ਅਸਤਿਤਵਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸਤਿਤਵਵਾਦ : ਮਨੁੱਖ ਦਾ ਸੰਸਾਰ ਵਿੱਚ ਰਹਿੰਦਿਆਂ ਸਵੈ-ਚੇਤਨ ਨਿਰਣੇ ਕਰਨ ਅਤੇ ਜੀਵਨ ਵਿੱਚ ਅਰਥ ਲੱਭਣ ਦੀ ਲਾਲਸਾ ਨੂੰ ਬਿਆਨ ਕਰਨ ਦਾ ਇੱਕ ਯਤਨ ਅਸਤਿਤਵਵਾਦ ਹੈ। ਇਸ ਚਿੰਤਨ ਅਨੁਸਾਰ ਜੀਵਨ ਬੁਨਿਆਦੀ ਤੌਰ ਤੇ ਅਰਥਹੀਣ ਹੈ ਅਤੇ ਇਸ ਨੂੰ ਅਰਥ ਪ੍ਰਦਾਨ ਕਰਨ ਦੇ ਸਾਰੇ ਯਤਨ ਫ਼ਜ਼ੂਲ ਹਨ। ਪਰ ਜੀਵਨ ਨੂੰ ਅਰਥਪੂਰਨ ਬਣਾਉਣ ਦਾ ਹਰ ਮਨੁੱਖੀ ਉਪਰਾਲਾ ਜੀਵਨ ਨੂੰ ਕੁਝ ਨਾ ਕੁਝ ਅਰਥ ਪ੍ਰਦਾਨ ਕਰਦਾ ਹੈ ਬੇਸ਼ਕ ਅਸਤਿਤਵਵਾਦ ਅਨੁਸਾਰ ਮਨੁੱਖ ਦੇ ਜੀਵਨ ਨੂੰ ਅਰਥਪੂਰਨ ਬਣਾਉਣ ਅਤੇ ਅਮਰ ਹੋਣ ਦੇ ਯਤਨਾਂ ਦਾ ਅਸਫਲ ਹੋਣਾ ਅਟੱਲ ਹੈ। ਫਿਰ ਵੀ ਵਿਅਕਤੀ ਦਾ ਅਰਥ ਲੱਭਣ ਦੇ ਸੁਚੇਤ ਯਤਨ ਅਤੇ ਨਿਰਣੇ ਜੀਵਨ ਨੂੰ ਘੱਟੋ-ਘੱਟ ਅਸਥਾਈ ਰੂਪ ਵਿੱਚ ਜ਼ਰੂਰ ਤਸੱਲੀ ਦਿੰਦੇ ਹਨ। ਅਸਤਿਤਵਵਾਦ ਇਹ ਮੰਨਦਾ ਹੈ ਕਿ ਮਨੁੱਖ ਕੁਝ ਹੱਦ ਤੱਕ ਖ਼ੁਦਮੁਖ਼ਤਿਆਰ ਹੈ ਅਤੇ ਅਜ਼ਾਦ ਹਸਤੀ ਰੱਖਦਾ ਹੈ ਅਤੇ ਆਪਣੇ ਕਰਮਾਂ ਲਈ ਆਪ ਜ਼ੁੰਮੇਵਾਰ ਹੈ। ਸਾਰਤਰ ਨੇ ਕਿਹਾ ਸੀ, “ਹੋਂਦ ਸਾਰ ਤੋਂ ਪਹਿਲਾਂ ਮੌਜੂਦ ਹੁੰਦੀ ਹੈ।” ਉਸ ਦਾ ਕਹਿਣ ਤੋਂ ਭਾਵ ਹੈ ਕਿ ਕਿਸੇ ਵਿਅਕਤੀ ਦੀ ਪਛਾਣ ਜਾਂ ਸਾਰ ਤੱਕ ਦੂਜੇ ਵਿਅਕਤੀਆਂ ਦੇ ਵਰਤਾਓ ਦੇ ਆਧਾਰ ਤੇ ਨਹੀਂ ਪਹੁੰਚਿਆ ਜਾ ਸਕਦਾ। ਉਸ ਦਾ ਸਾਰ ਇਸ ਗੱਲ ਵਿੱਚ ਹੈ ਕਿ ਉਹ ਖ਼ੁਦ ਕੀ ਕਰਦਾ ਹੈ। ਸੋ ਅਸਤਿਤਵਵਾਦ ਅਨੁਸਾਰ ਮਨੁੱਖ ਆਪਣੇ ਹਰ ਸ਼ਬਦ, ਸੋਚ ਅਤੇ ਕਰਮ ਨਾਲ ਆਪਣੇ ਜੀਵਨ ਨੂੰ ਬਣਾਉਂਦਾ ਜਾਂ ਵਿਗਾੜਦਾ ਹੈ। ਅਸਤਿਤਵਵਾਦ ਨੇ ਦੂਜੀ ਸੰਸਾਰ ਜੰਗ ਦੌਰਾਨ ਫ਼੍ਰਾਂਸ ਵਿੱਚ ਪਹਿਲੀ ਵਾਰ ਉਸ ਸਮੇਂ ਬੇਹੱਦ ਲੋਕ-ਪ੍ਰਿਅਤਾ ਹਾਸਲ ਕੀਤੀ ਜਦੋਂ ਜਰਮਨ ਫ਼ੌਜਾਂ ਨੇ ਫ਼੍ਰਾਂਸ ਤੇ ਧਾਵਾ ਬੋਲ ਕੇ ਇਸ ਉੱਤੇ ਆਪਣਾ ਅਧਿਕਾਰ ਜਮਾ ਲਿਆ ਸੀ। ਦਾਰਸ਼ਨਿਕਾਂ ਅਤੇ ਲੇਖਕਾਂ ਦੀ ਇੱਕ ਟੋਲੀ ਨੇ ਪੈਰਿਸ ਦੇ ਕਾਫ਼ੀ-ਹਾਊਸਾਂ ਵਿੱਚ ਇਕੱਤਰ ਹੋ ਕੇ ਅਸਤਿਤਵਵਾਦ ਦੀ ਚਰਚਾ ਕਰਦਿਆਂ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ। ਧਾੜਵੀ ਫ਼ੌਜਾਂ ਦੁਆਰਾ ਪੈਦਾ ਕੀਤੇ ਤਸ਼ੱਦਦਮਈ ਮਾਹੌਲ ਜਿਸਦੇ ਖਿਲਾਫ਼ ਫ਼੍ਰਾਂਸ ਵਿੱਚ ਅੰਡਰ-ਗਰਾਊਂਡ ਲਹਿਰ ਚੱਲ ਰਹੀ ਸੀ, ਨੇ ਅਸਤਿਤਵਵਾਦ ਨੂੰ ਪਨਪਣ ਲਈ ਢੁੱਕਵੀਂ ਪਿੱਠ- ਭੂਮੀ ਪ੍ਰਦਾਨ ਕੀਤੀ। ਅਸਤਿਤਵਵਾਦ ਦਾ ਪ੍ਰਗਟਾਅ ਮੁਢਲੇ ਰੂਪ ਵਿੱਚ ਕਿਰ ਕੇਗਾਰਦ ਅਤੇ ਨੀਤਸ਼ੇ ਦੀਆਂ ਲਿਖਤਾਂ ਵਿੱਚ ਹੋਇਆ। ਉਹਨਾਂ ਨੇ ਮਨੁੱਖੀ ਜੀਵਨ ਵਿੱਚ ਇੱਛਾ ਅਤੇ ਸ਼ਕਤੀ ਦੀ ਇੱਛਾ ਦੇ ਮਹੱਤਵ ਨੂੰ ਸਾਮ੍ਹਣੇ ਲਿਆਂਦਾ। ਨੀਤਸ਼ੇ ਅਨੁਸਾਰ ਨਿਰੰਕੁਸ਼ ਸੱਚ ਵਰਗੀ ਦੁਨੀਆ ਵਿੱਚ ਕੋਈ ਸ਼ੈਅ ਨਹੀਂ ਬਲਕਿ ਇਸ ਬਾਰੇ ਵੱਖੋ-ਵੱਖਰੇ ਸਾਪੇਖਕ ਦ੍ਰਿਸ਼ਟੀਕੋਣ ਹਨ। ਸਾਰਤਰ ਅਨੁਸਾਰ ਅਸਤਿਤਵਵਾਦ ਮਾਰਕਸਵਾਦ ਦਾ ਵਿਸਤਾਰ ਹੈ ਕਿਉਂਕਿ ਇਹ ਇਤਿਹਾਸਿਕ ਪ੍ਰਕਿਰਿਆ ਵਿੱਚ ਮਨੁੱਖੀ ਅਮਲ ਦੇ ਮਹੱਤਵ ਨੂੰ ਉਭਾਰਦਾ ਹੈ। ਕਾਮੂ ਦਾ ਖ਼ਿਆਲ ਸੀ ਕਿ ਅਸਤਿਤਵਵਾਦ ਫ਼ਲਸਫ਼ੇ ਨਾਲੋਂ ਵਿਧੀ-ਵਿਗਿਆਨ ਦੇ ਵਧੇਰੇ ਨੇੜੇ ਹੈ। ਉਸ ਨੇ ਕਿਹਾ ਕਿ ਜੇ ਅਸਤਿਤਵਵਾਦ ਨੂੰ ਜੀਵਨ ਬਾਰੇ ਸੋਚਣ ਲਈ ਵਰਤਿਆ ਜਾਵੇ ਤਾਂ ਇਹ ਇੱਕ ਦਾਰਸ਼ਨਿਕ ਆਤਮਘਾਤ ਹੋਵੇਗਾ, ਕਿਉਂਕਿ ਇਹ ਜੀਵਨ ਦੇ ਅਰਥਪੂਰਨ ਹੋਣ ਤੋਂ ਇਨਕਾਰੀ ਹੈ। ਹਸਰਲ, ਹੇਡੇਗਰ ਅਤੇ ਜੈਸਪਰਜ਼ ਅਸਤਿਤਵਵਾਦੀ ਨਹੀਂ ਸਨ ਪਰ ਉਹਨਾਂ ਨੇ ਇਸ ਦੇ ਵਿਕਾਸ ਵਿੱਚ ਹਿੱਸਾ ਪਾਇਆ। ਅਸਤਿਤਵਵਾਦ ਦੀ ਕੋਈ ਇੱਕ ਪਰਿਭਾਸ਼ਾ ਨਹੀਂ। ਕੋਈ ਵੀ ਦੋ ਦਾਰਸ਼ਨਿਕ ਇਸ ਸ਼ਬਦ ਨੂੰ ਇੱਕੋ ਅਰਥ ਵਿੱਚ ਨਹੀਂ ਲੈਂਦੇ। ਫਿਰ ਵੀ ਉਹਨਾਂ ਦਰਮਿਆਨ ਕੁਝ ਸਾਂਝੇ ਨੁਕਤੇ ਲੱਭੇ ਜਾ ਸਕਦੇ ਹਨ। ਉਹਨਾਂ ਦੀ ਆਮ ਤੌਰ ਤੇ ਇਹਨਾਂ ਨੁਕਤਿਆਂ ਉੱਤੇ ਸਹਿਮਤੀ ਹੈ-1. ਮਨੁੱਖ ਜੀਵਨ ਵਿੱਚ ਕਿਸੇ ਹੱਦ ਤੱਕ ਅਜ਼ਾਦ ਹੈ, 2. ਜੀਵਨ ਉਸ ਦੁਆਰਾ ਲਏ ਗਏ ਨਿਰਨਿਆਂ ਦੀ ਲੜੀ ਹੈ, 3. ਸ਼ਾਇਦ ਹੀ ਕੋਈ ਅਜਿਹੇ ਫ਼ੈਸਲੇ ਹੋਣਗੇ ਜਿਨ੍ਹਾਂ ਦੇ ਕੋਈ ਨਕਾਰਾਤਮਿਕ ਨਤੀਜੇ ਨਾ ਹੋਣ, 4. ਜ਼ਿੰਦਗੀ ਵਿੱਚ ਕੁਝ ਚੀਜ਼ਾਂ ਬੇ-ਅਰਥ ਹਨ ਅਤੇ ਉਹਨਾਂ ਦੀ ਕੋਈ ਵਿਆਖਿਆ ਨਹੀਂ ਅਤੇ 5. ਜੇ ਵਿਅਕਤੀ ਖ਼ੁਦ-ਮੁਖ਼ਤਿਆਰ ਜਾਂ ਅਜ਼ਾਦ ਹੈ ਅਤੇ ਆਪਣੇ ਫ਼ੈਸਲੇ ਆਪ ਕਰਦਾ ਹੈ ਤਾਂ ਉਸ ਨੂੰ ਉਹਨਾਂ ਦੇ ਨਤੀਜੇ ਵੀ ਖਿੜੇ-ਮੱਥੇ ਪ੍ਰਵਾਨ ਕਰਨੇ ਚਾਹੀਦੇ ਹਨ।

     ਇਸ ਤਰ੍ਹਾਂ ਅਸਤਿਤਵਵਾਦ ਲਈ ਜ਼ੁੰਮੇਵਾਰੀ ਅਜ਼ਾਦੀ ਦਾ ਨਕਾਰਾਤਮਿਕ ਪਹਿਲੂ ਹੈ। ਅਸਲ ਵਿੱਚ ਮਨੁੱਖ ਨੂੰ ਜਦੋਂ ਇਹ ਇਹਸਾਸ ਹੁੰਦਾ ਹੈ ਕਿ ਉਹ ਆਪਣੇ ਵਿਸ਼ਵਾਸਾਂ ਅਤੇ ਕਰਮਾਂ ਲਈ ਆਪ ਜ਼ੁੰਮੇਵਾਰ ਹੈ ਤਾਂ ਉਹ ਆਪ ਚਿੰਤਿਤ ਹੋ ਜਾਂਦਾ ਹੈ। ਚਿੰਤਾ ਤੋਂ ਬਚਣ ਲਈ ਉਹ ਆਪਣੀ ਅਜ਼ਾਦੀ ਅਤੇ ਖ਼ੁਦ-ਮੁਖ਼ਤਿਆਰੀ ਤੋਂ ਭੱਜਣ ਦਾ ਯਤਨ ਕਰਦਾ ਹੈ ਪਰ ਅਸਲ ਵਿੱਚ ਉਹ ਅਜਿਹਾ ਕਰ ਕੇ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਰਿਹਾ ਹੁੰਦਾ ਹੈ। ਅਰਥ ਭਰਪੂਰ, ਪ੍ਰਮਾਣਿਕ ਅਤੇ ਸਮਗਰ ਜ਼ਿੰਦਗੀ ਜਿਊਂਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਸਥਿਤੀ ਦੇ ਅਸਲੀ ਕਿਰਦਾਰ ਨੂੰ ਸਮਝੀਏ ਅਤੇ ਇਸ ਨੂੰ ਦਲੇਰੀ ਨਾਲ ਪ੍ਰਵਾਨ ਕਰੀਏ। ਅਸਤਿਤਵਵਾਦੀਆਂ ਦੀ ਹੇਠ ਲਿਖੇ ਨੁਕਤਿਆਂ ਨਾਲ ਕੋਈ ਸਹਿਮਤੀ ਨਹੀਂ-1. ਚੰਗਾ ਜੀਵਨ ਉਹ ਹੈ ਜਿਸ ਵਿੱਚ ਮਨੁੱਖ ਨੂੰ ਦੌਲਤ, ਖ਼ੁਸ਼ੀ ਅਤੇ ਮਾਨ-ਸਨਮਾਨ ਉਪਲਬਧ ਹੈ, 2. ਜੋ ਵੀ ਹੈ ਜਾਂ ਉਪਲਬਧ ਹੈ, ਪ੍ਰਵਾਨ ਕਰ ਲਓ, 3. ਸਮਾਜਿਕ ਸੰਰਚਨਾ ਜਾਂ ਸਮਾਜਿਕ ਪ੍ਰਵਾਨਗੀ ਦੀ ਵਿਅਕਤੀ ਉੱਤੇ ਜਿੱਤ ਹੁੰਦੀ ਹੈ, 4. ਵਿਗਿਆਨ ਜ਼ਰੂਰੀ ਤੌਰ ਤੇ ਬੇਹਤਰੀ ਵੱਲ ਖੜੇਗਾ ਅਤੇ 5. ਵਿਅਕਤੀ ਸੁਭਾਵਿਕ ਤੌਰ ਤੇ ਚੰਗੇ ਹਨ ਕੇਵਲ ਸਮਾਜ ਜਾਂ ਬਾਹਰੀ ਸ਼ਕਤੀਆਂ ਉਹਨਾਂ ਵਿੱਚ ਵਿਗਾੜ ਪੈਦਾ ਕਰਦੀਆਂ ਹਨ।

     ਅਸਤਿਤਵਵਾਦ ਅਨੁਸਾਰ ਮਨੁੱਖ ਏਨੇ ਚੰਗੇ ਜਾਂ ਦਿਆਲੂ ਪ੍ਰਾਣੀ ਨਹੀਂ ਹਨ ਜਿੰਨਾ ਕਿ ਉਹਨਾਂ ਨੂੰ ਅਸੀਂ ਆਮ ਤੌਰ ਤੇ ਸਮਝਦੇ ਹਾਂ। ਉਹ ਅਸਲ ਵਿੱਚ ਸਾਰੀ ਜ਼ਿੰਦਗੀ ਬੱਚਿਆਂ ਵਾਂਗ ਲਾਲਚੀ, ਹਿੰਸਾਤਮਿਕ ਅਤੇ ਜੁਗਾੜੀ ਰਹਿੰਦੇ ਹਨ। ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਇਸ ਨੂੰ ਲੁਕੋ ਲੈਂਦੇ ਹਨ। ਅਸਤਿਤਵਵਾਦ ਸਾਨੂੰ ਆਪਣੇ ਸੁਭਾਅ ਨੂੰ ਪ੍ਰਵਾਨ ਕਰਨ ਲਈ ਪ੍ਰੇਰਦਾ ਹੈ। ਅਸੀਂ ਸਾਰੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪਾਉਣ ਦੀ ਲਾਲਸਾ ਕਰਦੇ ਹਾਂ ਪਰ ਜਦੋਂ ਸਾਨੂੰ ਇਸ ਲਾਲਸਾ ਦੀ ਵਿਅਰਥਤਾ ਦਾ ਇਹਸਾਸ ਹੁੰਦਾ ਹੈ ਤਾਂ ਅਸੀਂ ਘੱਟ ਪ੍ਰਵਾਨ ਕਰਨ ਲਈ ਪਰਮਾਤਮਾ ਜਾਂ ਦਰਸ਼ਨ ਸ਼ਾਸਤਰ ਵੱਲ ਪਰਤਦੇ ਹਾਂ। ਅਸੀਂ ਸੰਸਾਰਕ ਜ਼ਰੂਰਤਾਂ ਤੋਂ ਨਿਰਲੇਪਤਾ ਲੋਚਦੇ ਹਾਂ ਪਰ ਅਸੀਂ ਅਜਿਹਾ ਵੀ ਨਹੀਂ ਕਰ ਸਕਦੇ। ਇੱਛਾ ਮਨੁੱਖੀ ਜੀਵਨ ਦੀ ਹਕੀਕਤ ਹੈ। ਮਨੁੱਖ ਸਦਾ ਆਪਣੇ ਆਪ ਨੂੰ ਜਾਂ ਦੂਜੇ ਨੂੰ ਆਪਣੀ ਹੋਂਦ ਦਾ ਇਹਸਾਸ ਕਰਾਉਣਾ ਚਾਹੁੰਦਾ ਹੈ। ਅਸਤਿਤਵ- ਵਾਦੀ ਇੱਕ ਪੂਰਨ ਤੇ ਪੂਰੇ ਸੰਤੁਸ਼ਟ ਜੀਵਨ ਦੀ ਧਾਰਨਾ ਵਿੱਚ ਵਿਸ਼ਵਾਸ ਨਹੀਂ ਕਰਦੇ। ਉਹਨਾਂ ਲਈ ਜੀਵਨ ਬੁਨਿਆਦੀ ਤੌਰ ਤੇ ਘਾਟੇ ਦੀ ਅਵਸਥਾ ਹੀ ਹੈ। ਭਾਵੇਂ ਮਨੁੱਖ ਆਪਣੀਆਂ ਅਕਾਂਖਿਆਵਾਂ ਦੀ ਪ੍ਰਾਪਤੀ ਕਰੇ ਜਾਂ ਨਾ ਕਰੇ, ਉਸ ਨੂੰ ਪੂਰਨ ਸੰਤੁਸ਼ਟੀ ਦਾ ਇਹਸਾਸ ਨਹੀਂ ਹੁੰਦਾ। ਅਸਤਿਤਵਵਾਦ ਅਨੁਸਾਰ ਅਸੀਂ ਓਦੋਂ ਬੇਹਤਰੀਨ ਹੁੰਦੇ ਹਾਂ ਜਦੋਂ ਆਪਣੇ ਸੁਭਾਅ ਦੀਆਂ ਸੀਮਾਵਾਂ ਦੇ ਉਲਟ ਸੰਘਰਸ਼ ਕਰ ਰਹੇ ਹੁੰਦੇ ਹਾਂ। ਮਾਨਵਤਾ ਓਦੋਂ ਬੇਹਤਰੀਨ ਹੁੰਦੀ ਹੈ ਜਦੋਂ ਇਹ ਆਪਣੇ-ਆਪ ਨੂੰ ਸੁਧਾਰਨ ਲਈ ਵੰਗਾਰ ਰਹੀ ਹੁੰਦੀ ਹੈ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਸਤਿਤਵਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤਿਤਵਵਾਦ [ਨਾਂਪੁ] ਦਾਰਸ਼ਨਿਕ ਸਿਧਾਂਤ ਜੋ ਵਿਅਕਤੀ ਦੀ ਹੋਂਦ ਨੂੰ ਕੇਂਦਰੀ ਮਹੱਤਤਾ ਦਿੰਦਾ ਹੈ, ਹੋਂਦਵਾਦ, ਹਸਤੀਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਤਿਤਵਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਸਤਿਤਵਵਾਦ : ਪੂਰਬੀ ਅਤੇ ਪੱਛਮੀ, ਪੁਰਾਤਨ ਅਤੇ ਆਧੁਨਿਕ ਦਾਰਸ਼ਨਿਕ, ਸੰਤ ਮਹਾਤਮਾ ਮਨੁੱਖ ਦੇ ਅਸਤਿਤਵ ਦੀ ਸਮੱਸਿਆ ਨਾਲ ਸੁਲ਼ਝ ਰਹੇ ਹਨ। ਇਸ ਫ਼ਲਸਫ਼ੇ ਦੀਆਂ ਜੜ੍ਹਾਂ ਯੂਨਾਨੀ ਦਰਸ਼ਨ ਦੇ ਦਾਰਸ਼ਨਿਕ ਸੁਕਰਾਤ ਦੇ ਇਸ ਕਥਨ ਵਿੱਚ ਹਨ, “ਆਪਣੇ-ਆਪ ਨੂੰ ਪਹਿਚਾਣੋ”। ਡਾ. ਰਾਧਾ ਕ੍ਰਿਸ਼ਨਨ ਅਨੁਸਾਰ :

ਅਸਤਿਤਵਾਦ ਇੱਕ ਪੁਰਾਤਨ ਵਿਧੀ ਦਾ ਹੀ ਨਵਾਂ ਨਾਂ ਹੈ।

ਅਸਤਿਤਵਵਾਦੀਆਂ ਅਨੁਸਾਰ ਵਿਅਕਤੀ ਦੀ ਹੋਂਦ ਸਮੁੱਚੇ ਬ੍ਰਹਿਮੰਡ ਦਾ ਕੇਂਦਰ-ਬਿੰਦੂ ਹੈ। ਇਹਨਾਂ ਦਾਰਸ਼ਨਿਕਾਂ ਨੇ ਪਹਿਲੀ ਵਾਰ ਫ਼ਲਸਫ਼ੇ ਦੇ ਇਤਿਹਾਸ ਵਿੱਚ ਉਸ ਵਿਸ਼ੇਸ਼ ਵਿਅਕਤੀ ਦੀ ਗੱਲ ਕੀਤੀ ਹੈ ਜਿਹੜਾ ਖ਼ੂਨ, ਮਾਸ ਅਤੇ ਹੱਡੀਆਂ ਦਾ ਬਣਿਆ ਹੋਇਆ ਹੈ ਅਤੇ ਹਮੇਸ਼ਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਦਾ ਹੈ, ਉਹਨਾਂ ਪ੍ਰਤਿ ਬਚਨਬਧਤਾ ਵੀ ਨਿਭਾਉਂਦਾ ਹੈ। ਇੰਞ ਇਹਨਾਂ ਦਾਰਸ਼ਨਿਕਾਂ ਨੇ ਗਿਆਨ ਅਤੇ ਵਿਆਖਿਆ ਨਾਲੋਂ ਕਿਰਿਆ ਅਤੇ ਚੋਣ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਇਸ ਫ਼ਲਸਫ਼ੇ ਤੋਂ ਪਹਿਲਾਂ ਵੀ ਮਨੁੱਖ ਦੀ ਗੱਲ ਤਾਂ ਹੋਈ ਹੈ ਪਰ ਉਸ ਸਮੇਂ ਮਨੁੱਖ ਤੋਂ ਭਾਵ ਸਮੁੱਚੀ ਮਨੁੱਖਤਾ ਤੋਂ ਲਿਆ ਗਿਆ ਹੈ। ਦੂਜੇ ਸ਼ਬਦਾਂ ਵਿੱਚ ਮਨੁੱਖ ਨੂੰ ਅਮੂਰਤ ਅਤੇ ਅਨੁਭਵ-ਨਿਰਪੇਖ ਅਰਥਾਂ ਵਿੱਚ ਲਿਆ ਗਿਆ ਹੈ। ਆਧੁਨਿਕ ਫ਼ਲਸਫ਼ੇ ਦੇ ਪਿਤਾਮਾ ਡੇਕਾਰਟ (Descarte) ਨੇ ਕਿਹਾ ਸੀ :

ਮੈਂ ਸੋਚਦਾ ਹਾਂ, ਇਸ ਲਈ ਮੈਂ ਹਾਂ ਜਾਂ ਮੇਰਾ ਅਸਤਿਤਵ ਹੈ।

ਪਰੰਤੂ ਅਸਤਿਤਵਾਦੀਆਂ ਅਨੁਸਾਰ ਅਸਤਿਤਵ ਸਾਰ ਤੋਂ ਪਹਿਲਾਂ ਹੁੰਦਾ ਹੈ। ਜਿਵੇਂ ਅਸਤਿਤਵਵਾਦੀ ਜਾਨ ਪਾਲ ਸਾਰਤਰ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਵਿਅਕਤੀ ਦੀ ਹੋਂਦ ਹੁੰਦੀ ਹੈ।

ਅਸਤਿਤਵਵਾਦ ਦਾ ਫ਼ਲਸਫ਼ਾ ਆਤਮਪਰਕਤਾ ਦੇ ਭੇਸ ਵਿੱਚ ਪ੍ਰਾਚੀਨ ਵਿਵੇਕਸ਼ੀਲ ਚਿੰਤਨ ਦੇ ਵਿਰੁੱਧ ਇੱਕ ਰੋਸ ਹੈ। ਇਹ ਫ਼ਲਸਫ਼ਾ ਉਹਨਾਂ ਸਮੱਸਿਆਵਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਦਾ ਸੰਬੰਧ ਵਿਸ਼ੇਸ਼ ਅਤੇ ਠੋਸ ਵਿਅਕਤੀਗਤ ਹੋਂਦ ਨਾਲ ਹੁੰਦਾ ਨਾ ਕਿ ਅਮੂਰਤ ਅਤੇ ਕਿਆਸੀ ਵਿਚਾਰਾਂ ਨਾਲ। ਇਸ ਦਰਸ਼ਨ ਦਾ ਉਦੇਸ਼ ਵਿਚਾਰਾਂ ਦੀ ਕਿਸੇ ਉਚਿਤ ਪ੍ਰਨਾਲੀ ਨੂੰ ਪ੍ਰਾਪਤ ਕਰਨਾ ਨਹੀਂ ਹੈ ਸਗੋਂ ਵਿਅਕਤੀ ਨੂੰ ਉਸਦੀਆਂ ਪ੍ਰਮਾਣਿਕ ਮਾਨਵੀ ਅਵਸਥਾਵਾਂ ਬਾਰੇ ਜਾਗ੍ਰਿਤ ਕਰਨਾ ਹੈ। ਇਹ ਦਰਸ਼ਨ ਇਸ ਧਾਰਨਾ ਦਾ ਖੰਡਨ ਕਰਦਾ ਹੈ ਕਿ ਕਿਸੇ ਵਿਅਕਤੀਗਤ ਸੱਤਾ ਨੂੰ ਬੌਧਿਕ ਉਸਾਰੀ ਦੇ ਮਾਧਿਅਮ ਰਾਹੀਂ ਜਾਣਿਆ ਜਾ ਸਕਦਾ ਹੈ, ਚਾਹੇ ਉਹ ਉਸਾਰੀ ਕਿੰਨੀ ਵੀ ਤਾਰਕਿਕ ਤੌਰ ’ਤੇ ਉਚਿਤ ਕਿਉਂ ਨਾ ਹੋਵੇ। ਵਿਅਕਤੀ ਹਮੇਸ਼ਾਂ ਵਿਸ਼ੇਸ਼ ਹਾਲਤਾਂ ਦੌਰਾਨ ਆਪਣੇ-ਆਪ ਨੂੰ ਮੁੜ-ਮੁੜ ਉਸਾਰਦਾ ਹੈ। ਉਹ ਕੇਵਲ ਅਰੌਚਿਕ ਦਰਸ਼ਕ ਹੀ ਨਹੀਂ ਸਗੋਂ ਇੱਕ ਐਕਟਰ ਹੈ ਜੋ ਅਸਲ ਰੂਪ ਵਿੱਚ ਯਥਾਰਥਿਕ ਸਮੱਸਿਆਵਾਂ ਨਾਲ ਉਲਝਦਾ ਰਹਿੰਦਾ ਹੈ। ਵਿਅਕਤੀ ਕੇਵਲ ਇੱਕ ਵਿਵੇਕਸ਼ੀਲ ਪ੍ਰਾਣੀ ਹੀ ਨਹੀਂ ਸਗੋਂ ਕਿਰਿਆ ਕਰਨ ਵਾਲਾ ਅਤੇ ਮਹਿਸੂਸ ਕਰਨ ਵਾਲਾ ਪ੍ਰਾਣੀ ਹੈ।

ਅਸਤਿਤਵਾਦ ਵਿੱਚ ਵਸਤੂਪਰਕਤਾ ਦੇ ਸਮੁੱਚੇ ਵਿਸ਼ਲੇਸ਼ਣ ਲਈ ਆਤਮਪਰਕਤਾ ਨੂੰ ਇੱਕ ਪੂਰਵ-ਹਾਲਤ ਦੇ ਤੌਰ ’ਤੇ ਲਿਆ ਜਾਂਦਾ ਹੈ। ਵਿਅਕਤੀ ਨੂੰ ਸਾਰੇ ਆਦਰਸ਼ਾਂ ਅਤੇ ਮੁਲਾਂਕਣਾਂ ਦਾ ਰਚਨਹਾਰਾ ਸਮਝਿਆ ਜਾਂਦਾ ਹੈ। ਅਸਤਿਤਵਵਾਦੀ ਕਿਰਕੇਗਾਰਡ ਦੇ ਆਮ ਕਥਨ : “ਸਚਾਈ ਆਤਮਪਰਕਤਾ ਹੈ” ਦਾ ਭਾਵ-ਅਰਥ ਇਹ ਹੈ ਕਿ ਸਚਾਈ ਕੋਈ ਅਜਿਹੀ ਵਸਤੂ ਨਹੀਂ ਜੋ ਵਿਅਕਤੀ ਤੋਂ ਬਾਹਰ ਹੈ, ਸਗੋਂ ਇੱਕ ਉਦੇਸ਼-ਪੈਦਾਵਾਰ ਹੈ। ਸਚਾਈ ਨੂੰ ਵਿਅਕਤੀ ਦੇ ਸੰਦਰਭ ਵਿੱਚ ਹੀ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਇਹ ਫ਼ਲਸਫ਼ਾ ਬਾਹਰ ਮੁਖੀ ਸ੍ਰਿਸ਼ਟੀ ਦੇ ਹਿੱਸੇ ਵਜੋਂ ਵਿਅਕਤੀ ਉੱਪਰ ਚਿੰਤਨ ਨਹੀਂ ਕਰਦਾ। ਵਿਅਕਤੀ ਦੀ ਭਾਵੁਕਤਾ ਨੂੰ ਵਿਗਿਆਨਿਕ ਵਿਸ਼ਿਆਂ ਰਾਹੀਂ ਪੂਰਨ ਰੂਪ ਵਿੱਚ ਨਹੀਂ ਜਾਣਿਆ ਜਾ ਸਕਦਾ।

ਅਸਤਿਤਵਵਾਦ ਹੇਠ ਲਿਖਿਆਂ ਪ੍ਰਤਿ ਇੱਕ ਆਲੋਚਨਾਤਮਿਕ ਰਵੱਈਆ ਰੱਖਦਾ ਹੈ;

1.        ਅਸਤਿਤਵਵਾਦ ਅਮੂਰਤ ਬੌਧਿਕਵਾਦ ਦੇ ਵਿਰੁੱਧ ਹੈ, ਜੋ ਵਿਅਕਤੀ ਦੀ ਭਾਵਨਾ ਨੂੰ ਸਾਰ ਦੇ ਤੌਰ ’ਤੇ ਲੈਂਦਾ ਹੈ।

2.       ਇਹ ਫ਼ਲਸਫ਼ਾ ਪ੍ਰਾਕਿਰਤੀਵਾਦ ਦੇ ਵੀ ਵਿਰੁੱਧ ਹੈ ਜੋ ਵਿਅਕਤੀ ਨੂੰ ਸੰਸਾਰ ਦੀਆਂ ਦੂਜੀਆਂ ਵਸਤੂਆਂ ਵਾਂਗ ਇੱਕ ਵਸਤੂ ਮੰਨਦਾ ਹੈ।

3.       ਇਹ ਦਰਸ਼ਨ ਸਮੂਹਵਾਦ ਜਾਂ ਸਮੂਹਿਕ ਵਿਚਾਰਧਾਰਾਵਾਂ ਦੀ ਵੀ ਆਲੋਚਨਾ ਕਰਦਾ ਹੈ ਜੋ ਵਿਅਕਤੀ ਨੂੰ ਕਿਸੇ ਪੁੰਜ ਜਾਂ ਸ਼੍ਰੇਣੀ ਦੇ ਮੈਂਬਰ ਦੇ ਤੌਰ ’ਤੇ ਜਾਂ ਉਸ ਨੂੰ ਸੌਂਪੇ ਗਏ ਰੋਲ ਅਤੇ ਕਾਰਜਾਂ ਦੇ ਅਰਥ ਵਿੱਚ ਲੈਂਦਾ ਹੈ।

4.       ਇਹ ਫ਼ਲਸਫ਼ਾ ਉਹਨਾਂ ਸੱਤਾਵਾਂ (ਰਾਜਨੀਤਿਕ, ਨੈਤਿਕ ਜਾਂ ਧਾਰਮਿਕ) ਵਿਰੁੱਧ ਵੀ ਇੱਕ ਪ੍ਰਤਿਕ੍ਰਮ ਹੈ ਜੋ ਵਿਅਕਤੀ ਨੂੰ ਇੱਕ ਅਨੁਰੂਪਕ ਬਣਾਉਂਦੀਆਂ ਹਨ।

ਅਸਤਿਤਵਵਾਦ ਅਨੁਸਾਰ ਵਿਅਕਤੀ ਦਾ ਅੰਤਰੀਵ ਮੁੱਲ ਉਸਦੇ ਭੌਤਿਕ ਸਰੀਰ ਜਾਂ ਵਿਵੇਕਸ਼ੀਲ ਯੋਗਤਾ ਦਾ ਸਿੱਟਾ ਨਹੀਂ ਹੁੰਦਾ ਸਗੋਂ ਉਸਦੀ ਸਿਰਜਨਾਤਮਿਕਤਾ ਦਾ ਫਲ ਹੁੰਦਾ ਹੈ। ਵਿਅਕਤੀ ਬਾਹਰਮੁਖੀ ਹਾਲਤਾਂ ਦੁਆਰਾ ਨਹੀਂ ਬਣਦਾ ਸਗੋਂ ਉਹ ਤਾਂ ਖ਼ੁਦ ਇਹਨਾਂ ਹਾਲਤਾਂ ਦਾ ਰਚਨਾਹਾਰਾ ਹੈ। ਵਿਅਕਤੀ ਦੀ ਹੋਂਦ ਤੋਂ ਪਹਿਲਾਂ ਕੋਈ ਵੀ ਸਥਾਪਿਤ ਸਾਰ ਨਹੀਂ ਹੁੰਦੀ। ਵਿਅਕਤੀ ਉਹ ਕੁਝ ਹੁੰਦਾ ਹੈ ਜੋ ਉਹ ਖ਼ੁਦ ਆਪਣੇ ਜੀਵਨ ਵਿੱਚ ਪੈਦਾ ਕਰਦਾ ਹੈ। ਉਹ ਜੋ ਕੁਝ ਬਣਦਾ ਹੈ, ਉਸਦੀ ਸੁਤੰਤਰਤਾ ਅਤੇ ਚੋਣ ਉੱਪਰ ਨਿਰਭਰ ਕਰਦਾ ਹੈ। ਇਹ ਵਿਅਕਤੀ ਦੀ ਚੋਣ ਅਤੇ ਸੁਤੰਤਰਤਾ ਹੁੰਦੀ ਹੈ ਜੋ ਕਿਸੇ ਹਾਲਤ ਨੂੰ ਅਰਥ ਪ੍ਰਦਾਨ ਕਰਦੀ ਹੈ। ਇਹ ਦ੍ਰਿਸ਼ਟੀਕੋਣ ਵਿਅਕਤੀ ਨੂੰ ਜ਼ੁੰਮੇਵਾਰੀ ਵੀ ਸੌਂਪਦਾ ਹੈ। ਕਿਸੇ ਅਵਸਥਾ ਨੂੰ ਇੱਕ ਸਿਰਜਨਾਤਮਿਕ ਹੁੰਗਾਰਾ ਦੇਣ ਦੀ ਯੋਗਤਾ ਮਨੁੱਖ ਦੀ ਸੁਤੰਤਰਤਾ ਅਤੇ ਜ਼ੁੰਮੇਵਾਰੀ ਦਾ ਹੀ ਸਾਰ ਹੁੰਦੀ ਹੈ।

ਚਾਹੇ ਸੰਸਾਰ ਦੇ ਹੋਰਨਾਂ ਭੌਤਿਕ ਪਦਾਰਥਾਂ ਵਾਂਗ ਇੱਕ ਭੌਤਿਕ ਹਸਤੀ ਹੈ ਫਿਰ ਵੀ ਉਸਦੀ ਆਤਮ-ਨਿਸ਼ਚਿਤਵਾਦ ਦੀ ਸ਼ਕਤੀ ਕਾਰਨ ਉਸ ਨੂੰ ਦੂਜੇ ਪਦਾਰਥਾਂ ਤੋਂ ਅਲੱਗ ਤੌਰ ’ਤੇ ਲਿਆ ਜਾਣਾ ਚਾਹੀਦਾ ਹੈ। ਵਿਅਕਤੀ ਯਤਨਸ਼ੀਲ ਹੀ ਨਹੀਂ ਹੈ ਸਗੋਂ ਉਹ ਮੁੱਲਾਂ ਅਤੇ ਅਰਥਾਂ ਨੂੰ ਰਚਦਾ ਵੀ ਹੈ। ਉਹ ਬਹੁਤ ਸਾਰੀਆਂ ਸੰਭਾਵਨਾਵਾਂ ਬਾਰੇ ਸੋਚਦਾ ਹੈ ਅਤੇ ਆਪਣੇ ਭਵਿਖ ਲਈ ਮਨਸੂਬੇ ਬਣਾਉਂਦਾ ਹੈ। ਉਸਦੀ ਹੋਂਦ ਉਸਦੇ ਇਰਾਦਾਕਾਰੀ ਕਾਰਜਾਂ ਦੀ ਕਾਰਗੁਜ਼ਾਰੀ ਵਿੱਚ ਹੁੰਦੀ ਹੈ। ਇਸ ਦਰਸ਼ਨ ਦਾ ਮੁੱਖ ਮੰਤਵ ਵਿਅਕਤੀ ਅੰਦਰ ਸ੍ਵੈ-ਚੇਤਨਤਾ ਦੀ ਉਚੇਰੀ ਭਾਵਨਾ ਨੂੰ ਪੈਦਾ ਕਰਨਾ ਅਤੇ ਉਸ ਨੂੰ ਉਸਦੀਆਂ ਅਥਾਹ ਸੰਭਾਵਨਾਵਾਂ ਬਾਰੇ ਸੁਚੇਤ ਕਰਨਾ ਹੈ।

ਅਸਤਿਤਵਵਾਦ ਦੀ ਤਰਕਵਾਦ ਨਾਲ ਟੱਕਰ ਦਾ ਅਰਥ ਤਰਕ-ਸ਼ਾਸਤਰ ਉੱਪਰ ਹਮਲਾ ਜਾਂ ਤਰਕ ਦੇ ਰੋਲ ਨੂੰ ਘਟਾਉਣਾ ਨਹੀਂ ਹੈ। ਅਸਤਿਤਵਵਾਦੀ ਵਸਤੂਪਰਕ ਮਾਮਲਿਆਂ ਵਿੱਚ ਤਰਕ ਦੇ ਰੋਲ ਤੋਂ ਇਨਕਾਰੀ ਨਹੀਂ ਹਨ ਪਰੰਤੂ ਉਹ ਤਰਕ ਨੂੰ ਆਤਮਪਰਕ ਮਾਮਲਿਆਂ ਵਿੱਚ ਅਨੁਚਿਤ ਮੰਨਦੇ ਹਨ, ਜਿੱਥੇ ਇਸ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ ਸਗੋਂ ਹੋਂਦ ਦੇ ਰੂਪ ਵਿੱਚ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਹਨਾਂ ਦਾਰਸ਼ਨਿਕਾਂ ਅਨੁਸਾਰ ਤਰਕ ਦੀਆਂ ਸੀਮਾਵਾਂ ਹਨ ਅਤੇ ਕੋਈ ਵੀ ਗਿਆਨ ਪੂਰਨ ਤੌਰ ’ਤੇ ਅਨੁਭਵ-ਨਿਰਪੇਖ ਨਹੀਂ ਹੋ ਸਕਦਾ। ਮਨੁੱਖੀ ਹੋਂਦ ਦੇ ਬਹੁਤ ਸਾਰੇ ਅਜਿਹੇ ਪੱਖ ਹਨ, ਜਿਨ੍ਹਾਂ ਨੂੰ ਇਸ ਲਈ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਸ਼ਾ ਦੇ ਕਿਸੇ ਤਾਰਕਿਕ ਢਾਂਚੇ ਦੇ ਅਨੁਕੂਲ ਨਹੀਂ ਬੈਠਦੇ। ਮਨੁੱਖ ਦੁਆਰਾ ਫ਼ੈਸਲੇ ਅਤੇ ਬਚਨਬਧਤਾ ਕਿਸੇ ਤਰਕ ਦਾ ਸਿੱਟਾ ਨਹੀਂ ਹਨ ਸਗੋਂ ਵਿਅਕਤੀ ਦੀ ਸਿਰਜਣਾਤਮਿਕਤਾ ਦਾ ਫਲ਼ ਹੁੰਦੇ ਹਨ।

ਕਾਰਲ ਜਾਸਪਰ (karl Jasper) ਇੱਕ ਜਰਮਨ ਅਸਤਿਤਵਵਾਦੀ ਦਾਰਸ਼ਨਿਕ ਹੈ, ਅਨੁਸਾਰ :

ਮਨੁੱਖੀ ਜੀਵਨ ਦਾ ਉਦੇਸ਼ ਪੂਰਨ ਰੂਪ ਵਿੱਚ ਸੁਤੰਤਰ ਅਤੇ ਪ੍ਰਮਾਣਿਕ ਹੋਂਦ ਦੀ ਪ੍ਰਾਪਤੀ ਕਰਨੀ ਹੈ ਅਤੇ ਇੰਞ ਆਤਮ-ਸਿਧੀ ਦੀ ਪ੍ਰਕਿਰਿਆ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ।

ਜਰਮਨ ਦਾਰਸ਼ਨਿਕ ਹੈਡੇਗਰ (Haidegoar) ਅਨੁਸਾਰ :

ਜਿੱਥੇ ਕੁਦਰਤੀ ਅਤੇ ਸਮਾਜਿਕ ਵਿਗਿਆਨਾਂ ਨਿਰੋਲ ਬਾਹਰਮੁਖੀ ਭਾਵਨਾ ਦਾ ਅਧਿਐਨ ਕਰਦੀਆਂ ਹਨ ਉੱਥੇ ਫ਼ਲਸਫ਼ਾ ਮਨੁੱਖ ਦੀ ਅੰਤਰੀਵ ਪ੍ਰਮਾਣਿਕ ਭਵਤਾ ਦਾ ਗਿਆਨ ਪ੍ਰਦਾਨ ਕਰਦਾ ਹੈ।

ਫ਼੍ਰਾਂਸੀਸੀ ਅਸਤਿਤਵਵਾਦੀ ਸਾਰਤਰ (Sartre) ਅਨੁਸਾਰ ਭਵਤਾ ਦੇ ਦੋ ਪੱਖ ਹਨ; ਚੇਤਨਤਾ ਅਤੇ ਪਦਾਰਥ। ਦੋਹਾਂ ਤੋਂ ਬਗ਼ੈਰ ਕੋਈ ਅਨੁਭਵ ਸੰਭਵ ਨਹੀਂ ਹੈ ਭਾਵੇਂ ਦੋਹਾਂ ਨੂੰ ਇੱਕ ਦੂਜੇ ਅੰਦਰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸਾਰਤਰ ਪਰਮਾਤਮਾ ਨੂੰ ਕਿਸੇ ਪੁਸਤਕ ਦੇ ਲੇਖਕ ਵਾਂਗ ਮੰਨਦਾ ਹੈ, ਜਿਸਦੀ ਆਪਣੀ ਰਚਨਾ ਤੋਂ ਬਾਅਦ ਉਸ ਉੱਪਰ ਕੋਈ ਕੰਟ੍ਰੋਲ ਨਹੀਂ ਰਹਿੰਦਾ।

ਅਸਤਿਤਵਵਾਦ ਦੇ ਫ਼ਲਸਫ਼ੇ ਅੰਦਰ ਦੋ ਧਾਰਨਾਵਾਂ-ਆਸਤਿਕ ਅਤੇ ਨਾਸਤਿਕ ਦੇ ਦਾਰਸ਼ਨਿਕ ਸ਼ਾਮਲ ਹਨ। ਕਿਰਕੇਗਾਰਦ, ਮਾਰਸਲ ਅਤੇ ਜਾਸਪਰ ਆਸਤਿਕ ਵਿਚਾਰਧਾਰਾ ਦੀ ਪ੍ਰਤਿਨਿਧਤਾ ਕਰਦੇ ਹਨ ਜਦੋਂ ਕਿ ਨੀਤਸ਼ੇ, ਹੈਡੇਗਰ ਅਤੇ ਸਾਰਤਰ ਨਾਸਤਕਵਾਦੀ ਦਾਰਸ਼ਨਿਕ ਹਨ। ਨੀਤਸ਼ੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ‘ਪਰਮਾਤਮਾ ਮਰ ਚੁੱਕਾ ਹੈ।’ ਭਾਵ ਵਿਅਕਤੀ ਨੇ ਸਾਰੇ ਮੁੱਲ ਖ਼ਤਮ ਕਰ ਦਿੱਤੇ ਹਨ। ਜੇ ਮਨੁੱਖੀ ਜੀਵਨ ਵਿੱਚ ਕੋਈ ਅਰਥ ਲੱਭਿਆ ਜਾਣਾ ਹੈ ਤਾਂ ਇਹ ਅਰਥ ਵੀ ਉਹ ਖ਼ੁਦ ਪ੍ਰਦਾਨ ਕਰਦਾ ਹੈ।


ਲੇਖਕ : ਇੰਦੂ ਸਰੀਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-29-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.