ਚੜ੍ਹਤ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੜ੍ਹਤ ਸਿੰਘ: ਜੈ ਸਿੰਘ ਦਾ ਪੁੱਤਰ , ਅੰਮ੍ਰਿਤਸਰ ਨੇੜੇ ਇਕ ਛੋਟੇ ਜਿਹੇ ਪਿੰਡ ਕੋਟ ਸੱਯਦ ਮਹਮੂਦ ਦਾ ਸੰਧੂ ਜੱਟ ਸੀ ਜਿਸਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਜਾਗੀਰ ਪ੍ਰਾਪਤ ਕੀਤੀ।ਇਸਦਾ ਪਿਤਾ , ਗੁਲਾਬ ਸਿੰਘ ਭੰਗੀ ਹੇਠ ਇਕ ਰਿਸਾਲੇਦਾਰ ਸਿਪਾਹੀ ਵਜੋਂ ਨੌਕਰੀ ਕਰਦਾ ਸੀ। ਚੜ੍ਹਤ ਸਿੰਘ ਦੀ ਭੈਣ ਰੂਪ ਕੌਰ ਦਾ 1809 ਵਿਚ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਹੋ ਗਿਆ। ਚੜ੍ਹਤ ਸਿੰਘ ਅਤੇ ਇਸਦੇ ਭਰਾ ਭੂਪ ਸਿੰਘ ਨੂੰ 200 ਘੋੜਿਆਂ ਦੀ ਨੌਕਰੀ ਦੀ ਸ਼ਰਤ ਤੇ 30,000 ਰੁਪਏ ਮੁੱਲ ਦਾ ਇਲਾਕਾ ਸੌਂਪਿਆ ਗਿਆ, ਜੋ ਕਿ ਅਧਿਕਾਰ ਹੋਣ ਤੋਂ ਬਾਅਦ 15 ਸਾਲ ਉਹਨਾਂ ਕੋਲ ਰਿਹਾ। ਚੜ੍ਹਤ ਸਿੰਘ ਨੂੰ ਬਿਨਾਂ ਸ਼ਰਤ ਮੁਆਵਜ਼ੇ ਵਿਚ 2,500 ਰੁਪਏ ਮੁੱਲ ਜਗੀਰ ਮਨਜ਼ੂਰ ਕੀਤੀ ਗਈ ਅਤੇ ਬਕਾਇਦਾ ਫ਼ੌਜੀ ਦਸਤੇ ਦਾ ਕਮਾਂਡਰ ਨਿਯੁਕਤ ਕੀਤਾ ਗਿਆ। 1831 ਵਿਚ, ਸੱਯਦ ਅਹਮਦ ਬਰੇਲਵੀ ਖ਼ਿਲਾਫ਼ ਰਾਜਕੁਮਾਰ ਸ਼ੇਰ ਸਿੰਘ ਵੱਲੋਂ ਸੱਯਦ ਦੀ ਸਰਾਇ ਦੀ ਲੜਾਈ ਵਿਚ ਯੁੱਧ ਕਰਦੇ ਹੋਏ ਚੜ੍ਹਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 1848 ਵਿਚ, ਚੜ੍ਹਤ ਸਿੰਘ ਦੇ ਪਰਵਾਰ ਨੇ ਅੰਗਰੇਜ਼ਾਂ ਖ਼ਿਲਾਫ਼ ਵਿਦਰੋਹ ਵਿਚ ਹਿੱਸਾ ਲਿਆ ਜਿਸ ਕਰਕੇ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਾਬਜ਼ਾ ਹੋਣ ਨਾਲ ਇਹਨਾਂ ਦੀਆਂ ਜਗੀਰਾਂ ਜ਼ਬਤ ਹੋ ਗਈਆਂ।


ਲੇਖਕ : ਗ.ਸ.ਨ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੜ੍ਹਤ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੜ੍ਹਤ ਸਿੰਘ (ਅ.ਚ. 1770): ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਅਤੇ ਸਰਦਾਰ ਨੌਧ ਸਿੰਘ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ। ਇਸਨੇ ਛੋਟੀ ਉਮਰੇ ਹੀ ਹਥਿਆਰ ਚੁੱਕ ਲਏ ਅਤੇ ਆਪਣੇ ਪਿਤਾ ਦੀ ਅਗਵਾਈ ਵਿਚ ਵੱਖ-ਵੱਖ ਮੁਹਿੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸਨੇ ਸਿੱਖਾਂ ਦੀਆਂ ਅਫ਼ਗ਼ਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਨਾਲ ਹੋਈਆਂ ਛੋਟੀਆਂ ਲੜਾਈਆਂ ਵੀ ਲੜੀਆਂ। ਆਪਣੇ ਪਿਤਾ ਦੇ ਅਕਾਲ ਚਲਾਣੇ ਉਪਰੰਤ ਇਸਨੇ ਫ਼ੈਜ਼ੁੱਲਾਪੁਰੀਆ ਮਿਸਲ ਨਾਲੋਂ ਨਾਤਾ ਤੋੜ ਲਿਆ ਅਤੇ ਆਪਣੇ ਲਈ ਹੋਰ ਇਲਾਕੇ ਜਿੱਤਣ ਦਾ ਮਨ ਬਣਾਇਆ। ਇਸਨੇ ਆਪਣਾ ਜੱਦੀ ਪਿੰਡ ਸੁੱਕਰਚੱਕ ਛੱਡ ਕੇ ਗੁਜਰਾਂਵਾਲਾ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਜਿੱਥੇ ਇਸਨੇ ਥੋੜ੍ਹੇ ਸਮੇਂ ਵਿਚ ਹੀ ਬਹੁਤ ਸਾਰੀ ਫ਼ੌਜ ਤਿਆਰ ਕਰ ਲਈ। ਇਸਦਾ ਇਕ ਨੇੜਲਾ ਸਾਥੀ ਅਮੀਰ ਸਿੰਘ ਸੀ ਜੋ ਉਸ ਇਲਾਕੇ ਵਿਚ ਆਪਣੀ ਬਹਾਦਰੀ ਕਰਕੇ ਜਾਣਿਆ ਜਾਂਦਾ ਸੀ। 1756 ਵਿਚ, ਚੜ੍ਹਤ ਸਿੰਘ ਨੇ ਅਮੀਰ ਸਿੰਘ ਦੀ ਵੱਡੀ ਲੜਕੀ ਦੇਸਾਂ ਨਾਲ ਵਿਆਹ ਕਰਵਾਇਆ। ਇਸ ਸੰਬੰਧ ਨਾਲ ਦੋਵਾਂ ਪਰਵਾਰਾਂ ਦੀ ਤਾਕਤ ਵਧ ਗਈ ਅਤੇ ਨੌਜਵਾਨ ਸੁੱਕਰਚੱਕੀਆ ਸਰਦਾਰ ਦੀ ਤਾਕਤ ਵਿਚ ਮਹੱਤਵਪੂਰਨ ਵਾਧਾ ਹੋਇਆ।

     ਚੜ੍ਹਤ ਸਿੰਘ ਨੇ ਏਮਨਾਬਾਦ ਦੇ ਫ਼ੌਜ਼ਦਾਰ ਨੂੰ ਮਾਰ ਕੇ ਸ਼ਹਿਰ ਵਿਚ ਲੁੱਟਮਾਰ ਕੀਤੀ ਅਤੇ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਇਸਨੇ ਵਜ਼ੀਰਾਬਾਦ ਤੇ ਕਬਜ਼ਾ ਕਰ ਲਿਆ। ਇਸਦੀ ਸਭ ਤੋਂ ਮਹੱਤਵਪੂਰਨ ਜਿੱਤ ਸਿਆਲਕੋਟ ਦੀ ਸੀ ਜਿੱਥੇ ਇਸਨੇ ਅਗਸਤ 1761 ਵਿਚ ਅਹਮਦ ਸ਼ਾਹ ਦੁੱਰਾਨੀ ਦੇ ਜਰਨੈਲ ਨੂਰ ਉਦ-ਦੀਨ ਬਾਮੇਜ਼ਈ ਨੂੰ ਘੇਰਾ ਪਾ ਲਿਆ। ਇਸਨੇ ਅਫ਼ਗ਼ਾਨ ਜਰਨੈਲ ਤੇ ਸਖ਼ਤੀ ਕੀਤੀ ਅਤੇ ਉਸਨੂੰ ਸ਼ਹਿਰ ਛੱਡ ਕੇ ਭੱਜ ਜਾਣ ਲਈ ਮਜਬੂਰ ਕਰ ਦਿੱਤਾ। ਚੜ੍ਹਤ ਸਿੰਘ ਨੇ ਹੁਣ ਲਾਹੌਰ ਦੇ ਅਫ਼ਗ਼ਾਨ ਗਵਰਨਰ, ਖ਼ਵਾਜਾ ਉਬੈਦ ਖ਼ਾਨ ਦਾ ਟਾਕਰਾ ਕਰਨਾ ਸੀ ਜੋ ਕਿ ਇਸਨੂੰ ਸਜ਼ਾ ਦੇਣ ਲਈ ਗੁਜਰਾਂਵਾਲੇ ਤੇ ਚੜ੍ਹ ਆਇਆ ਸੀ। ਸ਼ਹਿਰ ਨੂੰ ਘੇਰਾ ਪਾ ਲਿਆ ਗਿਆ, ਪਰ ਚੜ੍ਹਤ ਸਿੰਘ ਦਲੇਰੀ ਨਾਲ ਲੜਿਆ ਅਤੇ ਇਸਦੇ ਰਾਤ ਨੂੰ ਹਮਲਾ ਕਰਨ ਵਾਲੇ ਟੋਲੇ ਨੇ ਘੇਰਾ ਪਾਉਣ ਵਾਲਿਆਂ ਉੱਤੇ ਅਚਾਨਕ ਹਮਲਾ ਕਰ ਦਿੱਤਾ ।ਇਨੇ ਸਮੇਂ ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦੂਜੇ ਸਿੱਖ ਸਰਦਾਰ ਇਸਦੀ ਰੱਖਿਆ ਲਈ ਪਹੁੰਚ ਗਏ। ਉਬੈਦ ਖ਼ਾਨ ਨੂੰ ਆਪਣੇ ਪਿੱਛੇ ਕਿਲ੍ਹਾ-ਤੋੜ ਤੋਪਾਂ , ਗੋਲਾ-ਬਾਰੂਦ ਅਤੇ ਹੋਰ ਖਾਣ-ਪੀਣ ਦਾ ਸਮਾਨ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। 5 ਫ਼ਰਵਰੀ 1762 ਦੇ ਵੱਡੇ ਘੱਲੂਘਾਰੇ ਵਿਚ, ਜਦੋਂ ਸਿੱਖ ਅਹਮਦ ਸ਼ਾਹ ਦੁੱਰਾਨੀ ਨਾਲ ਘਮਸਾਣ ਯੁੱਧ ਵਿਚ ਰੁੱਝੇ ਹੋਏ ਸਨ , ਚੜ੍ਹਤ ਸਿੰਘ ਬਹੁਤ ਵਧੀਆ ਤਕਨੀਕ ਅਤੇ ਦਲੇਰੀ ਨਾਲ ਲੜਿਆ।

     ਜਿਉਂ ਹੀ ਅਹਮਦ ਸ਼ਾਹ ਅਫ਼ਗ਼ਾਨਿਸਤਾਨ ਵੱਲ ਮੁੜਿਆ, ਸਿੱਖਾਂ ਨੇ ਪੂਰੇ ਪੰਜਾਬ ਤੇ ਕਬਜ਼ਾ ਕਰ ਲਿਆ। ਚੜ੍ਹਤ ਸਿੰਘ ਅਤੇ ਭੰਗੀ ਸਰਦਾਰਾਂ ਨੇ ਅਪ੍ਰੈਲ 1763 ਵਿਚ ਕਸੂਰ ਤੇ ਕਬਜ਼ਾ ਕਰ ਲਿਆ। ਨਵੰਬਰ 1763 ਵਿਚ ਚੜ੍ਹਤ ਸਿੰਘ ਸਿਆਲਕੋਟ ਵਿਖੇ, ਸਿੱਖਾਂ ਉੱਤੇ ਜ਼ੁਲਮ ਕਰਨ ਲਈ ਵਿਸ਼ੇਸ਼ ਤੌਰ ਤੇ ਭੇਜੇ ਗਏ ਸ਼ਾਹ ਦੇ ਕਮਾਂਡਰ ਜਹਾਨ ਖ਼ਾਨ, ਨਾਲ ਉਲਝ ਪਿਆ ਅਤੇ ਉਸਨੂੰ ਕਰਾਰੀ ਹਾਰ ਦਿੱਤੀ। ਸ਼ਾਹ, ਸਿੱਖਾਂ ਨੂੰ ਦਬਾਉਣ ਲਈ ਆਪ ਅੱਗੇ ਆਇਆ ਪਰ ਸਿੱਖ ਸਰਦਾਰਾਂ ਦੇ ਜਥਿਆਂ ਹੱਥੋਂ ਤੰਗ ਆ ਕੇ ਵਾਪਸ ਚੱਲਾ ਗਿਆ।

     ਚੜ੍ਹਤ ਸਿੰਘ ਰਚਨਾ ਅਤੇ ਚਜ ਦੁਆਬਾਂ ਨੂੰ ਪਾਰ ਕਰਦਾ ਹੋਇਆ ਰੋਹਤਾਸ ਪੁੱਜਾ ।ਕਿਲ੍ਹੇ ਦੇ ਅਫ਼ਗ਼ਾਨ ਕਮਾਂਡਰ ਸਰਫ਼ਰਾਜ਼ ਖ਼ਾਨ ਨੇ ਜ਼ਬਰਦਸਤ ਟੱਕਰ ਦਿੱਤੀ ਪਰ ਅਟਕ ਕੋਲ ਹਾਰ ਗਿਆ। ਚੜ੍ਹਤ ਸਿੰਘ ਨੇ ਕਸ਼ਮੀਰ ਦੇ ਗਵਰਨਰ, ਸਰਬੁਲੰਦ ਖ਼ਾਨ ਨੂੰ ਹਰਾ ਦਿੱਤਾ ਜੋ ਕਿ ਲਾਹੌਰ ਵਿਖੇ ਅਫ਼ਗ਼ਾਨ ਹਾਕਮ ਨੂੰ ਮਿਲਣ ਜਾ ਰਿਹਾ ਸੀ। ਇਹਨਾਂ ਜਿੱਤਾਂ ਤੋਂ ਬਾਅਦ ਇਸਨੇ ਧੱਨੀ ਅਤੇ ਪੋਠੋਹਾਰ ਦੇ ਬਹੁਤ ਵੱਡੇ ਇਲਾਕੇ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ। ਇਸ ਤੋਂ ਬਾਅਦ ਇਸਨੇ ਇਕ ਪਿੰਡ ਦਾਦਨ ਖ਼ਾਨ ਤੇ ਕਬਜ਼ਾ ਕਰਕੇ ਉੱਥੇ ਇਕ ਕਿਲ੍ਹਾ ਬਣਵਾਇਆ। ਖਿਉੜਾ ਅਤੇ ਮਿਆਣੀ ਦੀਆਂ ਲੂਣ ਦੀਆਂ ਖਾਣਾਂ ਇਸਦਾ ਅਗਲਾ ਨਿਸ਼ਾਨਾ ਬਣੀਆਂ।

     ਚੜ੍ਹਤ ਸਿੰਘ ਦੀਆਂ ਲੂਣ ਦੀਆਂ ਖਾਣਾਂ ਅਤੇ ਪਿੰਡ ਦਾਦਨ ਖ਼ਾਨ ਦੀਆਂ ਵਿਸ਼ੇਸ਼ ਸਫ਼ਲਤਾਵਾਂ ਨੇ ਭੰਗੀ ਸਰਦਾਰਾਂ ਨਾਲ ਦੁਸ਼ਮਣੀ ਵਧਾ ਦਿੱਤੀ ਜੋ ਕਿ ਇਹਨਾਂ ਇਲਾਕਿਆਂ ਤੇ ਹਮੇਸ਼ਾਂ ਆਪਣਾ ਪ੍ਰਭਾਵ ਸਮਝਦੇ ਰਹੇ ਸਨ। ਉਹਨਾਂ ਦੀ ਵਿਰੋਧਤਾ ਉਸ ਸਮੇਂ ਖੁੱਲ੍ਹ ਕੇ ਸਾਮ੍ਹਣੇ ਆਈ ਜਦੋਂ ਚੜ੍ਹਤ ਸਿੰਘ ਅਤੇ ਭੰਗੀ ਸਰਦਾਰ ਜੰਮੂ ਵਿਖੇ ਪਰਵਾਰਿਕ ਝਗੜੇ ਸਮੇਂ ਆਹਮੋ-ਸਾਮ੍ਹਣੇ ਆ ਗਏ। ਇੱਥੋਂ ਦਾ ਹਾਕਮ ਰਣਜੀਤ ਦਿਓ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਗੱਦੀ ਸੌਂਪਣਾ ਚਾਹੁੰਦਾ ਸੀ ਪਰ ਇਸਦੀ ਇਸ ਇੱਛਾ ਦੀ ਇਸਦੇ ਵੱਡੇ ਪੁੱਤਰ ਬ੍ਰਿਜ ਰਾਜ ਦਿਓ ਨੇ ਵਿਰੋਧਤਾ ਕੀਤੀ ਜੋ ਕਿ ਚੜ੍ਹਤ ਸਿੰਘ ਅਤੇ ਕਨ੍ਹਈਆ ਸਰਦਾਰਾਂ ਦੀ ਸਹਾਇਤਾ ਲੈਣ ਵਿਚ ਕਾਮਯਾਬ ਹੋ ਗਿਆ। ਰਣਜੀਤ ਦਿਓ ਨੇ ਭੰਗੀ ਸਰਦਾਰਾਂ ਦੀ ਸਹਾਇਤਾ ਕੀਤੀ। 1770 ਵਿਚ, ਵਿਰੋਧੀ ਫ਼ੌਜਾਂ ਨੇ ਜੰਮੂ ਵੱਲ ਮਾਰਚ ਕਰ ਦਿੱਤਾ। ਇਸ ਮੁੱਠਭੇੜ ਵਿਚ ਚੜ੍ਹਤ ਸਿੰਘ ਦੀ ਬੰਦੂਕ ਫੱਟ ਗਈ ਅਤੇ ਇਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੜ੍ਹਤ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੜ੍ਹਤ ਸਿੰਘ : ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹਜੂਰੀ ਸਿੱਖ ਦਾਨ ਸਿੰਘ ਦਾ ਭਰਾ ਸੀ। ਇਹ ਮਾਲਵੇ ਦਾ ਜੰਮ-ਪਲ ਸੀ।

          ਹ. ਪੁ.––ਮ. ਕੋ : 460


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚੜ੍ਹਤ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੜ੍ਹਤ ਸਿੰਘ : ਇਹ ਫ਼ਰੀਦਕੋਟ ਦੇ ਰਾਜੇ ਮੋਹਰ ਸਿੰਘ ਦਾ ਲੜਕਾ ਸੀ। ਇਨ੍ਹਾਂ ਦਾ ਸਬੰਧ ਰਾਜਾ ਜੈਸਲ ਨਾਲ ਸੀ ਜਿਸ ਦੀ ਔਲਾਦ ਵਿਚੋਂ ਸਤਵੀਂ ਪੀੜ੍ਹੀ ‘ਸਿੱਧੂ’ ਅਤੇ ਨੌਂਵੀ ਪੀੜ੍ਹੀ ‘ਬਰਾੜ’ ਹੋਇਆ ਜਿਸ ਤੋਂ ‘ਸਿੱਧੂ ਬਰਾੜ’ ਘਰਾਣੇ ਦਾ ਮੁੱਢ ਬੱਝਾ। ਬਰਾੜ ਵੀ ਅੱਗੇ ਦੋ ਹਿੱਸਿਆਂ ਵਿਚ ਵੰਡੇ ਗਏ-ਪੌਰ ਤੇ ਧੌਲ। ਧੌਲ ਦੀ ਔਲਾਦ ਵਿਚੋਂ ਫ਼ਰੀਦਕੋਟ ਦੇ ਰਾਜੇ ਹੋਏ।

ਸੰਨ 1782 ਵਿਚ ਫ਼ਰੀਦਕੋਟ ਦੇ ਰਾਜੇ ਹਮੀਰ ਸਿੰਘ ਦੇ ਦੇਹਾਂਤ ਉਪਰੰਤ ਮੋਹਰ ਸਿੰਘ ਸਰਦਾਰ ਬਣਿਆ। ਮੋਹਰ ਸਿੰਘ ਦੇ ਪੁੱਤਰ ਚੜ੍ਹਤ ਸਿੰਘ ਤੇ ਭੂਪਾ ਹੋਏ। ਮੋਹਰ ਸਿੰਘ ਭੂਪੇ ਨੂੰ ਜ਼ਿਆਦਾ ਪਿਆਰ ਕਰਦਾ ਸੀ। ਇਸ ਦੁੱਖ ਕਾਰਨ ਹੀ ਜਦ ਇਕ ਦਿਨ ਮੋਹਰ ਸਿੰਘ ਤੇ ਭੂਪਾ ਬਾਹਰ ਗਏ ਤਾਂ ਚੜ੍ਹਤ ਸਿੰਘ ਨੇ ਕਿਲਾ ਫ਼ਰੀਦਕੋਟ ਤੇ ਕਬਜ਼ਾ ਕਰ ਲਿਆ ਤੇ ਮੋਹਰ ਸਿੰਘ ਦੀ ਵਹੁਟੀ ਤੇਜੀ ਜੋ ਕਿ ਮੁਸਲਮਾਨੀ ਸੀ, ਨੂੰ ਕਤਲ ਕਰ ਦਿੱਤਾ। ਮੋਹਰ ਸਿੰਘ ਨੇ ਕਿਲੇ ਦਾ ਦੁਬਾਰਾ ਕਬਜ਼ਾ ਲੈਣ ਲਈ ਹਮਲਾ ਕੀਤਾ ਪਰ ਅਸਫ਼ਲ ਰਿਹਾ ਤੇ ਚੜ੍ਹਤ ਸਿੰਘ ਨੇ ਮੋਹਰ ਸਿੰਘ ਨੂੰ ਪਿੰਡ ਸ਼ੇਰ ਸਿੰਘ ਵਾਲਾ ਵਿਚ ਕੈਦ ਕਰ ਦਿੱਤਾ। ਸ. ਤਾਰਾ ਸਿੰਘ ਘੇਬਾ ਨੇ ਉਸ ਨੂੰ ਰਿਹਾਅ ਕਰਾ ਦਿੱਤਾ ਪਰ ਉਹ ਦੁਬਾਰਾ ਫ਼ਰੀਦਕੋਟ ਨਾ ਜਿੱਤ ਸਕਿਆ ਤੇ 1798 ਈ. ਵਿਚ ਉਸ ਦੀ ਮੌਤ ਹੋ ਗਈ।

ਸੰਨ 1804 ਵਿਚ ਮੋਹਰ ਸਿੰਘ ਦੇ ਵੱਡੇ ਭਰਾ ਦਲ ਸਿੰਘ ਨੇ ਫ਼ਰੀਦਕੋਟ ਤੇ ਕਬਜ਼ਾ ਕਰ ਲਿਆ ਤੇ ਚੜ੍ਹਤ ਸਿੰਘ ਨੂੰ ਕਤਲ ਕਰ ਦਿੱਤਾ। ਚੜ੍ਹਤ ਸਿੰਘ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਸ਼ੇਰ ਸਿੰਘ ਵਾਲਾ ਚਲੀ ਗਈ। ਇਕ ਮਹੀਨੇ ਮਗਰੋਂ ਉਸ ਦੇ ਭਰਾ ਫ਼ੌਜਾ ਸਿੰਘ ਨੇ ਫ਼ਰੀਦਕੋਟ ਤੇ ਹਮਲਾ ਕਰ ਕੇ ਦਲ ਸਿੰਘ ਨੂੰ ਕਤਲ ਕਰ ਦਿੱਤਾ ਤੇ ਚੜ੍ਹਤ ਸਿੰਘ ਦਾ ਸੱਤ ਸਾਲ ਦਾ ਪੁੱਤਰ ਗੁਲਾਬ ਸਿੰਘ ਗੱਦੀ ਤੇ ਬੈਠਿਆ ਤੇ ਉਸ ਦਾ ਮਾਮਾ ਫ਼ੌਜਾ ਸਿੰਘ ਰਾਜ ਦਾ ਮੁਖ਼ਤਿਆਰ ਬਣ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-04-18-53, ਹਵਾਲੇ/ਟਿੱਪਣੀਆਂ: ਹ. ਪੁ. –ਸਿੰ. ਮਿ.: 172

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.