ਕੋਲਰਿਜ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕੋਲਰਿਜ (1772–1834) : ਪ੍ਰਸਿੱਧ ਰੁਮਾਂਟਿਕ ਕਵੀ ਕੋਲਰਿਜ (Samuel Taylor Coleridge) ਦਾ ਜਨਮ 21 ਅਕਤੂਬਰ 1772 ਵਿੱਚ ਓਟਰੀ ਸੇਂਟ ਮੇਰੀ, ਡੈਵਨਸ਼ਾਇਰ ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਜੋਨ ਕੋਲਰਿਜ ਸੀ, ਜੋ ਓਟਰੀ ਸੇਂਟ ਮੇਰੀ ਦਾ ਪ੍ਰਚਾਰਕ ਪਾਦਰੀ ਸੀ। ਇਹ ਆਪਣੇ ਪਿਤਾ ਦੇ ਦਸ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਕੋਲਰਿਜ ਆਪਣੀ ਉਮਰ ਨਾਲੋਂ ਵੱਧ ਅਕਲਮੰਦ, ਸੁਪਨਸਾਜ਼ ਅਤੇ ਅੰਤਰਦਰਸ਼ੀ ਸੀ। ਆਪਣੀਆਂ ਇਹਨਾਂ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ ਉਹ ਆਪਣੇ ਦੂਜੇ ਭੈਣ-ਭਰਾਵਾਂ ਨਾਲੋਂ ਵੱਖਰਾ ਸੀ।
1782 ਵਿੱਚ ਕੋਲਰਿਜ ਨੂੰ ਕਰਾਇਸਟ ਹੋਸਪਿਟਲ ਦੇ ਪ੍ਰਸਿੱਧ ਖ਼ੈਰਾਤੀ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਅੱਠ ਸਾਲ ਰਿਹਾ। ਚਾਰਲਸ ਲੈਂਬ ਨਾਲ ਉਸ ਦੀ ਜੀਵਨ ਭਰ ਦੀ ਦੋਸਤੀ ਇੱਥੇ ਹੀ ਪਈ। ਇਸ ਸਮੇਂ ਦੌਰਾਨ ਹੀ ਉਸ ਨੇ ਨਵ-ਅਫ਼ਲਾਤੂਨਵਾਦੀਆਂ ਦਾ ਅਧਿਐਨ ਕੀਤਾ ਤੇ ਕੁਝ ਹੀ ਦੇਰ ਵਿੱਚ ਉਹ ਪੂਰੀ ਤਰ੍ਹਾਂ ਯੂਨਾਨੀ ਤੇ ਲਾਤੀਨੀ ਵਿਦਵਾਨ ਬਣ ਗਿਆ। ਕੋਲਰਿਜ ਨੇ ਕੁਝ ਸਮਾਂ ਜੇਮਜ਼ ਬੋਆਇਰ ਦੀ ਕਰੜੀ ਪਰ ਲਾਭਕਾਰੀ ਸਰਪ੍ਰਸਤੀ ਅਧੀਨ ਬਿਤਾਇਆ। ਇਸ ਬਾਰੇ ਕੋਲਰਿਜ ਆਪਣੀ ਪੁਸਤਕ ਬਾਇਉਗ੍ਰਾਫੀਆ ਲਿਟਰੇਰੀਆ ਵਿੱਚ ਇਹ ਲਿਖਦਾ ਹੈ ਕਿ ਦਰਅਸਲ ਬਾਅਦ ਵਿੱਚ ਉਹ ਹੀ ਉਸ ਦੀ ਕਾਵਿ-ਕਲਾ ਦਾ ਆਧਾਰ ਬਣਿਆ। 1791 ਵਿੱਚ ਕਰਾਇਸਟ ਹੋਸਪਿਟਲ ਵੱਲੋਂ ਮਿਲੇ ਸਕਾਲਰਸ਼ਿਪ `ਤੇ ਉਸ ਨੂੰ ਜੀਸਸ ਕਾਲਜ ਕੈਂਬ੍ਰਿਜ ਵਿੱਚ ਦਾਖ਼ਲਾ ਮਿਲ ਗਿਆ। ਪਰ ਇੱਥੇ ਆ ਕੇ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਹਨਾਂ ਸਭ ਤੋਂ ਛੁਟਕਾਰਾ ਪਾਉਣ ਲਈ ਉਹ 1793 ਵਿੱਚ ਲੰਦਨ ਜਾ ਕੇ ਲਾਇਟ ਡਰੈਗੂਨਸ ਵਿੱਚ ਭਰਤੀ ਹੋ ਗਿਆ। ਪਰ ਕੁਝ ਚਿਰ ਬਾਅਦ ਹੀ ਜਦੋਂ ਉਸ ਦੇ ਦੋਸਤਾਂ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਮੁੜ ਕੈਂਬ੍ਰਿਜ ਵਾਪਿਸ ਲੈ ਆਏ।
ਫ਼੍ਰਾਂਸੀਸੀ ਇਨਕਲਾਬ ਦੇ ਆਦਰਸ਼ਵਾਦ ਦੇ ਅੰਤ ਕਾਰਨ ਹਾਲਾਤ ਕਾਫ਼ੀ ਨਿਰਾਸ਼ਾਜਨਕ ਸਨ। ਕੋਲਰਿਜ ਦੇ ਦੋਸਤ ਵਿਲੀਅਮ ਫਰੈਂਡ ਦੇ ਖਿਲਾਫ਼ ਚਲਾਏ ਗਏ ਮੁਕੱਦਮੇ ਨੇ ਉਸ ਦੀ ਮਾਯੂਸੀ ਵਿੱਚ ਵਾਧਾ ਕੀਤਾ। ਪਰ ਇਸੇ ਨਿਰਾਸ਼ਾ ਨੇ ਹੀ ਕੋਲਰਿਜ ਨੂੰ ਇੱਕ ਨਵੀਂ ਕਿਸਮ ਦੇ ਭਾਈਚਾਰੇ ਦੀ ਸਥਾਪਨਾ ਦਾ ਸੁਪਨਾ ਦਿਖਾਇਆ। 1794 ਵਿੱਚ ਜਦੋਂ ਉਹ ਰੋਬਰਟ ਸਾਊਦੇ ਨੂੰ ਮਿਲਿਆ ਤਾਂ ਉਹ ਕੈਂਬ੍ਰਿਜ ਦੇ ਜੀਵਨ ਬਾਰੇ ਭੁੱਲ ਗਿਆ। ਸਾਊਦੇ ਉਸ ਸਮੇਂ ਇੱਕ ਜੁਸ਼ੀਲਾ ਗਰਮਦਲੀਆ ਨੌਜਵਾਨ ਸੀ। ਉਸ ਦੀ ਸਾਊਦੇ ਨਾਲ ਸਾਂਝ ਨੇ ਕੋਲਰਿਜ ਦੀ ਸਨਾਤਨੀ ਤੇ ਪਾਦਰੀਪੁਣੇ ਦੀ ਸਮੁੱਚੀ ਵਿਚਾਰਧਾਰਾ ਨੂੰ ਖ਼ਤਮ ਕਰ ਦਿੱਤਾ। ਉਸ ਨੇ ਅਗਲੇ ਕੁਝ ਸਾਲ ਬ੍ਰਿਸਟਲ ਵਿਖੇ ਬਤੀਤ ਕੀਤੇ। ਇਸੇ ਹੀ ਸਮੇਂ ਵਿੱਚ ਕੋਲਰਿਜ ਨੇ ਪੈਨਸਿਲਵੇਨੀਆ ਵਿੱਚ ਸਸਕੁਹਿਨਾ ਦਰਿਆ ਦੇ ਕੰਢੇ ਤੇ ਰੋਬਰਟ ਸਾਊਦੇ ਤੇ ਹੋਰ ਦੋਸਤਾਂ ਨਾਲ ਮਿਲ ਕੇ ਬਰਾਬਰੀ ਤੇ ਆਧਾਰਿਤ ਭਾਈਚਾਰੇ ਪੈਨਟਿਸੋਕਰੇਸੀ (Pantisocracy) ਦੀ ਸਥਾਪਨਾ ਕੀਤੀ। ਭਾਵੇਂ ਇਹ ਯੋਜਨਾ ਤਾਂ ਕਾਮਯਾਬ ਨਾ ਹੋ ਸਕੀ, ਪਰ ਇਸਦੇ ਪ੍ਰਭਾਵ ਕਾਰਨ 1795 ਵਿੱਚ ਕੋਲਰਿਜ ਨੂੰ ਸਾਊਦੇ ਦੀ ਮੰਗੇਤਰ ਦੀ ਭੈਣ, ਸਾਰਾ ਫਰਿਕਰ ਨਾਲ ਵਿਆਹ ਕਰਵਾਉਣਾ ਪਿਆ।
ਕੋਲਰਿਜ ਦੀਆਂ ਕਵਿਤਾਵਾਂ 1797 ਵਿੱਚ ਪ੍ਰਕਾਸ਼ਿਤ ਹੋਈਆਂ। ਇਸੇ ਹੀ ਸਮੇਂ ਦੌਰਾਨ ਵਿਲੀਅਮ ਅਤੇ ਵਰਡਜ਼ਵਰਥ ਕੋਲਰਿਜ ਦੇ ਦੋਸਤ ਬਣੇ। ਬਾਅਦ ਵਿੱਚ ਇਹ ਦੋਸਤੀ ਉਸ ਜ਼ਮਾਨੇ ਦੀ ਇੱਕ ਮਹਾਨ ਦੋਸਤੀ ਸਿੱਧ ਹੋਈ ਜੋ ਕਿ ਦੋਵਾਂ ਹੀ ਧਿਰਾਂ ਲਈ ਲਾਹੇਵੰਦ ਰਹੀ। ਲਿਰੀਕਲ ਬੈਲਡਜ਼ (1798) ਦਾ ਜਨਮ ਇਸੇ ਹੀ ਦੋਸਤੀ ਦੇ ਸਿੱਟੇ ਵਜੋਂ ਹੋਇਆ। ਕੋਲਰਿਜ ਨੇ ਇਸ ਲਈ ‘ਦਾ ਰਾਈਮ ਆਫ਼ ਦੀ ਏਨਸ਼ੀਐਂਟ ਮੇਰੀਨਰ` ਨਾਂ ਦੀ ਇੱਕ ਲੰਬੀ ਕਵਿਤਾ ਲਿਖੀ। 1797-98 ਵਿੱਚ ਇਸ ਨੇ ‘ਕਰਿਸਟਬਲ`, ‘ਕੁਬਲਾ ਖ਼ਾਨ` ਨਾਂ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ। 1798-99 ਵਿੱਚ ਕੋਲਰਿਜ ਅਤੇ ਵਰਡਜ਼ਵਰਥ ਜਰਮਨੀ ਗਏ, ਜਿੱਥੇ ਉਹਨਾਂ ਦੀ ਵਾਕਫ਼ੀ ਇਮੈਨਿਉਲ ਕਾਂਤ ਨਾਲ ਹੋਈ, ਜਿਸ ਦਾ ਕੋਲਰਿਜ ਤੇ ਕਾਫ਼ੀ ਪ੍ਰਭਾਵ ਪਿਆ। 1800 ਵਿੱਚ ਉਹ ਵਰਡਜ਼ਵਰਥ ਅਤੇ ਉਸਦੇ ਪਰਿਵਾਰ ਦੇ ਨੇੜੇ ਗ੍ਰੇਟਾ ਹਾਲ ਕੈਸਵਿਕ ਵਿੱਚ ਰਹਿਣ ਲੱਗ ਪਿਆ। ਪਰ ਇੱਥੇ ਉਸ ਦੀ ਸਿਹਤ ਕਾਫ਼ੀ ਖ਼ਰਾਬ ਹੋਣੀ ਸ਼ੁਰੂ ਹੋ ਗਈ। ਲਿਰੀਕਲ ਬੈਲਡਜ਼ ਦੀ ਦੂਸਰੀ ਐਡੀਸ਼ਨ ਦਾ ਕੋਲਰਿਜ ਦੀ ਲਿਖਤ ਕਰਿਸਟਬਲ ਤੋਂ ਬਿਨਾਂ ਛਪਣਾ ਉਸ ਵਾਸਤੇ ਬਹੁਤ ਦੁਖਦਾਈ ਸੀ। ਆਪਣੇ-ਆਪ ਨੂੰ ਢਹਿੰਦੀ ਕਲਾ ਵਿੱਚੋਂ ਕੱਢਣ ਲਈ ਉਸ ਨੇ ਅਫੀਮ ਜ਼ਿਆਦਾ ਮਾਤਰਾ ਵਿੱਚ ਖਾਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਸ ਨੇ ਵਰਡਜ਼ਵਰਥ ਦੀ ਪਤਨੀ ਦੀ ਭੈਣ ਸਾਰਾ ਹੁਚਿਨਸਨ ਦੇ ਪਿਆਰ ਤੇ ਵੀ ਜ਼ਿਆਦਾ ਹੀ ਨਿਰਭਰ ਕਰਨਾ ਸ਼ੁਰੂ ਕਰ ਦਿੱਤਾ। ਇਹ ਜਾਣਦਿਆਂ ਹੋਇਆ ਵੀ ਕਿ ਇਹ ਇੱਕ ਅਧੂਰਾ ਪਿਆਰ ਸੀ, ਜੋ ਕਦੇ ਵੀ ਪਾਇਆ ਨਹੀਂ ਸੀ ਜਾ ਸਕਦਾ, ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਰੱਖ ਸਕਿਆ। ਬਾਅਦ ਵਿੱਚ ਇਹ ਕੋਲਰਿਜ ਲਈ ਕਾਫ਼ੀ ਦੁਖਦਾਈ ਸਿੱਧ ਹੋਇਆ। ਉਸ ਦੀ ਮਸ਼ਹੂਰ ਰਚਨਾ ਡੀਜ਼ੈਕਸ਼ਨ ਐਨ ਓਡ ਜਿਸ ਵਿੱਚ ਉਹ ਆਪਣੀਆਂ ਕਾਵਿਕ ਸ਼ਕਤੀਆਂ ਤੇ ਕਾਵਿ-ਕਲਪਨਾ ਦੇ ਖ਼ਤਮ ਹੋਣ ਦਾ ਦੁੱਖ ਪ੍ਰਗਟਾਉਂਦਾ ਹੈ, ਸਾਰਾ ਹੁਚਿਨਸਨ ਨੂੰ ਹੀ ਮੁਖਾਤਬ ਹੈ।
1804 ਵਿੱਚ ਉਹ ਸਿਹਤਯਾਬੀ ਅਤੇ ਮਾਨਸਿਕ ਸ਼ਾਂਤੀ ਦੀ ਖੋਜ ਵਿੱਚ ਮਾਲਟਾ ਚਲਾ ਗਿਆ ਅਤੇ 1806 ਤੱਕ ਉੱਥੇ ਹੀ ਰਿਹਾ। ਅਗਲੇ ਕੁਝ ਸਾਲਾਂ ਦੌਰਾਨ ਉਹ ਆਪਣੀ ਪਤਨੀ ਤੇ ਪਰਿਵਾਰ ਨਾਲੋਂ ਬਿਲਕੁਲ ਵੱਖ ਹੋ ਗਿਆ। 1808 ਤੋਂ 1818 ਤੱਕ ਕੋਲਰਿਜ ਨੇ ਆਪਣੀਆਂ ਪ੍ਰਮੁਖ ਸਾਹਿਤਿਕ ਗਤੀਵਿਧੀਆਂ ਤੇ ਲੜੀਵਾਰ ਭਾਸ਼ਣ ਕੀਤੇ। ਅਕਤੂਬਰ 1810 ਵਿੱਚ ਉਸ ਦੇ ਵਰਡਜ਼ਵਰਥ ਨਾਲ ਸੰਬੰਧ ਵਿਗੜ ਗਏ। ਭਾਵੇਂ ਇਹ ਆਪਸੀ ਗ਼ਲਤ- ਫ਼ਹਿਮੀਆਂ ਜਲਦੀ ਹੀ ਦੂਰ ਹੋ ਗਈਆਂ, ਪਰ ਫਿਰ ਵੀ ਉਹਨਾਂ ਵਿਚਕਾਰ ਪਹਿਲੇ ਵਰਗੇ ਖ਼ੁਸ਼ਗਵਾਰ ਸੰਬੰਧ ਸਥਾਪਿਤ ਹੋਣੇ ਨਾ ਮੁਮਕਿਨ ਰਹੇ। 1810 ਤੋਂ 1816 ਤੱਕ ਕੋਲਰਿਜ ਮੁੱਖ ਰੂਪ ਵਿੱਚ ਲੰਦਨ ਹੀ ਰਿਹਾ। ਸੁਦਾਗਰ ਜੋਨ ਮੋਰਗਨ ਨਾਲ ਉਸ ਦੀ ਮੁਲਾਕਾਤ ਇੱਥੇ ਹੀ ਹੋਈ। ਕੋਲਰਿਜ ਨੇ ਉਸ ਨਾਲ ਆਪਣੀ ਬਿਮਾਰੀ ਤੋਂ ਉਪਜੀਆਂ ਕਠਨਾਈਆਂ ਸਾਂਝੀਆਂ ਕੀਤੀਆਂ। ਪਰ ਮੋਰਗਨ ਖ਼ੁਦ ਬਦਕਿਸਮਤੀ ਦਾ ਸ਼ਿਕਾਰ ਹੋ ਗਿਆ ਤੇ ਆਪਣੇ ਦੋਸਤ ਦੀ ਮਦਦ ਨਾ ਕਰ ਸਕਿਆ।
ਇਸ ਲਈ ਕੋਲਰਿਜ ਨੇ ਲੰਦਨ ਹਾਈਗੇਟ ਦੇ ਡਾਕਟਰ ਜੇਮਜ਼ ਗਿਲਮੈਨ ਦੀ ਸਰਪ੍ਰਸਤੀ ਹਾਸਲ ਕੀਤੀ। ਹਾਲਾਂਕਿ ਉਸ ਨੇ ਡਾਕਟਰ ਕੋਲ ਕੇਵਲ ਕੁਝ ਮਹੀਨੇ ਹੀ ਠਹਿਰਨ ਦੀ ਯੋਜਨਾ ਬਣਾਈ ਸੀ, ਪਰ ਇਹ ਪ੍ਰਬੰਧ ਏਨਾ ਸਫਲ ਰਿਹਾ ਕਿ ਕੋਲਰਿਜ ਅਖੀਰ ਤੱਕ ਗਿਲਮੈਨ ਦੇ ਘਰ ਹੀ ਰਿਹਾ। ਗਿਲਮੈਨ ਦੀ ਸਰਪ੍ਰਸਤੀ ਦੇ ਸਮੇਂ ਦੌਰਾਨ ਕੋਲਰਿਜ ਦੀ ਅਫ਼ੀਮ ਦੀ ਆਦਤ ਕਾਫ਼ੀ ਕਾਬੂ ਅਧੀਨ ਰਹੀ ਤੇ ਮੁਕਾਬਲਤਨ ਉਸ ਦੇ ਜੀਵਨ ਦਾ ਇਹ ਹਿੱਸਾ ਸ਼ਾਂਤਮਈ ਤੇ ਖ਼ੁਸ਼ੀ ਭਰਪੂਰ ਬੀਤਿਆ। 1816 ਵਿੱਚ ਉਸ ਦੀਆਂ ਮੁਕੰਮਲ ਕਵਿਤਾਵਾਂ ‘ਕਰਿਸਟਬਲ’ ਅਤੇ ‘ਕੁਬਲਾ ਖ਼ਾਨ’ ਪ੍ਰਕਾਸ਼ਿਤ ਹੋਈਆਂ। 1819 ਤੋਂ ਉਪਰੰਤ ਉਸ ਨੇ ਮੁੱਖ ਰੂਪ ਵਿੱਚ ਆਪਣਾ ਸਮਾਂ ਧਰਮ ਦੀ ਦਰਸ਼ਨ ਅਤੇ ਤਰਕ ਨਾਲ ਇੱਕਸੁਰਤਾ ਕਾਇਮ ਕਰਨ ਵਿੱਚ ਲਾਇਆ, ਜਲਦੀ ਹੀ ਉਹ ਹਾਈਗੇਟ ਦੇ ਰਿਸ਼ੀ ਦੇ ਤੌਰ ਤੇ ਜਾਣਿਆ ਜਾਣ ਲੱਗਾ। ਇਸ ਲਈ ਕੋਲਰਿਜ ਹਰ ਵੀਰਵਾਰ ਨੂੰ ਆਪਣੇ ਸ਼ਾਗਿਰਦਾਂ ਅਤੇ ਪ੍ਰਸੰਸਾਮਈ ਪੈਰੋਕਾਰ ਨੂੰ ਮੁਖਾਤਬ ਹੁੰਦਾ। ਇੱਥੇ ਹੀ 25 ਜੁਲਾਈ 1834 ਨੂੰ ਕੋਲਰਿਜ ਦਾ ਦਿਹਾਂਤ ਹੋਇਆ। ਉਸ ਦੀਆਂ ਕਾਫ਼ੀ ਲਿਖਤਾਂ ਅਧੂਰੀਆਂ ਸਨ ਅਤੇ ਉਸ ਦੇ ਕਈ ਮੂਲ ਪਾਠਾਂ ਦੀ ਸੁਧਾਈ ਉਸ ਦੀ ਮੌਤ ਉਪਰੰਤ ਹੋਰਨਾਂ ਦੁਆਰਾ ਕੀਤੀ ਗਈ। ਆਪਣੇ ਡੋਲੇ ਮਨ ਕਾਰਨ ਹੀ ਉਹ ਆਪਣੇ ਕਈ ਸਾਰੇ ਸਾਹਿਤਿਕ ਪ੍ਰਾਜੈਕਟਾਂ ਨੂੰ ਨੇਪਰੇ ਨਾ ਚਾੜ ਸਕਿਆ।
ਕੋਲਰਿਜ ਦੀ ਵਿਚਾਰਧਾਰਾ ਉਸ ਦੇ ਦਰਸ਼ਨ ਤੇ ਮਨੋਵਿਗਿਆਨ ਤੋਂ ਵੱਖਰੀ ਨਹੀਂ ਕੀਤੀ ਜਾ ਸਕਦੀ। ਨਿਰਸੰਦੇਹ ਉਸ ਦੀ ਵਿਚਾਰਧਾਰਾ ਦਾ ਘੇਰਾ ਮਨੋ- ਵਿਗਿਆਨਕ ਹੈ। ਕਾਲਪਨਿਕ ਸਿਰਜਣਾ ਮਨੁੱਖੀ ਮਨ ਦੀ ਭਰਪੂਰ ਗਤੀਵਿਧੀ ਹੈ ਅਤੇ ਕਿਸੇ ਸਾਹਿਤਿਕ ਕ੍ਰਿਤ ਨੂੰ ਸਮਝਣ ਲਈ ਵਿਅਕਤੀ ਨੂੰ ਨਿਸ਼ਚੇ ਹੀ ਸਾਹਿਤਿਕ ਰਚਨਾ ਪਿੱਛੇ ਮਨ ਦੀਆਂ ਵਿਸ਼ੇਸ਼ਤਾਵਾਂ ਨੂੰ ਵੇਖਣ ਦੀ ਲੋੜ ਹੁੰਦੀ ਹੈ। ਕੋਲਰਿਜ ਦੀ ਆਲੋਚਨਾ ਇਸ ਵਿਚਾਰ ਤੇ ਆਧਾਰਿਤ ਹੈ ਕਿ ਏਕਤਾ, ਯਥਾਰਥਿਕਤਾ ਦਾ ਲਾਜ਼ਮੀ ਸਿਧਾਂਤ ਹੈ। ਉਸ ਅਨੁਸਾਰ ਵਿਅਕਤੀਗਤ ਸਾਹਿਤਿਕ ਕ੍ਰਿਤ ਦਾ ਸਾਹਿਤ ਦੇ ਸਮੁੱਚੇ ਢਾਂਚੇ ਵਿੱਚ ਉਚਿਤ ਸਥਾਨ ਹੈ। ਇਹੀ ਕੋਲਰਿਜ ਦਾ ਮਨੋਵਿਗਿਆਨ ਦਾ ਸੰਗਠਨਾਤਮਿਕ ਸਿਧਾਂਤ ਹੈ। ਉਹ ਦੋ ਕਿਸਮ ਦੀ ਕਲਪਨਾ ਨੂੰ ਮੰਨਦਾ ਹੈ-ਇੱਕ ਮੁਢਲੀ ਕਲਪਨਾ ਹੈ ਜੋ ਸਭ ਵਿੱਚ ਆਮ ਮਿਲਦੀ ਹੈ ਅਤੇ ਦੂਜੀ ਕਾਵਿਕ ਕਲਪਨਾ ਹੈ। ਕੋਲਰਿਜ ਮੁਤਾਬਿਕ ਸੰਗਠਨਾਤਮਿਕ ਏਕਤਾ ਹੀ ਇੱਕ ਅਜਿਹਾ ਸਾਧਨ ਹੈ, ਜਿਸ ਰਾਹੀਂ ਕਲਪਨਾ ਦੀ ਕ੍ਰਿਤ ਤੇ ਉਸ ਮਨ ਦਾ ਵਰਣਨ ਕੀਤਾ ਜਾ ਸਕਦਾ ਹੈ, ਜੋ ਕਿਸੇ ਕਲਾ ਕ੍ਰਿਤ ਨੂੰ ਜਨਮ ਦਿੰਦੀ ਹੈ। ਉਸ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਿਸ਼ਕਰਸ਼ ਉਸ ਦੀ ਸੰਗਠਨਾਤਮਿਕ ਏਕਤਾ ਤੋਂ ਕੱਢਿਆ ਜਾ ਸਕਦਾ ਹੈ। ਕੋਲਰਿਜ ਦੀ ਕਿਸੇ ਅਜਿਹੇ ਗਿਆਨਮਈ ਸਿਧਾਂਤ ਦੀ ਤਲਾਸ਼, ਜੋ ਆਪਣੇ-ਆਪ ਵਿੱਚ ਸੰਪੂਰਨ ਆਕਾਰ ਰੱਖਦਾ ਹੋਵੇ ਇੱਕ ਨਾ ਮੁੱਕਣ ਵਾਲੀ ਤਲਾਸ਼ ਸੀ। ਆਪਣੀਆਂ ਵਿਲੱਖਣ ਰਚਨਾਵਾਂ ਅਤੇ ਆਲੋਚਨਾਤਮਿਕ ਧਾਰਨਾਵਾਂ ਕਰ ਕੇ ਕੋਲਰਿਜ ਦੀ ਗਿਣਤੀ ਸੰਸਾਰ ਦੇ ਮਹਾਨ ਕਵੀਆਂ ਵਿੱਚ ਕੀਤੀ ਜਾਂਦੀ ਹੈ।
ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First