂ ਅਪਰਾਧ ਭਾਵੇਂ ਬੁਨਿਆਦੀ ਤੌਰ ਤੇ ਕਾਨੂੰਨ ਦੀ ਉਲੰਘਣਾ ਹੈ, ਲੇਕਿਨ ਉਸ ਉਲੰਘਣਾ ਨੂੰ ਅਪਰਾਧ ਦੀ ਕੋਟੀ ਵਿਚ ਲਿਆਉਣ ਲਈ ਕੁਝ ਹੋਰ ਗੱਲਾਂ ਵੀ ਜ਼ਰੂਰੀ ਹਨ। ਜਨ-ਸਾਧਾਰਨ ਦੀਆਂ ਨਜ਼ਰਾਂ ਵਿਚ ਉਹ ਕੰਮ ਅਪਰਾਧ ਮੰਨਿਆਂ ਜਾਣਾ ਚਾਹੀਦਾ ਹੈ ਜੋ ਗੰਭੀਰ ਨਿਖੇਧੀ ਦਾ ਮੁਸਤਹਿੱਕ ਹੋਵੇ। ਇਸ ਹੀ ਗੱਲ ਵਲ ਸੰਕੇਤ ਕਰਦੇ ਹੋਏ ਸਟੀਫ਼ਨ ਦਾ ਕਥਨ ਹੈ, ‘‘ਅਪਰਾਧ ਉਸ ਕੰਮ ਨੂੰ ਕਿਹਾ ਜਾਂਦਾ ਹੈ ਜੋ ਕਾਨੂੰਨ ਦੁਆਰਾ ਮਮਨੂਹ ਹੋਵੇ ਅਤੇ ਨਾਲੇ ਸਮਾਜ ਦੀਆਂ ਸਦਾਚਾਰਕ ਭਾਵਨਾਵਾਂ ਦੇ ਖ਼ਿਲਾਫ਼ ਹੋਵੇ (ਜਨਰਲ ਵਿਊ ਆਫ਼ ਕ੍ਰਮਿੀਨਲ ਲਾ ਆਫ਼ ਇੰਗਲੈਂਡ ਪੰ. 3)। ਅਪਰਾਧ ਦੀ ਇਸ ਪਰਿਭਾਸ਼ਾ ਦੀ ਕਮਜ਼ੋਰੀ ਇਹ ਹੈ ਕਿ ਸਦਾਚਾਰਕ ਕਦਰਾਂ ਕੀਮਤਾਂ ਦੇਸ਼-ਕਾਲ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ। ਲੇਕਿਨ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਕਾਨੂੰਨ ਵੀ ਦੇਸ਼-ਕਾਲ ਅਨੁਸਾਰ ਬਦਲਦਾ ਰਹਿੰਦਾ ਹੈ ਤਾਂ ਇਹ ਪਰਿਭਾਸ਼ਾ ਦੀ ਕਮਜ਼ੋਰੀ ਨ ਰਹਿ ਕੇ ਉਸ ਦੀ ਤਾਕਤ ਦੀ ਸੂਚਕ ਬਣ ਜਾਂਦੀ ਹੈ। ਸਦਾਚਾਰਕ ਕਦਰਾਂ ਕੀਮਤਾਂ ਵਿਚਲੇ ਫ਼ਰਕ ਕਾਰਨ ਵਖ ਵਖ ਦੇਸ਼ਾਂ ਦਾ ਕਾਨੂੰਨ ਵਖ ਵਖ ਹੈ ਅਤੇ ਇਕ ਹੀ ਦੇਸ਼ ਵਿਚ ਵਖ ਵਖ ਸਮੇਂ ਕਾਨੂੰਨ ਵਿਚ ਤਬਦੀਲੀ ਦੀ ਲੋੜ ਮਹਿਸੂਸ ਹੋਣ ਲਗ ਪੈਂਦੀ ਹੈ। ਇਸ ਉਚਿਤਤਾ ਦੇ ਬਾਵਜੂਦ ਰਸੱਲ ਦਾ ਕਹਿਣਾ ਸਹੀ ਹੈ ਕਿ, ‘‘ਕੋਈ ਲੇਖਕ ਹਾਲੀ ਤਕ ਅਪਰਾਧ ਦੀ ਸੰਤੋਸ਼ਜਨਕ ਪਰਿਭਾਸ਼ਾ ਨਹੀਂ ਦੇ ਸਕਿਆ।’’ ਰੱਸਲ ਅਨੁਸਾਰ ‘‘ਦਰਅਸਲ, ਫ਼ੋਜਦਾਰੀ ਅਪਰਾਧ ਸਮਾਜ ਦੇ ਤਤਕਾਲੀਨ ਸ਼ਕਤੀਸ਼ਾਲੀ ਅਤੇ ਚਤੁਰ ਭਾਗ ਦੁਆਰਾ ਸਮੇਂ ਸਮੇਂ ਅਪਣਾਈ ਜਾਣ ਵਾਲੀ ਅਪਰਾਧਕ ਨੀਤੀ ਦੀ ਉਪਜ ਹੁੰਦੇ ਹਨ ਅਤੇ ਉਹ ਭਾਗ ਰਾਜ ਦੀ ਪ੍ਰਭੂਸੱਤਾ ਨੂੰ ਉਸ ਦਿਸ਼ਾ ਵਲ ਤੋਰਦੇ ਹਨ ਜਿਸ ਨਾਲ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਹੁੰਦੀ ਹੋਵੇ ਅਤੇ ਉਸ ਦੇ ਵਿਰੋਧ ਵਿਚ ਕੀਤੇ ਜਾਣ ਵਾਲੇ ਹਰ ਕੰਮ ਦਾ ਦਮਨ ਕੀਤਾ ਜਾ ਸਕੇ। ’’
ਬੈਂਥਮ ਅਨੁਸਾਰ, ‘‘ਅਪਰਾਧ ਅਜਿਹੇ ਕੰਮਾਂ ਨੂੰ ਕਿਹਾ ਜਾਂਦਾ ਹੈ ਜੋ, ਚੰਗੇ ਜਾਂ ਮਾੜੇ ਕਾਰਨਾਂ ਕਰਕੇ, ਵਿਧਾਨ ਮੰਡਲ ਦੁਆਰਾ ਮਮਨੂਹ ਕਰਾਰ ਦਿੱਤੇ ਜਾਂਦੇ ਹਨ। ਜੇ ਸਵਾਲ, ਉਪਯੋਗਤਾ ਦੇ ਸਿਧਾਂਤਾਂ ਅਨੁਸਾਰ ਸਭ ਤੋਂ ਉਤਮ ਕਾਨੂੰਨ ਲਭਣ ਦੀ ਸਿਧਾਂਤਕ ਖੋਜ ਦੇ ਮੁਤੱਲਕ ਹੋਵੇ, ਤਾਂ ਅਸੀਂ ਹਰ ਉਸ ਕੰਮ ਨੂੰ ਅਪਰਾਧ ਦਾ ਨਾਂ ਦੇ ਦਿੰਦੇ ਹਾਂ ਜੋ ਅਸੀਂ ਸਮਝਦੇ ਹਾਂ ਕਿ ਜੇ ਉਹ ਮਮਨੂਹ ਕਰਾਰ ਨ ਦਿੱਤਾ ਗਿਆ ਤਾਂ ਕਿਸੇ ਬੁਰਾਈ ਨੂੰ ਜਨਮ ਦੇਵੇਗਾ।’’
ਬਲੈਕਸਟਨ ਦੇ ਲਫ਼ਜ਼ਾਂ ਵਿਚ ‘‘ਲੋਕ ਕਾਨੂੰਨ (Public law) ਦੀ ਖ਼ਿਲਾਫ਼ਵਰਜ਼ੀ ਵਿਚ ਕੋਈ ਅਜਿਹਾ ਕੰਮ ਕਰਨਾ ਜੋ ਵਰਜਤ ਹੈ ਜਾਂ ਕਿਸੇ ਅਜਿਹੇ ਕੰਮ ਕਰਨ ਦੀ ਉਕਾਈ ਕਰਨਾ ਜੋ ਕਰਨ ਦਾ ਹੁਕਮ ਦਿੱਤਾ ਗਿਆ ਹੋਵੇ, ਅਪਰਾਧ ਹੈ (ਕ੍ਰਾਈਮ, ਜਿਲਦ 1 ਯਾਰ੍ਹਵਾਂ ਐਡੀਸ਼ਨ ਪੰ. 98)। ਇਸ ਪਰਿਭਾਸ਼ਾ ਦੀ ਇਹ ਕਹਿ ਕੇ ਆਲੋਚਨਾ ਕੀਤੀ ਜਾਂਦੀ ਹੈ ਕਿ ਆਸਟਿਨ ਦੀ ਪਰਿਭਾਸ਼ਾ ਅਨੁਸਾਰ ਲੋਕ ਕਾਨੂੰਨ ਦਾ ਮਤਲਬ ਸੰਵਿਧਾਨਕ ਕਾਨੂੰਨ ਹੈ ਅਤੇ ਇਸ ਪਰਿਭਾਸ਼ਾ ਅਨੁਸਾਰ ਅਪਰਾਧਕ ਕੰਮ ਸਿਆਸੀ ਅਪਰਾਧਾਂ ਤਕ ਸੀਮਤ ਹੋ ਕੇ ਰਹਿ ਜਾਣਗੇ ਅਤੇ ਬਾਕੀ ਦਾ ਅਪਰਾਧਕ ਸੰਸਾਰ ਇਸ ਪਰਿਭਾਸ਼ਾ ਤੋਂ ਬਾਹਰ ਰਹਿ ਜਾਵੇਗਾ। ਲੇਕਿਨ ਲੋਕ ਕਾਨੂੰਨ ਦੀ ਇਕ ਹੋਰ ਪਰਿਭਾਸ਼ਾ ਅਨੁਸਾਰ ਲੋਕ ਕਾਨੂੰਨ ਦਾ ਮਤਲਬ ਹੈ ਸਾਰਾ ਪਾਜ਼ਿਟਿਵ ਕਾਨੂੰਨ ਅਰਥਾਤ ਰਾਜ ਦੁਆਰਾ ਬਣਾਇਆ ਕਾਨੂੰਨ। ਇਸ ਤਰ੍ਹਾਂ ਇਸ ਪਰਿਭਾਸ਼ਾ ਅਨੁਸਾਰ ਕਾਨੂੰਨ ਹਰ ਉਲੰਘਣਾ ਨੂੰ ਅਪਰਾਧ ਮੰਨਣਾ ਪਵੇਗਾ ਅਤੇ ਦੀਵਾਨੀ ਅਤੇ ਫ਼ੌਜਦਾਰੀ ਕਾਨੂੰਨ ਵਿਚਕਾਰ ਫ਼ਰਕ ਨਹੀਂ ਕੀਤੀ ਜਾ ਸਕੇਗਾ ।
ਕੈਨੀ ਨੇ ਆਪਣੀ ਪੁਸਤਕ ਆਊਟਲਾਈਨਜ਼ ਆਫ਼ ਕ੍ਰਮਿੀਨਲ ਲਾ ਵਿਚ ਅਪਰਾਧ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਹੈ:-
‘‘ਅਪਰਾਧ ਉਹ ਦੋਸ਼ ਹਨ ਜਿਨ੍ਹਾਂ ਦੇ ਕੀਤੇ ਜਾਣ ਤੇ ਦੋਸ਼ੀ ਨੂੰ ਦੰਡ ਦਿੱਤਾ ਜਾਂਦਾ ਹੈ ਅਤੇ ਉਸ ਦੰਡ ਤੋਂ ਕਿਸੇ ਪ੍ਰਾਈਵੇਟ ਵਿਅਕਤੀ ਦੁਆਰਾ ਮਾਫ਼ੀ ਨਹੀਂ ਦਿੱਤੀ ਜਾ ਸਕਦੀ, ਜੇ ਮਾਫ਼ੀ ਦੇਣੀ ਹੀ ਹੋਵੇ ਤਾਂ ਕੇਵਲ ਕਰਾਊਨ ਦੁਆਰਾ ਦਿੱਤੀ ਜਾ ਸਕਦੀ ਹੈ।’’ ਲੇਕਿਨ ਇਸ ਪਰਿਭਾਸ਼ਾ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਕਾਮਨ ਕਾਨੂੰਨ ਅਧੀਨ ਮਾਫ਼ੀ ਕੇਵਲ ਉਨ੍ਹਾਂ ਅਪਰਾਧਾਂ ਵਿਚ ਦਿੱਤੀ ਜਾ ਸਕਦੀ ਹੈ ਜੋ ਦੇਸ਼ ਦੇ ਲੋਕ ਕਾਨੂੰਨਾਂ ਅਤੇ ਪ੍ਰਵਿਧਾਨਾਂ ਅਧੀਨ ਆਉਂਦੇ ਹੋਣ। ਇਸ ਤੋਂ ਇਲਾਵਾ ਭਾਰਤੀ ਦੰਡ ਸੰਘਤਾ ਅਧੀਨ ਕੁਝ ਅਪਰਾਧ ਅਜਿਹੇ ਹਨ ਜੋ ਰਾਜ਼ੀਨਾਵੇਂਯੋਗ ਹਨ ਅਤੇ ਕਈ ਅਪਰਾਧ ਐਸੇ ਹਨ ਜਿਨ੍ਹਾਂ ਵਿਚ ਅਦਾਲਤ ਦੇ ਦਖ਼ਲ ਤੋਂ ਬਿਨਾਂ ਰਾਜ਼ੀਨਾਵਾਂ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਰਾਜ਼ੀਨਾਵਾਂ ਕਰਕੇ ਇਕ ਆਮ ਆਦਮੀ ਵੀ ਅਪਰਾਧੀ ਨੂੰ ਮਾਫ਼ੀ ਦੇ ਸਕਦਾ ਹੈ। ਇਸ ਦੇ ਫਲਸਰੂਪ ਕੈਨੀ ਦੁਆਰਾ ਦਿੱਤੀ ਗਈ ਪਰਿਭਾਸ਼ਾ ਵੀ ਸਰਬਸੰਪੂਰਨ ਨਹੀਂ ਕਹੀ ਜਾ ਸਕਦੀ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਅਪਰਾਧ ਦੇ ਵਿਸ਼ੇ-ਵਸਤੂ ਵਿਚ ਨਿਤ ਦਿਨ ਆਉਣ ਵਾਲੀ ਤਬਦੀਲੀ, ਸਮਾਜ ਦੀਆਂ ਸਦਾਚਾਰਕ ਕਦਰਾਂ ਕੀਮਤਾਂ ਅਤੇ ਲੋਕ ਰਾਏ ਦੀ ਨਿਤ ਬਦਲਦੀ ਅਵਸਥਾ ਦੀ ਗਿਣਤੀ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਫ਼ੌਜਦਾਰੀ ਕਾਨੂੰਨ ਦੇ ਅਧਿਐਨ ਵਿਚ ਹਾਲੀ ਤਕ ਅਪਰਾਧ ਦੀ ਕੋਈ ਅਜਿਹੀ ਪਰਿਭਾਸ਼ਾ ਨਹੀਂ ਕੀਤੀ ਜਾ ਸਕੀ ਜੋ ਸਰਬਪਰਵਾਨਤ ਹੋਵੇ। ਲੇਕਿਨ ਅਪਰਾਧਾਂ ਦੇ ਅਧਿਐਨ ਲਈ ਕੁਝ ਖ਼ਾਸੀਅਤਾਂ ਅਜਿਹੀਆਂ ਬਿਆਨ ਕੀਤੀਆਂ ਗਈਆਂ ਹਨ ਜੋ ਕਿਸੇ ਕੰਮ ਨੂੰ ਅਪਰਾਧ ਦੀ ਕੋਟੀ ਵਿਚ ਲਿਆਉਣ ਲਈ ਜ਼ਰੂਰੀ ਸਮਝੀਆਂ ਜਾਂਦੀਆਂ ਹਨ। ਪਾਠਕਾਂ ਦੀ ਸਹੂਲਤ ਲਈ ਉਹ ਹੇਠਾਂ ਦਿੱਤੀਆਂ ਜਾਂਦੀਆਂ ਹਨ:-
1) ਕਿਸੇ ਅਜਿਹੇ ਕੰਮ ਨੂੰ ਅਪਰਾਧ ਕਿਹਾ ਜਾ ਸਕਦਾਹੈ ਜੋ ਕਿਸੇ ਸਮਾਜ ਵਿਰੋਧੀ ਮਨੁੱਖ ਦੁਆਰਾ ਕਿਸੇ ਨੂੰ ਹਾਨੀ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਅਤੇ ਜਿਸ ਦੇ ਕੀਤੇ ਜਾਣ ਨੂੰ ਪ੍ਰਭਤਾਧਾਰੀ ਸ਼ਕਤੀ ਰੋਕਣਾ ਚਾਹੁੰਦੀ ਹੁੰਦੀ ਹੈ।
2) ਉਸ ਕੰਮ ਨੂੰ ਰੋਕਣ ਲਈ ਰਾਜ ਦੁਆਰਾ ਸਜ਼ਾ ਜਾਂ ਦੰਡ ਦੇ ਨਿਵਾਰਕ ਉਪਾ ਕੀਤੇ ਜਾਂਦੇ ਹਨ, ਅਤੇ
3) ਕਾਨੂੰਨੀ ਕਾਰਵਾਈਆਂ ਜਿਨ੍ਹਾਂ ਵਿਚ ਮੁਲਜ਼ਮ ਦੇ ਕਸੂਰਵਾਰ ਹੋਣ ਜਾਂ ਬੇਕਸੂਰ ਹੋਣ ਬਾਬਤ ਕਿਸੇ ਨਿਰਨੇ ਤੇ ਪਹੁੰਚਿਆ ਜਾਂਦਾ ਹੈ ਉਹ ਵਿਸ਼ੇਸ਼ ਕਿਸਮ ਦੀਆਂ ਕਾਰਵਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸ਼ਹਾਦਤ ਦੇ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ।
ਸਰਵ ਉੱਚ ਅਦਾਲਤ ਨੇ ਵੀ. ਪੀ.ਐਸ.ਆਰ. ਸੰਥਾਨਮ ਬਨਾਮ ਅਰੁਨਾਂਚਲਾ (ਏ ਆਈ ਆਰ 1980 ਐਸ ਸੀ 856) ਵਿਚ ਅਪਰਾਧ ਨੂੰ ਪਰਿਭਾਸ਼ਾਤ ਕਰਨ ਦੀ ਥਾਂ ਉਸ ਦਾ ਅੰਗ ਨਿਖੇੜ ਕਰ ਕੇ ਅਪਰਾਧ ਦੇ ਸੰਕਲਪ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਕੇਸ ਵਿਚ ਸਰਵ ਉੱਚ ਅਦਾਲਤ ਦਾ ਕਹਿਣਾ ਹੈ ਕਿ ਅਪਰਾਧ ਇਕ ਅਜਿਹਾ ਕੰਮ ਹੈ ਜੋ ਕਾਨੂੰਨ ਦੁਆਰਾ ਸਮਾਜ ਲਈ ਆਮ ਕਰਕੇ ਹਾਨੀਕਾਰਕ ਮੰਨਿਆਂ ਜਾਂਦਾ ਹੈ, ਭਾਵੇਂ ਉਸ ਦਾ ਫ਼ੌਰੀ ਸ਼ਿਕਾਰ ਕੋਈ ਵਿਅਕਤੀ ਹੀ ਹੋਵੇ। ਸਾਰੇ ਸਮਾਜ ਲਈ ਇਕ ਡਰ ਹੋਣ ਦਾ ਵਿਚਾਰ ਉਸ ਯਥਾਰੀਤੀ ਨਿਯਮ ਦਾ ਇਕ ਅਹਿਮ ਕਾਰਨ ਹੈ ਕਿ ਕੇਵਲ ਰਾਜ ਹੀ ਫ਼ੌਜਦਾਰੀ ਪ੍ਰਾਸੀਕਿਊਸ਼ਨ ਕਰ ਸਕਦਾ ਹੈ। ਕਿਸੇ ਫ਼ੌਜਦਾਰੀ ਕਾਰਵਾਈ ਵਿਚ ਕਿਸੇ ਪ੍ਰਾਈਵੇਟ ਵਿਅਕਤੀ ਦਾ ਕੋਈ ਸਿੱਧਾ ਹਿੱਤ ਨਹੀਂ ਹੁੰਦਾ , ਭਾਵੇਂ ਕੁਝ ਕੇਸਾਂ ਵਿਚ ਪ੍ਰਵਿਧਾਨ ਦੁਆਰਾ ਅਪਵਾਦ ਕੀਤਾ ਜਾ ਸਕਦਾ ਹੈ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਫ਼ੌਜਦਾਰੀ ਪ੍ਰਾਸੀਕਿਊਸਨ ਜ਼ਾਤੀ ਬਦਲੇ ਲਈ ਨਹੀਂ ਚਿਤਵੀ ਗਈ ਹੁੰਦੀ।’’
ਆਦਿ ਕਾਲੀਨ ਸਮਾਜ ਵਿਚ ਮਨੁੱਖ ਆਪਣੇ ਨਾਲ ਹੋਈ ਜ਼ਿਆਦਤੀ ਅਥਵਾ ਅਪਰਾਧ ਵਿਚ ਆਪ ਹੀ ਜੱਜ ਅਥਵਾ ਮੁਨਸਿਫ਼ ਹੁੰਦਾ ਸੀ। ਸਪਸ਼ਟ ਹੈ ਕਿ ਉਸ ਸਮਾਜ ਵਿਚ ਜਿਸ ਦੀ ਲਾਠੀ ਉਸ ਦੀ ਭੈਂਸ ਦੇ ਸਿਧਾਂਤ ਨੂੰ ਮਾਨਤਾ ਦਿੱਤੀ ਜਾਂਦੀ ਸੀ ਅਤੇ ਤਕੜੇ ਦਾ ਸਤੀਂ ਵੀਹੀ ਸੌ ਸੀ। ਇਸ ਦੇ ਫਲਸਰੂਪ ਇਕ ਅਪਰਾਧ ਦੂਜੇ ਅਪਰਾਧ ਨੂੰ ਜਨਮ ਦਿੰਦਾ ਸੀ। ਸਮੂਹਕ ਅਪਰਾਧ ਅਤੇ ਕਬੀਲਿਆਂ ਵਿਚਕਾਰ ਆਪਸੀ ਝਗੜਿਆਂ ਕਾਰਨ ਖ਼ੂਨੀ ਵਾਰਦਾਤਾਂ ਆਮ ਸਨ। ਜਦੋਂ ਕੋਈ ਇਕ ਧਿਰ ਸਿਆਣਪ ਵਰਤਦੀ ਸੀ ਤਾਂ ਆਪਣੀਆਂ ਵਧੀਕੀਆਂ ਦੇ ਬਦਲ ਵਜੋਂ ਪੀੜਤ ਧਿਰ ਨੂੰ ਕੁਝ ਪੈਸਾ ਦੇ ਕੇ ਉਨ੍ਹਾਂ ਨਾਲ ਦੁਸ਼ਮਣੀ ਖ਼ਤਮ ਕਰਨ ਦੀ ਸੋਚ ਲੈਂਦੀ ਸੀ। ਬਾਦ ਵਿਚ ਇਸ ਪ੍ਰਣਾਲੀ ਨੇ ਹੀ ਮੁਆਵਜ਼ੇ ਦਾ ਰੂਪ ਧਾਰਨ ਕੀਤਾ। ਸਾਧਾਰਨ ਤੌਰ ਤੇ ਲੈਵੀਏਥਨ ਵਿਚ ਹਾਬਸ ਦੇ ਕਹਿਣ ਅਨੁਸਾਰ ਮਨੁੱਖੀ ਜੀਵਨ , ਇਕਲਾਪੇ ਮਾਰਿਆ, ਘਟੀਆਂ, ਦੁੱਖ-ਭਰਿਆ, ਵਹਿਸ਼ੀਆਨਾ ਅਤੇ ਥੋੜ-ਚਿਰਾ’’ ਸੀ। ਇਕ ਲਿਹਾਜ਼ ਨਾਲ ਇਹ ਉਹ ਸਮਾਂ ਸੀ ਜਦੋਂ ਹਰ ਮਨੁੱਖ ਦੀ ਹਰੇਕ ਮਨੁੱਖ ਨਾਲ ਲੜਾਈ ਸੀ ਅਤੇ ਇਸ ਲੜਾਈ ਦਾ ਕਾਰਨ ਹਰ ਮਨੁੱਖ ਦੀ ਜਿਉਂਦੇ ਰਹਿਣ ਦੀ ਖ਼ਾਹਿਸ਼ ਸੀ।
ਇਹ ਸਮੱਸਿਆ ਪੂਰੇ ਸਮਾਜ ਦੀ ਸੀ ਲੇਕਿਨ ਦਰਦ ਹੰਢਾਉਣ ਦਾ ਸਰਾਪਿਆ ਕੰਮ ਕੇਵਲ ਪੀੜਤ ਦੇ ਹਿੱਸੇ ਆਉਂਦਾ ਸੀ। ਹੌਲੀ ਹੌਲੀ ਸਮਾਜ ਵਿਚ ਆਮ ਰਾਏ ਇਹ ਬਣੀ ਕਿ ਅਦਲੇ ਦੇ ਬਦਲੇ ਦੇ ਸਿਧਾਂਤ ਅਰਥਾਤ ਅੱਖ ਦੇ ਬਦਲੇ ਅੱਖ, ਦੰਦ ਬਦਲੇ ਦੰਦ ਦੇ ਸਿਧਾਂਤ ਨੂੰ ਸਮਾਜ ਦੁਆਰਾ ਵਿਨਿਯਮਤ ਕੀਤਾ ਜਾਵੇ ਤਾਂ ਜੋ ਬਦਲਾ ਲੈਣ ਵਾਲਾ ਧੜਾ ਆਪਣੇ ਜ਼ੋਰ ਦੇ ਤਾਣ ਕੇਵਲ ਉਥੇ ਤਕ ਕਾਰਵਾਈ ਕਰ ਸਕੇ ਜਿਸ ਤਕ ਉਸਨੂੰ ਹਾਨੀ ਪਹੁੰਚਾਈ ਗਈ ਸੀ। ਅਦਲੇ ਦਾ ਬਦਲਾ ਦਾ ਬੁਨਿਆਦੀ ਸਿਧਾਂਤ ਜਿਉਂ ਦਾ ਤਿਉਂ ਕਾਇਮ ਸੀ, ਸਿਰਫ਼ ਇਹ ਸੀ ਕਿ ਵਿਚਕਾਰ ਇਕ ਧਿਰ ਹੋਰ ਖੜੀ ਹੋ ਗਈ ਸੀ ਜੋ ਇਹ ਵੇਖਦੀ ਸੀ ਕਿ ਬਦਲਾ ਲੈਣ ਵਾਲੀ ਧਿਰ ਉਸ ਸੀਮਾਂ ਨੂੰ ਨ ਟਪੇ ਜਿਥੇ ਤਕ ਜਾਣਾ ਉਸ ਦਾ ਹੱਕ ਬਣਦਾ ਸੀ। ਉਸ ਸਮਾਜ ਲਈ ਇਹ ਵੀ ਇਕ ਵੱਡਾ ਵਰਦਾਨ ਸੀ ਅਤੇ ਰਾਜ ਨਾਂ ਦਾ ਕਮਜ਼ੋਰ ਸੰਗਠਨ ਇਸ ਸਿਧਾਂਤ ਦੀ ਪਿੱਠ ਤੇ ਸੀ।
ਇਸ ਕਮਜ਼ੋਰ ਆਧਾਰ-ਸ਼ਿਲਾ ਤੇ ਖੜਾ ਸਮਾਜਕ ਸੰਗਠਨ ਜਿਸ ਨੇ ਬਾਦ ਵਿਚ ਰਾਜ ਦੀ ਸ਼ਕਲ ਹਾਸਲ ਕੀਤੀ, ਹੌਲੀ ਹੌਲੀ ਜ਼ੋਰ ਫੜ ਕੇ ਆਪਣੇ ਤਾਣ ਨਿਆਂ ਦੇਣ ਜੋਗਾ ਹੋ ਗਿਆ। ਹਿੰਸਕ ਸਵੈ-ਸਹਾਇਤਾ ਦੀ ਥਾ ਨਿਆਂ-ਨਿਰਣੇ ਨੇ ਅਤੇ ਨਿਜੀ ਤਾਕਤ ਦੀ ਥਾਂ ਰਾਜ ਦੀ ਤਾਕਤ ਨੇ ਲੈ ਲਈ ਅਤੇ ਸ਼ਾਂਤ ਮਾਹੌਲ ਵਿਚ ਆਪਸੀ ਝਗੜਿਆ ਦੇ ਫ਼ੈਸਲੇ ਹੋਣ ਲਗੇ ਅਤੇ ਅਪਰਾਧੀ ਨੂੰ ਸਜ਼ਾ ਦੇਣ ਦੇ ਉਪਬੰਧ ਸਾਮਹਣੇ ਆਏ।
ਆਖ਼ਰ ਇਸ ਦੇ ਕਾਰਨ ਕੀ ਹਨ ਅਤੇ ਇਲਾਜ ਕੀ ਹੈ ? ਮਨੁੱਖ ਪੈਸਾ ਸੰਚਣ ਦੀ ਬੇਤਹਾਸ਼ਾ ਦੌੜ ਦਾ ਸ਼ਿਕਾਰ ਹੋ ਗਿਆ ਹੈ। ਤਕਨਾਲੋਜੀ ਦੇ ਵਿਕਾਸ ਨੇ ਮਨੁੱਖ ਦਾ ਵਿਸ਼ਵਾਸ ਕਿਸੇ ਪਰਮ-ਸੱਤਾ ਅਤੇ ਕਰਮ ਸਿਧਾਂਤ ਤੋਂ ਕਿਸੇ ਹੱਕ ਤਕ ਉਠਾ ਦਿੱਤਾ ਹੈ। ਇਹ ਜੱਗ ਮਿੱਠਾ ਅਗਲਾ ਕਿਸੇ ਨੇ ਡਿੱਠਾ-ਅੱਜ ਮਨੁੱਖ ਦਾ ਜੀਵਨ ਸਿਧਾਂਤ ਬਣ ਗਿਆ ਹੈ। ਰਬ ਤੋਂ ਬਾਦ ਅਪਰਾਧੀ ਨੂੰ ਦੂਜਾ ਡਰ ਰਾਜ ਦੀ ਸੱਤਾ ਦਾ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਅਜ ਰਾਜ-ਸੱਤਾ ਵਿਚ ਅਪਰਾਧੀ ਭਾਈਵਾਲ ਬਣ ਬੈਠੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਪਰਾਧ ਜਗਤ ਸਮਾਜਕ ਕਦਰਾਂ ਕੀਮਤਾਂ ਉਤੇ ਇਸ ਹੱਦ ਤਕ ਹਾਵੀ ਹੋ ਗਿਆ ਹੈ ਕਿ ਸਜ਼ਾ ਭੁਗਤ ਰਿਹਾ ਅਪਰਾਧੀ ਵੀ ਰਾਜ ਭਾਗ ਵਿਚ ਹਿੱਸੇਦਾਰ ਹੈ। ਸਮਾਜ ਉਸ ਵਲ ਉਂਗਲ ਉਠਾਉਣ ਤੋਂ ਵੀ ਘਬਰਾਉਂਦਾ ਹੈ। ਲੋਕ ਰਾਜ ਅਤੇ ਵੱਡੇ ਪੈਮਾਨੇ ਤੇ ਲੋਕਾਂ ਵਿਚ ਅਨਪੜ੍ਹਤਾ ਅਤੇ ਜਹਾਲਤ ਇਸ ਸਥਿਤੀ ਨੂੰ ਕਦੇ ਰੋਕ ਸਕੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਖ਼ੈਰ , ਅਪਰਾਧ ਦੀ ਪਰਿਭਾਸ਼ਾ ਅਜ ਵੀ ਉਹ ਹੀ ਹੈ ਜੋ ਸਦੀਆਂ ਪਹਿਲਾਂ ਸੀ ਅਰਥਾਤ ਅਪਰਾਧ ਉਹ ਕੰਮ ਜਾਂ ਕੰਮ ਦੀ ਉਕਾਈ ਹੈ, ਜਿਸ ਨੂੰ ਰਾਜ ਦੁਆਰਾ ਅਪਰਾਧ ਮੰਨਿਆ ਗਿਆ ਹੈ। ਇਸ ਤਰ੍ਹਾਂ ਕਿਸੇ ਕੰਮ ਜਾਂ ਉਕਾਈ ਨੂੰ ਰਾਜ ਦੀ ਨੀਤੀ ਅਪਰਾਧ ਦੀ ਕੋਟੀ ਵਿਚ ਲਿਆਉਂਦੀ ਹੈ ਅਤੇ ਉਸੇ ਤਰ੍ਹਾਂ ਉਸ ਕੋਟੀ ਵਿਚੋਂ ਕਢਦੀ ਹੈ। ਇਹ ਹੀ ਕਾਰਨ ਹੈ ਕਿ ਅਪਰਾਧਾਂ ਦੀ ਸੂਚੀ ਵਧਦੀ ਘਟਦੀ ਰਹਿੰਦੀ ਹੈ। ਪਰੰਪਰਾਗਤ ਅਪਰਾਧਾਂ ਦਾ ਵੇਰਵਾ ਭਾਰਤੀ ਦੰਡ ਸੰਘਤਾ ਵਿਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਅਪਰਾਧਾਂ ਵਿਚ ਕਤਲ , ਡਾਕਾ, ਚੋਰੀ , ਅੱਗਜ਼ਨੀ ਅਤੇ ਬਲਾਤਕਾਰ ਵਰਗੇ ਅਪਰਾਧਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਇਨ੍ਹਾਂ ਅਪਰਾਧਾਂ ਨੂੰ ਪਰੰਪਰਾਗਤ ਅਥਵਾ ਬਲਿਊ ਕਾਲਰ ਅਪਰਾਧਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਅਪਰਾਧ ਆਮ ਤੌਰ ਤੇ ਸਮਾਜ ਦੇ ਹੇਠਲੇ ਵਰਗਾਂ ਅਥਵਾ ਅਖੌਤੀ ਹੇਠਲੇ ਵਰਗਾਂ ਦੇ ਵਿਅਕਤੀਆਂ ਦੁਆਰਾ ਕੀਤੇ ਜਾਂਦੇ ਹਨ। ਲੇਕਿਨ ਹਕੀਕਤ ਇਹ ਹੇ ਕਿ ਇਸ ਤਰ੍ਹਾਂ ਦੇ ਅਪਰਾਧ ਖ਼ਾਸ ਕਰ ਕਤਲ ਅਤੇ ਬਲਾਤਕਾਰ ਦੇ ਅਪਰਾਧ ਅਖੌਤੀ ਉਪਰਲੇ ਵਰਗਾਂ ਵਿਚ ਵੀ ਉਸੇ ਪ੍ਰਤੀਸ਼ਤਤਾ ਵਿਚ ਵੇਖਣ ਵਿਚ ਆਉਂਦੇ ਹਨ ਜੋ ਹੇਠਲੇ ਵਰਗਾਂ ਦੀ ਹੈ। ਇਹ ਜ਼ਰੂਰ ਹੈ ਕਿ ਉਪਰਲਾ ਵਰਗ ਆਪਣੇ ਨਮਿਤ, ਪੈਸੇ ਦੇ ਜ਼ੋਰ ਨਾਲ, ਹੇਠਲੇ ਵਰਗ ਦੇ ਗਰੀਬ ਵਿਅਕਤੀਆਂ ਤੋਂ ਕਰਵਾ ਲੈਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First