ਗੁਰਦੁਆਰਾ ਸੁਧਾਰ ਲਹਿਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਦੁਆਰਾ ਸੁਧਾਰ ਲਹਿਰ: ਇਹ ਲਹਿਰ ਅਸਲੋਂ ਅਕਾਲੀ ਲਹਿਰ ਦਾ ਹੀ ਮੁਢਲਾ ਰੂਪ ਹੈ। ਸ਼ੁਰੂ ਤੋਂ ਹੀ ਸਿੱਖ ਧਰਮ ਦੇ ਪ੍ਰਚਾਰ-ਕੇਂਦਰਾਂ ਜਾਂ ਗੁਰੂ-ਧਾਮਾਂ ਦੀ ਸੇਵਾ-ਸੰਭਾਲ ਦਾ ਕੰਮ ਉਦਾਸੀ , ਨਿਰਮਲੇ ਤੇ ਸੇਵਾ ਪੰਥੀ ਸਾਧਕ ਅਤੇ ਨਿਹੰਗ ਸਿੰਘ ਕਰਦੇ ਆਏ ਸਨ। ਸਿੱਖ ਰਾਜ ਵੇਲੇ ਰਾਜਿਆਂ, ਮਹਾਰਾਜਿਆਂ ਅਤੇ ਜਾਗੀਰਦਾਰਾਂ ਨੇ ਗੁਰੂ-ਧਾਮਾਂ ਦੇ ਨਿੱਤ ਦੇ ਖ਼ਰਚਿਆਂ ਅਤੇ ਲੰਗਰ ਦੀ ਸੇਵਾ ਲਈ ਜ਼ਮੀਨਾਂ, ਜਾਇਦਾਦਾਂ ਜਾਂ ਜਾਗੀਰਾਂ ਪ੍ਰਦਾਨ ਕੀਤੀਆਂ ਸਨ। ਪਰ ਕਾਲਾਂਤਰ ਵਿਚ ਇਸ ਪ੍ਰਕਾਰ ਦੀ ਆਮਦਨ ਨੇ ਗੁਰੂ- ਸਥਾਨਾਂ ਦੇ ਸੇਵਕਾਂ ਨੂੰ ਵਿਲਾਸਤਾ ਵਲ ਝੁਕਾ ਦਿੱਤਾ। ਸਿੱਖ ਰਾਜ ਦੀ ਸਮਾਪਤੀ ਨਾਲ ਧਰਮ-ਪ੍ਰਚਾਰ ਦਾ ਕੰਮ ਰੁਕ ਗਿਆ। ਪੁਜਾਰੀ , ਸੰਤ , ਮਹੰਤ ਗੁਰੂ-ਮਰਯਾਦਾ ਤੋਂ ਲਾਪਰਵਾਹ ਹੋ ਗਏ ਅਤੇ ਗੁਰੂ-ਧਾਮਾਂ ਦੀਆਂ ਜਾਇਦਾਦਾਂ ਨੂੰ ਨਿਜੀ ਜਾਇਦਾਦਾਂ ਸਮਝਣ ਲਗ ਗਏ। ਉਹ ਆਪਣੇ ਫ਼ਰਜ਼ਾਂ ਨੂੰ ਭੁਲ ਗਏ।
ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ ਅਤੇ ਸਿੰਘ ਸਭਾ ਲਹਿਰ ਨੇ ਸਿੱਖ ਧਰਮ ਵਿਚ ਆ ਰਹੀ ਗਿਰਾਵਟ ਅਤੇ ਭ੍ਰਸ਼ਟਾਚਾਰ ਨੂੰ ਦੂਰ ਕਰਨ ਦੇ ਯਤਨ ਕੀਤੇ ਅਤੇ ਚੀਫ਼ ਖ਼ਾਲਸਾ ਦੀਵਾਨ ਨੇ ਸਿੱਖਾਂ ਦੀ ਵਿਦਿਅਕ ਉਨਤੀ ਵਲ ਧਿਆਨ ਦਿੱਤਾ। ਪਰ ਇਨ੍ਹਾਂ ਸਭ ਨੇ ਧਰਮ-ਧਾਮਾਂ ਨੂੰ ਆਪਣੇ ਹੱਥ ਵਿਚ ਲੈ ਕੇ ਉਨ੍ਹਾਂ ਵਿਚ ਸੁਧਾਰ ਲਿਆਉਣ ਦਾ ਕੋਈ ਤਕੜਾ ਉੱਦਮ ਨ ਕੀਤਾ। ਅਜਿਹਾ ਉੱਦਮ ਨ ਕਰਨ ਦਾ ਮੁੱਖ ਕਾਰਣ ਇਹ ਸੀ ਕਿ ਸਰਕਾਰ ਇਨ੍ਹਾਂ ਪੁਜਾਰੀਆਂ, ਸੰਤਾਂ , ਮਹੰਤਾਂ ਦੀ ਪਿਠ ਠੋਕ ਰਹੀ ਸੀ ਕਿਉਂਕਿ ਅਜਿਹਾ ਕਰਨ ਨਾਲ ਉਹ ਗੁਰੂ-ਧਾਮਾਂ ਨੂੰ ਆਪਣੀ ਇੱਛਾ ਅਨੁਸਾਰ ਵਰਤ ਸਕਦੀ ਸੀ ਅਤੇ ਉਨ੍ਹਾਂ ਵਿਚ ਆਧੁਨਿਕ ਚੇਤਨਾ ਦੀ ਥਾਂ ਪਰੰਪਰਾ ਨੂੰ ਜਾਰੀ ਰਖ ਸਕਦੀ ਸੀ। ਅੰਗ੍ਰੇਜ਼ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇ ਗੁਰੂ-ਧਾਮਾਂ ਵਿਚ ਨਵੀਂ ਚੇਤਨਾ ਪ੍ਰਚਾਰੀ ਗਈ ਤਾਂ ਸਿੱਖ ਕੌਮ ਨੇ ਜਾਗ੍ਰਿਤ ਹੋ ਜਾਣਾ ਹੈ ਅਤੇ ਕਈ ਪ੍ਰਕਾਰ ਦੀਆਂ ਨਵੀਆਂ ਸਮਸਿਆਵਾਂ ਖੜੀਆਂ ਹੋ ਜਾਣੀਆਂ ਹਨ। ਉਹ ਸਿੱਖਾਂ ਤੋਂ ਰਾਜਨੈਤਿਕ ਤੌਰ ’ਤੇ ਗ਼ੁਲਾਮ ਬਣਾ ਹੀ ਚੁਕੀ ਸੀ, ਹੁਣ ਧਾਰਮਿਕ ਤੌਰ’ਤੇ ਵੀ ਆਪਣਾ ਗ਼ੁਲਾਮ ਬਣਾਈ ਰਖਣਾ ਚਾਹੁੰਦੀ ਸੀ।
ਸਿੱਖਾਂ ਅੰਦਰ ਨਵੀਂ ਚੇਤਨਾ ਦੇ ਪੈਦਾ ਹੋਣ ਨੂੰ ਅੰਗ੍ਰੇਜ਼ ਸਰਕਾਰ ਕਦ ਤਕ ਦਬਾ ਕੇ ਰਖ ਸਕਦੀ ? ਆਖ਼ਿਰ ਇਸ ਨੇ ਕਿਸੇ ਨ ਕਿਸੇ ਰੂਪ ਵਿਚ ਪ੍ਰਗਟ ਹੋਣਾ ਸੀ। ਪਹਿਲਾਂ ਗ਼ਦਰ ਲਹਿਰ ਉਠੀ, ਸਰਕਾਰ ਨਾਲ ਟਕਰਾਈ। ਉਸ ਨੂੰ ਭਾਵੇਂ ਦਬਾ ਦਿੱਤਾ ਗਿਆ, ਪਰ ਉਸ ਨੇ ਕੌਮ ਨੂੰ ਹਲੂਣ ਕੇ ਜਗਾ ਦਿੱਤਾ। ਇਸੇ ਦੌਰਾਨ ਸਰਕਾਰ ਨੇ ਇਕ ਨਵਾਂ ਕਾਨੂੰਨ ਬਣਾ ਦਿੱਤਾ ਕਿ 12 ਸਾਲਾਂ ਤੋਂ ਜੋ ਜਾਇਦਾਦ ਜਿਸ ਦੇ ਕਬਜ਼ੇ ਵਿਚ ਚਲੀ ਆ ਰਹੀ ਹੋਵੇ, ਉਹ ਉਸੇ ਦੀ ਮਲਕੀਅਤ ਰਹੇਗੀ। ਇਸ ਨਾਲ ਪੁਜਾਰੀ ਅਤੇ ਮਹੰਤ ਗੁਰੂ-ਧਾਮਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਗਏ। ਉਨ੍ਹਾਂ ਨੇ ਗੁਰੂ-ਧਾਮਾਂ ਨੂੰ ਐਸ਼-ਪ੍ਰਸਤੀ ਦੇ ਅੱਡੇ ਬਣਾ ਦਿੱਤੇ ਅਤੇ ਜਾਇਦਾਦਾਂ ਵੇਚਣੀਆਂ ਅਤੇ ਖ਼ੁਰਦ-ਬੁਰਦ ਕਰਨੀਆਂ ਆਰੰਭ ਦਿੱਤੀਆਂ। ਸਿੱਖ ਧਰਮੀਆਂ ਤੋਂ ਇਹ ਸਹਿਨ ਨ ਹੋ ਸਕਿਆ। ਉਹ ਗੁਰਦੁਆਰਿਆਂ ਨੂੰ ਪੁਜਾਰੀਆਂ ਅਤੇ ਮਹੰਤਾਂ ਤੋਂ ਆਜ਼ਾਦ ਕਰਾਉਣ ਦੀਆਂ ਸੋਚਾਂ ਵਲ ਰੁਚਿਤ ਹੋਣ ਲਗੇ। ਇਨ੍ਹਾਂ ਸੋਚਾਂ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ ਅਤੇ ਇਸ ਲਹਿਰ ਨੂੰ ਜੱਥੇਬੰਧਕ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਸੰਨ 1920 ਈ. ਤੋਂ 1925 ਈ. ਤਕ ਦਾ ਸਮਾਂ ਗੁਰਦੁਆਰਾ ਸੁਧਾਰ ਲਹਿਰ ਦਾ ਸੰਘਰਸ਼ਸ਼ੀਲ ਸਮਾਂ ਸੀ। ਇਸ ਕਾਲ ਵਿਚ ਸਿੰਘਾਂ ਨੇ ਬੇਮਿਸਾਲ ਕੁਰਬਾਨੀਆਂ ਦੁਆਰਾ ਆਪਣੇ ਗੁਰਦੁਆਰੇ ਆਜ਼ਾਦ ਕਰਾ ਲਏ। ਉਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਅਤੇ ਸਿੱਖ ਗੁਰਦੁਆਰਾ ਐਕਟ, 1925 ਈ. (ਵੇਖੋ) ਪਾਸ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First