ਜਗਤ ਦੀ ਅਨੰਤਤਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਗਤ ਦੀ ਅਨੰਤਤਾ: ਸ੍ਰਿਸ਼ਟੀ ਕਿਤਨੀ ਵੱਡੀ ਹੈ ? ਇਹ ਇਕ ਮਹੱਤਵਪੂਰਣ ਪ੍ਰਸ਼ਨ ਹੈ। ਗੁਰੂ ਨਾਨਕ ਬਾਣੀ ਵਿਚ ਇਸ ਪ੍ਰਸ਼ਨ ਵਿਚਲੀ ਜਿਗਿਆਸਾ ਨੂੰ ਸਪੱਸ਼ਟ ਕੀਤਾ ਮਿਲਦਾ ਹੈ। ਉਨ੍ਹਾਂ ਦੀ ਸਥਾਪਨਾ ਹੈ ਕਿ ਕੁਦਰਤ ਦੇ ਕਿਤਨੇ ਹੀ ਰੂਪ ਹਨ, ਕਿਤਨੀਆਂ ਹੀ ਉਸ ਦੀਆਂ ਦਿੱਤੀਆਂ ਵਸਤੂਆਂ ਹਨ। ਕਿਤਨੇ ਹੀ ਜੀਵ ਹਨ ਅਤੇ ਕਿਤਨੇ ਹੀ ਉਨ੍ਹਾਂ ਦੇ ਰੂਪ-ਰੰਗ ਹਨ, ਜਾਤੀਆਂ ਅਤੇ ਅਜਾਤੀਆਂ ਹਨ— ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ (ਗੁ.ਗ੍ਰੰ.18)।

            ਪਰਮਾਤਮਾ ਦੇ ਪੈਦਾ ਕੀਤੇ ਜੀਵਾਂ ਦਾ ਕੋਈ ਅੰਤ ਵੀ ਨਹੀਂ ਹੈ, ਕਈ ਮਾਸਾਹਾਰੀ ਹਨ ਅਤੇ ਕਈ ਘਾਸ ਖਾਣ ਵਾਲੇ ਹਨ। ਕੁਝ ਛੱਤੀ ਪ੍ਰਕਾਰ ਦੇ ਭੋਜਨ ਕਰਦੇ ਹਨ ਅਤੇ ਕਈ ਮਿੱਟੀ ਵਿਚ ਰਹਿ ਕੇ ਮਿੱਟੀ ਨੂੰ ਹੀ ਖਾਉਂਦੇ ਹਨ। ਕੁਝ ਪ੍ਰਾਣਾਯਾਮ ਦੁਆਰਾ ਉਪਾਸਨਾ ਕਰਦੇ ਹਨ ਅਤੇ ਕੁਝ ਨਾਮ -ਸਿਮਰਨ ਰਾਹੀਂ ਈਸ਼ਵਰੀ ਭਗਤੀ ਕਰਦੇ ਹਨ— ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ਇਕਨਾ ਛਤੀਹ ਅੰਮ੍ਰਿਤ ਪਾਹਿ ਇਕਿ ਮਿਟੀਆ ਮਹਿ ਮਿਟੀਆ ਖਾਹਿ ਇਕਿ ਪਉਣ ਸੁਮਾਰੀ ਪਉਣ ਸੁਮਾਰਿ ਇਕਿ ਨਿਰੰਕਾਰੀ ਨਾਮ ਆਧਾਰਿ (ਗੁ.ਗ੍ਰੰ.144)।

          ‘ਜਪੁਜੀ ’ ਵਿਚਲੀਆਂ ਤਿੰਨ ਪਉੜੀਆਂ (17,18 ਅਤੇ 19) ਵਿਚ ਅਨੰਤਤਾ ਦੀ ਗੱਲ ਵਿਸਤਾਰ ਨਾਲ ਕਹੀ ਗਈ ਹੈ ਅਤੇ ਨਿਬੇੜਾ ਇਸ ਗੱਲ ਉਤੇ ਹੋਇਆ ਹੈ ਕਿ ਸ੍ਰਿਸ਼ਟੀ ਨੂੰ ਅਨੰਤ ਕਹਿਣਾ ਵੀ ਸਹੀ ਨਹੀਂ ਹੈ— ਅਸੰਖ ਕਹਹਿ ਸਿਰਿ ਭਾਰੁ ਹੋਇ ਸ੍ਰਿਸ਼ਟੀ ਦੀ ਅਨੰਤਤਾ ਦਾ ਹੋਰ ਵਿਵਰਣ ‘ਜਪੁਜੀ’ ਦੀ 35ਵੀਂ ਪਉੜੀ ਵਿਚ ਹੋਇਆ ਹੈ। ‘ਆਸਾ ਕੀ ਵਾਰ ’ ਵਿਚ ਇਸ ਅਨੰਤਤਾ ਨੂੰ ‘ਵਿਸਮਾਦੀ’ ਕਿਹਾ ਗਿਆ ਹੈ ਜੋ ਵਰਣਨ-ਅਤੀਤ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੀ ਸ੍ਰਿਸ਼ਟੀ ਗਣਨਾ ਦੇ ਭੌਤਿਕ ਸਾਧਨਾਂ ਤੋਂ ਸੰਭਵ ਹੀ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.