ਕਾਨੂੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨੂੰਨ [ਨਾਂਪੁ] ਵੇਖੋ ਕਨੂੰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Law_ਕਾਨੂੰਨ: ਕਾਨੂੰਨ ਦਾ ਉਦੇਸ਼ ਮਨੁੱਖੀ ਜੀਵਨ ਦੇ ਹੜ੍ਹ ਨੂੰ ਸੰਜਮ ਦੇ ਕਿਨਾਰਿਆ ਵਿਚ ਡਕ ਕੇ ਜੀਵਨ ਦੇ ਪ੍ਰਵਾਹ ਨੂੰ ਚਲਦੇ ਰਖਣਾ ਹੈ। ਇਸ ਤਰ੍ਰਾਂ ਕਾਨੂੰਨ ਇਕ ਬੰਧਨਕਾਰੀ ਸ਼ਕਤੀ ਹੈ ਜਦ ਕਿ ਮਨੁੱਖ ਆਜ਼ਾਦੀ ਦਾ ਆਸ਼ਕ ਹੈ। ਉਹ ਆਜ਼ਾਦ ਪੈਦਾ ਹੁੰਦਾ ਹੈ, ਪਰ ਸਮਾਜ ਨੇ ਉਸ ਦੀਆਂ ਸਰਗਰਮੀਆਂ ਨੂੰ ਮੁਨਾਸਬ ਲੀਹਾਂ ਦੇ ਅੰਦਰ ਰਖਣ ਲਈ ਅਨੇਕਾਂ ਬੰਦਸ਼ਾਂ ਘੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਨਿਰਪੇਖ ਸੁਤੰਤਰਤਾ ਦੇ ਹਾਮੀ ਅਕਸਰ ਉਨ੍ਹਾਂ ਜ਼ੰਜੀਰਾਂ ਨਾਲ ਤੁਲਨਾ ਦਿੰਦੇ ਹਨ ਜਿਨ੍ਹਾਂ ਵਿਚ ਮਨੁੱਖ ਆਪਣੇ ਆਪ ਨੂੰ ਜਕੜਿਆ ਹੋਇਆ ਮਹਿਸੂਸ ਕਰਦਾ ਹੈ। ਇਨ੍ਹਾਂ ਬੰਦਸ਼ਾਂ ਵਿਚੋਂ ਇਕ ਸੰਸਥਾਗਤ ਬੰਦਸ਼ ਕਾਨੂੰਨ ਨਾਂ ਦੀ ਹੈ। ਕਾਨੂੰਨ ਮਨੁੱਖ ਦੀਆਂ ਸਰਗਰਮੀਆਂ ਨੂੰ ਸੀਮਾਵਾਂ ਦੇ ਅੰਦਰ ਰਖਦਾ ਹੈ, ਇਸ ਕਾਰਨ ਜ਼ਾਹਿਰਾ ਤੌਰ ਤੇ ਇਹ ਇਕ ਬੰਦਸ਼ ਹੈ। ਲੇਕਿਨ ਇਹ ਬੰਦਸ਼ ਵਿਅਕਤੀਗਤ ਹੈ ਅਤੇ ਇਸ ਬੰਦਸ਼ ਦਾ ਕਮਾਲ ਇਹ ਹੈ ਕਿ ਇਹ ਸਮੂਹਕ ਆਜ਼ਾਦੀ ਕੇਵਲ ਸੁਨਿਸਚਿਤ ਹੀ ਨਹੀਂ ਸਗੋਂ ਉਸ ਦੀ ਮਾਤਰਾ ਵਿਚ ਵੀ ਵਾਧਾ ਕਰਦੀ ਹੈ। ਕਾਨੂੰਨ ਦੁਆਰਾ ਲਾਈ ਬੰਦਸ਼ ਵਿਅਕਤੀ ਦੀ  ਸੁਤੰਤਰਤਾ ਨੂੰ ਸੀਮਤ ਕਰਦੀ ਹੈ, ਤਾਂ ਜੋ ਉਹ ਆਪਣੇ ਦਾਇਰੇ ਵਿਚ ਰਹਿ ਕੇ ਆਜ਼ਾਦੀ ਦਾ ਅਨੰਦ ਮਾਣੇ ਅਤੇ ਆਪਣੇ ਵਰਗੇ ਹੋਰ ਮਨੁੱਖਾਂ ਨੂੰ ਆਪੋ ਆਪਣੇ ਦਾਹਿਰੇ ਵਿਚ ਉਸ ਹੀ ਤਰ੍ਹਾਂ ਦੀ ਸੁਤੰਤਰਤਾ ਦਾ ਅਨੰਦ ਮਾਣਨ ਦੇਵੇ। ਇਸ ਤਰ੍ਰਾਂ ਕਾਨੂੰਨ ਇਕ ਅਜਿਹੀ ਫੁੱਲਾਂ ਦੀ  ਵਾੜ ਹੈ ਜੋ ਆਪਣੀ ਵਲਗਣ ਵਿਚਲੇ ਸਮਾਜ ਦੀ ਸਮੂਹਕ ਜ਼ਿੰਦਗੀ ਨੂੰ ਜਿਉਣਯੋਗ, ਮੁਅੱਤਰ ਅਤੇ ਖੇੜੇ ਵਿਚ ਰਖਦੀ ਹੈ। ਅਕਸਰ ਇਹ ਮਿਸਾਲ ਦਿੱਤੀ ਜਾਂਦੀ ਹੈ ਕਿ ਸੈਰ ਕਰਦਿਆਂ ਆਦਮੀ ਆਪਣੇ ਹੱਥ ਵਿਚਲੀ ਖੂੰਡੀ ਨੂੰ ਜਿਵੇਂ ਜੀ ਚਾਹੇ ਹਵਾ ਵਿਚ ਘੁਮਾ ਸਕਦਾ ਹੈ, ਪਰ ਉਸ ਨੂੰ ਸੁਨਿਸਚਿਤ ਕਰਨਾ ਪੈਂਦਾ ਹੈ ਕਿ ਉਸ ਦੀ ਖੂੰਡੀ ਕਿਸੇ ਹੋਰ ਵਿਅਕਤੀ ਨੂੰ ਨਾ ਵਜੇ

       ਕਾਨੂੰਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਮੂਹਕ ਆਜ਼ਾਦੀ ਦੀ ਜ਼ਾਮਨੀ ਰਵਾਜ ਅਤੇ ਧਾਰਮਕ ਤੇ ਨੈਤਕ ਕਦਰਾਂ ਕੀਮਤਾਂ ਦੇ ਸਿਰ ਸੀ। ਕਾਨੂੰਨ ਦੀ ਪਾਲਣਾ ਪਿਛੇ ਰਾਜ ਦੁਆਰਾ ਦੰਡ ਦਿੱਤੇ ਜਾਣ ਦਾ ਡਰ ਕੰਮ ਕਰ ਰਿਹਾ ਹੈ ਹੁੰਦਾ ਹੈ, ਜਦ ਕਿ ਰਵਾਜ ਤੇ ਧਾਰਮਕ ਤੇ ਨੈਤਕ ਕਦਰਾਂ-ਕੀਮਤਾਂ ਦੀ ਪਾਲਣਾ ਪਿਛੇ ਰਬ ਦਾ ਡਰ, ਸਮਾਜ  ਦੀ ਅਪਰਵਾਨਗੀ ਅਤੇ ਸਮਾਜ ਵਿਚੋਂ ਛੇਕੇ ਜਾਣ ਦਾ ਡਰ ਕੰਮ ਕਰਦਾ ਨਜ਼ਰ ਆਉਂਦਾ ਹੈ। ਸਮਾਂ ਪਾ ਕੇ ਉਹ ਹੀ ਰਵਾਜ, ਨੈਤਕ, ਧਾਰਮਕ ਵਿਸ਼ਵਾਸ ਅਤੇ ਸਮਾਜਕ ਕਦਰਾਂ-ਕੀਮਤਾਂ ਨਿਖਰ ਕੇ ਸਾਹਮਣੇ ਆ ਜਾਂਦੀਆਂ ਹਨ ਅਤੇ ਮਨੁੱਖੀ ਸਮਾਜ ਚੰਗੇ ਮਾੜੇ ਦੀ ਤਮੀਜ਼ ਉਨ੍ਹਾਂ ਦੀ ਅਨੁਸਾਰਤਾ ਵਿਚ ਕਰਨਾ ਸ਼ੁਰੂ ਕਰ ਦਿੰਦਾ ਹੈ। ਕੁਝ ਸੂਰਤਾਂ ਵਿਚ ਇਹ ਕਾਨੂੰਨ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਹਨ ਜਿਵੇਂ ਕਿ ਇਲਸਾਮੀ ਜਾਂ ਮੂਸਾਈ ਕਾਨੂੰਨ। ਇਹ ਕਦਰਾਂ ਕੀਮਤਾਂ ਕਾਨੂੰਨ ਦਾ ਰੂਪ ਉਦੋਂ ਧਾਰਨ ਕਰਦੀਆਂ ਹਨ ਜਦੋਂ ਇਨ੍ਹਾਂ ਦੀ ਪਾਲਣਾ ਨ ਕਰਨ ਵਾਲੇ ਨੂੰ ਰਾਜ ਦੀ ਸ਼ਕਤੀ  ਦੁਆਰਾ ਸਜ਼ਾ ਦਿੱਤੇ ਜਾਣ ਦਾ ਉਪਬੰਧ ਕੀਤਾ ਜਾਂਦਾ ਹੈ। ਜਦ ਤਕ ਉਨ੍ਹਾਂ ਕਦਰਾਂ ਕੀਮਤਾਂ ਦੀ ਪਾਲਣਾ ਉਨ੍ਹਾਂ ਪਿਛੇ ਕੰਮ ਕਰ ਰਹੀ ਲੋਕ ਰਾਏ ਦੀ ਸ਼ਕਤੀ ਦੇ ਡਰ ਕਾਰਨ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਕਾਨੂੰਨ ਦਾ ਰੂਪ ਨਹੀਂ ਮੰਨਿਆਂ ਜਾਂਦਾ। ਲੇਕਿਨ ਕਾਨੂੰਨ ਜਦੋਂ ਹੋਂਦ ਵਿਚ ਆ ਜਾਂਦਾ ਹੈ, ਉਦੋਂ ਵੀ ਇਨ੍ਹਾਂ ਕਦਰਾਂ ਕੀਮਤਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਾਨੂੰਨ ਦੇ ਵਿਕਾਸ ਦੇ ਪਿਛੇ ਲੋਕ-ਰਾਏ ਨਾਂ ਦੀ ਇਕ ਵੱਡੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ ਅਤੇ ਲੋਕ-ਰਾਏ ਸਦਾਚਾਰਕ , ਨੈਤਿਕ, ਸਮਾਜਕ ਅਤੇ ਧਾਰਮਕ  ਕਦਰਾਂ ਕੀਮਤਾਂ ਦਾ ਹਮੇਸ਼ਾਂ ਸਮਰਥਨ ਕਰਦੀ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਾਨੂੰਨ ਨਿਆਂ , ਈਕਿਵਟੀ ਅਤੇ ਸ਼ੁੱਧ ਅੰਤਹਕਰਣ ਦਾ ਪਰਗਟ ਅਤੇ ਜ਼ਾਹਰ ਰੂਪ ਹੁੰਦਾ ਹੈ।

       ਲੋਕਰਾਜੀ ਸਮਾਜ ਵਿਚ ਕਾਨੂੰਨ ਵਿਧਾਨ ਮੰਡਲਾਂ ਦੁਆਰਾ ਬਣਾਇਆ ਜਾਂਦਾ ਹੈ। ਪਰ ਬੁਨਿਆਦੀ ਤੌਰ ਤੇ ਇਹ ਰਾਜ ਦੀ ਪ੍ਰਭਤਾ ਦਾ ਜਾਇਆ ਹੁੰਦਾ ਹੈ ਅਤੇ ਜਿਨ੍ਹਾਂ ਰਾਜਾਂ ਵਿਚ ਵਿਧਾਨ ਮੰਡਲ ਕਾਇਮ ਨਹੀਂ ਹੋਏ ਹੁੰਦੇ ਉਨ੍ਹਾਂ ਵਿਚ ਉਹ ਉਸ ਵਿਅਕਤੀ ਦੁਆਰਾ ਬਣਾਏ ਜਾਂਦੇ ਹਨ ਜਿਸ ਦੇ ਹੱਥ ਵਿਚ ਉਸ ਰਾਜ ਦੀ ਪ੍ਰਭੂ-ਸੱਤਾ ਹੁੰਦੀ ਹੈ। ਆਰ.ਐਨ.ਪ੍ਰਤਾਪ  ਸਿੰਘ ਦਿਉ ਬਨਾਮ ਉੜੀਸਾ ਰਾਜ (ਏ ਆਈ ਆਰ 1964 ਐਸ ਸੀ 1793) ਵਿਚ ਸਰਵ ਉੱਚ ਅਦਾਲਤ ਅਨੁਸਾਰ ਕਾਨੂੰਨ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜੋ ਕਾਨੂੰਨੀ ਅਧਿਕਾਰ ਅਤੇ ਕਾਨੂੰਨੀ ਬਾਨ੍ਹਾਂ  ਤੈਅ ਕਰਨ ਲਈ ਬਣਾਏ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਦਾਲਤਾਂ ਦੁਆਰਾ ਮਾਨਤਾ ਦਿੱਤੀ ਜਾਂਦੀ ਹੈ। ਆਮ ਤੌਰ ਤੇ ਕਾਨੂੰਨ ਦੀ ਪਰਿਭਾਸ਼ਾ ਨਿਆਂ ਦੇ ਸੰਦਰਭ ਵਿਚ ਕੀਤੀ ਜਾਂਦੀ ਹੈ ਅਤੇ ਉਸ ਦ੍ਰਿਸ਼ਟੀ ਤੋਂ ਸਰਵ ਉੱਚ ਅਦਾਲਤ ਨੇ ਹਾਈਕੋਰਟ ਆਫ਼ ਜੁਡੀਕੇਚਰ ਐਟ ਬੰਬੇ ਬਨਾਮ ਐਸ.ਆਰ.ਪਾਟਿਲ ((1997) 6 ਐਸ ਸੀ ਸੀ 339) ਵਿਚ ਕਿਹਾ ਹੈ ‘‘ਕਾਨੂੰਨ  ਇਕ ਸਾਧਨ ਹੈ ਅਤੇ ਨਿਆਂ ਨਿਸ਼ਾਨਾ ਹੈ। ਲੇਕਿਨ  ਦਰ ਹਕੀਕਤ ਕਾਨੂੰਨ ਅਤੇ ਨਿਆਂ ਦੂਰ ਵਸਦੇ ਗਵਾਂਢੀ ਹਨ, ਕਈ ਵਾਰੀ ਤਾਂ ਇਕ ਦੂਜੇ ਦੇ ਵੈਰੀ ਨਜ਼ਰ ਆਉਂਦੇ ਹਨ। ਜੇ ਕਾਨੂੰਨ ਨਿਆਂ ਨੂੰ ਮਾਰ ਗਿਰਾਉਂਦਾ ਹੈ ਤਾਂ ਲੋਕੀ ਕਾਨੂੰਨ ਨੂੰ ਮਾਰ ਡੇਗਦੇ ਹਨ ਅਤੇ ਲਾ ਕਾਨੂੰਨੀ ਹਾਲਤ ਕਾਰਨ ਵਿਕਾਸ ਨੂੰ ਅਧਰੰਗ ਮਾਰ ਜਾਂਦਾ ਹੈ, ਵਿਵਸਥਾ ਦਰਹਮ ਬਰਹਮ ਹੋ ਜਾਂਦੀ ਹੈ ਅਤੇ ਤਰੱਕੀ ਰੁਕ ਜਾਂਦੀ ਹੈ।’’

       ਇਸ ਦਾ ਕਾਰਨ ਇਹ ਹੈ ਕਿ ਕਾਨੂੰਨ ਇਕ ਜਾਨਦਾਰ ਸੰਗਠਤ ਪ੍ਰਣਾਲੀ ਦਾ ਨਾਂ ਹੈ ਅਤੇ ਇਕ ਸਮਾਜਕ ਥੰਮ੍ਹ ਦੇ ਤੌਰ ਤੇ ਉਦੋਂ ਤਕ ਕੰਮ ਦੇ ਸਕਦਾ ਹੈ ਜਦ ਤਕ ਉਹ ਸ਼ਕਤੀਸ਼ਾਲੀ ਹੋਵੇ। ਸਮਾਂ ਪਾ ਕੇ ਹਰ ਕਾਨੂੰਨ ਬੋਦਾ ਹੋ ਜਾਂਦਾ ਹੈ ਅਤੇ ਕਾਨੂੰਨ ਦੀ ਤਾਕਤ ਬਣਾਈ ਰਖਣ ਲਈ ਹੀ ਉਸ ਦੀ ਸ਼ਕਲ ਸੂਰਤ ਬਦਲਦੀ ਰਹਿੰਦੀ ਹੈ। ਵਿਕਾਸ ਕਰ ਰਹੇ ਸਮਾਜ ਵਿਚ ਜਿਉਂ ਜਿਉਂ ਸਭਿਅਤਾ ਅਤੇ ਸਭਿਆਚਾਰ ਤਰੱਕੀ ਕਰਦਾ ਹੈ ਨਾਲ ਨਾਲ ਕਾਨੂੰਨ ਦੀ ਰੂਪ ਰੇਖਾ ਬਦਲਦੀ ਰਹਿੰਦੀ ਹੈ ਅਤੇ ਜੇ ਇਹ ਕਿਹਾ ਜਾਵੇ ਕਿ ਕਾਨੂੰਨ ਸਭਿਆਚਾਰ ਦਾ ਇਕ ਅਵੱਸ਼ਕ ਅੰਗ ਹੈ, ਤਾਂ ਗ਼ਲਤ ਨਹੀਂ ਹੋਵੇਗਾ।

       ਸਾਮੰਡ (ਜਿਉਰੈਸਪਰੂਡੈਂਸ 11ਵਾਂ ਐਡੀਸ਼ਨ ਪੰ. 98) ਅਨੁਸਾਰ ਕਾਨੂੰਨ ਉਨ੍ਹਾਂ ਅਸੂਲਾਂ ਦਾ ਸਮੂਹ ਹੈ ਜਿਨ੍ਹਾਂ ਨੂੰ ਰਾਜ ਦੁਆਰਾ ਨਿਆਂਪ੍ਰਸ਼ਾਸਨ ਵਿਚ ਮਾਨਤਾ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਦੀ ਨਿਆਂ-ਪ੍ਰਸ਼ਾਸਨ ਵਿਚ ਵਰਤੋਂ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿਚ ਕਾਨੂੰਨ ਉਨ੍ਹਾਂ ਅਸੂਲਾਂ ਤੋਂ ਮਿਲ ਕੇ ਬਣਦਾ ਹੈ ਜਿਨ੍ਹਾਂ ਨੂੰ ਅਦਾਲਤਾਂ ਦੁਆਰਾ ਮਾਨਤਾ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਉਤੇ ਅਦਾਲਤਾਂ ਦੁਆਰਾ ਅਮਲ ਕੀਤਾ ਜਾਦਾ ਹੈ। ਅਦਾਲਤਾਂ ਅਤੇ ਕਾਨੂੰਨ ਦੇ ਆਪਸੀ ਸਬੰਧਾਂ ਨੂੰ ਸਪਸ਼ਟ ਕਰਦੇ ਹੋਏ ਸਾਮੰਡ ਨੇ ਕਿਹਾ ਹੈ ਕਿ ਅਦਾਲਤਾਂ ਸਮਾਜ ਦਾ ਉਹ ਅੰਗ ਹਨ ਜੋ ਕਾਨੂੰਨ ਐਲਾਨਦੀਆਂ ਹਨ ਅਤੇ ਉਨ੍ਹਾਂ ਨੂੰ ਨਾਫ਼ਜ਼ ਕਰਦੀਆਂ ਹਨ ਅਤੇ ਇਕ ਕਿਸਮ ਦਾ ਕਾਨੂੰਨ (ਜੱਜ ਦੁਆਰਾ ਬਣਾਇਆ ਕਾਨੂੰਨ) ਸਿਰਜਦੀਆਂ ਵੀ ਹਨ। ਵਿਧਾਨ ਮੰਡਲ ਸਮਾਜ ਦਾ ਉਹ ਅੰਗ ਹੈ ਜੋ ਇਕ ਹੋਰ ਕਿਸਮ ਦਾ ਕਾਨੂੰਨ (ਪ੍ਰਵਿਧਾਨਕ ਕਾਨੂੰਨ) ਸਿਰਜਦਾ ਹੈ। ਜਿਤਨਾ ਚਿਰ ਅਦਾਲਤਾਂ ਅਤੇ ਵਿਧਾਨ ਮੰਡਲ ਇਕ-ਸੁਰਤਾ ਨਾਲ ਕੰਮ ਕਰਦੇ ਹਨ ਉਤਨਾ ਚਿਰ ਇਨ੍ਹਾਂ ਦੋ ਪ੍ਰਕਾਰ ਦੇ ਕਥਨਾਂ ਵਿਚ ਕੋਈ ਫ਼ਰਕ ਨਹੀਂ ਕਿ ਪ੍ਰਵਿਧਾਨ ਕਾਨੂੰਨ ਹੁੰਦਾ ਹੈ ਕਿਉਂਕਿ ਅਦਾਲਤਾਂ ਉਸ ਨੂੰ ਮਾਨਤਾ ਦਿੰਦੀਆਂ ਹਨ ਅਤੇ ਉਸ ਦੀ ਵਰਤੋਂ ਕਰਦੀਆਂ ਹਨ ਜਾਂ ਇਹ ਕਥਨ ਕਰਨਾ ਕਿ ਅਦਾਲਤਾਂ ਪ੍ਰਵਿਧਾਨਾਂ ਨੂੰ ਮਾਨਤਾ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੀਆਂ ਹਨ ਕਿਉਂਕਿ ਉਹ ਕਾਨੂੰਨ ਹੁੰਦਾ ਹੈ। ਸਾਮੰਡ ਅਨੁਸਾਰ ਇਹ ਇਕ ਹੀ ਸੱਚ ਦੇ ਦੋ ਪਾਸੇ ਹਨ। ਇਥੇ ਇਹ ਦਸਣਾ ਵੀ ਉਚਿਤ ਹੋਵੇਗਾ ਕਿ ਸਾਮੰਡ ਅਦਾਲਤਾਂ ਦੀ ਉਸ ਅਧਿਕਾਰਤਾ ਨੂੰ ਮਾਨਤਾ ਦਿੰਦਾ ਹੈ ਜਿਸ ਅਨੁਸਾਰ ਅਦਾਲਤ ਕਿਸੇ ਕਾਨੂੰਨ ਨੂੰ ਸੁੰਨ ਐਲਾਨ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਗੱਲੋਂ ਸਪਸ਼ਟ ਹੋ ਲੈਣ ਦੀ ਲੋੜ ਹੈ ਕਿ ਉਪਰੋਕਤ ਜਿਹੇ ਅਸੂਲਾਂ ਦੇ ਉਸ ਸਮੂਹ ਜਿਸ ਨੂੰ ਕਾਨੂੰਨ ਕਿਹਾ ਜਾਂਦਾ ਹੈ, ਉਨ੍ਹਾਂ ਦਾ ਵਿਸ਼ਾ-ਵਸਤੂ ਨਿਆਂ ਦੇ ਸੰਕਲਪ ਨਾਲ ਸਬੰਧਤ ਹੁੰਦਾ ਹੈ।

       ਹਾਬਸ ਅਨੁਸਾਰ ਕਾਨੂੰਨ ਆਚਰਣ ਦੇ ਬੰਧਨਕਾਰੀ ਨਿਯਮ ਨੂੰ ਕਿਹਾ ਜਾਂਦਾ ਹੈ। ਇਹ ਉਸ ਜਾਂ ਉਨ੍ਹਾਂ ਤਾਕਤਵਰਾਂ ਦਾ ਹੁਕਮ ਹੁੰਦਾ ਹੈ ਜੋ ਉਸ ਦੀ ਪਾਲਣਾ ਕੀਤਾ ਜਾਣਾ ਸੁਨਿਸਚਿਤ ਕਰਨ ਲਈ ਤਾਕਤ ਦੀ ਵਰਤੋਂ ਕਰਨ ਦੀ ਸਥਿਤੀ ਵਿਚ ਹੁੰਦਾ ਹੈ ਜਾਂ ਹੁੰਦੇ ਹਨ। ਇਸ ਹੀ ਗੱਲ ਨੂੰ ਥੋੜੇ ਜਿਹੇ ਫ਼ਰਕ ਨਾਲ ਬਿਆਨ ਕਰਦਿਆਂ ਆਸਟਿਨ ਅਨੁਸਾਰ ਕਾਨੂੰਨ ਆਚਰਣ ਦਾ ਉਹ ਨਿਯਮ ਹੈ ਜੋ ਪ੍ਰਭਤਾਧਾਰੀ ਦੁਆਰਾ ਅਰੋਪਿਆ ਅਤੇ ਨਾਫ਼ਜ਼ ਕੀਤਾ ਜਾਂਦਾ ਹੈ। ਸਾਮੰਡ ਕਾਨੂੰਨ ਨੂੰ ਸਿੱਧੇ ਪਧਰੇ ਸ਼ਬਦਾਂ ਵਿਚ ਨਿਆਂ ਨਾਲ ਜੋੜਦਾ ਹੈ ਜਦ ਉਹ ਕਹਿੰਦਾ ਹੈ ਕਿ ਕਾਨੂੰਨ ਉਨ੍ਹਾਂ ਸਿਧਾਂਤਾਂ ਦੀ ਸੰਘਤਾ ਅਥਵਾ ਜੁੱਸਾ ਹੈ ਜੋ ਰਾਜ ਦੁਆਰਾ ਮਾਨਤਾ-ਪ੍ਰਾਪਤ ਹੁੰਦੇ ਹਨ ਅਤੇ ਨਿਆਂ ਪ੍ਰਬੰਧ ਵਿਚ ਲਾਗੂ ਕੀਤੇ ਜਾਂਦੇ ਹਨ। ਬਲੈਕਸਟੋਨ ਦਾ ਕਹਿਣਾ ਸੀ ਕਿ ਕਾਨੂੰਨ ਦਾ ਨਿਯਮ ਜਿਸ ਦੀ ਉਸਾਰੀ ਪਹਿਲਾਂ ਮੌਜੂਦ ਰਵਾਜ ਦੀਆਂ ਬੁਨਿਆਦਾਂ ਉਤੇ ਕੀਤੀ ਜਾਂਦੀ ਹੈ ਉਹ ਵਿਧਾਨਕਾਰ ਜਾਂ ਜੱਜ ਤੋਂ ਵਖਰੇ ਰੂਪ ਵਿਚ ਮਨੁੱਖ ਦੁਆਰਾ ਬਣਾਏ ਕਾਨੂੰਨ (ਪਾਜ਼ਿਟਿਵ ਕਾਨੂੰਨ) ਦੀ ਸ਼ਕਲ ਵਿਚ ਮੌਜੂਦ ਹੁੰਦਾ ਹੈ। ਸੈਵਿਗਨੀ ਦਾ ਮੰਨਣਾ ਸੀ ਕਿ ਕਾਨੂੰਨ ਖ਼ੁਦ ਵਿਕਸਿਤ ਹੁੰਦਾ ਹੈ ਅਤੇ ਕਾਨੂੰਨ ਬਣਾਉਣ ਵਾਲੇ ਵਿਅਕਤੀ ਦੀ ਇੱਛਾ ਦਾ ਮਨ ਮੰਨਿਆਂ ਪ੍ਰਗਟਾਉ ਨਹੀਂ ਹੁੰਦਾ। ਡੀ.ਮਾਂਟਮੋਰੈਸੀ ਉਨ੍ਹਾਂ ਨਿਯਮਾਂ ਨੂੰ ਕਾਨੂੰਨ ਦਾ ਨਾਂ ਦਿੰਦਾ ਸੀ ਜੋ ਮਨੁਖ ਨੂੰ ਜਿਉਂਦੇ ਰਹਿਣ ਲਈ ਕੁਦਰਤ ਦੇ ਖ਼ਿਲਾਫ਼ ਜਦੋ-ਜਹਿਦ ਲਈ ਸਮਾਜ ਦੇ ਰੂਪ ਵਿਚ ਸੰਗਠਤ ਕਰਦੇ ਹਨ। ਉਸ ਦੇ ਅਨੁਸਾਰ ਜਿਉਂਦੇ ਰਹਿਣ ਲਈ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਸਾਰ ਢਾਲਣਾ ਜ਼ਰੂਰੀ ਹੈ। ਰਵਾਜ ਉਹ ਢੰਗ ਸੀ ਜਿਸ ਨਾਲ ਮਨੁਖ ਨੇ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਸਾਰ ਢਾਲਿਆ। ਰਵਾਜ ਦੀ ਉਲੰਘਣਾ ਕਰਨ ਦਾ ਮਤਲਬ ਮੌਤ ਦੇ ਮੂੰਹ ਵਿਚ ਜਾਣਾ ਸੀ। ਉਸ ਦਾ ਕਹਿਣਾ ਸੀ ਕਿ ਕਾਨੂੰਨ ਨਾਫ਼ਜ਼ ਕਰਨ ਲਈ ਤਾਕਤ ਦੀ ਵਰਤੋਂ ਕਾਨੂੰਨ ਦੁਆਰਾ ਘੜਿਆ ਗਿਆ ਹੱਥਿਆਰ ਹੈ, ਪਰ ਇਹ ਕਾਨੂੰਨ ਦਾ ਆਧਾਰ ਨਹੀਂ।

       ਕਾਨੂੰਨ ਸਮਾਜਕ ਕੰਟਰੋਲ ਦੀ ਸਕੀਮ ਦਾ ਨਾਂ ਹੈ ਅਤੇ ਇਹ ਸਵੈ-ਕੰਟਰੋਲ ਤੋਂ ਵਖਰੀ ਚੀਜ਼ ਹੈ। ਇਸ ਨਾਲ ਮਨੁੱਖ ਦੀ ਸੁਤੰਤਰਤਾ ਦਾ ਦਾਇਰਾ ਸੀਮਤ ਹੋਣਾ ਕੁਦਰਤੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਮਨੁੱਖ ਆਜ਼ਾਦ ਜੰਮਦਾ ਹੈ ਪਰ ਸਮਾਜਕ ਜੰਜ਼ੀਰਾਂ ਉਸ ਦੀ ਆਜ਼ਾਦੀ ਦੀ ਸੀਮਾ ਸੰਕੁਚਿਤ ਕਰਦੀਆਂ ਹਨ। ਰਾਜ ਦਾ ਪ੍ਰਭਤਾਧਾਰੀ ਅੰਗ ਇਸ ਗੱਲ ਤੇ ਵਿਚਾਰ ਕਰਕੇ ਫ਼ੈਸਲਾ ਕਰਦਾ ਹੈ ਕਿ ਜ਼ਾਤੀ ਸੁਤੰਤਰਤਾ ਦੀ ਕੀ ਸੀਮਾਂ ਹੋਣੀ ਚਾਹੀਦੀ ਹੈ ਅਤੇ ਸਮਾਜਕ ਹਿੱਤਾ ਦੀ ਹਿਫ਼ਾਜ਼ਤ ਲਈ ਰਾਜ ਦੇ ਹਿੰਤਾਂ ਵਿਚ ਸਮਾਜਕ ਕੰਟਰੋਲ ਕਿਸ ਹੱਦ ਤਕ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਾਨੂੰਨ ਰਾਜ ਦੇ ਪ੍ਰਭਤਾਧਾਰੀ ਭਾਗ ਦੀ ਇੱਛਾ ਦਾ ਅਜਿਹਾ ਪ੍ਰਗਟਾਉ ਹੈ ਜਿਸ ਦੁਆਰਾ ਉਨ੍ਹਾਂ ਹੁਕਮਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ ਜੋ ਰਾਜ ਦੀ ਸਰਕਾਰੀ ਮਸ਼ੀਨਰੀ ਦੁਆਰਾ ਲਾਗੂ ਕੀਤੇ ਜਾਂਦੇ ਹਨ ਅਤੇ ਜੋ ਕਿਸੇ ਵਾਸਤਵਿਕ ਜਾਂ ਕਲਪਤ ਭਲੇ ਲਈ ਚਿਤਵੇ ਗਏ ਹੁੰਦੇ ਹਨ।

       ਇਥੇ ਕਾਨੂੰਨ ਦਾ ਮਤਲਬ ਹੈ ਉਹ ਕਾਨੂੰਨ ਜੋ ਰਾਜ ਦੁਆਰਾ ਆਪਣੇ ਰਾਜ- ਖੇਤਰ ਲਈ ਬਣਾਇਆ ਅਤੇ ਲਾਗੂ ਕੀਤਾ ਜਾਂਦਾ ਹੈ। ਇਸ ਵਿਚ ਉਹ ਸਾਰੇ ਨਿਯਮ ਅਤੇ ਕਾਨੂੰਨੀ ਸਿਧਾਂਤ ਆ ਜਾਂਦੇ ਹਨ ਜੋ (1) ਰਾਜ ਦੁਆਰਾ ਨਾਫ਼ਜ਼ ਕੀਤੇ ਜਾਂਦੇ ਹਨ ਅਤੇ (2) ਅਦਾਲਤਾਂ ਦੁਆਰਾ ਲਾਗੂ ਕੀਤੇ ਜਾਂਦੇ ਹਨ।

       ਲੋਕ ਰਾਜੀ ਨਿਜ਼ਾਮ ਵਿਚ ਲੋਕਾਂ ਦੁਆਰਾ ਸਥਾਪਤ ਸਮਾਜਕ ਕੰਟਰੋਲ ਦੀ ਜਿਸ ਸਕੀਮ ਨੂੰ ਕਾਨੂੰਨ ਕਿਹਾ ਜਾਂਦਾ ਹੈ ਉਹ ਸਮਾਜਕ ਹਿੱਤਾਂ ਦੀ ਹਿਫ਼ਾਜ਼ਤ ਲਈ, ਸ਼ਖ਼ਸੀ ਆਜ਼ਾਦੀ  ਨੂੰ ਸੀਮਤ ਕਰਕੇ ਜਾਂ ਤਾਂ ਚੰਗੇਰੇ ਸਮਾਜਕ ਨਿਜ਼ਾਮ ਦੇ ਸਿਰਜਣ ਲਈ ਜਾ ਸਮਾਜਕ ਖ਼ੁਸ਼ੀ ਵਿਚ ਵਾਧਾ ਕਰਨ ਦੇ ਪ੍ਰਯੋਜਨ ਨਾਲ ਸ਼ਖ਼ਸੀ ਆਜ਼ਾਦੀ ਨੂੰ ਸੀਮਤ ਕਰਕੇ ਤਿਆਰ ਕੀਤੀ ਜਾਂਦੀ ਹੈ।

       ਕਾਨੂੰਨ ਭਾਵੇਂ ਸਮਾਜ ਵਿਚ ਨਿਆਂ ਦਾ ਸੰਚਾਰ ਕਰਨ ਦਾ ਸਾਧਨ ਹੈ, ਅਤੇ ਉਸ ਸਾਧਨ ਨੂੰ ਵਿਧਾਨ ਮੰਡਲ ਦੁਆਰਾ ਸ਼ਕਲ ਸੂਰਤ ਦਿੱਤੀ ਜਾਂਦੀ ਹੈ, ਲੇਕਿਨ ਮੁਨਾਸਬ ਅਦਾਲਤਾਂ ਦੁਆਰਾ ਨਿਆਂਇਕ ਪ੍ਰਕਿਰਿਆ ਦੇ ਦੌਰਾਨ ਵੀ ਕਾਨੂੰਨ ਦੀ ਸਿਰਜਣਾ ਹੁੰਦੀ ਰਹਿੰਦੀ ਹੈ। ਕਾਨੂੰਨ ਅਤੇ ਨਿਆਂ ਦੇ ਪ੍ਰਸਪਰ ਸਬੰਧ ਨੂੰ ਸਪਸ਼ਟ ਕਰਦਿਆਂ ਰਾਮ ਪ੍ਰਸਾਦ ਨਾਰਾਇਨ ਬਨਾਮ ਬਿਹਾਰ ਰਾਜ (ਏ ਆਈ ਆਰ 1952 ਪਟਨਾ 194) ਵਿਚ ਅਦਾਲਤ ਅਨੁਸਾਰ ਕੋਈ ਅਤੀਤ-ਦਰਸ਼ੀ ਕਾਨੂੰਨ ਜਾਂ ਅਜਿਹਾ ਕਾਨੂੰਨ ਜੋ ਮੌਜੂਦਾ ਅਧਿਕਾਰਾਂ ਵਿਚ ਰੂਪ-ਭੇਦ ਕਰਦਾ ਹੈ ਉਹ ਅਕਸਰ ਵਾਰ ਨਿਆਂਇਕ ਡਿਗਰੀ ਦਾ ਪ੍ਰਭਾਵ ਰਖ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਮੰਡਲ ਵੀ ਅਜਿਹੇ ਕਾਨੂੰਨ ਬਣਾ ਸਕਦਾ ਹੈ ਜੋ ਅਦਾਲਤਾਂ ਵਿਚ ਚਲ ਰਹੀਆਂ ਕਾਰਵਾਈਆਂ ਨੂੰ ਪ੍ਰਭਾਵਤ ਕਰਦੇ ਹੋਣ। ਇਸ ਤੋਂ ਇਲਾਵਾ ਅਦਾਲਤਾਂ ਕਾਨੂੰਨਾਂ ਦੇ ਅਰਥ ਆਪਣੇ ਢੰਗ ਨਾਲ ਕਢ ਸਕਦੀਆਂ ਹਨ ਅਤੇ ਵਿਧਾਨ ਮੰਡਲ ਇਸਤਕਰਾਰੀਆਂ ਕਾਨੂੰਨ ਦੁਆਰਾ ਉਨ੍ਹਾਂ ਦੇ ਹੋਰ ਅਰਥ ਕਰ ਸਕਦਾ ਹੈ। ਵਿਧਾਨ ਮੰਡਲ ਇਸ ਆਸ਼ੇ ਦੇ ਕਾਨੂੰਨ ਬਣਾ ਸਕਦਾ ਹੈ ਕਿ ਜਿਹੜੇ ਦਾਵੇ ਕਾਨੂੰਨਾਂ ਦੇ ਇਕ  ਖ਼ਾਸ ਤਰ੍ਹਾਂ ਦੇ ਅਰਥਾਂ ਕਾਰਨ ਖ਼ਾਰਜ ਕੀਤੇ ਗਏ ਸਨ ਉਹ ਬਰਾਮਦ (restore) ਕੀਤੇ ਜਾਣ ਅਤੇ ਉਨ੍ਹਾਂ ਦਾ ਮੁੜ ਵਿਚਾਰਣ  ਕੀਤਾ ਜਾਵੇ। ਭਾਰਤੀ ਸੰਵਿਧਾਨ ਵਿਚ ਇਖ਼ਤਿਆਰਾਂ ਅਥਵਾ ਸ਼ਕਤੀਆਂ ਦੀ ਅਲਹਿਦਗੀ ਦੇ ਕਿਸੇ ਸਿਧਾਂਤ ਨੂੰ ਮਾਨਤਾ ਨਹੀਂ ਦਿੱਤੀ ਗਈ। ਸੰਵਿਧਾਨ ਨੇ ਨਿਆਂਇਕ ਜਾਂ ਵਿਧਾਨਕ ਇਖ਼ਤਿਆਰ ਰਾਜ ਦੇ ਵਖ ਵਖ ਵਿਭਾਗਾਂ ਵਿਚ ਨਿਹਿਤ ਨਹੀਂ ਕੀਤੇ।’’

       ਨਾਗਪੁਰ ਕਾਟਨ ਮਿਲਜ਼ ਲਿਮਟਿਡ ਬਨਾਮ ਬੋਰਡ ਆਫ਼ ਰੈਵੈਨਿਊ ਮੱਧ ਪ੍ਰਦੇਸ਼ (ਏ ਆਈ ਆਰ 1964 ਐਸ ਸੀ 888) ਅਨੁਸਾਰ ਕਾਨੂੰਨ ਬਣਾਉਣ ਲਈ ਕਾਨੂੰਨ ਬਣਾਉਣ ਦੇ ਰਵਾਜੀ ਰੂਪਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਆਚਰਣ ਦੇ ਬੰਧਨਕਾਰੀ ਨਿਯਮਾਂ ਦੇ ਰੂਪ ਵਿਚ ਲਿਖਣਾ ਜ਼ਰੂਰੀ ਹੈ। ਕਾਨੂੰਨ ਬਣਾਉਣ ਲਈ ਇਕ ਖ਼ਾਸ ਢੰਗ ਦਾ ਹੋਣਾ ਜ਼ਰੂਰੀ ਹੈ ਅਤੇ ਜਦੋਂ ਕਾਨੂੰਨ ਬਣੇ ਉਸ ਦਾ ਇਕ ਖ਼ਾਸ ਰੂਪ ਵਿਚ ਹੋਣਾ ਜ਼ਰੂਰੀ ਹੈ। ਹੁਕਮਰਾਨ ਦੀ ਹਰ ਇੱਛਾ, ਭਾਵੇਂ ਉਹ ਕਿਸੇ ਰੂਪ ਵਿਚ ਪਰਗਟ ਕੀਤੀ ਹੋਵੇ, ਕਾਨੂੰਨ ਨਹੀਂ ਬਣ ਜਾਂਦੀ। ਕੇਵਲ ਉਹ ਇੱਛਾ ਕਾਨੂੰਨ ਬਣ ਸਕਦੀ ਹੈ ਜਿਸ ਪਿਛੇ ਨਿਯਮ ਵਾਂਗ ਬੰਧਨਕਾਰੀ ਬਣਾਏ ਜਾਣ ਦਾ ਇਰਾਦਾ ਹੋਵੇ ਅਤੇ ਜਿਸ ਨੂੰ ਰਵਾਜੀ ਜਾਂ ਉਸ ਮਤਲਬ ਲਈ ਵਿਸ਼ੇਸ਼ ਤੌਰ ਤੇ ਅਪਣਾਏ ਗਏ ਢੰਗ ਨਾਲ ਯਥਾਰੀਤੀ ਕਾਨੂੰਨ ਬਣਾਇਆ ਜਾਵੇ, ਉਹ ਹੀ ਇੱਛਾ ਕਾਨੂੰਨ ਦਾ ਰੂਪ ਲੈ ਸਕਦੀ ਹੈ।

       ਏ.ਕੇ.ਗੋਪਾਲਨ ਬਨਾਮ ਮਦਰਾਸ ਰਾਜ (ਏ ਆਈ ਆਰ 1950 ਐਸ ਸੀ 27) ਵਿਚ ਕੁਦਰਤੀ ਨਿਆਂ ਦੇ ਅਸੂਲਾਂ ਅਤੇ ਕਾਨੂੰਨ ਸ਼ਬਦ ਵਿਚਕਾਰ ਨਿਖੇੜਾ ਕਰਦਿਆਂ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕੁਦਰਤੀ ਨਿਆਂ ਦੇ ਅਸੂਲਾਂ ਨੂੰ ਕਾਨੂੰਨ ਕਹਿਣ ਨਾਲ ਕਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ ਕਿਉਂ ਕਿ ਜ਼ਾਬਤੇ ਨਾਲ ਸਬੰਧਤ ਕੁਦਰਤੀ ਨਿਆਂ ਦੇ ਅਸੂਲਾਂ ਨੂੰ ਕਿਤੇ ਵੀ ਪਰਿਭਾਸ਼ਤ ਨਹੀਂ ਕੀਤਾ ਗਿਆ ਅਤੇ ਸੰਵਿਧਾਨ ਦੇ ਪਾਠ ਤੋਂ ਅਸਪਸ਼ਟ ਅਤੇ ਧੁੰਧਲੇ ਮਿਆਰ ਕਾਇਮ ਨਹੀਂ ਕੀਤੇ ਜਾ ਸਕਦੇ।

       ਭਾਰਤੀ ਸੰਵਿਧਾਨ ਦੇ ਅਨੁਛੇਦ 21 ਵਿਚ ਆਉਂਦੇ ਸ਼ਬਦ ਕਾਨੂੰਨ ਦਾ ਮਤਲਬ ਹੈ ਰਾਜ ਦੁਆਰਾ ਬਣਾਇਆ ਗਿਆ ਕਾਨੂੰਨ, ਨ ਕਿ ਉਹ ਕਾਨੂੰਨ ਜਿਸ ਤੋਂ ਮੁਰਾਦ ਕੁਦਰਤੀ ਨਿਆਂ ਦੇ ਅਸੂਲ ਲਈ ਜਾ ਸਕਦੀ ਹੋਵੇ ਜੋ ਕਿ ਸਮਾਜ ਦੁਆਰਾ ਬਣਾਏ ਗਏ ਕਾਨੂੰਨ ਦੇ ਦਾਇਰ ਤੋਂ ਬਾਹਰ ਦੀ ਚੀਜ਼ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਾਨੂੰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨੂੰਨ : ਪਰਿਭਾਸ਼ਾ, ਫ਼ਿਲਾਸਫ਼ੀ ਆਦਿ––‘ਕਾਨੂੰਨ’ ਸ਼ਬਦ ਦੇ ਵੱਖ ਵੱਖ ਸਮਾਜਾਂ ਵਿਚ ਵੱਖੋ ਵੱਖ ਅਰਥ, ਭਾਵ ਅਤੇ ਵੱਖੋ ਵੱਖ ਗੱਲਾਂ ਸ਼ਾਮਲ ਹਨ ਜਿਵੇਂ ਕਿ ਕੁਦਰਤ ਦੇ ਕਾਨੂੰਨ, ਈਸ਼ਵਰ ਦੇ ਕਾਨੂੰਨ, ਸਦਾਚਾਰ ਦੇ ਕਾਨੂੰਨ, ਸਾਕਾਰਤਮਕ ਕਾਨੂੰਨ ਆਦਿ। ਫੇਰ ਬਾਹਰੀ ਪ੍ਰਕਿਰਤੀ ਅਤੇ ਮਨੁਖੀ ਕਿਰਿਆਵਾਂ ਵਿਚਕਾਰ ਰੇਖਾ ਖਿੱਚੀ ਗਈ। ਬਲੈਕਸਟੋਨ ਅਨੁਸਾਰ ‘ਕਾਨੂੰਨ’ ਆਪਣੇ ਅਤਿ ਸਾਧਾਰਨ ਅਤੇ ਵਿਆਪਕ ਅਰਥ ਵਿਚ ‘ਕਿਰਿਆ ਦਾ ਨਿਯਮ’ ਹੈ, ਜੋ ਜੀਵ ਜਾਂ ਨਿਰਜੀਵ, ਤਰਕਪੂਰਨ ਜਾਂ ਤਰਕ-ਰਹਿਤ ਸਭ ਤਰ੍ਹਾਂ ਦੀਆਂ ਕਿਰਿਆਵਾਂ ਤੇ ਇਕਸਾਰ ਲਾਹੂ ਹੁੰਦਾ ਹੈ। ਵੱਖੋ ਵੱਖ ਦੇਸ਼ਾਂ ਵਿਚ ਕਾਨੂੰਨ ਦਾ ਵਿਕਾਸ ਨਾਲੋ ਨਾਲ ਅਤੇ ਵੱਖ ਵੱਖ ਸਮਾਜਕ ਅਤੇ ਰਾਜਨੀਤਕ ਹਾਲਾਤ ਵਿਚ ਹੋਇਆ। ਕਾਨੂੰਨ ਦੇ ਸਮਾਨਵਾਚੀ ਸ਼ਬਦ ਹਿੰਦੂ ਪ੍ਰਣਾਲੀ ਵਿਚ ‘ਧਰਮ’, ‘ਵਿਧੀ’ ਅਤੇ ‘ਵਿਵਹਾਰ’ ਆਦਿ, ਇਸਲਾਮੀ ਸਿਸਟਮ ਵਿਚ ‘ਹੁਕਮ’ ਹਨ ਜੋ ਭਿੰਨ ਭਿੰਨ ਭਾਵਾਂ ਅਤੇ ਵਿਚਾਰਾਂ ਦੇ ਸੂਚਕ ਹਨ। ਕਾਨੂੰਨ ਦੇ ਅਧਿਐਨ ਲਈ ਇਸ ਦੇ ਸ਼ਾਸਤਰ ਨੂੰ ਪੱਛਮੀ ਵਿਦਵਾਨ ‘ਕਾਨੂੰਨ ਸ਼ਾਸਤਕ’ ਆਖਦੇ ਹਨ। ਅਨੇਕਾਂ ਕਾਨੂੰਨ ਸ਼ਾਸਤਰੀ ਵਿਚਾਰ-ਧਾਰਾਵਾਂ ਵਿਚ ਵੱਖੋ ਵੱਖ ਦ੍ਰਿਸ਼ਟੀਕੋਣਾਂ ਤੋਂ ਇਸ ਦੀਆਂ ਬਹੁਤ ਹੀ ਭਿੰਨ ਭਿੰਨ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨਟ। ‘ਜਸਟੀਨੀਅਨ ਡਾਈਜੈਸਟ’ ਵਿਚ ‘ਕਾਨੂੰਨ’ ਨੂੰ ਨਿਆਂ ਅਤੇ ਅਨਿਆਂ ਦਾ ਮਿਸਰ ਆਖਿਆ ਗਿਆ ਹੈ। ਸਿਸਰੋ ਇਸ ਨੂੰ ‘ਪ੍ਰਕਿਰਤੀ ਦਾ ਸਰਬ-ਉੱਚ ਕਾਰਨ ਅਤੇ ਤਰਕ’ ਦਸਦਾ ਹੈ। ਪਰ ਅਮਲੀ ਤੌਰ ਤੇ ਰੋਮਨ ਕਾਨੂੰਨਦਾਨਾਂ ਨੇ ਕਾਨੂੰਨ ਅਤੇ ਨਿਆਂ ਨੂੰ ਇਕਮਿਕ ਨਹੀਂ ਮੰਨਿਆ। ਹਿੰਦੂ ਵਿਚਾਰਧਾਰਾ ਵਿਚ ਇਹ ਈਸ਼ਵਰੀ ਆਗਿਆ ਅਤੇ ਮਨੁੱਖੀ ਧਰਮ ਹੈ। ਰਾਜਾ ਅਤੇ ਰੰਕ ਲਈ ਇਸ ਦਾ ਪਾਲਣ ਕਰਨਾ ਲਾਜ਼ਮੀ ਹੈ। ਕਾਨੂੰਨ ਸਬੰਧੀ ਇਸ ਦ੍ਰਿਸ਼ਟੀਕੋਣ ਨਾਲ ਸਦਾਚਾਰਕ ਅਤੇ ਧਾਰਮਕ ਆਦੇਸ਼ ਕਾਨੂੰਨ ਮਰਯਾਦਾ ਵਿਚ ਜਾ ਰਲਦੇ ਹਨ। ਅਜੋਕੇ ਸਮੇਂ ਵਿਚ ਕਾਨੂੰਨ ਅਧਿਕ ਤੌਰ ਤੇ ਧਰਮ-ਨਿਰਪੱਖ ਹੋ ਕੇ ਸਮਾਜਕ ਵਿਗਿਆਨ ਦਾ ਭਾਗ ਬਣ ਗਿਆ ਹੈ। ਆਸਟਿਨ ਅਨੁਸਾਰ ‘ਕਾਨੂੰਨ’ ਰਾਜਨੀਤਕ ਤੌਰ ਤੇ ਉਚੇਚੇ ਮਨੁੱਖਾਂ ਦੁਆਰਾ ਅਧੀਨ ਪੁਰਖਾਂ ਲਈ ਬਣਾਏ ਨਿਯਮਾਂ ਦਾ ਸਮੂਹ, ਅਰਥਾਤ ਪ੍ਰਭੁਤਾਧਾਰੀ ਹੁਕਮਰਾਨ ਦਾ ਹੁਕਮ ਹੈ, ਜਿਸ ਦਾ ਪਾਲਣ ਕਰਨਾ ਇਕ ਕਰਤੱਵ ਬਣਦਾ ਹੈ ਅਤੇ ਇਸ ਦੀ ਉਲੰਘਣਾ ਲਈ ‘ਦੰਡ’ ਦੀ ਵਿਵਸਥਾ ਹੈ।

          ਗਿਆਨ ਦੀਆਂ ਹੋਰ ਸ਼ਾਖਾਵਾਂ ਵਾਂਗ ਕਾਨੂੰਨ-ਸ਼ਾਸਤਰ ਦਾ ਨਿਯਮਿਤ ਅਧਿਐਨ ਰੋਮਨ ਲੋਕਾਂ ਵਿਚ ਪ੍ਰਚੱਲਿਤ ਹੋਇਆ। ਮਹਾਨ ਰੋਮਨ ਕਾਨੂੰਨਦਾਨ ਅਲਪੀਐਨ ਨੇ ਕਾਨੂੰਨ ਸ਼ਾਸਤਰ ਦਾ ਲੱਛਣ ‘ਰੱਬੀ ਅਤੇ ਮਨੁੱਖੀ ਗੱਲਾਂ ਦਾ ਗਿਆਨ, ਸਹੀ ਅਤੇ ਗ਼ਲਤ ਗੱਲਾਂ ਦਾ ਵਿਗਿਆਨ’ ਦਸਿਆ। ਇੰਗਲੈਂਡ ਵਿਚ ਇਸ ਵਿਸ਼ੇ ਨੂੰ ਸਭ ਤੋਂ ਪਹਿਲਾ ਹਾੱਬਜ਼ ਨੇ ਛੋਹਿਆ। ਆਸਟਿਨ ਨੇ ਇਸ ਖੇਤਰ ਵਿਚ ਨਵਾਂ ਜੁਗ ਲਿਆਂਦਾ। ਉਸ ਅਨੁਸਾਰ ਕਾਨੂੰਨ ਵਿਗਿਆਨ ਕੇਵਲ ਸਾਕਾਰਾਤਮਕ ਅਰਥਾਤ ਨਿਰੋਲ ਨਿਸਚਿਤ ਕਾਨੂੰਨਾਂ ਨਾਲ ਸਬੰਧਤ ਹੈ। ਹਾਲੈਂਡ ਨੇ ਕਾਨੂੰਨ ਸ਼ਾਸਤਰ ਦੀ ਪਰਿਭਾਸ਼ਾ ‘ਸਾਕਾਰਾਤਮਕ ਕਾਨੂੰਨ ਦਾ ਵਿਧਿਵਤ ਵਿਗਿਆਨ’ ਵਜੋਂ ਕੀਤੀ। ਸਾਮੰਡ ਦੀ ਪਰਿਭਾਸ਼ਾ, ‘ਜਿਊਰਿਸਪਰੂਡੈਨਸ ਕਾਨੂੰਨ-ਵਿਗਿਆਨ ਹੈ’ ਸਭ ਤੋਂ ਵੱਧ ਲੋਕ-ਪਿਆਰੀ ਹੋ ਗਈ। ਕਾਨੂੰਨ ਤੋਂ ਉਸ ਦਾ ਭਾਵ ਦੇਸ਼-ਵਿਦੇਸ਼ ਦੇ ਕਾਨੂੰਨ ਜਾਂ ਸਿਵਲ ਕਾਨੂੰਨ ਤੋਂ ਹੈ। ਕਾਨੂੰਨੀ ਥਿਊਰੀਆਂ ਦੇ ਇਤਿਹਾਸਕ ਸਰਵੇਖਣ ਵਿਚ ਅਨੇਕਾਂ ਪ੍ਰਾਚੀਨ ਵਿਚਾਰ-ਪੱਧਤੀਆਂ ਦੇ ਦਰਸ਼ਨ ਹੁੰਦੇ ਹਨ। ਯੂਨਾਨ ਦੇ ਪ੍ਰਾਚੀਨ ਵਿਚਾਰਕਾਂ ਦੀ ‘ਨਿਆਂ’ ਬਾਰੇ ਬ੍ਰਹਿਮੰਡ-ਆਦਰਸ਼ਾਂ ਦੀ ਵੰਡ ਦੇਣ ਹੈ। ਅਰਸਤੂ ਦੇ ਮਤ ਅਨੁਸਾਰ ‘ਪ੍ਰਾਣੀ’ ਜ਼ੁੰਮੇਵਾਰੀਆਂ ਦਾ ਸੋਮਾ ਹੈ। ਉਸ ਦੀ ਅਸਲ ਪ੍ਰਕਿਰਤੀ ਉਸ ਦੇ ਅਤਿ ਸੰਪੂਰਨ ਅਤੇ ਅਤਿ ਮੁਕੰਮਲ ਵਿਕਾਸ ਦੇ ਰੂਪ ਵਿਚ ਹੈ। ਪੰਜਵੀਂ ਸਦੀ ਦੇ ਅਸ਼ਾਂਤ, ਬੁਧੀਜੀਵੀ ਅਤੇ ਰਾਜਨੀਤਿਕ ਵਾਤਾਵਰਣ ਵਿਚ ਅਫ਼ਲਾਤੂਨ ਨੇ ‘ਨਿਆਂ’ ਦੀ ਖ਼ਾਸੀਅਤ ਨੂੰ ਨਗਰ-ਰਾਜ ਦੇ ਮਨੁੱਖੀ ਨਿਯਮ ਨਾਲੋਂ ਕਿਤੇ ਵਧੇਰੇ ਸਥਿਰ ਅਤੇ ਨਿਰੋਲ ਰੂਪ ਨਾਲ ਸਬੰਧ ਜੋੜ ਕੇ ਮੁੜ ਪਰਿਭਾਸ਼ਤ ਕੀਤਾ ਸੀ। ‘ਦਾ ਰੀਪਬਲਿਕ’ ਵਿਚਲੇ ਸਮਾਜਕ ਸਿਖਰ ਦੀ ਹਾਲਤ ‘ਯੂਟੋਪੀਆ’ ਵਿਚ ਅਫਲਾਤੂਨ ਨਿਆਂ ਨੂੰ ਇਕ ਨਿਰਮਾਣ ਕਲਾ ਵਾਲੀ ਪਰਿਭਾਸ਼ਾ ਦਿੰਦਾ ਹੈ। ਉਸ ਅਨੁਸਾਰ, “ਫ਼ਿਲਸਫ਼ਰ ਨਰੇਸ਼ਾਂ ਦੁਆਰਾ ਨਿਸ਼ਚਿਤ ਕੀਤੇ ਆਦਰਸ਼ਕ ਰੂਪਾਂ ਦੇ ਮੁਤਾਬਕ ਰਾਜ ਦੇ ਤਰਤੀਬਣ ਨਾਲ ਹੀ ‘ਨਿਆ’ ਦਾ ਬੋਲ ਬਾਲ ਹੁੰਦਾ ਹੈ।” ਪ੍ਰਾਕਿਰਤਕ ਕਾਨੂੰਨ ਦੀ ਯੂਨਾਨੀ ਸੋਚ-ਪ੍ਰਣਾਲੀ ਨੂੰ ਜ਼ੀਨੋ ਦੇ ਪੈਰੋਕਾਰ ਵੈਰਾਗੀ ਦਾਰਸ਼ਨਿਕ ਸਟੋਇਕਸ ਨੇ ਹੋਰ ਸੂਖਮ ਬਣਾ ਦਿਤਾ। ਉਨ੍ਹਾਂ ਮਨੁੱਖਾਂ ਅੰਦਰ ਅੰਦਰੁਨੀ ਨਿਆਂ-ਤਰਕ ਦੀ ਹੋਂਦ ਦਰਸਾ ਕੇ ਹਰੇਕ ਨੂੰ ਸਰਬ ਜਗਤ ਨਾਲ ਜੋੜ ਦਿੱਤਾ। ਇਸ ਫ਼ਿਲਾਸਫ਼ੀ ਦਾ ਰੋਮਨ ਚਿੰਤਨ ਤੇ ਬੜਾ ਪ੍ਰਭਾਵ ਪਿਆ। ਕਾਨੂੰਨੀ ਮਾਹਿਰਾਂ ਦੇ ਖ਼ਾਸ ਵਰਗ ਦੀ ਅਣਹੋਂਦ ਕਾਰਨ ਯੂਨਾਨੀ ਕਾਨੂੰਨ ਕਿਸੇ ਪ੍ਰਣਾਲੀ ਦੇ ਤੌਰ ਤੇ ਜੀਵਤ ਨਹੀਂ ਰਿਹਾ। ਇਸ ਦੇ ਉਲਟ ਰੋਮਨ ਕਾਨੂੰਨ ਦਾ ਵਿਦਵਾਨ ਵਕੀਲਾਂ ਅਤੇ ਮੈਜਿਸਟ੍ਰੇਟਾਂ ਦੀਆਂ ਕੋਸ਼ਿਸ਼ਾਂ ਦੇ ਸਦਕੇ ਪੱਛਮੀ ਸਮਾਜ ਦੀ ਸਥਾਈ ਵਿਰਾਸਤ ਦੇ ਰੂਪ ਵਿਚ ਵਿਕਾਸ ਹੋਇਆ। ਇਸ ਤਰ੍ਹਾਂ ਰੋਮਨਾਂ ਦਾ ਅਨਘੜ ਦੀਵਾਨੀ ਕਾਨੂੰਨ ਕੁਦਰਤੀ ਕਾਨੂੰਨ ਤੇ ਆਧਰਿਤ ਜਨ-ਸਾਧਾਰਨ ਤੇ ਲਾਗੂ ਹੋਣ ਵਾਲੇ ਕਾਨੂੰਨ ਵਿਚ ਬਦਲ ਗਿਆ। ਇਸ ਨੇ ਰੋਮਨਾਂ ਅਤੇ ਵਿਦੇਸ਼ੀਆਂ ਸਭਨਾਂ ਤੇ ਲਾਗੂ ਹੋਣ ਵਾਲੇ ਅਸੂਲਾਂ ਦਾ ਰੂਪ ਧਾਰ ਲਿਆ। ਕਈ ਸਦੀਆਂ ਤਕ, ਖ਼ਾਸ ਕਰਕੇ ਪਹਿਲੀ ‘ਬਾਬਲੀ ਜਲਾਵਤਨੀ’ ਦੇ ਦੌਰਾਨ ਅਤੇ ਮਗਰੋਂ, ਯਹੂਦੀ ਧਰਮ-ਅਧਿਕਾਰੀਆਂ ਅਤੇ ਅਦਾਲਤਾਂ ਦੇ ਅਮਲਦਰਾਮਦ ਕਾਨੂੰਨ ਕਾਮਨ ਲਾ ਦੀ ਪਰੰਪਰਾ ਦੇ ਮਹਾਨ ਰੋਮਨ ਕਾਨੂੰਨਦਾਨਾ ਅਤੇ ਮਹਾਨ ਜੱਜਾਂ ਦੀਆਂ ਕਿਰਤਾਂ ਨਾਲ ਹੀ ਮਿਲਦੇ ਜੁਲਦੇ ਹਨ। ਮੱਧ-ਜੁਗੀ ਕਾਲ ਵਿਚ ‘ਹਿਪੋ’ ਦੇ ਸੇਂਟ ਆਗਸਟ ਨੇ ਰੱਬੀ ਕਾਰਣ ਨੂੰ ਰੱਬੀ ਇੱਛਾ ਦੇ ਬਰਾਬਰ ਜੋੜ ਕੇ ਇਸ ਨੂੰ ਮਨੁੱਖ ਅਤੇ ਹੋਰਨਾਂ ਸਭਨਾਂ ਪ੍ਰਾਣੀਆਂ ਦੇ ਸਿੱਧੇ ਤੌਰ ਤੇ ਬੰਧਨਕਾਰੀ, ਇਕਰਸ, ਅਬਦੀ, ਰੱਬੀ ਕਾਨੂੰਨ ਦੇ ਉਚੇ ਤੋਂ ਉਚੇ ਸੋਮੇ ਦਾ ਦਰਜਾ ਦੇ ਦਿਤਾ।

          ਵਿਚਾਰ ਸੰਪ੍ਰਦਾਵਾਂ

          ਕਾਨੂੰਨ-ਪ੍ਰਣਾਲੀ ਅਤੇ ਵਿਚਾਰ ਦੇ ਕ੍ਰਮਬੱਧ ਅਧਿਐਨ ਲਈ ਰੋਮਨ ਕਾਨੂੰਨ ਆਰੰਭਿਕ ਨੁਕਤਾ ਹੈ। ਰੋਮਨ ਲੋਕਾਂ ਨੇ ਕਾਨੂੰਨ ਪ੍ਰਤੀ ਅਜੋਕੀ ਵਿਸ਼ਲੇਸ਼ਣਾਤਮਕ ਰਸਾਈ ਦੀ ਨੀਂਹ ਰੱਖੀ। ਪਰ ਉਨ੍ਹਾਂ ਕਾਨੂੰਨ ਨੂੰ ‘ਨਿਆਂ’ ਅਤੇ ‘ਸਦਾਚਾਰ’ ਵਿਚ ਰਲਾ ਦਿਤਾ। ਯੂਨਾਨੀ ਕਾਨੂੰਨ ਸਬੰਧੀ ਵਿਚਾਰ, ਸਾਨੂੰ ਯੂਨਾਨੀ ਸਾਹਿਤ ਅਤੇ ਫ਼ਿਲਾਸਫ਼ੀ ਦੇ ਵਿਸ਼ਿਆਂ ਤੇ,ਖ਼ਾਸ ਕਰਕੇ ਹੋਮਰ, ਸੁਕਰਾਤ, ਅਫ਼ਲਾਤੂਨ ਅਤੇ ਅਰਸਤੂ ਦੀਆਂ ਰਚਨਾਵਾਂ ਤੋਂ ਦ੍ਰਿਸ਼ਟੀਗੋਚਰ ਹੁੰਦੇ ਹਨ। ਉਨ੍ਹਾਂ ਨੇ ‘ਪ੍ਰਾਕਿਰਤਕ’ ਜਾਂ ‘ਅਜ਼ਲੀ’ ਕਾਨੂੰਨ ਦਾ ਉਸ ਸਮੇਂ ਪ੍ਰਚੱਲਿਤ ਸਾਕਾਰਾਤਮਕ ਕਾਨੂੰਨ ਨਾਲ ਸਬੰਧ ਦਰਸਾਇਆ। ਧਰਮ-ਨਿਰਪੱਖ ਸਰਕਾਰ ਦੀ ਵਿਚਾਰ-ਪ੍ਰਣਾਲੀ ਨੂੰ ਢਾਹ-ਢੇਰੀ ਕਰਕੇ ਚਰਚ (ਈਸਾਈ ਧਰਮ) ਨੇ ਆਪਣੀ ਅਧਿਕਾਰ-ਸੱਤਾ ਜਮਾ ਲਈ। ਸੁਧਾਰਵਾਦ ਨੇ ਧਰਮ ਅਤੇ ਧਾਰਮਕ ਕਾਰਜ-ਕਲਾਪਾਂ ਵਿਚਾਲੇ ਲਕੀਰ ਖਿੱਚ ਦਿਤੀ। ਇਥੋਂ ਹੀ ਨਵੀਨ ਯੁਗ ਦੇ ਕਾਨੂੰਨ-ਸ਼ਾਸਤ ਦਾ ਪਿੜ ਬੱਝਾ। ਗ੍ਰੋਟਿਅਸ ਅਤੇ ਉਸ ਪਿਛੋਂ ਲਾੱਕ ਅਤੇ ਰੂਸੋ ਨੇ ਇਸ ਸਬੰਧੀ ਦ੍ਰਿਸ਼ਟੀਕੋਣ ਨੂੰ ਉੱਕਾ ਹੀ ਬਦਲਕੇ ਸ਼ਖ਼ਸੀ ਆਜ਼ਾਦੀ ਦਾ ਝੰਡਾ ਗੱਡ ਦਿੱਤਾ। ਵਿਸ਼ਲੇਸ਼ਣ-ਆਤਮਕ ਜਾਂ ਸਾਕਾਰਾਤਮਕ ਵਿਚਾਰਕਾਂ ਵਿਚ ਕਾਨੂੰਨਦਾਨ ਵਕੀਲਾਂ ਅਤੇ ਕਾਨੂੰਨੀ ਅਧਿਆਪਕਾਂ ਦੀ ਬਹੁ-ਗਿਣਤੀ ਸੀ। ਉਨ੍ਹਾਂ ‘ਕੁਦਰਤੀ ਕਾਨੂੰਨ’ ਦੇ ਖ਼ਿਆਲੀ ਅਤੇ ਕਲਪਣਾ-ਭਰਪੂਰ ਅਸਪਸ਼ਟ ਵਿਚਾਰਾਂ ਦੀ ਨਿਖੇਧੀ ਕਰਕੇ ਸੁਨਿਸ਼ਚਤ ਕਾਨੂੰਨ ਦੇ ਵਿਸ਼ਲੇਸ਼ਣ ਉਤੇ ਜ਼ੋਰ ਦਿਤਾ। ਬੈਂਥਮ ਨੇ ‘ਵਿਅਕਤੀਵਾਦ’ ਦੇ ਵਿਸ਼ਲੇਸ਼ਣ ਉਤੇ ਜ਼ੋਰ ਦਿਤਾ। ਬੈਂਥਮ ਨੇ ‘ਵਿਅਕਤੀਵਾਦ’ ਦੇ ਆਪਣੇ ਵਿਚਾਰਾਂ ਵਿਚ ਵਿਅਕਤੀ ਦੀ ਸੁਤੰਤਰਤਾ ਨੂੰ ਮੁੱਖਤਾ ਪ੍ਰਦਾਨ ਕੀਤੀ। ਉਸ ਨੇ ਕਾਨੂੰਨ ਨੂੰ ਸੰਘਤਮਾ-ਬੱਧ ਕਰਨ ਦੀ ਵਕਾਲਤ ਅਤੇ ਜੱਜ ਦੇ ਬਣਾਏ ਕਾਨੂੰਨ ਅਤੇ ਰਿਵਾਜ ਦੀ ਨਿੰਦਿਆ ਕੀਤੀ। ਇਸੇ ਵਿਅਕਤੀਵਾਦ ਨੇ ਉਪਯੋਗਤਾਵਾਦ ਦਾ ਰੂਪ ਧਾਰ ਲਿਆ। ਡਾਇਸੀ ਨੇ ਵਿਅਕਤੀਵਾਦ ਦੇ ਸੰਦੇਸ਼ ਨੂੰ ਰਾਜਕੀ ਸਮਾਜਵਾਦ ਦਾ ਬਾਨੀ ਮੰਨਿਆ ਹੈ। ਜਾਨ ਆੱਸਟਿਨ (1790-1839) ਇਸ ਵਿਸ਼ਲੇਸ਼ਣਾਤਮਕ ਪ੍ਰਣਾਲੀ ਦਾ ਮੋਢੀ ਸੀ। ਉਸ ਨੇ ਅੰਗਰੇਜ਼ੀ ਕਾਨੂੰਨ ਨੂੰ ਨਿਯਮਬੱਧ ਕੀਤਾ। ਆੱਸਟਿਨ ਦੇ ‘ਕਾਨੂੰਨ ਹੁਕਮ ਹੈ’ ਸਿਧਾਂਤ ਦੇ ਆਧਾਰ ਤੇ ਇਸ ਦੀ ਵਿਚਾਰ-ਪ੍ਰਣਾਲੀ ਨੂੰ ਹੁਕਮੀ ਜਾਂ ਆਦੇਸ਼ਾਤਮਕ ਵੀ ਆਖਿਆ ਜਾਂਦਾ ਹੈ। ਆੱਸਟਿਨ ਨੇ ਕਾਨੂੰਨ ਦੀ ਪਰਿਭਾਸ਼ਾ ‘ਇਕ ਸੂਝਵਾਨ ਵਿਅਕਤੀ ਦੀ ਅਗਵਾਈ ਲਈ ਉਸ ਉਪਰ ਆਪਣੀ ਸੱਤਾ ਜਮਾਉਣ ਵਾਲੇ ਸੂਝਵਾਨ ਵਿਅਕਤੀ ਦੁਆਰਾ ਸਥਾਪਿਤ ਨਿਯਮਾਂ’ ਵਜੋਂ ਕੀਤੀ ਹੈ। ਸਾਮੰਡ ਅਤੇ ਗ੍ਰੇ ਨੇ ਇਸ ਥਿਊਰੀ ਵਿਚ ਸੁਧਾਰ ਕਰਕੇ ਕਾਨੂੰਨ ਨੂੰ ‘ਨਿਆਂ ਅਦਾਲਤਾਂ ਵਲੋਂ ਮਾਨਤਾ-ਪ੍ਰਾਪਤ ਅਤੇ ਅਮਲ ਵਿਚ ਲਿਆਂਦੇ ਨਿਯਮ’ ਅਤੇ ‘ਰਾਜ ਦੇ ਨਿਆਇਕ ਅੰਗ ਵਜੋਂ ਕਾਰਜਕਾਰੀ ਵਿਅਕਤੀਆਂ ਦੇ ਆਚਰਨ ਦੇ ਨਿਯਮ’ ਦਸਿਆ। ਫ਼ਰਾਂਸ ਦੀ ਕ੍ਰਾਂਤੀ ਮਗਰੋਂ ਅਠਾਰ੍ਹਵੀਂ ਸਦੀ ਵਿਚ ‘ਰਾਸ਼ਟਰਵਾਦ’ ਦਾ ਦੌਰਾ-ਦੌਰਾ ਸੀ। ਇਟਲੀ ਵਿਚ ਵੀਕੋ, ਫ਼ਰਾਂਸ ਵਿਚ ਮੌਂਤੈਸਕਿਊ, ਇੰਗਲੈਂਡ ਵਿਚ ਬਰਕ ਆਦਿ ਮਹਾਨ ਵਿਚਾਰਕਾਂ ਨੇ ਮਨੁੱਖੀ ਆਤਮਾ ਦੀ ਖੋਜ ਵਿਚ ਅਗਵਾਈ ਅਤੇ ਗਿਆਨ ਦੀ ਪ੍ਰਾਪਤੀ ਲਈ ਇਤਿਹਾਸ ਵਲ ਮੁੜ ਕੇ ਇਤਿਹਾਸਕ ਵਿਚਾਰਧਾਰਾ ਦੀ ਦਾਗ਼ਬੇਲ ਪਾਈ। ਅਨੇਕਾਂ ਕਾਨੂੰਨ-ਸੰਗ੍ਰਹਿਆਂ ਵਿਚ ‘ਨਪੋਲੀਅਨ ਸੰਘਤਾ’ ਨੇ ਮੁੱਖ ਥਾਂ ਮੱਲ ਲਈ। ਬਰਲਿਨ ਯੂਨੀਵਰਸਿਟੀ ਦੇ ਅਧਿਆਤਮਕ ਸਾਵੀਨਾਈ ਦੇ ਕਾਨੂੰਨ ਨੂੰ ‘ਲੋਕਾਂ ਦੇ ਜੀਵਨ ਦੀ ਉਪਜ ਅਤੇ ਉਨ੍ਹਾਂ ਦੀ ਆਤਮਾ ਦਾ ਪੂਰਨ ਰੂਪ’ ਮੰਨਿਆ ਅਤੇ ਇਸ ਦਾ ਸਰੋਤ ਆਮ ਚੇਤਨਾ ਵਿਚੋਂ ਲੱਭਿਆ। ਜਰਮਨੀ ਵਿਚ ਹੀਗਲ ਅਤੇ ਸਪੈਂਗਲਰ ਆਦਿ ਅਨੇਕਾਂ ਵਿਚਾਰਵਾਨਾਂ ਨੇ ਇਤਿਹਾਸ ਨੂੰ ਨਵੇਂ ਅਰਥ ਬਖ਼ਸ਼ਕੇ ਕਾਨੂੰਨ ਫ਼ਿਲਾਸਫ਼ੀ ਦੀ ਨਵੀਂ ਤਹਿਰੀਕ ਚਲਾਈ। ਹੀਗਲ ਅਨੁਸਾਰ ‘ਰਾਜ ਅਤੇ ਕਾਨੂੰਨ ਦੋਵੇਂ ਮਨੁੱਖੀ ਤਰਕ ਦੀ ਵਿਕਾਸਆਤਮਕ ਉਪਜ ਹਨ।’ ਮਹਾਨ ਅੰਗਰੇਜ਼ ਕਾਨੂੰਨਦਾਨ ਸਰ ਹੈਨਰੀ ਮੈਨ ਨੇ ਅਨੇਕਾਂ ਮਨੁੱਖੀ ਫ਼ਿਰਕਿਆਂ ਦੀਆਂ ਕਾਨੂੰਨੀ ਸੰਸਥਾਵਾਂ ਦਾ ਤੁਲਨਾਤਮਕ ਅਧਿਐਨ ਕਰਕੇ ਕਾਨੂੰਨ ਦੇ ਵਿਕਾਸ ਦੇ ਸਿਧਾਂਤ ਦੀ ਸਥਾਪਨਾ ਕੀਤੀ। ਉਨ੍ਹਾਂ ਅੰਗਰੇਜ਼ੀ ਅਤੇ ਰੋਮਨ ਕਾਨੂੰਨ ਦੇ ਇਕ ਦੂਜੇ ਤੋਂ ਸੁਤੰਤਰ ਤੌਰ ਤੇ, ਪਰ ਸਾਮਾਨ-ਅੰਤਰ, ਵਧਣ ਫੁਲਣ ਦੀ ਵਿਆਖਿਆ ਕੀਤੀ। 1861 ਵਿਚ ਉਸ ਦੀ ਰਚਨਾ ‘ਪ੍ਰਾਚੀਨ ਕਾਨੂੰਨ’ ਦੇ ਪ੍ਰਕਾਸ਼ਿਤ ਹੋਣ ਮਗਰੋਂ ਭਾਰਤ ਵਿਚ ਮੇਨ ਦੇ ਤਜ਼ਰਬੇ ਨੇ ਉਸ ਦੀਆਂ ਰੁਚੀਆਂ ਨੂੰ ਜੋ ਵਿਸ਼ਾਲਤਾ ਬਖ਼ਸ਼ੀ, ਉਸ ਤੋਂ ਉਸ ਨੇ ਘੱਟ ਪਰਿਚਿਤ ਅਤੇ ਘੱਟ ਵਿਕਸਿਤ ਪ੍ਰਣਾਲੀਆਂ, ਜਿਹਾ ਕਿ ਬ੍ਰੇਹੋਨ, ਹਿੰਦੂ, ਵੈਲਸ਼, ਜਰਮੈਨਿਕ, ਐਂਗਲੋ ਸੈਕਸਨ ਅਤੇ ਹਿਬ੍ਰਿਊ ਦਾ ਅਤੇ ਆਦਿ ਮਨੁੱਖ-ਜਾਤੀਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਮੇਨ ਦੀ ਰਚਨਾ ਵਿਚ ਬਾਇਓਲੌਜੀਕਲ ਤੋਂ ਲੈ ਕੇ ਸਮਾਜਕਤਾਵਾਦ ਦਾ ਭਰਪੂਰ ਮਿਲਵਾਂ ਪ੍ਰਭਾਵ ਝਲਕਦਾ ਹੈ। ਅਗਸਤੇ ਕੋਓਂਟ (1786-1857) ਸਮਾਜ-ਵਿਗਿਆਨ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾਂ ਵਿਅਕਤੀ ਸੀ ਅਤੇ ਕਈ ਕਾਨੂੰਨਦਾਨ ਉਸ ਨੂੰ ਸਮਾਜ-ਵਿਗਿਆਨ ਦਾ ਬਾਨੀ ਮੰਨਦੇ ਹਨ। ਉਸ ਦਾ ਅਪਣਾਈਆਂ ਤਰੀਕਾ ਸਾਇੰਟਿਫਿਕ ਪਾੱਜ਼ੇਟਿਵਿਜ਼ਮ ਅਖਵਾਂਦਾ ਹੈ। ਉਸ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਡੂਰਕੈਨ ਨੇ ਇਹੋ ਪ੍ਰੇਰਣਾ ਅਤੇ ਸ਼ਾਗਿਰਦ ਦਿਊਗੂਈ (Duguit) ਨੂੰ ਦਿਤੀ। ਡੂਰਕੈਨ ਅਨੁਸਾਰ ਸਮਾਜਕ ਮੇਲ ਵਿਚ ਲੇਬਰ (ਮਿਹਨਤ) ਦੀ ਵੰਡ ਸਭ ਤੋਂ ਅਹਿਮ ਤੱਤ ਹੈ। ਇਸੇ ਨੂੰ ਉਸ ਨੇ ‘ਸਮਾਜਕ ਨਿੱਗਰਤਾ’ ਦਾ ਨਾਂ ਦਿੱਤਾ। ਦਿਊਗੂਈ ਦੇ ਵਿਚਾਰ ‘ਕਾਨੂੰਨ ਦੀ ਖ਼ਾਲਸ ਥਿਊਰੀ’ ਦੇ ਪ੍ਰਤਿਪਾਦਕ ਕੈਲਸਨ ਨਾਲ ਮੇਲ ਖਾਂਦੇ ਹਨ। ‘ਗਰੁੱਪ’ ਦੀ ਅਹਿਮੀਅਤ ਤੇ ਦਿਊਗੂਈ ਦੇ ਬਲ ਦੇਣ ਤੋਂ ਪ੍ਰੇਰਣਾ ਲੈ ਕੇ ਉਸ ਤੋਂ ਪਿਛਲੇਰੇ ਕਾਨੂੰਨਦਾਨਾਂ ‘ਹੋਰੀਔ’ ਅਤੇ ‘ਰੇਨਾਰ’ ਨੇ ਸੰਸਥਾਆਤਮਕ ਥਿਊਰੀ ਦੀ ਸਿਰਜਨਾ ਕੀਤੀ। ਜਰਮਨ ਕਾਨੂੰਨਦਾਨ ਗੀਰਕੈ (1841-1921) ਆਪਣੀ ‘ਗਰੁੱਪ-ਸ਼ਖਸੀਅਤ ਦੀ ਅਸਲੀਅਤ’ ਦੇ ਸਿਧਾਂਤ ਲਈ ਪ੍ਰਸਿੱਧ ਹੈ। ਵਿਸ਼ਲੇਸ਼ਣਾਤਮਕ, ਇਤਿਹਾਸਕ, ਦਾਰਸ਼ਨਿਕ ਵਿਚਾਰ-ਵਰਗਾਂ ਅਤੇ ਗਰੁੱਪ-ਥਿਊਰੀਆਂ ਦੀ ਕਿਰਿਆ ਅਤੇ ਪ੍ਰਤਿਕਿਰਿਆ ਇਕ ਦੂਜੇ ਤੇ ਚਲਦੀ ਰਹੀ ਅਤੇ ਇਹ ਸਭ ਇਕ ਦੂਜੇ ਦੀਆਂ ਪੂਰਕ ਸਿੱਧ ਹੋਈਆਂ। ਇਸ ਤਰ੍ਹਾਂ ਕਾਨੂੰਨ ਦੀਆਂ ਸਮਾਜ-ਵਿਗਿਆਨੀ ਥਿਊਰੀਆਂ ਹੋਂਦ ਵਿਚ ਆਈਆਂ। ਇਨ੍ਹਾਂ ਥਿਊਰੀਆਂ ਦੇ ਪ੍ਰਤਿਪਾਦਕਾਂ ਦਾ ਮੋਢੀ ਰੂਡੋਲਫ਼ ਫਾੱਨ ਇਹਰਿੰਗ ਸਮਝਿਆ ਜਾਂਦਾ ਹੈ। ਉਸ ਦੇ ਇਤਿਹਾਸਕ ਵਿਚਾਰਧਾਰਾ ਨੂੰ ਰੱਦ ਕਰਕੇ ਸਮਾਜਕ ਉਪਯੋਗਤਾਵਾਦ ਨੂੰ ਪ੍ਰਚਾਰਿਆ। ਉਸ ਅਨੁਸਾਰ ਕਾਨੂੰਨ ‘ਰਾਜ ਦੀ ਰੋਕਥਾਮ ਦੀ ਸ਼ਕਤੀ ਦੁਆਰਾ ਸੁਨਿਸ਼ਚਿਤ ਕੀਤੀਆਂ ਸਮਾਜ ਦੇ ਜੀਵਨ ਦੀਆਂ ਹਾਲਤਾਂ ਦੀ ਗਾਰੰਟੀ ਹੈ। ਉਹ ਕਾਨੂੰਨ ਨੂੰ ਮੰਤਵ ਪੂਰਤੀ ਲਈ ਸਾਧਨ ਮੰਨਦਾ ਹੈ। ਵੀਹਵੀਂ ਸਦੀ ਦੇ ਮੁੱਢ ਵਿਚ ਕਾਨੂੰਨ ਨੂੰ ਮੰਤਵ ਪੂਰਤੀ ਲਈ ਸਾਧਨ ਮੰਨਦਾ ਹੈ। ਵੀਹਵੀਂ ਸਦੀ ਦੇ ਮੁੱਢ ਵਿਚ ਕਾਨੂੰਨ ਉਪਰ ਕਈ ਪ੍ਰਕਾਰ ਦੇ ਫ਼ਰਜੀ ਅਨੁਮਾਨ ਥੋਪੇ ਗਏ। ਮਨੁੱਖੀ ਇੱਛਾ ਨੂੰ ਪਲਾਂਘਦੇ ਮਨੁੱਖੀ ਆਚਰਨ ਲਈ ਮਿਆਰ-ਸਥਾਪਨ ਦੇ ਅਰਥ ਵਿਚ ਪ੍ਰਾਕਿਰਤਕ ਕਾਨੂੰਨ ਵੀਹਵੀਂ ਸਦੀ ਵਿਚ ਮੁੜ-ਜੀਵਤ ਹੋ ਉਠਿਆ। ਫਰਾਂਸੀਸੀ ਕਾਨੂੰਨ-ਵੇਤਾ ‘ਜ਼ੀਨੋ’ ਨੇ ਆਪਣੀ ਰਚਨਾ ‘ਅਰਥ ਕਰਨ ਦੇ ਤਰੀਕੇ’ (1899) ਵਿਚ ਨਿਆਂ-ਪਾਲਕਾ ਵਲੋਂ ਕਾਨੂੰਨਸਾਜ਼ੀ ਦੇ ਰੋਲ ਨੂੰ ਦਰਸਾਇਆ। ਇਸ ਨਾਲ ਕਾਨੂੰਨ ਦੇ ਸ੍ਰੋਤ ਸਬੰਧੀ ਪ੍ਰਸ਼ਨ ਪੈਦਾ ਹੋ ਗਏ ਅਤੇ ਵਸਤਾਂ ਜਾਂ ਤੱਥਾਂ ਦੀ ਨੌਈਅਤ ਦੀ ਮਹੱਤਤਾ ਉਜਾਗਰ ਹੋ ਗਈ। ਏਰਲਿਕ (1882-1922) ਦੇ ਥੀਸਸ ਵਿਚ ਕੇਂਦਰੀ ਨੁਕਤਾ ਇਹ ਹੈ ਕਿ ਸਮੁਦਾਏ ਦਾ ਕਾਨੂੰਨੀ ਮਿਆਰ ਅਤੇ ਰਿਵਾਜਾਂ ਆਦਿ ਵਿਚਕਾਰ ਕੋਈ ਵੱਡਾ ਫ਼ਰਕ ਨਹੀਂ। ਸਮਾਜਕਤਾ-ਵਾਦੀ ਕਾਨੂੰਨ-ਸ਼ਾਸਤਕ ਦੇ ਖੇਤਰ ਵਿਚ ’ਰਾੱਸਕੋ ਪਾਊਂਡ’ ਅਮਰੀਕੀ ਨੇਤਾ ਮੰਨਿਆ ਜਾਂਦਾ ਹੈ। ਉਸਨੇ ਕਾਨੂੰਨ ਦੇ ਕਿਰਿਆਤਮਕ ਪਹਿਲੂ ਉਤੇ ਵਧੇਰੇ ਜ਼ੋਰ ਦਿਤਾ ਹੈ। ਉਸ ਦੀ ਵੱਡੀ ਧਾਰਨਾ ਇਹ ਹੈ ਕਿ ਕਾਨੂੰਨ ਦਾ ਕਾਰਜ ‘ਸਮਾਜੀ ਇੰਜਨੀਅਰੀ’ ਹੈ ਜਿਸ ਦਾ ਭਾਵ ਸਮਾਜ ਵਿਚ ਮੁਕਾਬਲੇ ਦੀ ਹੋੜ ਵਿਚ ਲੱਗੇ ਹਿੱਤਾਂ ਵਿਚਕਾਰ ਸੰਤੁਲਨ ਹੈ। ਦੂਜੇ ਸ਼ਬਦਾਂ ਵਿਚ ਕਾਨੂੰਨ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਹਿਤਾਂ ਦਾ ਮੁਲਾਂਕਣ ਕਰੇ ਅਤੇ ਸਮਾਜਕ ਤੌਰ ਤੇ ਸਭ ਤੋਂ ਮੁੱਲਵਾਨ ਮੰਤਵਾਂ ਦੀ ਚੋਣ ਕਰਕੇ ਉਨ੍ਹਾਂ ਦੀ ਪ੍ਰਾਪਤੀ ਕਰਾਵੇ। ‘ਮਾਰਕਸਵਾਦ’ ਵਿਚ ਇਕ ਤਾਂ ਕਾਨੂੰਨੀ, ਨੈਤਿਕ, ਆਰਥਕ ਅਤੇ ਮਨੋਵਿਗਿਆਨਿਕ ਜਾਂਚ––ਪੜਤਾਲਾਂ ਦੇ ਗੂੜ੍ਹੇ ਅੰਤਰ ਸਬੰਧਾਂ ਦੀ ਪ੍ਰੌੜ੍ਹ ਵਿਚਾਰਧਾਰਾ ਰਲਦੀ ਹੈ, ਦੂਜੇ ਇਨ੍ਹਾਂ ਵਿਚੋਂ ਆਰਥਕ ਤੱਤਾਂ ਨੂੰ ਮੁੱਖ ਥਾਂ ਦਿਤੀ ਗਈ ਹੈ। ਮਾਰਕਸੀ ਸਿਧਾਂਤ ਅਨੁਸਾਰ ਰਾਜਸੀ ਅਤੇ ਅਦਾਲਤੀ ਸਿਸਟਮ ਰਾਜ ਅਤੇ ਕਾਨੂੰਨ––ਸਮਾਜ ਦੇ ਉਪਰਲੇ ਢਾਂਚੇ ਦੀ ਨੁਮਾਇੰਦਗੀ ਕਰਦੇ ਹਨ। ਰਾਜ ਅਤੇ ਉਸ ਦੇ ਜ਼ੋਰ-ਜਬਰ ਵਾਲੇ ਕਾਨੂੰਨ ਕੇਵਲ ਜਮਾਤੀ ਗ਼ਲਬੇ ਦੇ ਸਾਧਨ-ਮਾਤਰ ਹਨ ਜੋ ਕਮਿਊਨਿਜ਼ਮ ਜਾਂ ਸਮਾਜਵਾਦ ਹੇਠ, ਜਿਥੇ ਜ਼ੋਰ-ਜਬਰ ਲਈ ਕੋਈ ਥਾਂ ਨਹੀਂ, ਫਾਲਤੂ ਅਤੇ ਅਣਲੋੜੀਂਦੇ ਬਣ ਜਾਣਗੇ। ਪੂਰਾ ਸਾਮਵਾਦ ਆਉਣ ਤੱਕ ਦੇ ਸੰਧੀ-ਕਾਲ ਦੇ ਦੌਰਾਨ ਉਹ ਖ਼ੁਦ-ਬਖ਼ੁਦ ਘਸ ਪਿਟ ਜਾਣਗੇ। ਕੁਝ ਅਜੋਕੀਆਂ ਥਿਊਰੀਆਂ, ਜਿਨ੍ਹਾਂ ਦੇਸ਼ਾਂ ਵਿਚ ਪ੍ਰਤਿ-ਪਾਦਤ ਹੋਈਆਂ, ਉਹ ਉਨ੍ਹਾਂ ਦੀਆਂ ਕਾਨੂੰਨੀ ਪ੍ਰਣਾਲੀਆਂ ਦਾ ਵਿਸ਼ਲੇਸ਼ਣ-ਮਾਤਰ ਹਨ। ਕੁਝ ਲੇਖਕਾਂ ਨੇ ਇਨ੍ਹਾਂ ਕਾਨੂੰਨਦਾਨਾ ਨੂੰ ਨਾਜ਼ੀ, ਫਾਸਿਸਟ, ਸੋਵੀਅਤ ਅਤੇ ਅਮਰੀਕੀ ਕਾਨੂੰਨਦਾਨਾਂ ਦੀਆਂ ਸ਼ਰੇਣੀਆਂ ਵਿਚ ਵੰਡਿਆ ਹੈ। ‘ਵੈਬਰ’ ਦਾ ਇਤਿਹਾਸਕ ਤਰੀਕਾ ਉਸ ਨੂੰ ਮੇਨ ਨਾਲ ਜੋੜਦਾ ਹੈ, ਪਰ ਵਿਕਾਸ-ਕ੍ਰਮ ਤੋਂ ਉਹ ਜਿਸ ਸਿਧਾਂਤ ਤੇ ਅਪੜਦਾ ਹੈ, ਉਹ ਮਾਰਕਸਵਾਦੀ ਹੈ। ਮਾਰਕਸੀ ਕਿਆਸਾਂ ਦੇ ਆਧਾਰ ਤੇ ਆਪਣੀ ਥਿਊਰੀ ਘੜਨ ਵਾਲਾ ਆਸਟਰੀਆ ਦਾ ਸਮਾਜਵਾਦੀ ‘ਕਾਰਲ ਰੈਨਰ’ ਕਾਨੂੰਨ ਦੀ ਸਰਮਾਏਦਾਰਾਨਾਂ ਪ੍ਰਣਾਲੀ ਦਾ ਵਿਰੋਧੀ ਹੈ। ਉਸ ਅਨੁਸਾਰ ਸਰਮਾਏਦਾਰ ਨੇ ‘ਮਲਕੀਅਤ’ ਦੇ ਨਾਂ ਹੇਠਾਂ ਮਨੁੱਖਾਂ ਉਪਰ ਹੁਕਮ ਦੀ ਸੱਤਾ ਬਣਾ ਲਈ ਹੈ, ਜੋ ਕਿ ਪਬਲਿਕ ਸੱਤਾ ਹੈ। ਯਥਾਰਥਵਾਦੀ ਤਹਿਰੀਕ ਸਮਾਜਿਕਤਾਵਾਦੀ ਰੁਖ ਦਾ ਭਾਗ ਹੈ, ਅਤੇ ਕਦੇ ਕਦਾਈਂ ਇਸ ਨੂੰ ‘ਕਿਰਿਆਤਮਕ ਵਿਚਾਰਧਾਰਾ ਦਾ ਖੱਬਾ ਅੰਗ’ ਆਖਿਆ ਜਾਂਦਾ ਹੈ। ਅਮਰੀਕਾ ਵਿਚ ‘ਅਮਲੀ ਫ਼ਿਲਾਸਫ਼ੀ’ ਅਤੇ ਨਿਆਂਪਾਲਕਾ ਦੇ ਸੰਗਠਨ ਨੇ ਇਸ ਨੂੰ ਪ੍ਰਭਾਵਿਤ ਕੀਤਾ। ‘ਗ੍ਰੇ’ ਅਤੇ ‘ਹੋਮਜ਼’ ਨੇ, ਜੋ ਕੁਝ ਜੱਜ ਕਰਾਰ ਦਿੰਦੇ ਹਨ, ਉਸ ਨੂੰ ਕਾਨੂੰਨ ਆਖਿਆ ਹੈ। ਜੱਜ ਫਰੈਂਕ ਦੇ ਮਤ ਅਨੁਸਾਰ ‘ਨਜ਼ੀਰ’ ਜਾਂ ‘ਕਾਨੂੰਨ ਨੂੰ ਸੰਘਤਾਬੱਧ ਕਰਨ’ ਦੇ ਨਾਂ ਤੇ ਕਾਨੂੰਨੀ ਨਿਸ਼ਚਿਤਤਾ ਦੀ ਥੋਥੀ ਕਲਪਨਾ ਨਾਲ ਚਿੰਬੜੇ ਰਹਿਣਾ ਨਹੀਂ ਚਾਹੀਦਾ। ‘ਲੁਐਲਿਨ’ ਅਨੁਸਾਰ ‘ਯਥਾਰਥਵਾਦ’ ਕਾਨੂੰਨ ਬਾਰੇ ਵਿਚਾਰ ਅਤੇ ਕਾਰਜ ਦੀ ਤਹਿਰੀਕ ਹੈ। ਉਹ ਨਜ਼ੀਰੀ ਕਾਨੂੰਨ (Case law) ਦੇ ਅਧਿਐਨ ਤੇ ਜ਼ੋਰ ਦਿੰਦਾ ਹੈ। ਕੌਲਸਨ ਨੇ ਆਪਣੀ ‘ਕਾਨੂੰਨ ਦੀ ਖਾਲਸ ਥਿਊਰੀ’ ਵਿ ਚਰਾਜ-ਪ੍ਰਭਤਾ, ਨਿੱਜੀ ਅਤੇ ਜਨਤਕ ਕਾਨੂੰਨ, ਕਾਨੂੰਨੀ ਸ਼ਖਸੀਅਤ, ਅਧਿਕਾਰ ਅਤੇ ਕਰਤੱਵ ਅਤੇ ਕੌਮਾਂਤਰੀ ਕਾਨੂੰਨਾਂ ਦੀਆਂ ਧਾਰਨਾਵਾਂ ਨੂੰ ਛੋਹਿਆ। ਉਹ ਕਾਨੂੰਨ ਅਤੇ ਰਾਜ ਨੂੰ ਦੋ ਵੱਖਰੀਆਂ ਹਸਤੀਆਂ ਨਹੀਂ ਮੰਨਦਾ ਅਤੇ ਨਾ ਹੀ ਜਨਤਕ ਅਤੇ ਨਿਜੀ ਕਾਨੂੰਨ ਵਿਚ ਫ਼ਰਕ ਕਰਦਾ ਹੈ। ਉਸ ਨੇ ਕੌਮਾਂਤਰੀ ਕਾਨੂੰਨ ਨੂੰ ਪ੍ਰਧਾਨਤਾ ਦਿਤੀ।

          ਪ੍ਰਾਕਿਰਤਕ ਕਾਨੂੰਨ ਤੋਂ ਭਾਵ ਹੈ ਉਹ ਨਿਯਮ ਅਤੇ ਸਿਧਾਂਤ ਜੋ (ਕਿਸੇ ਰਾਜਨੈਤਿਕ ਜਾਂ ਦੁਨਿਆਵੀ ਅਧਿਕਾਰਾਂ ਤੋਂ ਭਿੰਨ ਕਿਸੇ ਹੋਰ) ਕਿਸੇ ਸਰਬਉੱਚ ਸਰੋਤ ਤੋ ਨਿਕਲੇ ਹੋਣ। ਵੱਖੋ ਵੱਖ ਕਾਨੂੰਨਦਾਨਾਂ ਨੇ ਇਸ ਦੇ ਸੋਤ-ਆਧਾਰ ਤੇ ਵੱਖੋ ਵੱਖ ਨਾਂ ਦਿੱਤੇ ਹਨ, ਜਿਵੇਂ ਕਿ ‘ਰੱਬੀ ਕਾਨੂੰਨ’, ‘ਸਦਾਚਾਰਕ ਕਾਨੂੰਨ’, ‘ਕੁਦਰਤ ਦਾ ਕਾਨੂੰਨ’ ਜਾਂ ‘ਪ੍ਰਕਿਰਤਕ ਕਾਨੂੰਨ’, ‘ਸਰਬੋਤਮ ਕਾਨੂੰਨ’, ‘ਪਰਮਾਤਮਾ ਦਾ ਕਾਨੂੰਨ’, ‘ਅਲਿਖਤ ਕਾਨੂੰਨ’ ਆਦਿ। ਯੂਨਾਨੀ ਵਿਚਾਰਕਾਂ ਨੇ ‘ਪ੍ਰਾਕਿਰਤਕ ਕਾਨੂੰਨ’ ਦੇ ਵਿਚਾਰ ਨੂੰ ਵਿਕਸਿਤ ਕਰਕੇ ਇਸ ਦੀਆਂ ਅਤਿ ਜ਼ਰੂਰੀ ਵਿਸ਼ੇਸ਼ਤਾਈਆਂ ਦੀ ਸਥਾਪਨਾ ਕੀਤੀ। ਇਸ ਨੇ ਰੋਮ ਵਿਚ ਕਾਨੂੰਨੀ ਵਿਕਾਸ ਦੇ ਬਹੁਤ ਪ੍ਰਭਾਵ ਪਾਇਆ। ‘Jus Gentium’ ਰੋਮਨ ਕਾਨੂੰਨ ਦਾ ਭਾਗ ਬਣ ਗਿਆ। ਰੋਮਨ ਵਕੀਲਾਂ ਨੇ ‘ਸਾਕਾਰਤਮਕ ਕਾਨੂੰਨ’ ਅਤੇ ‘ਪ੍ਰਾਕਿਰਤਕ ਕਾਨੂੰਨ’ ਵਿਚਾਕਾਰ ਫ਼ਰਕ ਦੇ ਮਸਲੇ ਨੂੰ ਨਹੀਂ ਵਿਚਾਰਿਆ। ਰੋਮ ਵਿਚ ਗ਼ੁਲਾਮ ਲੋਕ ਇਸ ਕਾਨੂੰਨ ਦੇ ਲਾਭਾਂ ਤੋਂ ਵਾਂਝੇ ਰਹੇ।

          ਹਿੰਦੂ ਕਾਨੂੰਨੀ ਪੱਧਤੀ, ਸ਼ਾਇਦ ਸੰਸਾਰ ਦੀਆਂ ਸਭਨਾਂ ਕਾਨੂੰਨੀ ਪ੍ਰਣਾਲੀਆਂ ਤੋਂ ਪੁਰਾਣੀ ਹੈ। ਬਹੁਤ ਪਹਿਲੇ ਯੁੱਗ ਵਿਚ ਕਾਨੂੰਨੀ ਸੰਘਤਾ ਦਾ ਬਹੁਤ ਤਰਕਪੂਰਨ ਅਤੇ ਮੁਕੰਮਲ ਵਿਕਾਸ ਹੋਇਆ। ਹਿੰਦੂ ਦ੍ਰਿਸ਼ਟੀ, ਅਨੁਸਾਰ ਕਾਨੂੰਨ ਦੀ ਹੋਂਦ ਦੇ ਕਾਰਨ ਈਸ਼ਵਰ ਹੈ। ਕਾਨੂੰਨ ‘ਸ਼ਰੁਤੀ’ ਅਰਥਾਤ ਵੇਦਾਂ ਵਿਚ ਅਤੇ ਸਿਮਰਿਤੀਆਂ ਵਿਚ ਸੁਰੱਖਿਅਤ ਹੈ। ਕਾਨੂੰਨੀ ਮਾਮਲਿਆਂ ਵਿਚ ਪ੍ਰਾਚੀਨ ਸਿਮਰਿਤੀਕਾਰਾਂ ਨੇ ਯੁਕਤੀ ਅਤੇ ਨਿਆਂ ਤੋਂ ਅਗਵਾਈ ਲਈ ਹੈ। ਧਰਮ-ਸ਼ਾਸਤਰਾਂ ਵਿਚ ਮਤ-ਭਿੰਨਤਾ ਹੋਣ ਤੇ ਯੁਕਤੀ ਤੇ ਆਧਾਰਿਤ ਸਿਧਾਂਤ ਨੂੰ ਸਹੀ ਮੰਨਿਆ ਗਿਆ ਹੈ। ਵੇਦ, ਸਿਮਰਿਤੀ, ਪ੍ਰਵਾਣਿਤ ਰੀਤੀ-ਰਿਵਾਜ ਅਤੇ ਆਤਮਾ ਦੇ ਅਨੁਕੂਲ ਗੱਲਾਂ ਨੂੰ ਕਾਨੂੰਨ ਦੀ ਚੌਂਹ ਮੁਖੀ ਪ੍ਰਤੱਖ ਸਾਖੀ ਕਰਾਰ ਦਿਤਾ ਗਿਆ ਹੈ। ਮੁਢਲੇ ਸਮੇਂ ਵਿਚ ਈਸਾਈ ਪਾਦਰੀਆਂ ਨੇ ਰੂਹਾਨੀ ਆਧਾਰ ਤੋਂ ‘ਪ੍ਰਾਕਿਰਤਕ ਕਾਨੂੰਨ’ ਉਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵਿਚੋਂ ‘ਸੇਂਟ ਆਗਸਤੀਨ’ ਬਹੁਤ ਅਹਿਮ ਹੈ। ਮੱਧ ਜੁਗੀ ਕਾਲ ਵਿਚ ‘ਏਕੁਈਨਾਸ’ ਦੇ ਵਿਚਾਰ ਵਧੇਰੇ ਤਰਕਸੰਗਤ ਅਤੇ ਵਿਵਸਥਤ ਹਨ। ਰੱਬੀ ਗ੍ਰੰਥਾਂ ਵਿਚ ਦਿੱਤੇ ਕਾਨੂੰਨ ਨਾਲ ਅਨੁਕੂਲਤਾ ਲਾਜ਼ਮੀ ਸੀ। ਅਗਲੇ ਜੁਗ ਵਿਚ ਪੁਨਰ-ਉਥਾਨਵਾਦੀ ਵਿਚਾਰ-ਧਾਰਾਵਾਂ ਦਾ ਜ਼ੋਰ ਰਿਹਾ। ਤਰਕਸੰਗਤ ਅਤੇ ਨਵੇਂ ਵਿਚਾਰਾਂ ਦਾ ਵਿਕਾਸ ਹੋਇਆ। ‘ਸਮਾਜਕ ਸਮਝੌਤਾ’ ਦੀ ਵਿਚਾਰਧਾਰਾ ਨੇ ‘ਸਰਕਾਰ’, ਪ੍ਰਭੂ’ ਜਾਂ ‘ਹੁਕਮਰਾਨ’ ਨੂੰ ਹੋਂਦ ਵਿਚ ਲਿਆਂਦਾ। ਪੰਦਰ੍ਹਵੀਂ ਸਦੀ ਵਿਚ ਪ੍ਰਾਕਿਰਤਕ ਕਾਨੂੰਨ ਦਾ ਵਿਰੋਧ ਹੋਇਆ। ਉਨ੍ਹੀਵੀਂ ਸਦੀ ਦੇ ਅੰਤ ਤੇ ਇਹ ਮੁੜ ਸੁਰਜੀਤ ਹੋ ਉਠਿਆ। ਭੌਤਿਕਤਰੱਕੀ ਅਤੇ ਸਮਾਜ ਉਤੇ ਇਸੇ ਦੇ ਅਸਰ ਨੇ ਵਿਚਾਰਕਾਂ ਨੂੰ ਕੁਝ ਕੀਮਤਾਂ ਅਤੇ ਮਿਆਰਾਂ ਦੀ ਲੋੜ ਸੁਝਾਈ। ਹੁਣ ਪ੍ਰਾਕਿਰਤਕ ਕਾਨੂੰਨ ਕਲਪਨਾ ਮਾਤਰ ਅਤੇ ਅਬਦਲਵਾਂ ਨਾ ਰਹਿਕੇ ਹੋਰਨਾਂ ਨਾਲ ਸਬੰਧਤ ਹੋ ਗਿਆ।

          ਪ੍ਰਾਕਿਰਤਕ ਕਾਨੂੰਨ ਦੀ ਧਾਰਨਾਂ ਸਮੇਂ ਸਮੇਂ ਸਿਰ ਬਦਲਦੀ ਰਹੀ ਹੈ। ਇਸ ਕਾਨੂੰਨ ਦੇ ਅਨੇਕਾਂ ਸਿਧਾਂਤ ਕਈ ਇਕ ਕਾਨੂੰਨੀ ਪ੍ਰਣਾਲੀਆਂ ਵਿਚ, ਉਨ੍ਹਾਂ ਦੇ ਸੁਨਹਿਰੀ ਅਸੂਲਾਂ ਵਜੋਂ ਸ਼ਾਮਲ ਕੀਤੇ ਗਏ। ਇੰਗਲੈਂਡ ਵਿਚ ਟ੍ਰਿਬਿਊਨਲਾਂ ਦਾ ਅਦਾਲਤੀ ਕੰਟਰੋਲ, ਬਦੇਸ਼ੀ ਨਿਆਂ-ਨਿਰਣਿਆਂ ਦੀ ਮਾਨਤਾ ਆਦਿ ‘ਪ੍ਰਾਕਿਰਤਕ’ ਕਾਨੂੰਨ’ ਦੇ ਵਿਚਾਰਾਂ ਤੇ ਆਧਾਰਿਤ ਹਨ। ਅਦਲ ਸਾਮਤਾ ਅਤੇ ਚੰਗੀ ਜ਼ਮੀਰ ਦੇ ਸਿਧਾਂਤ ਦੀ ਬੁਨਿਆਦ ਵੀ ਇਹੋ ਪ੍ਰਾਕਿਰਤਕ ਕਾਨੂੰਨ ਹੈ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਅਮਰੀਕੀ ਕਾਨੂੰਨੀ ਢਾਂਚੇ ਤੋਂ ਪਿਆ ਹੈ। ‘ਆਜ਼ਾਦੀ ਦੀ ਘੋਸ਼ਣਾ’ ਵਿਚ ‘ਲਾਕ’ ਅਤੇ ‘ਰੂਸੋ’ ਦੇ ਵਿਚਾਰਾਂ ਦੀ ਟੁਣਕਾਰ ਹੈ। ਇਸ ਵਿਚ ਜੀਵਨ, ਸੁਤੰਤਰਤਾ ਅਤੇ ਸੁਖ-ਪ੍ਰਾਪਤੀ ਨੂੰ ਮਨੁੱਖ ਦੇ ਅਟੱਲ ਅਧਿਕਾਰ ਮੰਨਿਆ ਗਿਆ ਹੈ। ਇਸ ਕੁਦਰਤੀ ਨਿਆਂ ਦੇ ਸਿਧਾਂਤਾਂ ਨਾਲ ਵਿਧਾਨ ਦੀ ਸ਼ਕਤੀ ਨੂੰ ਸੀਮਤ ਕੀਤਾ ਗਿਆ। ਭਾਰਤ ਵਿਚ ਕਈ ਇਕ ਕਾਨੂੰਨੀ ਸਿਧਾਂਤ ਅਤੇ ਧਾਰਨਾਵਾਂ ਇੰਗਲੈਂਡ ਤੋਂ ਅੰਗੀਕਾਰ ਕੀਤੀਆਂ ਗਈਆਂ ਹਨ, ਜਿਵੇਂ ਕਿ ‘ਨੀਮ ਮੁਆਹਿਦਾ’, ‘ਅਪ-ਕਾਰਜ ਵਿਚ ਉਚਿੱਤਤਾ’, ‘ਅਦਲ’ ਸਮਾਨਤਾ ਅਤੇ ਚੰਗੀ ਜ਼ਮੀਰ ਆਦਿ। ਭਾਰਤੀ ਸੰਵਿਧਾਨ ਵਿਚ ਪ੍ਰਾਕਿਤਰਤ ਕਾਨੂੰਨ ਦੇ ਅਨੇਕਾਂ ਸਿਧਾਂਤ ਅਪਣਾਏ ਗਏ ਹਨ। ਇਸ ਰਾਹੀਂ ਗਰੰਟੀ ਕੀਤੇ ਮੂਲ ਅਧਿਕਾਰ, ਇਸੇ ਦੀ ਦੇਣ ਹਨ.। ਰਾਜ ਪ੍ਰਬੰਧਕੀ ਅਤੇ ਨੀਮ-ਅਦਾਲਤੀ ਟ੍ਰਿਬਿਊਨਲਾਂ ਤੇ ਕੰਟਰੋਲ ਦਾ ਅਖ਼ਤਿਆਰ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਨੂੰ ਦਿੱਤਾ ਗਿਆ ਹੈ। ਸੰਵਿਧਾਨ ਦੇ ਅਨੁਛੇਦ 311 ਅਧੀਨ, ਕਿਸੇ ਸਿਵਲ ਮੁਲਾਜ਼ਮ ਨੂੰ ਜਦ ਤਕ ਕਿ ਉਸ ਨੂੰ ‘ਕਾਰਨ ਦੱਸੋ’ ਦਾ ਉਚਿਤ ਮੌਕਾ ਨਾ ਦਿੱਤਾ ਜਾਵੇ, ਬਰਖ਼ਾਸਤ ਕੀਤਾ ਜਾਂ ਉਸ ਦਾ ਦਰਜਾ ਘਟਾਇਆ ਨਹੀਂ ਜਾ ਸਕਦਾ।

          ਕਾਨੂੰਨ ਦੀਆਂ ਕਿਸਮਾਂ––

          ‘ਕਾਨੂੰਨ’ ਸ਼ਬਦ ਵਿਚ ਅਨੇਕਾਂ ਪ੍ਰਕਾਰ ਦੇ ਨਿਯਮ ਅਤੇ ਅਸੂਲ ਸ਼ਾਮਲ ਹਨ, ਜਿਵੇਂ ‘ਕਿ ਕੇਂਦਰ ਵੱਲ ਖਿੱਚੇ ਜਾਣ ਦੇ ਗੁਰੂਤਾ ਦੇ, ਨਿਗਾਹ ਸਬੰਧੀ, ਜਾਂ ਜੰਤਰ-ਵਿਗਿਆਨ ਦੇ ਕਾਨੂੰਨ, ਕੁਦਰਤ ਦੇ ਅਤੇ ਕੌਮਾਂ ਦੇ ਕਾਨੂੰਨ’ ਆਦਿ। ਕਾਨੂੰਨ ਆਪਣੇ ਸਰਬਪੱਖੀ ਅਰਥ ਵਿਚ  ਆਮ ਤੌਰ ਤੇ ਇਸ ਪ੍ਰਕਾਰ ਦਾ ਹੈ––(1) ਹੁਕਮੀ ਕਾਨੂੰਨ : ਇਸ ਤੋਂ ਭਾਵ ਹੈ ਉਹ ਧਾਰਨਾ ਜਾਂ ਕਿਰਿਆ ਦਾ ਨਿਯਮ, ਜੋ ਕਿਸੇ ਅਜਿਹੇ ਅਧਿਕਾਰੀ ਵੱਲੋਂ ਆਰੋਪਿਆ ਜਾਵੇ, ਜੋ ਇਸ ਦੀ ਪਾਲਣਾ ਦੀ ਤਾਮੀਲ ਕਰਾਉਂਦਾ ਹੈ। ਇਹ ਤਾਮੀਲ ਸਰੀਰਕ ਬਲ ਜਾਂ ਕਿਸੇ ਹੋਰ ਸਾਧਨ ਰਾਹੀਂ ਸੁਨਿਸ਼ਚਿਤ ਹੋ ਸਕਦੀ ਹੈ। ਇਸ ਤਾਮੀਲ ਦੇ ਪਿਛੇ ਸਜ਼ਾ ਦਾ ਭਾਵ ਕੰਮ ਕਰਦਾ ਹੈ, (2) ਭੌਤਿਕ ਜਾਂ ਵਿਗਿਆਨਕ ਕਾਨੂੰਨ : ਇਹ ਉਨ੍ਹਾਂ ਇਕਸਾਰ ਹਾਲਤਾਂ ਅਤੇ ਨਿਯਮਤ ਕਿਰਿਆਵਾਂ ਦਾ ਸੂਚਕ ਹੈ, ਜੋ ਕੁਦਰਤ ਦੇ ਅਮਲਾਂ ਵਿਚ ਦਿੰਦੇ ਹਨ, ਜਿਵੇਂ ਕਿ ਰੋਸ਼ਨੀ ਅਤੇ ਤਾਪ ਦੇ ਨਿਯਮ, (3) ਕੁਦਰਤੀ ਕਾਨੂੰਨ : ਇਹ ਕੁਦਰਤੀ ਸਹੀਪਣੇ ਅਤੇ ਦੋਸ਼ ਦਾ ਲਖਾਇਕ ਹੈ। ਕੁਦਰਤੀ ਕਾਨੂੰਨ ਅਤੇ ਨਿਆਂ ਦੇ ਵਿਚਾਰ, ਸਦਾਚਾਰਕ ਜਾਂ ਧਾਰਮਕ ਭਾਵਨਾਵਾਂ ਉਤੇ ਟਿਕੇ ਹੋਏ ਹਨ, (4) ਇਕਰਾਰੀ ਕਾਨੂੰਨ : ਇਸ ਦਾ ਮਤਲਬ ਉਹ ਨਿਯਮ ਜਾਂ ਨਿਯਮਾਂਵਲੀ ਹੈ ਜੋ ਵਿਅਕਤੀਆਂ ਜਾਂ ਵਿਅਕਤੀ-ਗਰੁੱਪਾਂ ਵਿਚ ਪਾਏ ਕਰਾਰ ਦਾ ਨਤੀਜਾ ਹਨ, (5) ਰਿਵਾਜੀ ਕਾਨੂੰਨ ਉਹ ਨਿਯਮ ਜਾਂ ਸਿਧਾਂਤ ਜੋ ਇਕ ਲੰਬੇ ਅਰਸੇ ਤੱਕ ਅਮਲੀ ਤੌਰ ਤੇ ਤੇ ਵਰਤੀਦੇ, ਕਿਸੇ ਖ਼ਾਸ ਸਮੁਦਾਇ ਜਾਂ ਫਿਰਕੇ ਦੇ ਆਚਾਰ-ਵਿਉਹਾਰ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ। ਕਈ ਹੋਰ ਇਨ੍ਹਾਂ ਨੂੰ ਕਾਨੂੰਨ ਦਾ ਸਿਰਫ਼ ਸਰੋਤ ਆਖਦੇ ਹਨ, (6) ਤਕਨੀਕੀ ਕਾਨੂੰਨ : ਕਿਸੇ ਖਾਸ ਟੀਚੇ ਦੀ ਪ੍ਰਾਪਤੀ ਲਈ ਜ਼ਰੂਰੀ ਨਿਯਮ ਹਨ, ਜਿਹਾ ਕਿ ਕਾਵਿ ਸਿਰਜਨ ਦੇ ਕਾਨੂੰਨ ਜਾਂ ਸਿਹਤ ਦੇ ਕਾਨੂੰਨ ਆਦਿ, (7) ਕੌਮਾਂਤਰੀ ਕਾਨੂੰਨ : ਇਹ ਉਹ ਨਿਯਮ-ਸਮੂਹ ਹਨ ਜਿਨ੍ਹਾਂ ਦੁਆਰਾ ਰਾਜ ਇਕ ਦੂਜੇ ਪ੍ਰਤੀ ਆਪਣੇ ਸਬੰਧਾਂ ਵਿਚ ਸ਼ਾਸਤ ਹੁੰਦੇ ਹਨ। ਕੌਮਾਂਤਰੀ ਕਾਨੂੰਨ ਦਾ ਆਧਾਰ ਕੁਝ ਵਿਚਾਰਕ ਪ੍ਰਾਕਿਰਤਕ ਕਾਨੂੰਨ ਨੂੰ ਮੰਨਦੇ ਹਨ, ਜਦ ਕਿ ਦੂਜੇ ਇਸ ਨੂੰ ਇਕ ਪ੍ਰਕਾਰ ਦਾ ਰਿਵਾਜੀ ਕਾਨੂੰਨ ਜਾਂ ਆਪਸੀ ਕਰਾਰ ਜਾਂ ਸਮਝੌਤੇ ਦਾ ਕਾਨੂੰਨ ਸਮਝਦੇ ਹਨ। ਅਸਲ ਵਿਚ ਇਹ ਤਿੰਨੇ ਪ੍ਰਕਾਰ ਦੇ ਕਾਨੂੰਨਾਂ ਦਾ ਸੰਗ੍ਰਹਿ ਹੈ, (8) ਸਿਵਲ ਲਾਅ : ਇਸ ਦਾ ਅਰਥ ਹੈ, ‘ਦੇਸ ਵਿਦੇਸ਼ ਦਾ ਜਾਂ ਮਿਊਂਸਪਲ ਕਾਨੂੰਨ’। ਇਸ ਨੂੰ ਰਾਜ ਦੀਆਂ ਅਦਾਲਤਾਂ ਲਾਗੂ ਕਰਦੀਆਂ ਹਨ। ਕਾਨੂੰਨ ਸ਼ਾਸਤਰ ਵਿਚ ਦਰਅਸਲ ਕਾਨੂੰਨ ਇਸੇ ਨੂੰ ਆਖਿਆ ਜਾਂਦਾ ਹੈ। ਸਾਮੰਡ ਦੇ ਵਿਚਾਰ ਵਿਚ ਸ਼ਬਦ ਦੇ ਨਿਰੋਲ ਅਤੇ ਮੂਲ ਅਰਥ ਵਿਚ ਇਹੋ ਕਾਨੂੰਨ ਹੈ। ਹੋਰਨਾਂ ਸੂਰਤਾਂ ਵਿਚ ਕੇਵਲ ਸਦ੍ਰਿਸ਼ਤਾ ਦੇ ਵਿਸਤਾਰ ਨਾਲ ਸ਼ਬਦ ਕਾਨੂੰਨ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿਚ ਉਪਰੋਕਤ ਕਾਨੂੰਨ ਦੀਆਂ ਕਿਸਮਾਂ ਨਹੀਂ ਸਗੋਂ ਉਨ੍ਹਾਂ ਦੀ ਗਿਣਤੀ ਮਾਤਰ ਹੈ।

          ਕਾਨੂੰਨ ਦੀਆਂ ਸ਼ਰੇਣੀਆਂ––

          ਕਾਨੂੰਨ ਮੋਟੇ ਤੌਰ ਤੇ ਦੋ ਸ਼ਰੇਣੀਆਂ (1) ਕੌਮਾਂਤਰੀ ਕਾਨੂੰਨ ਅਤੇ (2) ਮਿਊਂਸਪਲ ਜਾਂ ਕੌਮੀ ਕਾਨੂੰਨ ਵਿਚ ਵੰਡਿਆ ਗਿਆ ਹੈ। ਕੌਮਾਂਤਰੀ ਕਾਨੂੰਨ ਦਾ ਮੌਜੂਦਾ ਰੂਪ ਪਿਛੇ ਜਿਹੇ ਹੀ ਹੋਂਦ ਵਿਚ ਆਇਆ ਹੈ। ਕੁਝ ਕਾਨੂੰਨਦਾਨ ਇਸ ਨੂੰ ਫੇਰ ਦੋ-ਸ਼ਰੇਣੀਆਂ ਵਿਚ ਵੰਡਦੇ ਹਨ। (1) ਪਬਲਿਕ ਕੌਮਾਂਤਰੀ ਕਾਨੂੰਨ ਅਤੇ (2) ਪ੍ਰਾਈਵੇਟ ਕੌਮਾਂਤਰੀ ਕਾਨੂੰਨ। ਕਾਨੂੰਨ ਦੀ ਇਸ ਸ਼ਰੇਣੀ ਨੂੰ ‘ਕਾਨੂੰਨਾਂ ਦਾ ਵਾਦ-ਵਿਵਾਦ’ ਵੀ ਆਖਿਆ ਜਾਂਦਾ ਹੈ। ਰਾਜ ਅੰਦਰ ਲਾਗੂ ਜਾਂ ਮਿਊਂਸਪਲ ਕਾਨੂੰਨ ਦੀਆਂ ਵੀ ਦੋ ਸ਼ਰੇਣੀਆਂ ਹਨ (1) ਪਬਲਿਕ ਕਾਨੂੰਨ ਅਤੇ (2)ਪ੍ਰਾਈਵੇਟ ਕਾਨੂੰਨ। ਰਾਜ ਦੀਆਂ ਸਰਗਰਮੀਆਂ ਬਹੁਤ ਹੱਦ ਤੱਕ ਪਬਲਿਕ ਜਾਂ ਜਨਤਕ ਕਾਨੂੰਨ ਰਾਹੀਂ ਵਿਨਿਯਮਿਤ ਹੁੰਦੀਆਂ ਹਨ। ਇਹ ਰਾਜ ਦੇ ਸੰਘਟਨ ਅਤੇ ਕਾਰਜਾਂ ਨੂੰ ਤੈਅ ਅਤੇ ਵਿਨਿਯਤ ਕਰਦਾ ਹੈ ਅਤੇ ਰਾਜ ਦਾ ਆਪਣੀ ਪਰਜਾ ਨਾਲ ਸਬੰਧ ਦਾ ਨਿਰਣਾ ਕਰਦਾ ਹੈ। ਜਨਤਕ ਕਾਨੂੰਨ ਫੇਰ ਤਿੰਨ ਸ਼ਰੇਣੀਆਂ ਵਿਚ ਵੰਡਿਆ ਹੋਇਆ ਹੈ। (1) ਸੰਵਿਧਾਨਕ ਕਾਨੂੰਨ, (2) ਰਾਜਪ੍ਰਬੰਧਕੀ ਕਾਨੂੰਨ ਅਤੇ (3) ਫੌਜਦਾਰੀ ਕਾਨੂੰਨ। ਸੰਵਿਧਾਨਕ ਕਾਨੂੰਨ ਦੇਸ਼ ਦੇ ਆਮ ਕਾਨੂੰਨਾਂ ਨਾਲੋਂ ਉਚੇਰਾ ਅਤੇ ਚੰਗੇਰਾ ਕਾਨੂੰਨ ਹੈ। ਆਮ ਕਾਨੂੰਨ ਆਪਣਾ ਅਧਿਕਾਰ ਅਤੇ ਬਲ ਇਸੇ ਤੋਂ ਪ੍ਰਾਪਤ ਕਰਦਾ ਹੈ। ਸੰਵਿਧਾਨਕ ਕਾਨੂੰਨ ਰਾਜ ਦਾ ਬੁਨਿਆਦੀ ਜਾਂ ਮੌਲਿਕ ਕਾਨੂੰਨ ਹੈ। ਇਹ ਭਾਰਤ ਵਿਚ ਲਿਖਤੀ ਅਤੇ ਇੰਗਲੈਂਡ ਵਿਚ ਅਲਿਖਤ ਹੋ ਸਕਦਾ ਹੈ। ਅਜੋਕੇ ਯੁੱਗ ਵਿਚ ਲਿਖਤੀਪ ਸੰਵਿਧਾਨ ਦੀ ਵਧੇਰੇ ਪ੍ਰਵਿਰਤੀ ਹੈ, (2) ਰਾਜਪ੍ਰਬੰਧਕੀ ਕਾਨੂੰਨ ਵਿਚ ਉਸ ਤਰੀਕੇ ਨੂੰ ਨਿਯਮ ਕਰਨ ਵਾਲੇ ਸਭ ਨਿਯਮ ਆ ਜਾਂਦੇ ਹਨ, ਜਿਨ੍ਹਾਂ ਦੁਆਰਾ ਸਰਕਾਰ ਸੰਵਿਧਾਨ ਵਿਚ ਉਸ ਨੂੰ ਦਿਤੀਆਂ ਸ਼ਕਤੀਆਂ ਦੀ ਵਰਤੋਂ ਕਰਦੀ ਹੈ, (3) ਫ਼ੌਜਦਾਰੀ ਕਾਨੂੰਨ ਅਪਰਾਧਾਂ ਨੂੰ ਪਰਿਭਾਸ਼ਤ ਅਤੇ ਉਨ੍ਹਾਂ ਲਈ ਸਜ਼ਾਵਾਂ ਨਿਯਤ ਕਰਦਾ ਹੈ। ਰਾਜ ਅੰਦਰ ਅਮਨ ਤੇ ਵਿਵਸਥਾ ਬਣਾਈ ਰਖਣ ਲਈ ਇਸ ਦੀ ਲੋੜ ਹੈ। ਸਭਯ ਸਮਾਜਾਂ ਵਿਚ ਅਪਰਾਧ (ਅਪਰਾਧਾਂ ਦਾ ਸ਼ਿਕਾਰ ਹੋਏ) ਕਿਸੇ ਖਾਸ ਵਿਅਕਤੀ ਦੇ ਖਿਲਾਫ਼ ਨਹੀਂ ਸਗੋਂ ਸਮੁੱਚੇ ਸਮਾਜ ਵਿਰੁੱਧ ਜੁਰਮ ਗਿਣਿਆ ਜਾਂਦਾ ਹੈ। ਫ਼ੌਜਦਾਰੀ ਮਾਮਲਿਆਂ ਵਿਚ ਰਾਜ ਇਕ ਧਿਰ ਬਣ ਕੇ ਅਪਰਾਧੀ ਦੇ ਖਿਆਫ਼ ਕਾਰਵਾਈ ਚਲਾਉਂਦਾ ਹੈ। ਪ੍ਰਾਈਵੇਟ ਕਾਨੂੰਨ ਦੀਆਂ ਆਮ ਤੌਰ ਤੇ ਇਹ ਸ਼ਰੇਣੀਆਂ ਹਨ (1) ਵਿਅਕਤੀਆਂ ਦਾ ਕਾਨੂੰਨ, (2) ਜਾਇਦਾਦ ਦਾ ਕਾਨੂੰਨ, (3) ਜ਼ੁੰਮੇਦਾਰੀਆਂ ਦਾ ਕਾਨੂੰਨ। ਜ਼ੁੰਮੇਦਾਰੀਆਂ ਦਾ ਕਾਨੂੰਨ ‘ਮੁਆਹਿਦਾ’, ‘ਨੀਮ ਮੁਆਹਿਦਾ’ ਅਤੇ ‘ਅਪਦੂਸ਼ਣ’ ਵਿਚ ਵੰਡਿਆ ਹੋਇਆ ਹੈ। ਜ਼ਾਬਤੇ ਦਾ ਕਾਨੂੰਨ ਅਤੇ ਕਾਨੂੰਨ ਸ਼ਹਾਦਤ ਵੀ ਪ੍ਰਾਈਵੇਟ ਕਾਨੂੰਨ ਦੀਆਂ ਸ਼ਾਖਾਵਾਂ ਹਨ। ਇਹ ਸ਼ਰੇਣੀ-ਵੰਡ ਸਰਬਪੱਖੀ ਅਤੇ ਸੰਪੂਰਨ ਨਹੀਂ।

          ਕਾਨੂੰਨ ਅਤੇ ਸਦਾਚਾਰ

          ਕਾਨੂੰਨ ਅਤੇ ਸਦਾਚਾਰ ਦੀ ਇਕ ਦੂਜੇ ਤੇ ਕਿਰਿਆ ਅਤੇ ਪ੍ਰਤੀਕਿਰਿਆ ਚਲਦੀ ਰਹਿੰਦੀ ਹੈ ਅਤੇ ਉਹ ਇਕ ਦੂਜੇ ਨੂੰ ਢਾਲਦੇ ਰਹਿੰਦੇ ਹਨ। ਸਦਾਚਾਰ ਦੇ ਨਿਯਮ ਨਿਆਂ, ਸਾਮਯਾ ਅਤੇ ਚੰਗੇ ਅੰਤਹਕਰਣ ਦੇ ਨਾਂ ਤੇ ਕਾਨੂੰਨ ਦੇ ਤਾਣੇ-ਬਾਣੇ ਵਿਚ ਘੁਸ ਗਏ ਹਨ। ਅਦਾਲਤੀ ਕਾਨੂੰਨ-ਸਾਜ਼ੀ ਵਿਚ, ਕਾਨੂੰਨੀ ਧਾਰਨਾਵਾਂ ਦੇ ਅਰਥ ਕਰਨ ਵਿਚ ਅਤੇ (ਸਜ਼ਾਵਾਂ ਆਦਿ ਦੇਣ ਵਿਚ) ਅਦਾਲਤੀ ਸਵੈਵਿਵੇਕ ਦੀ ਵਰਤੋਂ ਕਰਨ ਵਿਚ, ਇਹ ਨੈਤਿਕ ਵਿਚਾਰ ਅਹਿਮ ਰੋਲ ਅਦਾ ਕਰਦੇ ਹਨ। ਇਖ਼ਲਾਕੀ ਨਿਯਮ ਵਿਧਾਨੀ ਸ਼ਕਤੀ ਦੇ ਅੰਕੁਸ਼ ਰਖਦੇ ਹਨ। ਕਾਨੂੰਨ ਇਕ ਤਰ੍ਹਾਂ ਸਦਾਚਾਰਾਂ ਨਾਲ ਮੁਕੰਮਲ ਹੁੰਦਾ ਹੈ।

          ਕਾਨੂੰਨ ਦੀ ਉਤਪੱਤੀ ਬਾਰੇ ਅਨੇਕਾਂ ਮੱਤ ਹਨ। ਆਸਟਨ ਅਨੁਸਾਰ ਇਹ ਸ਼ਰਬਸ਼ਕਤੀਮਾਨ ਹੁਕਮਰਾਨ ਤੋਂ ਉਪਜਿਆ ਹੈ। ਸਾਵੀਨਾਈ ਇਸ ਦਾ ਮੁੱਢ ਲੋਕ-ਚੇਤਨਾ ਨਾਲ ਜੋੜਦਾ ਹੈ। ਸਮਾਜਕਤਾਵਾਦੀ ਅਨੇਕਾਂ ਬੇਮੇਲ ਤੱਤਾਂ ਵਿਚੋਂ ਇਸ ਦਾ ਨਿਕਾਸ ਖੋਜਦੇ ਹਨ। ਰੂਹਾਨੀ ਰਹਿਬਰ ਇਸ ਦਾ ਜਨਮ ਰੱਬ ਤੋਂ ਹੋਇਆ ਮੰਨਦੇ ਹਨ। ਹਿੰਦੂ ਅਤੇ ਮੁਸਲਮਾਨੀ ਕਾਨੂੰਨ ਦਾ ਮੁੱਢਲਾ ਸੋਮਾ, ਵੇਦ ਅਤੇ ਕੁਰਾਨ, ਈਸ਼ਵਰ ਵਲੋਂ ਪ੍ਰਗਟ ਹੋਏ ਮੰਨੇ ਜਾਂਦੇ ਹਨ। ਸਾਮੰਡ ਕਾਨੂੰਨ ਦੇ ਸਰੋਤਾਂ ਨੂੰ ਦੋ ਸ਼ਰੇਣੀਆਂ ਵਿਚ ਵੰਡਦਾ ਹੈ (1) ਯਥਾ ਰੂਪ-ਸਰੋਤ, ਜਿਥੋਂ ਕਾਨੂੰਨ ਨੂੰ ਇਸ ਦਾ ਬਲ ਅਤੇ ਜਾਇਜ਼ਤਾ ਪ੍ਰਾਪਤ ਹੁੰਦਾ ਹੈ, ਅਤੇ (2) ਪਦਾਰਥਕ ਸਰੋਤ, ਅਰਥਾਤ ਉਹ ਮਸਾਲਾ, ਜਿਸ ਤੋਂ ਕਾਨੂੰਨ ਦਾ ਵਜੂਦ ਬਣਦਾ ਹੈ, ਜਿਹਾ ਕਿ ਰਿਵਾਜ। ਇਹ ਪਦਾਰਥਕ ਸਰੋਤ ਕਾਨੂੰਨੀ ਅਤੇ ਸਾਹਿਤਕ ਦੋ ਤਰ੍ਹਾਂ ਦੇ ਹਨ। ਕਾਨੂੰਨੀ ਸਰੋਤ ਪ੍ਰਮਾਣੀਕ ਹੋਣ ਕਰਕੇ ਖੁਦ-ਬਖੁਦ ਕਾਨੂੰਨ ਗਿਣੇ ਜਾਂਦੇ ਹਨ। ਕਾਨੂੰਨੀ ਸਰੋਤਾਂ ਤੋਂ ਉਤਪੰਨ ਕਾਨੂੰਨ ਇਨ੍ਹਾਂ ਸ਼ਰੇਣੀਆਂ ਵਿਚ ਪੈਂਦਾ ਹੈ––(1) ਐਕਟ ਬਣਿਆ ਕਾਨੂੰਨ ਜਿਸ ਦਾ ਸਰੋਤ ਕਾਨੂੰਨ-ਸਾਜ਼ੀ ਜਾਂ ਵਿਧਾਨ ਹੈ। (2) ਕੇਸ ਲਾਅ, ਜਿਸ ਦਾ ਸਰੋਤ ਨਜ਼ੀਰ ਹੈ। (3) ਰਿਵਾਜੀ ਕਾਨੂੰਨ, ਜੋ ਰਿਵਾਜ ਤੋਂ ਪੈਦਾ ਹੁੰਦਾ ਹੈ। (4) ਇਕਰਾਰੀ ਜਾਂ ਮੁਆਹਿਦਾ ਕਾਨੂੰਨ, ਜਿਸ ਦਾ ਸਰੋਤ ਇਕਰਾਰਨਾਮਾ ਹੈ। ਦੂਜੀ ਸ਼ਰੇਣੀ ਵਿਚ ਕਾਨੂੰਨਦਾਨਾਂ ਦੀਆਂ ਰਚਨਾਵਾਂ, ਲਿਖਤਾਂ, ਵਿਦੇਸ਼ੀ ਫ਼ੈਸਲੇ ਅਤੇ ਅਨੇਕਾਂ ਹੋਰ ਗੱਲਾਂ ਸ਼ਾਮਲ ਹਨ, ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਜੱਜ ਆਪਣੇ ਫ਼ੈਸਲੇ ਤਿਆਰ ਕਰਦੇ ਹਨ। ਅਜੋਕੇ ਸਮੇਂ ਵਿਚ ਕਾਨੂੰਨ ਵਿਧਾਨ ਰਾਹੀਂ ਤਿਆਰ ਹੁੰਦਾ ਹੈ। ਵਿਧਾਨ ਜਾਂ ਨਜ਼ੀਰ ਅਧੀਨ ਨਾ ਆਉਣ ਵਾਲੇ ਮਾਮਲਿਆਂ ਵਿਚ ਰਿਵਾਜ ਦਾ ਵੱਡਾ ਦਖ਼ਲ ਹੈ। ਰਿਵਾਜ ਸਭਨਾਂ ਪ੍ਰਣਾਲੀਆਂ ਦੀ ਬੁਨਿਆਦਾ ਹਨ। ਰੋਮਨ ਕਾਨੂੰਨ ਵਿਚ ਮੈਜਿਸਟ੍ਰੇਟਾਂ, ਅੰਗ੍ਰੇਜ਼ੀ ਕਾਨੂੰਨ ਵਿਚ ਇਕੁਇਟੀ ਜੱਜਾਂ ਅਤੇ ਬ੍ਰੈਕਟਨ ਤੋਂ ਲੈ ਕੇ ਬਲੈਕਸਟੋਨ ਤੱਕ ਕਾਨੂੰਨ ਦੇ ਮਹਾਨ ਲੇਖਕਾਂ, ਹਿੰਦੂ ਕਾਨੂੰਨ ਵਿਚ ਸਿਮ੍ਰਿਤੀਕਾਰਾਂ, ਟੀਕਾਕਾਰਾਂ ਅਤੇ ਪ੍ਰਿਵੀ ਕੌਂਸਲ ਦੇ ਫ਼ੈਸਲਿਆਂ ਦੇ ਸਿਰਜਨਾਤਮਕ ਕਾਰਜਾਂ ਨੇ ਰਿਵਾਜਾਂ ਦੇ ਰੂਪ ਅਤੇ ਉਨ੍ਹਾਂ ਦੀ ਵਿਸ਼ੇ-ਵਸਤੂ ਤੇ ਨਿੱਗਰ ਪ੍ਰਭਾਵ ਪਾਇਆ ਹੈ। ਵਿਧਾਨ ਰਾਹੀਂ ਬਣਾਇਆ ‘ਸਟੈਚਿਊਟ’ ਜਾਂ ਲਿਖਤੀ ਕਾਨੂੰਨ ਸੰਖੇਪ, ਨਿਸ਼ਚਿਤ, ਸਪਸ਼ਟ ਅਤੇ ਆਮਫ਼ਹਿਮ ਹੋਣ ਕਰਕੇ ਰਾਸ਼ਟਰ ਦੇ ਚਾਲੂ ਸਿੱਕੇ ਵਾਂਗ ਤੁਰੰਤ ਕੰਮ ਆ ਸਕਦਾ ਹੈ। ਭਾਰਤ ਦੇ ਕਾਨੂੰਨ ਦੇ ਵਿਧਾਨ ਅਤੇ ਕੋਡ (ਸੰਗ੍ਰਹਿ) ਤਿਆਰ ਕਰਨ ਵਿਚ ਬਹੁਤੇ ਨਿਯਮ ਅੰਗ੍ਰੇਜ਼ੀ ਕਾਨੂੰਨ ਤੋਂ ਅਪਣਾਏ ਗਏ ਹਨ। ਅਰਥ ਕਰਨ ਦੇ ਵਿਸ਼ੇ ਵਿਚ ਅਗਵਾਈ ਹਿਤ ਇਕ ‘ਸਾਧਾਰਨ ਖੰਡ ਐਕਟ’ ਵੀ ਬਣਿਆ ਹੋਇਆ ਹੈ। ਪੁਰਾਣੇ ਸੰਗ੍ਰਹਿਕਾਰਾਂ ਵਿਚ ਯਜਨਾਵਲਕ, ਬ੍ਰਿਹਸਪਤੀ, ਨਾਰਦ, ਪਰਾਸ਼ਰ ਆਦਿ ਹਨ। ਅੱਜ ਦੇ ਜ਼ਮਾਨੇ ਵਿੱਚ ਵੱਖੋ-ਵੱਖ ਕਾਨੂੰਨ-ਕਮਿਸ਼ਨਾਂ ਨੇ ਅਨੇਕਾਂ ਕੋਡ ਤਿਆਰ ਕੀਤੇ ਹਨ। ਕੋਡ ਤਿਆਰ ਕਰਨ ਲਈ ਲਾਅ ਕਮਿਸ਼ਨ, ਵਿਧਾਨ ਮੰਡਲਾਂ ਅਤੇ ਅਦਾਲਤਾਂ ਦੇ ਕੰਮ ਵਿਚ ਇਕਸੁਰਤਾ ਅਤੇ ਤਾਲਮੇਲ ਅਤਿ ਜ਼ਰੂਰੀ ਹੈ।


ਲੇਖਕ : ਬਲਵੰਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.