ਅਰਥਾਵਾਂ ਮੁਆਇਦਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Implied contract_ਅਰਥਾਵਾਂ ਮੁਆਇਦਾ: ਭਾਰਤੀ ਮੁਆਇਦਾ ਐਕਟ ਦੀ ਧਾਰਾ 2 (ਗ) ਅਨੁਸਾਰ ‘‘ਉਹ ਕਰਾਰ ਮੁਆਇਦਾ ਹੈ ਜੋ ਕਾਨੂੰਨ ਦੁਆਰਾ ਨਾਫ਼ਜ਼ ਕਰਨਯੋਗ ਹੋਵੇ।’’ ਉਸ ਹੀ ਐਕਟ ਦੀ ਧਾਰਾ ਇਕ 2(ਹ) ਅਨੁਸਾਰ, ‘‘ਹਰੇਕ ਬਚਨ ਅਤੇ ਅਜਿਹੇ ਬਚਨਾ ਦਾ ਹਰੇਕ ਸੈਂਟ , ਜਿਹੜਾ ਇਕ ਦੂਜੇ ਲਈ ਬਦਲ ਬਣਦਾ ਹੈ, ਇਕ ਕਰਾਰ ਹੈ’’ ਧਾਰਾ 2(ੳ) ਅਨੁਸਾਰ ਬਚਨ ਉਦੋਂ ਹੋਦ ਵਿਚ ਆਉਂਦਾ ਹੈ’’ ਜਦੋਂ ਇਕ ਵਿਅਕਤੀ ਕੋਈ ਗੱਲ ਕਰਨ ਜਾਂ ਕਰਨ ਤੋਂ ਬਾਜ਼ ਰਹਿਣ ਦੀ ਆਪਣੀ ਰਜ਼ਾਮੰਦੀ ਕਿਸੇ ਹੋਰ ਨੂੰ ਇਸ ਦ੍ਰਿਸ਼ਟੀ ਨਾਲ ਜ਼ਾਹਰ ਕਰਦਾ ਹੈ ਕਿ ਅਜਿਹੇ ਕਾਰਜ ਜਾਂ ਬਾਜ਼ ਰਹਿਣ ਦੇ ਪ੍ਰਤੀ ਉਸ ਹੋਰ ਦੀ ਅਨੁਮਤੀ ਹਾਸਲ ਕਰੇ ਤਦ ਉਹ ਤਜ਼ਵੀਜ਼ ਕਰਦਾ ਕਿਹਾ ਜਾਂਦਾ ਹੈ।’’ ਤਜਵੀਜ਼ ਜਦੋਂ ਉਸ ਵਿਅਕਤੀ ਦੁਆਰਾ ਸਵੀਕਾਰ ਕਰ ਲਈ ਜਾਵੇ ਜਿਸ ਨੂੰ ਉਹ ਕੀਤੀ ਜਾਂਦੀ ਹੈ ਤਾਂ ਬਚਨ ਹੋਂਦ ਵਿਚ ਆਉਂਦਾ ਹੈ ਅਤੇ ਬਚਨ ਨੂੰ ਹੀ ਕਰਾਰ ਕਿਹਾ ਜਾਂਦਾ ਹੈ।
ਜੇ ਉਪਰੋਕਤ ਅਨੁਸਾਰ ਸਾਰੀ ਕਾਰਵਾਈ ਬੋਲੇ ਗਏ ਸ਼ਬਦਾਂ ਜਾਂ ਲਿਖਤੀ ਰੂਪ ਵਿਚ ਕੀਤੀ ਜਾਵੇ ਤਾਂ ਜੋ ਮੁਆਇਦਾ ਹੋਂਦ ਵਿਚ ਆਉਂਦਾ ਹੈ ਉਸ ਨੂੰ ਅਭਿਵਿਅਕਤ ਮੁਆਇਦਾ ਕਿਹਾ ਜਾਂਦਾ ਹੈ। ਪਰ ਕਾਨੂੰਨ ਜਿਸ ਮੁਆਇਦੇ ਦਾ ਅਨੁਮਾਨ ਕੁਝ ਕਾਰਜਾਂ, ਹਾਲਾਤ ਜਾਂ ਸਬੰਧਾਂ ਤੋਂ ਲਾਉਂਦਾ ਹੈ ਉਸ ਨੂੰ ਅਰਥਾਵਾਂ ਮੁਆਇਦਾ ਕਿਹਾ ਜਾਂਦਾ ਹੈ। ਇਹ ਸਬੰਧ ਨਿਯੋਜਕ ਅਤੇ ਨਿਯੋਜਤ ਦੇ ਹੋ ਸਕਦੇ ਹਨ ਅਤੇ ਉਨ੍ਹਾਂ ਵਿਚ ਇਹ ਮੁਆਇਦਾ ਅਰਥਾਵਾਂ ਵੀ ਹੋ ਸਕਦਾ ਹੈ ਕਿ ਜਦ ਮਾਲਕ ਨੇ ਕਿਸੇ ਵਿਅਕਤੀ ਨੂੰ ਨਿਯੋਜਤ ਕੀਤਾ ਹੈ ਤਾਂ ਉਸ ਨੂੰ ਉਹ ਅਦਾਇਗੀ ਵੀ ਕਰੇਗਾ।
ਉਮੇਦ ਸਿੰਘ ਹਮੀਰਾ ਸਿੰਘ ਬਨਾਮ ਮਾਰਸਡੇਨ ਮਿਲਜ਼ (ਏ ਆਈ ਆਰ 1959 ਬੰਬੇ 143) ਸ਼ਬਦ ਅਰਥਾਵਾਂ ਉਨ੍ਹਾਂ ਮੁਆਇਦਿਆਂ ਲਈ ਠੀਕ ਬੈਠਦਾ ਹੈ ਜੋ ਕਾਨੂੰਨ ਦੁਆਰਾ ਅਰਥਾਵੇਂ ਹੁੰਦੇ ਹਨ, ਪਰ ਅਰਥਾਵਾਂ ਮੁਆਇਦਾ ਕਈ ਵਾਰੀ ਉਸ ਮੁਆਇਦੇ ਲਈ ਵੀ ਵਰਤਿਆ ਜਾਂਦਾ ਹੈ ਜੋ ਸ਼ਬਦਾਂ ਵਿਚ ਬਿਆਨ ਨ ਕੀਤਾ ਗਿਆ ਹੋਵੇ ਅਰਥਾਤ ਜਿਥੇ ਤਜਵੀਜ਼ ਜਾਂ ਸਵੀਕ੍ਰਿਤੀ ਜਾਂ ਦੋਵੇਂ ਸ਼ਬਦਾਂ ਦੁਆਰਾ ਨ ਬਿਆਨ ਕਰਕੇ ਆਚਰਣ ਜਾਂ ਕੰਮਾਂ ਦੁਆਰਾ ਜ਼ਾਹਰ ਕੀਤੇ ਗਏ ਹੋਣ। ਆਚਰਣ ਇਸ ਪ੍ਰਕਿਰਤੀ ਦਾ ਹੋਣਾ ਚਾਹੀਦਾ ਹੈ ਜੋ ਅਜਿਹੇ ਅਨੁਮਾਨ ਨੂੰ ਜਨਮ ਦਿੰਦਾ ਹੋਵੇ ਕਿ ਅਰਥਾਵੀਂ ਪੇਸ਼ਕਸ਼ ਕੀਤੀ ਗਈ ਹੋਵੇਗੀ ਅਤੇ ਅਰਥਾਵੀਂ ਸਵੀਕ੍ਰਿਤੀ ਵੀ ਦਿੱਤੀ ਗਈ ਹੋਵੇਗੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First