ਚੁੱਕਵੀਂ ਸੰਪਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Movable property_ਚੁੱਕਵੀਂ ਸੰਪਤੀ: ਭਾਰਤੀ ਦੰਡ ਸੰਘਤਾ ਦੀ ਧਾਰਾ 22 ਵਿਚ ਦਿੱਤੀ ਚੁੱਕਵੀਂ ਸੰਪਤੀ ਦੀ ਪਰਿਭਾਸ਼ਾ ਕੁਝ ਚੀਜ਼ਾਂ ਨੂੰ ਚੁੱਕਵੀਂ ਸੰਪਤੀ ਵਿਚ ਸ਼ਾਮਲ ਕਰਦੀ ਹੈ ਅਤੇ ਨਾਲ ਹੀ ਕੁਝ ਕਿਸਮਾਂ ਦੀ ਸੰਪਤੀ ਨੂੰ ਉਸ ਵਿਚੋਂ ਕੱਢ ਦਿੰਦੀ ਹੈ। ਉਪਰੋਕਤ ਪਰਿਭਾਸ਼ਾ ਅਨੁਸਾਰ ਚੁੱਕਵੀਂ ਸੰਪਤੀ ਵਿਚ ਹਰ ਪ੍ਰਕਾਰ ਦੀ ਮੂਰਤ ਸੰਪਤੀ ਅਰਥਾਤ ਜਿਹੜੀ ਸੰਪਤੀ ਗਿਆਨ-ਇੰਦਰਿਆਂ ਦੁਆਰਾ ਵੇਖੀ ਜਾਂ ਮਹਿਸੂਸ ਕੀਤੀ ਜਾ ਸਕਦੀ ਹੈ, ਸ਼ਾਮਲ ਹੈ, ਲੇਕਿਨ ਭੋਂ ਅਤੇ ਧਰਤੀ-ਬੱਧ ਚੀਜ਼ਾਂ ਅਤੇ ਧਰਤੀਬੱਧ ਕਿਸੇ ਚੀਜ਼ ਨਾਲ ਸਥਾਈ ਤੌਰ ਤੇ ਜਕੜੀਆਂ ਚੀਜ਼ਾਂ ਇਸ ਵਿਚ ਸ਼ਾਮਲ ਨਹੀਂ ਹਨ।
ਸਪੱਸ਼ਟ ਹੈ ਕਿ ਇਸ ਧਾਰਾ ਦੁਆਰਾ ਭੋਂ ਅਤੇ ਧਰਤੀ ਨਾਲ ਸਥਾਈ ਤੌਰ ਤੇ ਜਕੜੀਆਂ ਚੀਜ਼ਾਂ ਨੂੰ ਚੁੱਕਵੀਂ ਸੰਪਤੀ ਤੋਂ ਬਾਹਰ ਰੱਖਿਆ ਹੈ, ਲੇਕਿਨ ਮਿੱਟੀ ਨੂੰ ਚੁੱਕਵੀਂ ਸੰਪਤੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇਸੇ ਤਰ੍ਹਾਂ ਮਿੱਟੀ ਵਿਚ ਮਿਲੀਆਂ ਚੀਜ਼ਾਂ ਵੀ ਚੁੱਕਵੀਂ ਸੰਪਤੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਕੇਵਲ ਉਹ ਚੀਜ਼ਾਂ ਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ ਜੋ ਧਰਤੀ ਨਾਲ ਸਥਾਈ ਤੌਰ ਤੇ ਜਕੜੀਆਂ ਹੋਈਆਂ ਹਨ ਅਤੇ ਉਹ ਵੀ ਜਿਸ ਛਿੰਨ ਧਰਤੀ ਤੋਂ ਵੱਖ ਹੋ ਜਾਂਦੀਆਂ ਹਨ ਜਾਂ ਕਰ ਦਿੱਤੀਆਂ ਜਾਂਦੀਆਂ ਹਨ ਚੁੱਕਵੀਂ ਸੰਪਤੀ ਵਿਚ ਸ਼ਾਮਲ ਹੋ ਜਾਂਦੀਆਂ ਹਨ। ਮਿਸਾਲ ਲਈ ਜਦ ਤਕ ਰੁੱਖ ਹਰਾ ਭਰਾ ਧਰਤੀ ਵਿਚ ਗੱਡਿਆ ਖੜਾ ਹੈ ਉਹ ਚੁੱਕਵੀਂ ਸੰਪਤੀ ਨਹੀਂ ਹੈ, ਪਰ ਜਦੋਂ ਉਹ ਸੁੱਕ ਕੇ ਡਿੱਗ ਪੈਂਦਾ ਹੈ ਜਾਂ ਜਦੋਂ ਮਨੁੱਖ ਉਸ ਹਰੇ ਭਰੇ ਰੁੱਖ ਨੂੰ ਡੇਗ ਦੇਂਦਾ ਹੈ ਉਹ ਚੁੱਕਵੀਂ ਸੰਪਤੀ ਵਿਚ ਸ਼ਾਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਧਰਤੀ ਦੀ ਕੁੱਖ ਅੰਦਰ ਸਾਂਭੇ ਪਏ ਖਣਿਜ ਪਦਾਰਥ, ਸੋਨਾ , ਹੀਰੇ ਲਾਲ , ਜਵਾਹਰ ਸਭ ਕੁਝ ਜਦ ਤਕ ਆਪਣੀ ਥਾਂ ਪਏ ਹਨ, ਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਕੀਤੇ ਜਾ ਸਕਦੇ, ਲੇਕਿਨ ਜਦੋਂ ਮਨੁੱਖ ਆਪਣੀ ਮਿਹਨਤ ਨਾਲ ਉਨ੍ਹਾਂ ਨੂੰ ਧਰਤੀ ਤੋਂ ਅਲੱਗ ਕਰ ਦੇਂਦਾ ਹੈ ਤਾਂ ਉਹ ਚੁੱਕਵੀਂ ਸੰਪਤੀ ਵਿਚ ਸ਼ਾਮਲ ਹੋ ਜਾਂਦੇ ਹਨ।
ਦਾਵੇਯੋਗ ਹੱਕ (Actionable Claim) ਚੁੱਕਵੀਂ ਸੰਪਤੀ ਵਿਚ ਸ਼ਾਮਲ ਨਹੀਂ ਹਨ, ਲੇਕਿਨ ਕਰਜ਼ਾ ਵਸੂਲੀ ਦਾ ਹੱਕ (Chose in action) ਚੁੱਕਵੀਂ ਸੰਪਤੀ ਵਿਚ ਸ਼ਾਮਲ ਹੈ। ਸਾਧਾਰਨ ਖੰਡ ਐਕਟ, 1897 ਦੀ ਧਾਰਾ 3(36) ਵਿਚ ਚੁੱਕਵੀਂ ਸੰਪਤੀ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ:-
‘‘ਚੁੱਕਵੀਂ ਸੰਪਤੀ ਦਾ ਮਤਲਬ ਹੋਵੇਗਾ ਅਚੁੱਕਵੀਂ ਸੰਪਤੀ ਦੇ ਸਿਵਾਏ ਹੋਰ ਹਰੇਕ ਤਰ੍ਹਾਂ ਦੀ ਸੰਪਤੀ।’’
ਇਸੇ ਤਰ੍ਹਾਂ ਅਚੁੱਕਵੀਂ ਸੰਪਤੀ ਦੀ ਪਰਿਭਾਸ਼ਾ ਕਰਦਿਆਂ ਸੰਪਤੀ ਇੰਤਕਾਲ ਐਕਟ, 1882 ਵਿਚ ਕਿਹਾ ਗਿਆ ਹੈ ਕਿ, ‘‘ਅਚੁੱਕਵੀਂ ਸੰਪਤੀ’’ ਵਿਚ ਖੜੀ ਇਮਰਤੀ ਲਕੜੀ, ਉਗਦੀਆਂ, ਫ਼ਸਲਾਂ ਜਾਂ ਘਾਹ ਸ਼ਾਮਲ ਨਹੀਂ ਹੈ। ਉਸ ਐਕਟ ਵਿਚ ‘‘ਧਰਤੀ ਨਾਲ ਜਕੜੀ’’ ਪਦ ਦਾ ਅਰਥ ਸਪੱਸ਼ਟ ਕਰਦਿਆਂ ਕਿਹਾ ਗਿਆ ਹੈ ਕਿ ‘‘ਧਰਤੀ ਨਾਲ ਜਕੜੀ ਹੋਈ’’ ਦਾ ਮਤਲਬ ਹੈ:-
(ੳ) ਜਿਸ ਦੀਆਂ ਜੜ੍ਹਾਂ ਧਰਤੀ ਵਿਚ ਹੋਣ ਜਿਵੇਂ ਰੁੱਖਾਂ ਅਤੇ ਝਾੜੀਆਂ ਦੀ ਸੂਰਤੀ ਵਿਚ;
(ਅ) ਧਰਤੀ ਵਿਚ ਦਿੱਤਾ ਹੋਇਆ ਜਿਵੇਂ ਕਿ ਦੀਵਾਰਾਂ ਜਾਂ ਇਮਾਰਤਾਂ ਦੀ ਸੂਰਤ ਵਿਚ; ਜਾਂ
(ੲ) ਸਥਾਈ ਲਾਹੇਵੰਦ ਉਪਭੋਗ ਲਈ ਉਸ ਚੀਜ਼ ਨਾਲ ਜਕੜੀ ਹੋਈ ਇਸ ਤਰ੍ਰਾਂ ਧਰਤੀ ਵਿਚ ਦਿੱਤੀ ਹੋਈ ਹੈ।
ਇਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਬੰਧਤ ਐਕਟ ਵਿਚ ਦਿੱਤੀ ਹੋਈ ਪਰਿਭਾਸ਼ਾ ਉਸ ਹੀ ਐਕਟ ਦੇ ਅਰਥ ਕਰਨ ਵਿਚ ਸਹਾਈ ਹੋ ਸਕਦੀ ਹੈ। ਜੇ ਤੁਲਨਾਤਮਕ ਦ੍ਰਿਸ਼ਟੀ ਤੋਂ ਗੱਲ ਕੀਤੀ ਜਾਵੇ ਤਾਂ ਆਰ. ਕੇ. ਡਾਲਮੀਆ ਬਨਾਮ ਦਿੱਲੀ ਐਡਮਿਨੀਸਟਰੇਸ਼ਨ [(1962) 2 ਕ੍ਰਿ ਲ ਜ 805] ਵਿਚ ਕਿਹਾ ਗਿਆ ਹੈ ਕਿ ਭਾਰਤੀ ਦੰਡ ਸੰਘਤਾ ਵਿਚ ਆਉਂਦੇ ਸ਼ਬਦ ਸੰਪਤੀ ਦਾ ਅਰਥ ਕਾਫ਼ੀ ਵਿਸ਼ਾਲ ਹੈ। ਇਸੇ ਤਰ੍ਹਾਂ ਸਰਵਉੱਚ ਅਦਾਲਤ ਨੇ ਅਵਤਾਰ ਸਿੰਘ ਬਨਾਮ ਰਾਜ (ਏ ਆਈ ਆਰ 1965 ਐਸ ਸੀ 666) ਵਿਚ ਕਰਾਰ ਦਿੱਤਾ ਹੈ ਬਿਜਲੀ ਚੁੱਕਵੀਂ ਸੰਪਤੀ ਨਹੀਂ ਹੈ। ਉਸ ਹੀ ਅਦਾਲਤ ਨੇ ਚਾਂਦੀ ਕੁਮਾਰ ਬਨਾਮ ਅਬਾਨੀਧਰ [(1965)। ਕ੍ਰਿ ਲ ਜ 496 (ਐਸ ਸੀ)] ਵਿਚ ਕਰਾਰ ਦਿੱਤਾ ਹੈ ਕਿ ਮੱਛੀ ਚੁੱਕਵੀਂ ਸੰਪਤੀ ਹੈ। ਅਹਿਮਦ ਬਨਾਮ ਰਾਜ (ਏ ਆਈ ਆਰ 1967 ਰਾਜ 190) ਵਿਚ ਰਾਜਸਥਾਨ ਉੱਚ ਅਦਾਲਤ ਅਨੁਸਾਰ ਮੂਰਤੀ ਚੁੱਕਵੀਂ ਸੰਪਤੀ ਹੈ। ਇਸ ਦੇ ਮੁਕਾਬਲੇ ਵਿਚ ਇਲਾਹਾਬਾਦ ਉੱਚ ਅਦਾਲਤ ਨੇ ਸ਼ਹਿਨਸ਼ਾਹ ਬਨਾਮ ਰਾਮ ਅਧੀਨ [(1902) 25 ਇਲਾ. 129] ਵਿਚ ਕਰਾਰ ਦਿੱਤਾ ਹੈ ਕਿ ਮਨੁੱਖੀ ਸਰੀਰ ਜਿਉਂਦਾ ਜਾਂ ਮਿਰਤਕ ਰੂਪ ਵਿਚ ਸੰਪੱਤੀ ਨਹੀਂ ਹੈ, ਜਦ ਕਿ ਮੱਮੀ ਚੁੱਕਵੀਂ ਸੰਪਤੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First