ਏਕਾਦਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਦਸੀ: ਏਕਾਦਸੀ ਦਾ ਸ਼ਾਬਦਿਕ ਅਰਥ ਹੈ ‘ਯਾਰ੍ਹਵੀਂ’। ਮਹੀਨੇ ਦੇ ਹਰ ਇਕ ਪੱਖ ਦੀ ਯਾਰ੍ਹਵੀਂ ਥਿਤ ਨੂੰ ‘ਏਕਾਦਸ਼ੀ’ ਕਿਹਾ ਜਾਂਦਾ ਹੈ। ਇਕ ਮਹੀਨੇ ਵਿਚ ਦੋ ਵਾਰ ਆਉਣ ਕਾਰਣ ਇਕ ਸਾਲ ਵਿਚ ਕੁਲ 24 ਏਕਾਦਸ਼ੀਆਂ ਹੁੰਦੀਆਂ ਹਨ, ਬਾਰ੍ਹਾਂ ਕ੍ਰਿਸ਼ਣ ਪੱਖ ਦੀਆਂ ਅਤੇ ਬਾਰ੍ਹਾਂ ਸ਼ੁਕਲ ਪੱਖ ਦੀਆਂ। ਇਸ ਦਿਨ ਵਿਸ਼ੇਸ਼ ਰੂਪ ਵਿਚ ਬ੍ਰਤ ਰਖਿਆ ਜਾਂਦਾ ਹੈ ਅਤੇ ਪੂਜਾ-ਪਾਠ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਇਕ ਧਾਰਮਿਕ ਕਿਰਤ ਵਾਲਾ ਦਿਨ ਬਣ ਗਿਆ ਹੈ। ਇਨ੍ਹਾਂ ਵਿਚੋਂ ਇਕ ਨਿਰਜਲਾ ਏਕਾਦਸ਼ੀ ਵੀ ਹੈ। ਇਹ ਜੇਠ ਸੁਦੀ 11 ਨੂੰ ਹੁੰਦੀ ਹੈ। ਉਸ ਦਿਨ ਸੂਰਜ ਨਿਕਲਣ ਤੋਂ ਲੈ ਕੇ ਦੁਆਦਸ਼ੀ ਦੇ ਪ੍ਰਭਾਵ ਵੇਲੇ ਤਕਇਸ਼ਨਾਨ ਕਰਨਾ ਅਤੇ ਨ ਜਲ ਪੀਣਾ ਹੁੰਦਾ ਹੈ। ਦੁਆਦਸ਼ੀ ਵਾਲੇ ਦਿਨ ਪ੍ਰਭਾਤ ਵੇਲੇ ਇਸ਼ਨਾਨ ਕਰਕੇ ਵਰਤ ਦੇ ਉਪਾਰਨ ਦਾ ਵਿਧਾਨ ਹੈ।

            ਏਕਾਦਸ਼ੀ ਵਾਲੇ ਦਿਨ ਪੂਜਾ ਕਿਉਂ ਕੀਤੀ ਜਾਂਦੀ ਹੈ ? ਜਾਂ ਇਸ ਦਿਨ ਪੂਜਾ ਦੀ ਮਾਨਤਾ ਕਿਉਂ ਹੈ ? ਇਸ ਬਾਰੇ ਅਨੇਕ ਪੌਰਾਣਿਕ ਪ੍ਰਸੰਗ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਮੁੱਖ ਹੈ ‘ਪਦਮ-ਪੁਰਾਣ’ ਦੇ ‘ਉਤਰ-ਕਾਂਡ’ ਦਾ ਅਠੱਤੀਵਾਂ ਅਧਿਆਇ। ਉਥੇ ਲਿਖਿਆ ਹੈ ਕਿ ਮੁਰ ਦੈਂਤ ਨੂੰ ਮਾਰਨ ਲਈ ਦੇਵਤਿਆਂ ਦੀ ਸੈਨਾ ਸਹਿਤ ਵਿਸ਼ਣੂ ਨੇ ਮੁਰ ਦੀ ਰਾਜਧਾਨੀ ਚੰਦ੍ਰਾਵਤੀ ਉਤੇ ਹਮਲਾ ਕੀਤਾ। ਦੇਵਤੇ ਤਾਂ ਜਲਦੀ ਹੀ ਦੈਂਤ ਤੋਂ ਡਰ ਕੇ ਭਜ ਗਏ ਪਰ ਵਿਸ਼ਣੂ ਕਾਫ਼ੀ ਦਿਨ ਇਕਲਿਆਂ ਹੀ ਮੁਰ ਨਾਲ ਲੜਦਾ ਰਿਹਾ ਅਤੇ ਅੰਤ ਵਿਚ ਥਕ ਕੇ ਉਸ ਨੂੰ ਬਦਰਿਕਾਸ਼੍ਰਮ ਦੀ ਇਕ ਗੁਫਾ ਵਿਚ ਸ਼ਰਣ ਲੈਣੀ ਪਈ। ਜਦ ਉਸ ਨੂੰ ਮਾਰਨ ਲਈ ਮੁਰ ਦੈਂਤ ਗੁਫਾ ਦੇ ਦੁਆਰ ਉਤੇ ਜਾ ਪਹੁੰਚਿਆ ਤਾਂ ਉਥੇ ਇਕ ਸਸ਼ਸਤ੍ਰ ਸੁੰਦਰੀ ਪਹਿਰਾ ਦੇ ਰਹੀ ਸੀ। ਉਸ ਦੀ ਹੁੰਕਾਰ ਨਾਲ ਮੁਰ ਮਰ ਗਿਆ। ਵਿਸ਼ਣੂ ਨੇ ਪ੍ਰਸੰਨ ਹੋ ਕੇ ਉਸ ਸੁੰਦਰੀ ਦਾ ਨਾਂ ‘ਏਕਾਦਸ਼ੀ’ ਰਖਿਆ ਅਤੇ ਵਰਦਾਨ ਦਿੱਤਾ ਕਿ ਉਸ ਦਿਨ ਵਰਤ ਰਖਣ ਵਾਲਿਆਂ ਨੂੰ ਭਗਤੀ ਅਤੇ ਮੁਕਤੀ ਪ੍ਰਾਪਤ ਹੋਵੇਗੀ।

            ਪੁਜਾਰੀ ਪ੍ਰਵ੍ਰਿੱਤੀਆਂ ਵਾਲੇ ਲੋਕਾਂ ਨੇ ਏਕਾਦਸ਼ੀ ਦੇ ਮਹਾਤਮ ਬਾਰੇ ਵੀ ਚਰਚਾ ਕੀਤੀ ਹੈ। ਡਾ. ਤਰਲੋਚਨ ਸਿੰਘ ਬੇਦੀ ਨੇ ਆਪਣੇ ਸ਼ੋਧ-ਪ੍ਰਬੰਧ ਵਿਚ ਇਕ ਅਜਿਹੀ ਵਾਰਤਕ ਰਚਨਾ ‘ਏਕਾਦਸੀ ਮਹਾਤਮ’ ਵਲ ਵਿਦਵਾਨਾਂ ਦਾ ਧਿਆਨ ਦਿਵਾਇਆ ਹੈ। ਮੱਧ-ਯੁਗ ਦੇ ਸੰਤਾਂ ਨੇ ਇਸ ਪ੍ਰਕਾਰ ਦੇ ਵਹਿਮਾਂ ਭਰਮਾਂ ਤੋਂ ਲੋਕਾਂ ਨੂੰ ਸਚੇਤ ਕੀਤਾ ਅਤੇ ਏਕਾਦਸ਼ੀ ਦੇ ਅੰਤਰੀਵੀ ਅਰਥ ਜਾਂ ਇਸ ਦੇ ਭਾਵੀਕ੍ਰਿਤ ਰੂਪ ਨੂੰ ਪੇਸ਼ ਕੀਤਾ।

            ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਦੀ ‘ਥਿਤੀ ’ ਵਿਚ ਏਕਾਦਸੀ ਬ੍ਰਤ ਦੇ ਸਹੀ ਪਰਿਪੇਖ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ — ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ਮਨਿ ਸੰਤੋਖੁ ਸਰਬ ਜੀਅ ਦਇਆ ਇਨ ਬਿਧਿ ਬਰਤੁ ਸੰਪੂਰਨ ਭਇਆ (ਗੁ.ਗ੍ਰੰ.299)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਏਕਾਦਸੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਏਕਾਦਸੀ : ਸੰਸਕ੍ਰਿਤ ਦੇ ਸ਼ਬਦ ਏਕਾਦਸ਼ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਇਕ+ਦਸ=ਗਿਆਰਾਂ। ਇਸਤੋਂ ਭਾਵ ਇਹ ਹੈ ਕਿ ਏਕਾਦਸੀ ਵਦੀ (ਹਨੇਰ) ਅਤੇ ਸੁਦੀ (ਚਾਨਣ) ਦੋਵੇਂ ਪੱਖਾਂ ਦੇ ਗਿਆਰਵੇਂ ਦਿਨ ਆਉਂਦੀ ਹੈ। ਵੈਸ਼ਨਵੀ ਹਿੰਦੂਆਂ ਵਿਚ ਏਕਾਦਸੀ ਜਾਂ ਹਰਿਵਾਸਰ (ਵਿਸ਼ਣੂ ਦਾ ਦਿਨ) ਦਾ ਦਿਨ ਵਰਤ ਵਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਕਿਸੇ ਵੀ ਤਰ੍ਹਾਂ ਦਾ ਭੋਜਨ ਕਰਨਾ ਪਾਪ ਦੇ ਸਮਾਨ ਸਮਝਿਆ ਜਾਂਦਾ ਹੈ, ਜਦੋਂ ਕਿ ਇਸ ਦਿਨ ਵਰਤ ਰੱਖਣ ਨਾਲ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਪੁੰਨ ਦਾ ਕੰਮ ਹੈ। ਸਿੱਖ ਧਰਮ ਵਿਚ ਕਿਸੇ ਵੀ ਖਾਸ ਦਿਨ ਲਈ ਇਸ ਪ੍ਰਕਾਰ ਦੀ ਕੋਈ ਵੀ ਵਿਸ਼ੇਸ਼ ਸ਼ਰਧਾ ਨਹੀਂ ਜੁੜੀ ਅਤੇ ਨਾ ਹੀ ਕੋਈ ਦੋਸ਼ ਮੰਨਿਆ ਜਾਂਦਾ ਹੈ। ਜਿਵੇਂ ਕਿ ਗੁਰੂ ਅਮਰ ਦਾਸ ਜੀ ਨਾਨਕ ਤੀਜੇ ਕਹਿੰਦੇ ਹਨ:

    ਪੰਦ੍ਰਹ ਥਿਤੀ ਤੈ ਸਤ ਵਾਰ॥

    ਮਾਹਾ ਰੁਤੀ ਆਵਹਿ ਵਾਰ ਵਾਰ॥

    ਦਿਨਸੁ ਰੈਣਿ ਤਿਵੈ ਸੰਸਾਰ॥

    ਆਵਾਗਉਣੁ ਕੀਆ ਕਰਤਾਰਿ॥

    ਨਿਹਚਲੁ ਸਾਚੁ ਰਹਿਆ ਕਲ ਧਾਰਿ॥(ਗੁ.ਗ੍ਰੰ. 842)

    ਗੁਰੂ ਨਾਨਕ ਅਨੁਸਾਰ, ਸਹੀ ਏਕਾਦਸ਼ੀ ਉਹੀ ਮਨੁੱਖ ਮਨਾਉਂਦਾ ਹੈ ਜਿਹੜਾ ਇਕ ਪਰਮਾਤਮਾ ਨੂੰ ਆਪਣੇ ਦਿਲ ਵਿਚ ਵਸਾਵੇ ਅਤੇ ਹਿੰਸਾ , ਮਮਤਾ , ਮੋਹ ਨੂੰ ਖਤਮ ਕਰ ਦੇਵੇ। ਜਦੋਂ ਮਨੁੱਖ ਪਖੰਡਾਂ ਵਿਚ ਲੀਨ ਹੋ ਜਾਂਦਾ ਹੈ ਤਾਂ ਉਹ ਅਸਲੀਅਤ ਨੂੰ ਨਹੀਂ ਦੇਖ ਸਕਦਾ।(ਗੁ. ਗ੍ਰੰ. 840)।

    ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਰਾਗੁ ਗਉੜੀ ਵਿਚ ਲਿਖਦੇ ਹਨ:

    ਏਕਾਦਸੀ ਨਿਕਟਿ ਪੇਖਹੁ ਹਰਿ ਨਾਮ॥

    ਇੰਦ੍ਰੀ ਬਸ ਕਰਿ ਸੁਣਹੁ ਹਰਿ ਨਾਮੁ॥

    ਮਨ ਸੰਤੋਖੁ ਸਰਬ ਜੀਅ ਦਇਆ॥

    ਇਨ ਬਿਧਿ ਬਰਤੁ ਸੰਪੂਰਨ ਭਇਆ॥ (ਗੁ.ਗ੍ਰੰ. 299)


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਏਕਾਦਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਏਕਾਦਸੀ ਚੰਦ੍ਰ ਮਹੀਨੇ ਦੇ ਹਨੇਰੇ ਅਤੇ ਚਾਨਣੇ ਪੱਖ ਦੀ ਗਿਆਰ੍ਹਵੀਂ ਤਿਥੀ- ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.