ਕਨ੍ਹਈਆ ਮਿਸਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਨ੍ਹਈਆ ਮਿਸਲ: ਦਾ ਮੋਢੀ ਜੈ ਸਿੰਘ ਸੰਧੂ ਜੱਟ ਕਾਹਨਾ ਪਿੰਡ ਦਾ ਵਸਨੀਕ ਸੀ। ਇਹ ਪਿੰਡ ਲਾਹੌਰ ਦੇ ਦੱਖਣ-ਪੱਛਮ ਵੱਲ 21 ਕਿਲੋਮੀਟਰ ਦੀ ਦੂਰੀ ਤੇ ਫ਼ਿਰੋਜ਼ਪੁਰ ਨੂੰ ਜਾਣ ਵਾਲੀ ਸੜਕ ਤੇ ਸਥਿਤ ਹੈ। ਇਹ ਸਧਾਰਨ ਪਰਵਾਰ ਦਾ ਸੀ ਅਤੇ ਇਸ ਦਾ ਪਿਤਾ ਖੁਸ਼ਹਾਲ ਸਿੰਘ ਲਾਹੌਰ ਵਿਖੇ ਤੂੜੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਜੈ ਸਿੰਘ ਨੇ ਨਵਾਬ ਕਪੂਰ ਸਿੰਘ ਤੋਂ ਖ਼ਾਲਸੇ ਦਾ ਅੰਮ੍ਰਿਤ ਛਕਿਆ ਅਤੇ ਅਮਰ ਸਿੰਘ ਕਿੰਗਰਾ ਦੇ ਜਥੇ ਵਿਚ ਸ਼ਾਮਲ ਹੋ ਗਿਆ। ਆਮ ਤੌਰ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਮਿਸਲ ਦਾ ਨਾਂ ‘ਕਨ੍ਹਈਆ’ ਜੈ ਸਿੰਘ ਦੇ ਪਿੰਡ ਕਾਹਨਾ ਤੋਂ ਪਿਆ ਹੈ। ਇਕ ਹੋਰ ਵਿਆਖਿਆ ਇਹ ਵੀ ਦਿੱਤੀ ਜਾਂਦੀ ਹੈ ਕਿ ਸਰਦਾਰ ਬਹੁਤ ਖ਼ੂਬਸੂਰਤ ਸੀ ਇਸ ਕਰਕੇ ਇਸ ਨੂੰ (ਕਾਹਨ) ਜਾਂ ਕਨ੍ਹਈਆ ਕਿਹਾ ਗਿਆ ਜੋ ਭਗਵਾਨ ਕ੍ਰਿਸ਼ਨ ਲਈ ਵਰਤਿਆ ਜਾਂਦਾ ਸੀ। ਕਨ੍ਹਈਆ ਮਿਸਲ, ਜੈ ਸਿੰਘ ਅਧੀਨ ਪੰਜਾਬ ਵਿਚ ਇਕ ਸ਼ਕਤੀਸ਼ਾਲੀ ਸੰਗਠਨ ਬਣ ਗਿਆ ਸੀ। ਇਸ ਨੇ ਗੁਰਦਾਸਪੁਰ ਜ਼ਿਲੇ ਸਮੇਤ ਰਿਆੜਕੀ ਦਾ ਕੁਝ ਹਿੱਸਾ ਅਤੇ ਅੰਮ੍ਰਿਤਸਰ ਦੇ ਉੱਪਰੀ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ ਸੀ। ਸਭ ਤੋਂ ਪਹਿਲਾਂ ਇਸ ਨੇ ਅੰਮ੍ਰਿਤਸਰ ਜ਼ਿਲੇ ਵਿਚ ਪੈਂਦੇ ਆਪਣੀ ਪਤਨੀ ਦੇ ਪਿੰਡ ਸੋਹੀਆਂ ਨੂੰ ਆਪਣਾ ਹੈੱਡਕੁਆਟਰ/ਮੁੱਖ ਕੇਂਦਰ ਬਣਾਇਆ ਫਿਰ ਇੱਥੋਂ ਇਹ ਬਦਲ ਕੇ ਬਟਾਲਾ ਚੱਲਾ ਗਿਆ ਅਤੇ ਉੱਥੋਂ ਉਹ ਬਦਲ ਕੇ ਮੁਕੇਰੀਆਂ ਚੱਲਾ ਗਿਆ ਸੀ। ਇਸ ਦਾ ਇਲਾਕਾ ਬਿਆਸ ਅਤੇ ਰਾਵੀ ਦੋਵਾਂ ਦਰਿਆਵਾਂ ਦੇ ਦੋਹੀਂ ਪਾਸੀਂ ਲੱਗਦਾ ਸੀ। ਜੈ ਸਿੰਘ ਨੇ ਆਪਣੇ ਇਲਾਕੇ ਨੂੰ ਜੰਮੂ ਦੇ ਲਗ-ਪਗ 70 ਕਿਲੋਮੀਟਰ ਦੱਖਣ-ਪੂਰਬ ਵੱਲ, ਪੜੋਲ ਤਕ ਵਧਾ ਲਿਆ ਸੀ ਅਤੇ ਕਾਂਗੜਾ, ਨੂਰਪੁਰ, ਦਾਤਾਰਪੁਰ ਅਤੇ ਸੀਬਾ ਦੇ ਪਹਾੜੀ ਮੁਖੀ ਉਸ ਦੇ ਕਰ ਦਾਤਾ ਬਣ ਗਏ ਸੀ। 1778 ਵਿਚ, ਉਸ ਨੇ ਮਹਾਂ ਸਿੰਘ ਸੁੱਕਰਚੱਕੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਨਾਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਹਾਂਸੀ ਅਤੇ ਹਿਸਾਰ ਦੇ ਮਾਰੂਥਲ ਖੇਤਰ ਵਿਚ ਧਕੇਲ ਦਿੱਤਾ। 1781 ਵਿਚ, ਜੈ ਸਿੰਘ ਅਤੇ ਇਸ ਦਾ ਸਹਿਯੋਗੀ ਹਕੀਕਤ ਸਿੰਘ ਮਿਲ ਕੇ ਜੰਮੂ ਉੱਤੇ ਮੁਹਿੰਮ ਲੈ ਕੇ ਗਏ ਅਤੇ ਉੱਥੋਂ ਦੇ ਨਵੇਂ ਰਾਜੇ ਬ੍ਰਿਜ ਰਾਜ ਦੇਵ ਤੋਂ 3,00,000 ਰੁਪਏ ਮਾਲੀਆ ਲਿਆ। 1793 ਵਿਚ, ਜੈ ਸਿੰਘ ਦੀ 81 ਸਾਲ ਦੀ ਉਮਰ ਵਿਚ ਮਿਰਤੂ ਉਪਰੰਤ ਇਸ ਦੇ ਪੁੱਤਰ ਗੁਰਬਖ਼ਸ਼ ਸਿੰਘ ਦਾ ਇਸ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਜਾਣ ਕਰਕੇ ਕਨ੍ਹਈਆ ਮਿਸਲ ਦਾ ਪ੍ਰਬੰਧ ਇਸ ਦੀ ਨੂੰਹ ਸਦਾ ਕੌਰ ਦੇ ਹੱਥਾਂ ਵਿਚ ਚੱਲਾ ਗਿਆ। ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਰਣਜੀਤ ਸਿੰਘ ਨਾਲ ਵਿਆਹੀ ਹੋਈ ਸੀ ਜੋ ਵਿਸ਼ੇਸ਼ ਤੌਰ ਤੇ ਪੰਜਾਬ ਵਿਚ ਸੁੱਕਰਚੱਕੀਆ ਮਿਸਲ ਦੇ ਮੁਖੀ ਲਈ ਪੰਜਾਬ ਵਿਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਵਿਚ ਸਹਾਇਕ ਸਿੱਧ ਹੋਈ। ਜੁਲਾਈ 1794 ਵਿਚ, ਇਸ ਨੇ ਰਣਜੀਤ ਸਿੰਘ ਦੀ, ਭੰਗੀ ਸਰਦਾਰਾਂ-ਮੋਹਰ ਸਿੰਘ, ਸਾਹਿਬ ਸਿੰਘ ਅਤੇ ਚੇਤ ਸਿੰਘ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰਨ ਵਿਚ ਮਦਦ ਕੀਤੀ। ਸਦਾ ਕੌਰ ਦੀ ਮਦਦ ਨਾਲ ਰਣਜੀਤ ਸਿੰਘ ਨੇ ਹੋਰ ਪ੍ਰਾਪਤੀਆਂ ਕੀਤੀਆਂ ਅਤੇ ਅਪ੍ਰੈਲ 1801 ਵਿਚ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ। ਅੰਮ੍ਰਿਤਸਰ, ਚਿਨੀਓਟ, ਕਸੂਰ ਅਤੇ ਕਾਂਗੜਾਂ ਦੀਆਂ ਮੁਹਿੰਮਾਂ ਵਿਚ ਅਤੇ ਹਜ਼ਾਰਾ ਅਤੇ ਅਟੱਕ ਦੇ ਫਸਾਦੀ ਪਠਾਣਾਂ ਦੇ ਵਿਰੁੱਧ ਮੁਹਿੰਮਾਂ ਵਿਚ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਲ ਆਪਣੀਆਂ ਫ਼ੌਜਾਂ ਦੀ ਅਗਵਾਈ ਕੀਤੀ। ਇਹ ਸਮਝੌਤਾ ਜ਼ਿਆਦਾ ਦੇਰ ਤਕ ਨਾ ਚੱਲਿਆ ਅਤੇ ਦੋਵੇਂ ਇਕ ਦੂਸਰੇ ਤੋਂ ਵੱਖ ਹੋਣੇ ਸ਼ੁਰੂ ਹੋ ਗਏ। ਸਦਾ ਕੌਰ ਦੀ ਪੁੱਤਰੀ ਦੀ ਰਣਜੀਤ ਸਿੰਘ ਨਾਲ ਸ਼ਾਦੀ ਬਹੁਤੀ ਸਫ਼ਲ ਸਾਬਤ ਨਾ ਹੋਈ। ਮੱਤ-ਭੇਦ ਸਪਸ਼ਟ ਤੌਰ ਤੇ ਸਾਮ੍ਹਣੇ ਆ ਗਏ ਜਦੋਂ ਸਦਾ ਕੌਰ ਨੇ ਸਰ ਚਾਰਲਸ ਮੈਟਕਾਫ਼ ਅਤੇ ਸਰ ਡੇਵਿਡ ਆਕਟਰਲੋਨੀ ਰਾਹੀਂ ਅੰਗਰੇਜ਼ਾਂ ਨਾਲ ਗੁਪਤ ਵਾਰਤਾਲਾਪ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਉਹ ਆਪਣੇ ਆਤਮ ਨਿਰਭਰ ਮੁਖੀ ਦੇ ਅਹੁਦੇ ਨੂੰ ਸੁਰੱਖਿਅਤ ਰੱਖ ਸਕੇ। ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਦੇ ਇਲਾਕੇ ਵਿਚ ਦਖ਼ਲ-ਅੰਦਾਜ਼ੀ ਅਰੰਭ ਕਰ ਦਿੱਤੀ ਅਤੇ ਅਟਲਗੜ੍ਹ (ਮੁਕੇਰੀਆਂ) ਵਿਚ ਉਹਨਾਂ ਦੀ ਪਈ ਹੋਈ ਜਾਇਦਾਦ ਜ਼ਬਤ ਕਰ ਲਈ। ਬਟਾਲਾ ਨੂੰ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਜਗੀਰ ਵਜੋਂ ਦੇ ਦਿੱਤਾ ਅਤੇ ਸਦਾ ਕੌਰ ਦੀ ਬਾਕੀ ਰਹਿੰਦੀ ਜਾਇਦਾਦ ਦੇਸਾ ਸਿੰਘ ਮਜੀਠੀਆ ਨੂੰ ਦੇ ਦਿੱਤੀ। ਸਦਾ ਕੌਰ 1832 ਵਿਚ ਕੈਦ ਵਿਚ ਹੀ ਚਲਾਣਾ ਕਰ ਗਈ ।
ਕਨ੍ਹਈਆ ਮਿਸਲ ਦੇ ਦੂਸਰੇ ਹਿੱਸੇ ਦਾ ਮੁਖੀ ਸਿੱਧੂ ਜੱਟ ਬਘੇਲ ਸਿੰਘ ਦਾ ਪੁੱਤਰ ਹਕੀਕਤ ਸਿੰਘ ਸੀ। ਇਹ ਜੈ ਸਿੰਘ ਦੇ ਜਨਮ ਅਸਥਾਨ ਕਾਹਨਾ ਦੇ ਨੇੜੇ ਜੁਲਕਾ ਪਿੰਡ ਦਾ ਵਸਨੀਕ ਸੀ। ਹਕੀਕਤ ਸਿੰਘ, ਜੈ ਸਿੰਘ ਦੀਆਂ ਕਈ ਮੁਹਿੰਮਾਂ ਵਿਚ ਉਸ ਦਾ ਮਿੱਤਰ ਅਤੇ ਸਾਥੀ ਵੀ ਸੀ ਪਰੰਤੂ ਉਸ ਦਾ ਵਿਰੋਧੀ ਵੀ ਸੀ। ਇਕ ਸੁਤੰਤਰ ਮੁਖੀ ਦੇ ਤੌਰ ਤੇ ਉੱਭਰ ਕੇ ਇਸ ਨੇ ਕਲਾਨੌਰ, ਕਾਹਨਗੜ੍ਹ, ਅਦਾਲਤਗੜ੍ਹ, ਪਠਾਨਕੋਟ ਅਤੇ ਕਈ ਹੋਰ ਪਿੰਡਾਂ ਉੱਤੇ ਕਬਜ਼ਾ ਕਰ ਲਿਆ। 1760 ਵਿਚ ਇਸ ਨੇ ਛੂਰੀਆਂਵਾਲਾ ਨੂੰ ਤਬਾਹ ਕਰ ਦਿੱਤਾ ਅਤੇ ਸੰਗਤਪੁਰਾ ਨਾਂ ਦਾ ਇਕ ਹੋਰ ਪਿੰਡ ਬੰਨਿਆ ਅਤੇ ਫ਼ਤਿਹਗੜ੍ਹ ਵਿਖੇ ਇਕ ਕਿਲ੍ਹਾ ਉਸਾਰਿਆ। 1782 ਵਿਚ ਹਕੀਕਤ ਸਿੰਘ ਚਲਾਣਾ ਕਰ ਗਿਆ ਅਤੇ ਇਸ ਦਾ ਇਕਲੌਤਾ ਪੁੱਤਰ ਜੈਮਲ ਸਿੰਘ, ਜੋ ਉਸ ਸਮੇਂ ਨਾਬਾਲਗ਼ ਸੀ ਇਸ ਦੀ ਜਾਇਦਾਦ ਦਾ ਮਾਲਕ ਬਣਿਆ। ਹਕੀਕਤ ਸਿੰਘ ਦੀ ਪੋਤਰੀ ਚੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਕੰਵਰ ਖੜਕ ਸਿੰਘ ਨਾਲ ਵਿਆਹੀ ਹੋਈ ਸੀ। ਜੈਮਲ ਸਿੰਘ 1812 ਵਿਚ ਚਲਾਣਾ ਕਰ ਗਿਆ ਜਿਸ ਦਾ ਕੋਈ ਪੁੱਤਰ ਨਹੀਂ ਸੀ। ਰਣਜੀਤ ਸਿੰਘ ਨੇ ਫ਼ਤਿਹਗੜ੍ਹ ਦੇ ਕਿਲ੍ਹੇ ਅੰਦਰ ਉਸ ਦੀ ਇਕੱਠੀ ਕੀਤੀ ਹੋਈ ਸਾਰੀ ਜਾਇਦਾਦ ਜ਼ਬਤ ਕਰ ਲਈ ਅਤੇ ਜ਼ਿਲੇ ਦਾ ਮਾਲੀਆ ਉਸ ਦੀ ਵਿਧਵਾ ਦੇ ਗੁਜ਼ਾਰੇ ਲਈ ਉਸ ਨੂੰ ਦੇ ਦਿੱਤਾ। ਕਨ੍ਹਈਆ ਮਿਸਲ ਦੇ ਬਾਕੀ ਸਾਰੇ ਇਲਾਕੇ ਕੰਵਰ ਖੜਕ ਸਿੰਘ ਨੂੰ ਦੇ ਦਿੱਤੇ ਗਏ।
ਲੇਖਕ : ਹ.ਰ.ਗ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਨ੍ਹਈਆ ਮਿਸਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਨ੍ਹਈਆ, ਮਿਸਲ : ਵੇਖੋ, ਘਨੱਈਆ ਮਿਸਲ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First