ਜੇਨ ਆਸਟਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੇਨ ਆਸਟਨ (1775–1817): ਅੰਗਰੇਜ਼ੀ ਦੀ ਪ੍ਰਸਿੱਧ ਨਾਵਲਕਾਰ ਜੇਨ ਆਸਟਨ (Jane Austen) ਦਾ ਜਨਮ 1775 ਨੂੰ ਹੈਂਪਸ਼ਾਇਰ `ਚ ਸਟੀਵੇਨਟਨ ਨਾਮਕ ਸਥਾਨ `ਤੇ ਹੋਇਆ ਜਿੱਥੇ ਉਸ ਦੇ ਪਿਤਾ ਪਾਦਰੀ ਸਨ। ਪੰਜ ਭਰਾਵਾਂ ਅਤੇ ਇੱਕ ਭੈਣ ਵਾਲੇ ਵੱਡੇ ਪਰਿਵਾਰ ਵਿੱਚ ਪੈਦਾ ਹੋਈ ਜੇਨ ਆਸਟਨ ਦਾ ਜੀਵਨ ਬੜਾ ਹੀ ਸਾਦਾ ਸੀ। ਉਸ ਨੇ ਆਪਣੀ ਸਾਰੀ ਵਿੱਦਿਆ ਕਿਸੇ ਸਕੂਲ ਦੀ ਬਜਾਏ ਘਰ ਵਿੱਚ ਹੀ ਰਹਿ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ। ਇੱਕ-ਦੋ ਥਾਂਵਾਂ ਨੂੰ ਛੱਡ, ਉਸ ਨੇ ਕੋਈ ਲੰਬੀ ਯਾਤਰਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਸਮਾਜ ਦੇ ਉੱਚ ਵਰਗ ਵਿੱਚ ਵਿਚਰਨ ਦਾ ਅਵਸਰ ਮਿਲਿਆ।ਭਾਵੇਂ ਉਸ ਦੇ ਭਰਾ ਜਲ-ਸੈਨਾ ਦੇ ਜਾਣੇ-ਪਛਾਣੇ ਐਡਮਿਰਲ ਸਨ ਪਰ ਜੇਨ ਆਸਟਨ ਦੀ ਦੁਨੀਆ ਛੋਟੇ-ਛੋਟੇ ਸੂਬਿਆਂ ਤੱਕ ਹੀ ਸੀਮਿਤ ਰਹੀ। ਉਹ ਪੂਰੀ ਜ਼ਿੰਦਗੀ ਕੁਆਰੀ ਰਹੀ। ਉਸ ਦਾ ਜ਼ਿਆਦਾ ਸਮਾਂ ਘਰੇਲੂ ਕੰਮਾਂ ਵਿੱਚ ਹੀ ਬਤੀਤ ਹੋਇਆ। ਪਿਤਾ ਦੀ ਮੌਤ ਤੋਂ ਬਾਅਦ 1805 ਵਿੱਚ ਆਸਟਨ ਪਰਿਵਾਰ ਸਾਊਥੈਂਪਟਨ ਅਤੇ ਫਿਰ 1809 ਵਿੱਚ ਮੁੜ ਹੈਂਪਸ਼ਾਇਰ ਵਿੱਚ ਵੱਸ ਗਿਆ ਜਿੱਥੇ ਜੇਨ ਆਸਟਨ ਨੇ ਆਪਣੀ ਬਾਕੀ ਦੀ ਉਮਰ ਬਿਤਾਈ। ਬਿਮਾਰੀ ਕਾਰਨ 1817 ਵਿੱਚ ਜੇਨ ਆਸਟਨ ਦੀ ਮੌਤ ਹੋ ਗਈ।

     ਜੇਨ ਆਸਟਨ ਨੇ ਕਦੇ ਵੀ ਆਪਣੇ-ਆਪ ਨੂੰ ਮਹਾਨ ਲੇਖਕਾ ਨਹੀਂ ਸਮਝਿਆ ਅਤੇ ਘਰੇਲੂ ਜ਼ਿੰਦਗੀ ਜਿਊਂਦਿਆਂ ਘਰੇਲੂ ਕਹਾਣੀਆਂ ਲਿਖੀਆਂ। ਉਸ ਨੇ ਆਪਣੇ ਸਮੇਂ ਦੇ ਪੁਰਾਤਨ ਸਾਹਿਤ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਫੈਨੀ ਬਰਨੀ ਤੇ ਰਿਚਰਡਸਨ ਵਰਗੇ ਨਾਵਲਕਾਰਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਈ। ਜੇਨ ਆਸਟਨ ਨੇ ਆਪਣਾ ਸਾਹਿਤਿਕ ਜੀਵਨ 1790 ਵਿੱਚ ਪਰਿਵਾਰ ਦੇ ਮਨੋਰੰਜਨ ਲਈ ਲਿਖੇ ਨਾਵਲ ਲਵ ਐਂਡ ਫਰੈਂਡਸ਼ਿਪ’ ਨਾਲ ਸ਼ੁਰੂ ਕੀਤਾ। ਉਸ ਦਾ ਦੂਜਾ ਨਾਵਲ ਲੇਡੀ ਸੂਜ਼ਨ 1794 ਵਿੱਚ ਪੂਰਾ ਹੋਇਆ ਜਿਹੜਾ ਬਹੁਤ ਸਾਲਾਂ ਬਾਅਦ ਉਸ ਦੇ ਇੱਕ ਹੋਰ ਨਾਵਲ ਮਿਸਟਰ ਵਾਟਸਨ ਸਮੇਤ 1871 ਵਿੱਚ ਮੈਮੋਅਰਜ਼ ਆਫ਼ ਜੇਨ ਆਸਟਨ ਵਿੱਚ ਛਪਿਆ। ਉਸ ਦਾ ਸਭ ਤੋਂ ਪਹਿਲਾ ਛਪਣ ਵਾਲਾ ਨਾਵਲ ਸੈਂਸ ਐਂਡ ਸੈਂਸੀਬਿਲੀਟੀ ਸੀ ਜੋ ਉਸ ਨੇ 1797 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ 1811 ਵਿੱਚ ਛਪਿਆ। ਇਹ ਪਹਿਲਾਂ ਐਲੀਨਰ ਐਂਡ ਮੇਰੀਅਨ ਨਾਮਕ ਕਹਾਣੀ ਵਜੋਂ ਸ਼ੁਰੂ ਹੋਇਆ ਅਤੇ 1797 ਵਿੱਚ ਸੈਂਸ ਐਂਡ ਸੈਂਸੀਬਿਲੀਟੀ ਨਾਂ ਨਾਲ ਨਾਵਲ ਰੂਪ ਵਿੱਚ ਸੰਪੰਨ ਹੋਇਆ। ਇਹ ਨਾਵਲ ਐਲੀਨਰ ਅਤੇ ਮੇਰੀਅਨ ਨਾਮਕ ਦੋ ਭੈਣਾਂ ਦੀ ਕਹਾਣੀ ਹੈ ਜੋ ਪਿਤਾ ਦੀ ਮੌਤ ਤੋਂ ਬਾਅਦ ਗ਼ਰੀਬੀ ਅਤੇ ਅਣ-ਸੁਖਾਵੀਆਂ ਪਰਿਸਥਿਤੀਆਂ `ਚੋਂ ਗੁਜ਼ਰਦੀਆਂ ਹਨ। ਦੋਹਾਂ ਦੇ ਪ੍ਰੇਮੀ ਉਹਨਾਂ ਨੂੰ ਅੱਧ-ਵਿਚਾਲੇ ਛੱਡ ਜਾਂਦੇ ਹਨ ਪਰ ਅੰਤ ਵਿੱਚ ਐਲੀਨਰ ਦਾ ਵਿਆਹ ਉਸ ਦੇ ਪੁਰਾਣੇ ਪ੍ਰੇਮੀ ਐਡਵਰਡ ਨਾਲ ਹੋ ਜਾਂਦਾ ਹੈ ਅਤੇ ਮੇਰੀਅਨ ਨੂੰ ਸੱਚਾ ਪਿਆਰ ਕਰਨ ਵਾਲਾ ਕਰਨਲ ਬਰੈਨਡਨ ਮਿਲ ਜਾਂਦਾ ਹੈ। ਮੇਰੀਅਨ ਸਮਝ ਜਾਂਦੀ ਹੈ ਕਿ ਜ਼ਿੰਦਗੀ ਵਿੱਚ ਕਾਮ-ਉਨਮਾਦ ਨਾਲੋਂ ਸਿਆਣਪ ਅਤੇ ਸੰਤੁਲਨ ਵਧੇਰੇ ਮਹੱਤਵਪੂਰਨ ਹਨ।

     ਕੁਝ ਅਰਸੇ ਬਾਅਦ ਜੇਨ ਆਸਟਨ ਨੇ 1796-97 ਵਿੱਚ ਆਪਣਾ ਸਭ ਤੋਂ ਸਫਲ ਨਾਵਲ ਪ੍ਰਾਈਡ ਐਂਡ ਪ੍ਰੈਜੁਡਿਸ ਲਿਖਣਾ ਸ਼ੁਰੂ ਕੀਤਾ ਜੋ ਪਹਿਲਾਂ ਫਸਟ ਇੰਪ੍ਰੈਸ਼ਨ ਦੇ ਨਾਂ ਨਾਲ ਲਿਖਿਆ ਗਿਆ, ਪਰ 1798 ਵਿੱਚ ਪ੍ਰਕਾਸ਼ਕਾਂ ਵੱਲੋਂ ਇਸ ਨੂੰ ਛਾਪਣ ਤੋਂ ਇਨਕਾਰ ਕਰਨ ਤੇ ਜੇਨ ਆਸਟਨ ਨੇ ਇਸ ਵਿੱਚ ਕਾਫ਼ੀ ਸੁਧਾਰ ਕੀਤੇ ਅਤੇ ਇਹ 1813 ਵਿੱਚ ਪ੍ਰਾਈਡ ਐਂਡ ਪ੍ਰੈਜੁਡਿਸ ਨਾਂ ਨਾਲ ਛਪਿਆ। ਇਹ ਨਾਵਲ ਲੌਂਗ ਬੁਰਨ ਦੇ ਬੈਨੇਟ ਪਰਿਵਾਰ ਦੀ ਕਹਾਣੀ ਹੈ, ਜਿੱਥੇ ਪੰਜ ਧੀਆਂ ਦੇ ਵਿਆਹਾਂ ਲਈ ਮੁੰਡੇ ਲੱਭਣਾ ਸ੍ਰੀਮਤੀ ਬੈਨੇਟ ਦੀ ਸਭ ਤੋਂ ਵੱਡੀ ਸਮੱਸਿਆ ਹੈ। ਵੱਡੀ ਲੜਕੀ ਜੇਨ ਆਪਣੇ ਗੁਆਂਢੀ ਬਿੰਗਲੇ ਨਾਲ ਪਿਆਰ ਕਰ ਬੈਠਦੀ ਹੈ ਪਰ ਦੂਜੀ ਲੜਕੀ ਐਲਿਜ਼ਾਬੈੱਥ ਬਿੰਗਲੇ ਦੇ ਦੋਸਤ ਡਾਰਸੀ ਨੂੰ ਚੰਗਾ ਨਹੀਂ ਸਮਝਦੀ। ਕਹਾਣੀ ਵਿੱਚ ਅਨੇਕਾਂ ਉਤਰਾਅ-ਚੜ੍ਹਾਅ ਆਉਂਦੇ ਹਨ। ਬੈਨੇਟ ਪਰਿਵਾਰ ਦਾ ਮਹਿਮਾਨ ਰਿਸ਼ਤੇਦਾਰ ਕੋਲੀਨਜ਼ ਵੀ ਐਲਿਜ਼ਾਬੈੱਥ ਨਾਲ ਵਿਆਹ ਕਰਵਾਉਣ ਦੀ ਤਜਵੀਜ਼ ਰੱਖਦਾ ਹੈ ਜਿਸ ਨੂੰ ਉਹ ਠੁਕਰਾ ਦਿੰਦੀ ਹੈ ਪਰ ਅੰਤ ਵਿੱਚ ਸਭ ਗ਼ਲਤ ਫ਼ਹਿਮੀਆਂ ਦੂਰ ਹੋ ਜਾਣ ਬਾਅਦ ਐਲਿਜ਼ਾਬੈੱਥ ਦਾ ਵਿਆਹ ਡਾਰਸੀ ਅਤੇ ਜੇਨ ਦਾ ਵਿਆਹ ਬਿੰਗਲੇ ਨਾਲ ਹੋ ਜਾਂਦਾ ਹੈ।

     2004 ਵਿੱਚ ਇੰਗਲੈਂਡ ਵਿੱਚ ਵੱਸੀ ਹਿੰਦੁਸਤਾਨ ਮੂਲ ਦੀ ਫ਼ਿਲਮ ਨਿਰਦੇਸ਼ਿਕਾ ਗੁਰਿੰਦਰ ਚੱਢਾ ਨੇ ਇਸ ਨਾਵਲ ਤੇ ਆਧਾਰਿਤ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਪ੍ਰਾਈਡ ਐਂਡ ਪ੍ਰੈਜੁਡਿਸ ਨਾਮਕ ਸਫਲ ਫ਼ਿਲਮ ਬਣਾਈ ਜਿਸ ਵਿੱਚ ਹਿੰਦੁਸਤਾਨ ਦੀ ਮਸ਼ਹੂਰ ਫ਼ਿਲਮ ਅਦਾਕਾਰਾ ਐਸ਼ਵਰਿਆ ਰਾਏ ਸਮੇਤ ਹਿੰਦੁਸਤਾਨੀ ਅਤੇ ਅੰਗਰੇਜ਼ੀ ਕਲਾਕਾਰਾਂ ਨੇ ਕੰਮ ਕੀਤਾ।

     ਜੇਨ ਆਸਟਨ ਦਾ ਇੱਕ ਹੋਰ ਨਾਵਲ ਮੈਨਸਫੀਲਡ ਪਾਰਕ 1814 ਵਿੱਚ ਛਪਿਆ ਜੋ ਆਸਟਨ ਦੇ ਹੋਰ ਨਾਵਲਾਂ ਦੀ ਤਰ੍ਹਾਂ ਇੱਕ ਪਰਿਵਾਰਿਕ ਕਹਾਣੀ ਹੈ ਜਿਸ ਵਿੱਚ ਸਰ ਟੌਮਸ ਅਤੇ ਲੇਡੀ ਬਰਟਰੈਮ ਦੀਆਂ ਦੋ ਧੀਆਂ ਜੂਲੀਆ ਤੇ ਮਾਰੀਆ ਅਤੇ ਦੋ ਪੁੱਤਰਾਂ ਟੌਮ ਤੇ ਐਡਮੰਡ ਦੇ ਪਿਆਰ ਦੀਆਂ ਕਥਾਵਾਂ ਦਰਜ ਹਨ। ਲੇਡੀ ਬਰਟਰੈਮ ਦੀ ਭਤੀਜੀ ਫੈਨੀ ਵੀ ਇੱਕ ਅਹਿਮ ਕਿਰਦਾਰ ਹੈ। ਮਾਰੀਆ ਦੀ ਮੰਗਣੀ ਰਸ਼ਫੋਰਥ ਨਾਲ ਹੁੰਦੀ ਹੈ ਪਰ ਉਹ ਪਿਆਰ ਹੈਨਰੀ ਕਰੌਫਰਡ ਨਾਲ ਕਰਦੀ ਹੈ। ਹੈਨਰੀ ਦੀ ਭੈਣ ਮੈਰੀ, ਐਡਮੰਡ ਨਾਲ ਪਿਆਰ ਕਰਦੀ ਹੈ। ਮਾਰੀਆ ਅਤੇ ਰਸ਼ਫੋਰਥ ਦੇ ਵਿਆਹ ਤੋਂ ਬਾਅਦ ਹੈਨਰੀ ਦਾ ਝੁਕਾਅ ਫੈਨੀ ਵੱਲ ਹੋ ਜਾਂਦਾ ਹੈ ਪਰ ਬਾਅਦ ਵਿੱਚ ਮਾਰੀਆ ਹੈਨਰੀ ਨਾਲ ਅਤੇ ਜੂਲੀਆ ਯੇਟਸ ਨਾਮਕ ਵਿਅਕਤੀ ਨਾਲ ਭੱਜ ਜਾਂਦੀ ਹੈ। ਐਡਮੰਡ ਹਾਲੇ ਵੀ ਮੈਰੀ ਦੇ ਪਿੱਛੇ ਹੈ ਪਰ ਮੈਰੀ ਐਡਮੰਡ ਦੇ ਇੱਕ ਪਾਦਰੀ ਹੋਣ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਅੰਤ ਵਿੱਚ ਐਡਮੰਡ ਦਾ ਵਿਆਹ ਫੈਨੀ ਨਾਲ ਹੋ ਜਾਂਦਾ ਹੈ।

     ਜੇਨ ਆਸਟਨ ਦੀ ਇਸ ਤੋਂ ਅਗਲੀ ਰਚਨਾ ਬਹੁਤ ਹੀ ਮਸ਼ਹੂਰ ਨਾਵਲ ਐਮਾ ਸੀ ਜੋ 1816 ਵਿੱਚ ਛਪਿਆ। ਭਾਵੇਂ ਇਹ ਨਾਵਲ ਆਪਣੇ ਸਮੇਂ ਵਿੱਚ ਬਹੁਤਾ ਪ੍ਰਸਿੱਧ ਨਹੀਂ ਹੋ ਸਕਿਆ ਪਰ ਬਾਅਦ ਵਿੱਚ ਸਰ ਵਾਲਟਰ ਸਕਾਟ ਨੇ ਇਸ ਵਿੱਚ ਕੁਝ ਸੁਧਾਰ ਕਰ ਕੇ ਇਸ ਨੂੰ ਜੇਨ ਆਸਟਨ ਦੀ ਕਲਾ ਦੇ ਪ੍ਰਸੰਸਕ ਪ੍ਰਿੰਸ ਰੀਜੈਂਟ ਨੂੰ ਸਮਰਪਿਤ ਕੀਤਾ। ਇਸ ਨਾਵਲ ਬਾਰੇ ਜੇਨ ਆਸਟਨ ਦਾ ਕਹਿਣਾ ਸੀ ਕਿ ਉਸ ਦੇ ਇਲਾਵਾ ਕਿਸੇ ਹੋਰ ਨੂੰ ਉਸ ਦੀ ਹੀਰੋਇਨ ਪਸੰਦ ਨਹੀਂ ਆਵੇਗੀ ਕਿਉਂਕਿ ਇਸ ਨਾਵਲ ਵਿੱਚ ਉਸ ਨੇ ਆਪਣੇ ਪਹਿਲੇ ਨਾਵਲਾਂ ਦੇ ਪਰਿਵਾਰਿਕ ਹਾਸ-ਰਸ ਨੂੰ ਛੱਡ ਕੇ ਕਹਾਣੀ ਨੂੰ ਸੰਜੀਦਾ ਬਣਾਇਆ ਸੀ। ਇਸ ਨਾਵਲ ਦੀ ਹੀਰੋਇਨ ਇੱਕ ਅੜੀਅਲ, ਜਿੱਦੀ, ਆਪਣੀਆਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਤੋਂ ਲਾਪਰਵਾਹ ਲੜਕੀ ਤੋਂ ਇੱਕ ਪਰਿਪੱਕ ਲੜਕੀ ਵਿੱਚ ਤਬਦੀਲ ਹੁੰਦੀ ਹੈ। ਐਮਾ ਨੂੰ ਆਪਣੀ ਸਮਝਦਾਰੀ ਤੇ ਬਹੁਤ ਯਕੀਨ ਹੈ ਅਤੇ ਉਹ ਆਪਣੇ ਆਲੇ-ਦੁਆਲੇ ਹਰ ਕਿਸੇ ਦੇ ਵਿਆਹ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ, ਜਿਸ ਦੌਰਾਨ ਉਸ ਦੀਆਂ ਆਪਣੀਆਂ ਭਾਵਨਾਵਾਂ ਰੁੱਲ ਜਾਂਦੀਆਂ ਹਨ ਪਰ ਆਖ਼ਰ ਵਿੱਚ ਆਪਣੇ ਤਜਰਬਿਆਂ ਰਾਹੀਂ ਐਮਾ ਨੂੰ ਰਿਸ਼ਤਿਆਂ ਦੀ ਸਮਝ ਆਉਂਦੀ ਹੈ ਅਤੇ ਉਹ ਆਪਣੇ ਸੱਚੇ ਪਿਆਰ ਨੂੰ ਪਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ।

     ਜੇਨ ਆਸਟਨ ਨੇ ਆਪਣਾ ਅਖ਼ੀਰਲਾ ਨਾਵਲ ਪਰਸੁਏਸ਼ਨ 1816 ਵਿੱਚ ਲਿਖਿਆ ਜੋ ਉਸ ਦੀ ਮੌਤ ਤੋਂ ਬਾਅਦ 1818 ਵਿੱਚ ਛਪਿਆ। ਭਾਵੇਂ ਇਸ ਨਾਵਲ ਦੇ ਲਿਖਣ ਦੌਰਾਨ ਉਹ ਮੌਤ ਨਾਲ ਜੂਝ ਰਹੀ ਸੀ, ਫਿਰ ਵੀ ਇਸ ਨਾਵਲ ਦੀ ਕਲਾ-ਸ਼ੈਲੀ ਉੱਤੇ ਇਸ ਗੱਲ ਦਾ ਕੋਈ ਅਸਰ ਨਜ਼ਰ ਨਹੀਂ ਆਉਂਦਾ। ਇਹ ਨਾਵਲ ਸਰ ਵਾਲਟਰ ਈਲੀਅਟ ਅਤੇ ਉਸ ਦੀਆਂ ਤਿੰਨ ਧੀਆਂ ਦੀ ਕਹਾਣੀ ਹੈ। ਵੱਡੀ ਲੜਕੀ, ਘੁਮੰਡੀ ਐਲਿਜ਼ਾਬੈੱਥ ਨੂੰ ਕੋਈ ਲੜਕਾ ਪਸੰਦ ਨਹੀਂ ਆਉਂਦਾ, ਦੂਸਰੀ ਲੜਕੀ ਮੈਰੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਚਾਰਲਸ ਮਸਗਰੋਵ ਨਾਲ ਵਿਆਹ ਕਰਵਾਇਆ ਪਰ ਸਭ ਤੋਂ ਛੋਟੀ ਲੜਕੀ ਐਨ ਦੀ ਕੋਈ ਪਰਵਾਹ ਨਹੀਂ ਕਰਦਾ। ਐਨ ਵੈਟਵਰਥ ਨਾਲ ਪਿਆਰ ਕਰਦੀ ਹੈ ਪਰ ਉਹ ਸ਼ਾਇਦ ਐਨ ਦੀ ਭੂਆ ਲੀਜ਼ਾ ਨੂੰ ਪਸੰਦ ਕਰਦਾ ਹੈ। ਐਨ ਆਪਣੇ ਇੱਕ ਹੋਰ ਚਾਹੁਣ ਵਾਲੇ ਨੌਜਵਾਨ ਵਿਲੀਅਮ ਇਲੀਅਟ ਦੀਆਂ ਭਾਵਨਾਵਾਂ `ਤੇ ਸ਼ੱਕ ਕਰਦੀ ਹੈ। ਲੂਅਜ਼ਾ ਦੀ ਮੰਗਨੀ ਕੈਪਟਨ ਬੈਨਵਿਕ ਨਾਲ ਹੋ ਜਾਂਦੀ ਹੈ ਅਤੇ ਵੈਟਅਰਥ ਫਿਰ ਐਨ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ।

     ਇਹਨਾਂ ਨਾਵਲਾਂ ਤੋਂ ਇਲਾਵਾ ਜੇਨ ਆਸਟਨ ਦਾ ਇੱਕ ਹੋਰ ਨਾਵਲ ਸੈਡੀਸ਼ਨ ਜਿਸ ਨੂੰ ਉਹ ਆਪਣੀ ਮੌਤ ਸਮੇਂ ਲਿਖ ਰਹੀ ਸੀ, 1925 ਵਿੱਚ ਛਪਿਆ।

     ਆਪਣੇ ਨਾਵਲਾਂ ਵਿੱਚ ਜੇਨ ਆਸਟਨ ਨੇ ਇੱਕ ਸੀਮਿਤ ਵਰਗ ਦੇ ਲੋਕਾਂ ਦੀ ਤਸਵੀਰ ਪੇਸ਼ ਕੀਤੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਆਮ ਜਿਹੀਆਂ ਘਟਨਾਵਾਂ ਨੂੰ ਹਾਸ- ਰਸ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਆਸਟਨ ਦੇ ਨਾਵਲਾਂ ਦੇ ਪਾਤਰ ਪੇਂਡੂ ਸਮਾਜ ਦੇ ਮੱਧ-ਵਰਗੀ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕੋ-ਇੱਕ ਮੰਤਵ ਪਿਆਰ- ਪੀਂਘਾਂ ਪਾਉਣਾ ਅਤੇ ਵਿਆਹ ਕਰਵਾਉਣਾ ਜਾਪਦਾ ਹੈ। ਜੇਨ ਆਸਟਨ ਨੇ ਦਰਅਸਲ ਉਹਨਾਂ ਲੋਕਾਂ ਬਾਰੇ ਹੀ ਲਿਖਿਆ ਹੈ ਜਿਨ੍ਹਾਂ ਨੂੰ ਉਸ ਨੇ ਨੇੜਿਉਂ ਵੇਖਿਆ ਸੀ। ਆਪਣੇ ਨਾਵਲਾਂ ਰਾਹੀਂ ਉਸ ਨੇ ਨਾ ਤਾਂ ਸਮਾਜ ਵਿੱਚ ਕੋਈ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਕੋਈ ਸਿੱਖਿਆ ਦੇਣ ਦੀ। ਉਸ ਨੇ ਮਨੁੱਖੀ ਸੁਭਾਅ ਨੂੰ ਹਾਸ-ਰਸ ਵਿੱਚ ਪੇਸ਼ ਕੀਤਾ ਹੈ। ਭਾਵੇਂ ਉਸ ਦੇ ਸਾਰੇ ਪਾਤਰ ਇੱਕੋ ਜਿਹੇ ਹੀ ਲੱਗਦੇ ਹਨ, ਫਿਰ ਵੀ ਮਿਸਟਰ ਕੋਲੀਨਜ਼, ਡਾਰਸੀ, ਮਿਸ ਬੇਟਸ ਆਦਿ ਅਤਿਅੰਤ ਪ੍ਰਸਿੱਧ ਹੋਏ। ਪਾਤਰ ਆਪਣੀ ਵਿਲੱਖਣ ਅਤੇ ਨਵੇਕਲੀ ਪਛਾਣ ਵਾਲੇ ਹਨ। ਜੇਨ ਆਸਟਨ ਦੇ ਸਾਰੇ ਨਾਵਲਾਂ ਦੇ ਪਲਾਟ ਇੱਕੋ ਜਿਹੇ ਹਨ ਅਤੇ ਹਰ ਪਾਤਰ ਅਤੇ ਘਟਨਾ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਦੇ ਨਾਲ ਹੀ ਜੇਨ ਆਸਟਨ ਦੇ ਨਾਵਲ ਔਰਤ-ਪ੍ਰਧਾਨ ਰਹੇ ਹਨ ਜਿਨ੍ਹਾਂ ਵਿੱਚ ਹਰ ਕਹਾਣੀ ਔਰਤ ਦੇ ਪੱਖ ਨੂੰ ਪੇਸ਼ ਕਰਦੀ ਹੈ।


ਲੇਖਕ : ਨਰਿੰਦਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.