ਕਿੱਸਾ-ਕਾਵਿ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿੱਸਾ-ਕਾਵਿ : ਉਨ੍ਹੀਵੀਂ ਸਦੀ ਦੇ ਅੰਤ ਤੱਕ ਕਿੱਸਾ ਪੰਜਾਬੀ ਸਾਹਿਤ ਦੀ ਪ੍ਰਮੁੱਖ ਕਾਵਿ-ਪਰੰਪਰਾ ਸੀ। ਸ਼ਹਿਰਾਂ ਵਿੱਚ ਚੱਲਦੀਆਂ ਮਹਿਫਲਾਂ ਅਤੇ ਪਿੰਡਾਂ ਵਿੱਚ ਲੱਗਦੇ ਮੇਲਿਆਂ ਵਿੱਚ ਮਨੋਰੰਜਨ ਦਾ ਵੱਡਾ ਸਾਧਨ ਕਿੱਸਿਆਂ ਦਾ ਗਾਇਨ ਹੁੰਦਾ ਸੀ। ਇਕਾਂਤ ਵਿੱਚ ਇਹਨਾਂ ਦੇ ਰੁਮਾਂਚਿਕ ਭਾਗਾਂ ਨੂੰ ਗੁਣਗੁਣਾਉਣਾ ਪੜ੍ਹਿਆਂ-ਲਿਖਿਆਂ ਲਈ ਆਮ ਜਿਹੀ ਗੱਲ ਸੀ। ਇਹਨਾਂ ਵਿਚਲੇ ਆਸ਼ਕਾਂ, ਮਸ਼ੂਕਾਂ ਦੇ ਦੁੱਖਾਂ-ਸੁੱਖਾਂ ਨੂੰ ਆਪਣੇ ਕਰ ਜਾਣਨਾ ਵੀ ਕੁਦਰਤੀ ਸੀ। ਇਸੇ ਕਾਰਨ ਸੋਲ੍ਹਵੀਂ ਸਦੀ ਤੋਂ ਚੱਲ ਕੇ ਉਨ੍ਹੀਵੀਂ ਸਦੀ ਦੇ ਅੰਤ ਤਕ ਅਣਗਿਣਤ ਕਿੱਸੇ ਲਿਖੇ ਗਏ। ਗਾਉਣ ਵਾਲਿਆਂ ਵੱਲੋਂ ਲੋੜ ਅਨੁਸਾਰ ਉਹਨਾਂ ਵਿੱਚ ਵਾਧੇ-ਘਾਟੇ ਵੀ ਕੀਤੇ ਜਾਂਦੇ ਰਹੇ। ਇਹਨਾਂ ਵਿੱਚ ਸਭ ਤੋਂ ਵੱਧ ਹੀਰ ਰਾਂਝੇ ਦੀ ਪ੍ਰੇਮ-ਕਹਾਣੀ ਨੂੰ ਬਿਆਨ ਕਰਦੇ ਹਨ। ਉਹਨਾਂ ਵਿੱਚ ਹੀਰ ਵਾਰਿਸ ਵਰਗਾ ਸ਼ਾਹਕਾਰ ਵੀ ਸ਼ਾਮਲ ਹੈ।
ਸੋਹਣੀ ਮਹੀਂਵਾਲ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ ਹੋਰ ਪ੍ਰੇਮ-ਕਹਾਣੀਆਂ ਹਨ, ਜਿਨ੍ਹਾਂ ਨੂੰ ਕਿੱਸਿਆਂ ਵਿੱਚ ਬਿਆਨ ਕੀਤਾ ਗਿਆ। ਇਹਨਾਂ ਤੋਂ ਬਿਨਾਂ ਪੂਰਨ ਭਗਤ, ਰਾਜਾ ਰਸਾਲੂ, ਹਾਤਮਤਾਈ ਦੀਆਂ ਆਚਰਨਕ ਕਹਾਣੀਆਂ ਵੀ ਕਿੱਸਿਆਂ ਦਾ ਆਧਾਰ ਬਣੀਆਂ। ਪਹਿਲਾਂ ਵਾਲੀਆਂ ਪ੍ਰੇਮ-ਕਹਾਣੀਆਂ ਦਾ ਧਰਾਤਲ ਪੰਜਾਬ ਜਾਂ ਸਿੰਧ ਆਦਿ ਸੀ, ਜੋ ਪੰਜਾਬ ਦੇ ਨਿਕਟ ਸੀ ਪਰ ਰੂਪ ਬਸੰਤ ਦਾ ਸੰਬੰਧ ਭਾਰਤ ਅਤੇ ਸ਼ੀਰੀ-ਫ਼ਰਹਾਦ ਦਾ ਅਰਬ ਨਾਲ ਸੀ, ਜਿਨ੍ਹਾਂ ਨੂੰ ਇਸ ਪੱਖੋਂ ਦੂਰ ਦੇ ਦੇਸ ਮੰਨਿਆ ਗਿਆ।
ਲਿਖਤੀ ਰੂਪ ਵਿੱਚ ਕਿੱਸਾ-ਕਾਵਿ ਦਾ ਆਰੰਭ ਸੋਲ੍ਹਵੀਂ ਸਦੀ ਵਿੱਚ ਅਕਬਰ ਬਾਦਸ਼ਾਹ ਦੇ ਰਾਜਕਾਲ ਤੋਂ ਹੋਇਆ। ਉਸ ਤੋਂ ਪਹਿਲਾਂ ਮੌਖਿਕ ਧਾਰਾ ਵਿੱਚ ਉਪਰੋਕਤ ਆਸ਼ਕਾਂ ਮਸ਼ੂਕਾਂ ਦਾ ਜ਼ਿਕਰ ਹੁੰਦਾ ਸੀ। ਉਸ ਜ਼ਿਕਰ ਦਾ ਸਾਹਿਤਿਕ ਮੁੱਲ ਕੋਈ ਨਹੀਂ ਸੀ। ਸੁਹਜ ਤੋਂ ਅਨੰਦ ਜੋ ਲਿਖਤੀ ਰੂਪ ਵਿੱਚ ਪ੍ਰਚਲਿਤ ਹੋਣ ਵਾਲੇ ਕਿੱਸਿਆਂ ਨੇ ਉਤਪੰਨ ਕੀਤਾ, ਆਚਰਨਕ ਸਿੱਖਿਆ ਦਾ ਜਿਵੇਂ ਉਹ ਮੁਹਾਜ਼ ਬਣੇ, ਉਹ ਸਭ ਉਹਨਾਂ ਵਿੱਚੋਂ ਗ਼ੈਰ-ਹਾਜ਼ਰ ਸੀ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਕਿਰਦਾਰਾਂ ਨਾਲ ਆਮ ਪੰਜਾਬ ਵਾਸੀਆਂ ਦਾ ਕਿੰਨਾ ਡੂੰਘਾ ਲਗਾਵ ਸੀ। ਲਿਖਤੀ ਰੂਪ ਵਿੱਚ ਵਿਕਸਿਤ ਹੋਈ ਕਾਵਿ-ਪਰੰਪਰਾ ਨੇ ਤਾਂ ਇਹ ਅਹਿਸਾਸ ਕਰਵਾ ਦਿੱਤਾ ਕਿ ਉਹ ਕਿਰਦਾਰ ਉਹਨਾਂ ਦੇ ਧੁਰ ਅੰਦਰ, ਹਿਰਦਿਆਂ ਵਿੱਚ ਵੱਸੇ ਹੋਏ ਸਨ। ਕੁਝ ਇੱਕ ਨੂੰ ਛੱਡ ਕੇ, ਇਹ ਕਿਰਦਾਰ ਮੁਸਲਮਾਨੀ ਪਿਛੋਕੜ ਵਾਲੇ ਸਨ। ਇਸਲਾਮੀ ਰਹਿਤਲ ਦਾ ਸੂਫ਼ੀ ਨਜ਼ਰੀਏ ਵਾਲਾ ਪੱਖ ਜੋ ਮਨੁੱਖੀ ਸਮਾਨਤਾ ਦਾ ਪੱਖ ਪੂਰਦਾ ਸੀ, ਉਹਨਾਂ ਨੂੰ ਜੀਅ-ਜਾਨ ਨਾਲੋਂ ਪਿਆਰਾ ਲੱਗਦਾ ਸੀ। ਅਕਬਰ ਬਾਦਸ਼ਾਹ ਦੇ ਰਾਜਕਾਲ ਤੱਕ ਮੁਸਲਮਾਨੀ ਪਿਛੋਕੜ ਵਾਲੇ ਲੋਕ ਉਸ ਤੋਂ ਪਹਿਲਾਂ ਦੇ ਪੰਜਾਬੀ ਵਰਤਾਰੇ ਨਾਲ ਰਚ-ਮਿਚ ਗਏ ਸਨ, ਜਿਸ ਵਿੱਚ ਮਨੁੱਖੀ ਸਮਾਨਤਾ ਵਾਲੀ ਕੋਈ ਗੱਲ ਨਹੀਂ ਸੀ। ਕਿੱਸੇ ਦੀ ਕਾਵਿ-ਪਰੰਪਰਾ ਦਾ ਅਰੰਭ ਉਸ ਪੜਾਅ `ਤੇ ਇਹ ਦਰਸਾਉਣ ਲਈ ਹੋਇਆ ਕਿ ਇਸਲਾਮ ਧਾਰਨ ਕਰ ਚੁੱਕੇ ਲੋਕਾਂ ਦਾ ਬੇਗਾਨੇ ਹੋਣ ਦਾ ਅਹਿਸਾਸ ਤਾਂ ਜ਼ਰੂਰ ਜਾਂਦਾ ਰਿਹਾ, ਪਰ ਸਮਾਜਿਕ ਵਿਤਕਰਾ ਉਹਨਾਂ ਦੇ ਭਾਵ-ਜਗਤ ਵਿੱਚ ਵੱਸਣ ਲੱਗ ਪਿਆ। ਹੀਰ ਰਾਂਝੇ ਦੀ ਪ੍ਰੇਮ-ਕਹਾਣੀ ਨੂੰ ਬਿਆਨ ਕਰਦਾ ਪ੍ਰਥਮ ਕਿੱਸਾ, ਭਾਵ ਹੀਰ ਦਮੋਦਰ, ਇਸ ਸੰਕਟ ਨੂੰ ਮੁਖਾਤਬ ਸੀ। ਘੋਰ ਰੂਪ ਵਿੱਚ ਦੁਖਾਂਤਕ ਦਰਸਾਉਣ ਦੀ ਥਾਂ, ਵਡੇਰੇ ਭਾਗ ਵਿੱਚ ਸੁਖਾਂਤਕ ਤੇ ਅੰਤ `ਤੇ ਦੈਵੀ ਦਰਸਾ ਕੇ ਇਸ ਸੰਕਟ ਨੂੰ ਉਸ ਨੇ ਸਹਿਣਯੋਗ ਸਿੱਧ ਕਰ ਦਿੱਤਾ। ਲਗਪਗ ਉਸੇ ਵੇਲੇ ਲਿਖੇ ਗਏ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਨੇ ਤਾਂ ਇਸ ਸੰਕਟ ਨੂੰ ਅਟੱਲ ਹੋਣੀ ਵਿੱਚ ਬਦਲ ਦਿੱਤਾ। ਜਿਵੇਂ ਮਿਰਜ਼ਾ ਕਹਿੰਦਾ ਹੈ, ਸਾਹਿਬਾਂ ਦੀ ਕੁੜਮਾਈ ਮੌਕੇ ਉਸ ਕੋਲ ਜਾਣ ਤੋਂ ਮਿਰਜ਼ੇ ਨੂੰ ਹਰ ਕਿਸੇ ਨੇ ਰੋਕਿਆ, ਪਰ ਉਸ ਦਾ ਜਵਾਬ ਸੀ :
ਵਿਆਹ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾ
ਜੇਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਲਾਜ।
ਬਾਅਦ ਦੀ ਇਸ ਕਾਵਿ-ਪਰੰਪਰਾ ਵਿੱਚ ਇਹ ਸੰਕਟ ਪਹਿਲਾਂ ਵਾਂਗ ਸਹਿਣਯੋਗ, ਦੈਵੀ ਅਤੇ ਘੋਰ ਰੂਪ ਵਿੱਚ ਅਟੱਲ ਨਾ ਰਿਹਾ। ਫੇਰ ਇਹ ਦੁਖਾਂਤ ਨੂੰ ਭਰਪੂਰ ਰੂਪ ਵਿੱਚ ਚਿਤਰਨ ਲੱਗਾ, ਜਿਸਦੀ ਜ਼ੁੰਮੇਵਾਰੀ ਰਹਿਤਲ ਦੇ ਅਨੇਕ ਪੱਖਾਂ `ਤੇ ਆਉਂਦੀ ਸੀ। ਜਿਵੇਂ ਹੀਰ ਵਾਰਿਸ ਤੋਂ ਪ੍ਰਤੱਖ ਹੈ ਧਰਤ, ਰੀਤੀ-ਰਿਵਾਜ, ਵਿਤਕਰਾ, ਲਾਲਚ ਅਤੇ ਪਰਿਵਾਰ, ਜਾਤ, ਵਰਗ ਨਾਲ ਸੰਬੰਧ ਰੱਖਣ ਵਾਲੇ ਵਿਗਾੜ ਇਸਦਾ ਕਾਰਨ ਬਣ ਗਏ। ਕੁਦਰਤੀ ਤੌਰ `ਤੇ ਇਸ ਸ਼ਾਹਕਾਰ ਵਿਚਲਾ ਬਿਰਤਾਂਤ ਸਿੱਧ ਪੱਧਰਾ ਨਹੀਂ। ਕੁਦਰਤ ਦਾ ਕਠੋਰ ਅਤੇ ਕਾਵਿਮਈ ਚਿਤਰਨ, ਜਿਸ ਵਿੱਚ ਲਿੰਗ, ਜਾਤ, ਰਸਮ-ਰਿਵਾਜ ਅਤੇ ਧਾਰਮਿਕ ਪਖੰਡ ਨੂੰ ਉਭਾਰਨ ਵਾਲਾ ਵਾਦ-ਵਿਵਾਦ ਸੀ, ਵਰਣਨ ਤੇ ਬਿਰਤਾਂਤ `ਤੇ ਭਾਰੂ ਹੋ ਗਏ। ਗੱਲ ਕੀ ਰਵਾਇਤੀ ਤਰ੍ਹਾਂ ਦਾ ਕਿੱਸਾ ਨਾ ਰਹਿ ਕੇ ਹੀਰ ਵਾਰਿਸ ਅਜਿਹਾ ਲਚਕਦਾਰ ਸ਼ਾਹਕਾਰ ਹੋ ਨਿਬੜਿਆ, ਜਿਸ ਵਿੱਚ ਹਰੇਕ ਲਈ ਕੁਝ ਨਾ ਕੁਝ ਰਾਖਵਾਂ ਹੈ। ਰਾਂਝੇ ਦਾ ਜੋਗੀ ਬਣ ਕੇ ਆਉਣਾ ਸੁਣ ਕੇ ਹੀਰ ਇੱਕ ਮਸ਼ੂਕਾ ਦੇ ਕਲੇਸ਼ ਨੂੰ ਹੀ ਮਹਿਸੂਸ ਨਹੀਂ ਕਰਦੀ ਸਗੋਂ ਮਾਂ ਤੇ ਪਤਨੀ ਦੇ ਸੰਤਾਪ ਨੂੰ ਵੀ ਅਨੁਭਵ ਕਰਦੀ ਹੈ। ਮਨੁਖੀ ਦਰਦ ਇਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ :
ਜੈਂਹਦਾ ਚੰਦ ਪੁੱਤਰ ਸੁਆਹ ਲਾਇ ਬੈਠਾ
ਦਿੱਤਾ ਰੱਬ ਦਾ ਮਾਉਂ ਸਹਿ ਗਈ ਜੇ ਨੀ।
ਜਿਸਦੇ ਸੋਹਣੇ ਯਾਰ ਦੇ ਕੰਨ ਪਾਟੇ
ਉਹ ਤਾਂ ਨਢੜੀ ਚੌੜ ਹੋ ਗਈ ਜੇ ਨੀ।
ਨਾਹੀਂ ਰੱਬ ਦੇ ਗਜ਼ਬ ਥੀਂ ਲੋਕ ਡਰਦਾ
ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ।
ਵਾਰਿਸ ਸ਼ਾਹ ਫਿਰਦਾ ਦੁੱਖਾਂ ਨਾਲ ਭਰਿਆ
ਖਲਕਤ ਮਗਰ ਕਿਉਂ ਉਸਦੇ ਪਈ ਜੇ ਨੀ?
ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵੇਲੇ ਦੇ ਕਿੱਸਾ-ਕਾਵਿ ਵਿੱਚੋਂ ਇਹ ਭਰਪੂਰ ਦੁਖਾਂਤ ਅਲੋਪ ਹੋਣ ਲੱਗ ਪਿਆ। ਪ੍ਰੇਮ-ਕਹਾਣੀਆਂ ਉਹ ਨਹੀਂ ਰਹੀਆਂ, ਜਿਨ੍ਹਾਂ ਦਾ ਧਰਾਤਲ ਪੰਜਾਬ ਸੀ। ਇੱਕ ਪਾਸੇ ਭਾਰਤੀ ਤੇ ਦੂਜੇ ਪਾਸੇ ਅਰਬੀ-ਈਰਾਨੀ ਪਿਛੋਕੜ ਵਾਲੀਆਂ ਪ੍ਰੇਮ- ਕਹਾਣੀਆਂ ਦੀ ਬਰਾਬਰ ਵਰਤੋਂ ਹੋਣ ਲੱਗ ਪਈ। ਜਿੱਥੇ ਹਾਸ਼ਮ ਸੱਸੀ ਪੁੰਨੂ ਲਈ ਅਰਬੀ-ਈਰਾਨੀ ਕਹਾਣੀ ਵੱਲ ਖਿੱਚਿਆ ਗਿਆ, ਉੱਥੇ ਅਹਿਮਦਯਾਰ ਨਾਲ ਹੀ ਭਾਰਤੀ ਮੂਲ ਵਾਲੀਆਂ ਕਹਾਣੀਆਂ ਵੀ ਬਿਆਨ ਕਰਨ ਲੱਗ ਪਿਆ। ਸੋ ਦੂਰ-ਦੁਰਾਡੇ ਦੇਸਾਂ ਦੇ ਰਟਨ ਦੇ ਅਤੇ ਗੈਬੀ ਖੇਤਰਾਂ ਵਿੱਚ ਵਿਚਰਦੇ ਮੋਟਿਫ ਇਸ ਕਾਵਿ-ਪਰੰਪਰਾ ਵਿੱਚ ਆ ਸਮਾਏ। ਇਸ ਨਾਲ ਇਸ ਕਾਵਿ-ਪਰੰਪਰਾ ਦੀ ਰੋਚਕਤਾ ਵੀ ਮੁੱਕ ਗਈ, ਜਦ ਸਾਧੂ ਦਇਆ ਰਾਮ, ਇਮਾਮ ਬਖ਼ਸ਼ ਅਤੇ ਭਗਵਾਨ ਸਿੰਘ ਆਦਿ ਧਾਰਮਿਕ ਅਤੇ ਸੰਪਰਦਾਇਕ ਆਧਾਰ ਤੇ ਕਿੱਸਾ ਦੀ ਕਾਵਿ- ਪਰੰਪਰਾ ਨੂੰ ਅੱਗੇ ਖੜਣ ਦੇ ਯਤਨ ਵਿੱਚ ਪੈ ਗਏ।
ਲੇਖਕ : ਤੇਜਵੰਤ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First