ਝੰਡ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਝੰਡ: ਬੱਚਿਆਂ ਦੇ ਪਹਿਲੀ ਵਾਰ ਸਿਰ ਦੇ ਵਾਲ ਮੁੰਨਣ ਦੀ ਰੀਤ ਨੂੰ ਝੰਡ ਕਿਹਾ ਜਾਂਦਾ ਹੈ। ਇਸਲਾਮ ਅਤੇ ਹਿੰਦੂ ਧਰਮ ਨਾਲ ਸੰਬੰਧਿਤ ਲੋਕਾਂ ਵਿੱਚ ਝੰਡ ਦੀ ਰਸਮ ਇੱਕ ਧਾਰਮਿਕ ਸੰਸਕਾਰ ਵਜੋਂ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਨੂੰ ਹਿੰਦੂ ਧਰਮ ਵਿੱਚ ‘ਮੁੰਡਨ ਸੰਸਕਾਰ’ ਅਤੇ ਇਸਲਾਮ ਵਿੱਚ ‘ਅਕੀਕਾ’ ਕਿਹਾ ਜਾਂਦਾ ਹੈ। ਹਿੰਦੂ ਧਰਮ ਵਿੱਚ ਬੱਚੇ ਦਾ ਮੁੰਡਨ ਸਵਾ ਮਹੀਨੇ ਤੋਂ ਬਾਅਦ ਨਿਰਧਾਰਿਤ ਦਿਨਾਂ ਵਿੱਚ ਕੀਤਾ ਜਾਂਦਾ ਹੈ। ਇਸ ਦਿਨ ਬੱਚੇ ਨੂੰ ਕੁਲ-ਦੇਵਤਾ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ। ਨਾਈ ਦੁਆਰਾ ਮੁੰਡਨ ਉਪਰੰਤ ਵਾਲ ਕੁਲ ਦੇਵਤੇ ਨੂੰ ਭੇਟ ਕੀਤੇ ਜਾਂਦੇ ਹਨ। ਜਦੋਂ ਬਾਲਕ ਤਿੰਨ-ਚਾਰ ਸਾਲ ਦਾ ਹੋ ਜਾਂਦਾ ਹੈ ਅਤੇ ਉਸ ਦੇ ਸਿਰ ਦੇ ਵਾਲ ਲੰਮੇ ਹੋ ਕੇ ਮੂੰਹ ਉੱਤੇ ਖਿਲਰਨ ਲੱਗਦੇ ਹਨ ਤਾਂ ਹਿੰਦੂ ਉਸ ਬਾਲ ਨੂੰ ਕਿਸੇ ਦੇਵੀ ਦੇ ਮੰਦਰ, ਕਿਸੇ ਤੀਰਥ ਜਾਂ ਪਵਿੱਤਰ ਸਥਾਨ ਉੱਤੇ ਲਿਜਾ ਕੇ ਝੰਡ (ਵਾਲ) ਲਾਹੁਣ ਦੀ ਰੀਤ ਕਰਦੇ ਹਨ।

     ਕਈ ਵਾਰ ਝੰਡ ਦੀ ਰਸਮ ਆਪਣੇ ਘਰ ਵਿੱਚ ਹੀ ਪੂਰੀ ਕਰ ਲਈ ਜਾਂਦੀ ਹੈ। ਬਰਾਦਰੀ ਨੂੰ ਸੱਦ ਕੇ ਹਵਨ ਕੀਤਾ ਜਾਂਦਾ ਹੈ ਅਤੇ ਕੁਲ-ਪਰੋਹਤ ਚੌਂਕ ਪੂਰ ਕੇ ਉੱਤੇ ਬਾਲਕ ਨੂੰ ਬਿਠਾਉਂਦਾ ਹੈ। ਵੇਦਾਂ ਦੇ ਕੁਝ ਮੰਤਰ ਉਚਾਰਨ ਮਗਰੋਂ ਮਹੂਰਤ ਦੇ ਸਮੇਂ ਨਾਈ ਕੈਂਚੀ ਨਾਲ ਸਿਰ ਦੇ ਵਾਲ ਮੁੰਨ ਕੇ ਉਸ ਦੀ ਝੰਡ ਕਰਦਾ ਹੈ। ਫਿਰ ਇਹਨਾਂ ਵਾਲਾਂ ਨੂੰ ਗਊ ਦੇ ਗੋਹੇ ਅਤੇ ਦੱਭ ਦੇ ਘਾਹ ਵਿੱਚ ਰਲਾ ਕੇ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਪਿੰਡੋਂ ਬਾਹਰ ਕਿਸੇ ਥਾਂ ਦੱਬ ਦਿੱਤਾ ਜਾਂਦਾ ਹੈ। ਹਿੰਦੂ ਧਰਮ ਵਿੱਚ ਮੁੰਡਨ ਸੰਸਕਾਰ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਵਿਭਿੰਨ ਖੇਤਰਾਂ ਵਿੱਚ ਮੁੰਡਨ ਸੰਸਕਾਰ ਨਾਲ ਸੰਬੰਧਿਤ ਰਸਮਾਂ ਵਿੱਚ ਵੱਖਰਤਾ ਵੀ ਪਾਈ ਜਾਂਦੀ ਹੈ।

     ‘ਅਕੀਕੇ’ ਦੀ ਰਸਮ ਅਰਬ ਜਗਤ ਵਿੱਚ ਪੂਰਵ ਇਸਲਾਮਿਕ ਕਾਲ ਵਿੱਚ ਵੀ ਪ੍ਰਚਲਿਤ ਸੀ। ਉਸ ਯੁੱਗ ਵਿੱਚ ਸਿਰ ਦੇ ਪਹਿਲੀ ਵਾਰ ਵਾਲ ਮੁੰਨਦਿਆਂ ਬੱਚੇ ਦੇ ਸਿਰ ਨੂੰ ਕਿਸੇ ਪਸ਼ੂ ਦੀ ਕੁਰਬਾਨੀ ਦੇ ਖ਼ੂਨ ਨਾਲ ਤਰ ਕਰਨ ਦਾ ਰਿਵਾਜ ਸੀ। ਇਸਲਾਮ ਨੇ ਇਸ ਰੀਤ ਨੂੰ ਰੱਦ ਕਰ ਦਿੱਤਾ। ਅਕੀਕਾ ਦੀ ਰਸਮ ਸੰਬੰਧੀ ਹਜ਼ਰਤ ਮੁਹੰਮਦ (ਸ.) ਦੀਆਂ ਵਿਭਿੰਨ ਹਦੀਸਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇੱਕ ਹਦੀਸ ਅਨੁਸਾਰ ਆਪ ਨੇ ਹਜ਼ਰਤ ਫ਼ਾਤਿਮਾ ਨੂੰ ਹਜ਼ਰਤ ਹਸਨ (ਰਜ਼ੀ) ਸੰਬੰਧੀ ਫ਼ਰਮਾਇਆ ਕਿ ‘ਐ ਫ਼ਾਤਿਮਾ! ਇਸ ਦੇ ਸਿਰ ਦੇ ਵਾਲਾਂ ਨੂੰ ਮੁੰਨਵਾ ਦੇਵੋ ਅਤੇ ਇਸ ਦੇ ਸਿਰ ਦੇ ਵਾਲਾਂ ਦੇ ਬਰਾਬਰ ਚਾਂਦੀ ਖ਼ੈਰਾਤ ਕਰ ਦੇਵੋ।’ ਇੱਕ ਹੋਰ ਹਦੀਸ ਅਨੁਸਾਰ ਆਪ ਨੇ ਫ਼ਰਮਾਇਆ ਕਿ, ‘ਜੇਕਰ ਕੋਈ ਆਪਣੇ ਨਵ-ਜਨਮੇਂ ਬੱਚੇ ਦੇ ਲਈ ਕੁਰਬਾਨੀ ਕਰਨਾ ਚਾਹੇ ਤਾਂ ਕਰ ਸਕਦਾ ਹੈ।’

     ਇਸਲਾਮੀ ਸ਼ਰੀਅਤ ਅਨੁਸਾਰ ਬੱਚੇ ਦੇ ਜਨਮ ਦੇ ਸੱਤਵੇਂ ਦਿਨ ਅਕੀਕਾ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦਿਨ ਨਵ-ਜਨਮੇਂ ਬੱਚੇ ਦਾ ਨਾਂ ਰੱਖਣਾ, ਉਸ ਦੇ ਸਿਰ ਦੇ ਵਾਲ ਮੁੰਨਣਾ ਅਤੇ ਵਾਲਾਂ ਦੇ ਬਰਾਬਰ ਚਾਂਦੀ ਦਾਨ ਕਰਨਾ ਸੁੰਨਤ ਹੈ। ਇਸ ਦਿਨ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਅਤੇ ਰੱਬ ਦੇ ਸ਼ੁਕਰਾਨੇ ਵਜੋਂ ਕੁਰਬਾਨੀ ਵੀ ਕੀਤੀ ਜਾਂਦੀ ਹੈ। ਪੁੱਤਰ ਲਈ ਦੋ ਅਤੇ ਧੀ ਲਈ ਇੱਕ ਬੱਕਰਾ, ਬੱਕਰੀ ਜਾਂ ਭੇਡ ਆਦਿ ਦੀ ਕੁਰਬਾਨੀ ਕਰਨ ਦਾ ਹੁਕਮ ਹੈ। ਲੜਕੇ ਲਈ ਦੋ ਅਤੇ ਲੜਕੀ ਲਈ ਇੱਕ ਪਸ਼ੂ ਦੀ ਕੁਰਬਾਨੀ ਦੇ ਹੁਕਮ ਪਿੱਛੇ ਇਸਲਾਮੀ ਚਿੰਤਨ ਦਾ ਇੱਕ ਵਿਸ਼ੇਸ਼ ਸਿਧਾਂਤ ਕਾਰਜਸ਼ੀਲ ਹੈ। ਇਸਲਾਮ ਅਨੁਸਾਰ ਧਾਰਮਿਕ ਤੌਰ `ਤੇ ਔਰਤ ਅਤੇ ਮਰਦ ਬਰਾਬਰ ਹਨ ਪਰੰਤੂ ਦੁਨਿਆਵੀ ਕਾਰ-ਵਿਹਾਰ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮਰਦ ਨੂੰ ਔਰਤ `ਤੇ ਸ੍ਰੇਸ਼ਠਤਾ ਪ੍ਰਦਾਨ ਕੀਤੀ ਗਈ ਹੈ। ਅੱਲਾ ਨੇ ਕੁਝ ਨੂੰ ਕੁਝ `ਤੇ ਸ੍ਰੇਸ਼ਠਤਾ ਪ੍ਰਦਾਨ ਕੀਤੀ ਹੈ। ਇਸਲਾਮ ਅਨੁਸਾਰ ਇਸ ਦ੍ਰਿਸ਼ਟਮਾਨ ਜਗਤ ਦੀ ਸਿਰਜਣਾ ਇਸੇ ਆਧਾਰ `ਤੇ ਹੋਈ ਹੈ।

     ਇਸਲਾਮੀ ਜਗਤ ਵਿੱਚ ਫ਼ਿਕਹਾ (Islamic Jurisprudence) ਦੇ ਚਾਰ ਇਮਾਮਾਂ-ਹਜ਼ਰਤ ਇਮਾਮ ਅਬੂ ਹਨੀਫ਼ਾ (ਰਹਿ.), ਇਮਾਮ ਮਾਲਿਕ (ਰਹਿ.), ਇਮਾਮ ਮੁਹੰਮਦ ਬਿਨ ਇਦਰੀਸ ਅਲ-ਸ਼ਾਫ਼ਵੀ (ਰਹਿ.) ਅਤੇ ਇਮਾਮ ਅਹਿਮਦ ਬਿਨ ਹੰਬਲ (ਰਹਿ.) ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ਅਤੇ ਪਾਕਿਸਤਾਨ ਦੇ ਮੁਸਲਿਮ ਲੋਕ ਆਮ ਤੌਰ `ਤੇ ਇਮਾਮ ਅਬੂ ਹਨੀਫ਼ਾ (80-150 ਹਿਜਰੀ) ਦੁਆਰਾ ਪ੍ਰਸਤਾਵਿਤ ‘ਫ਼ਿਕਹਾ-ਏ-ਹਨਫ਼ੀ’ ਦੇ ਅਨੁਯਾਈ ਹਨ। ਹਜ਼ਰਤ ਅਬੂ ਹਨੀਫ਼ਾ ਨੇ ਕੁਰਬਾਨੀ ਦੀ ਰਸਮ ਨੂੰ ਅਖ਼ਤਿਆਰੀ ਕਰਾਰ ਦਿੱਤਾ ਹੈ। ਫ਼ਿਕਹਾ-ਏ-ਹੰਬਲੀ ਅਨੁਸਾਰ, ਕੁਰਬਾਨੀ ਦੀ ਜ਼ੁੰਮੇਵਾਰੀ ਵਿਸ਼ੇਸ਼ ਰੂਪ ਵਿੱਚ ਪਿਤਾ `ਤੇ ਹੈ। ਜੇਕਰ ਸੱਤਵੇਂ ਦਿਨ ਕੁਰਬਾਨੀ ਨਾ ਕੀਤੀ ਜਾ ਸਕੇ ਤਾਂ ਫਿਰ ਚੌਦਵੇਂ ਦਿਨ ਜਾਂ ਇੱਕ੍ਹੀਵੇਂ ਦਿਨ ਜਾਂ ਜਦੋਂ ਸੰਭਵ ਹੋਵੇ, ਓਦੋਂ ਕਰ ਦਿੱਤੀ ਜਾਣੀ ਚਾਹੀਦੀ ਹੈ। ਕੁਰਬਾਨੀ ਦੇ ਗੋਸ਼ਤ ਨੂੰ ਕੱਚਾ ਜਾਂ ਪਕਾ ਕੇ ਗ਼ਰੀਬਾਂ, ਫ਼ਕੀਰਾਂ ਵਿੱਚ ਵੰਡਿਆ ਜਾਂਦਾ ਹੈ। ਗੋਸ਼ਤ ਦਾ ਆਪਣੇ ਘਰ ਜਾਂ ਖ਼ਾਨਦਾਨ ਦੇ ਲੋਕਾਂ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ।

     ਝੰਡ ਜਾਂ ਅਕੀਕੇ ਦੀ ਰਸਮ ਬਹੁਤੀਆਂ ਹਾਲਤਾਂ ਵਿੱਚ ਘਰ ਹੀ ਕੀਤੀ ਜਾਂਦੀ ਹੈ। ਫਿਰ ਵੀ ਇਸ ਦੇ ਵਿਭਿੰਨ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ। ਉਦਾਹਰਨ ਲਈ ਝੰਡ ਦੀ ਰਸਮ ਖ਼ਾਨਗਾਹ ਜਾਂ ਮਸਜਿਦ ਵਿੱਚ ਵੀ ਪੂਰੀ ਕੀਤੀ ਜਾਂਦੀ ਹੈ। ਇਸ ਰੀਤ ਨੂੰ ‘ਵੱਡਿਆਂ ਦੀ ਝੰਡ ਲਹਾਵਣਾ’ ਵੀ ਕਿਹਾ ਜਾਂਦਾ ਹੈ, ਜਿਸ ਦਾ ਭਾਵ ਹੈ ਪਿਤਾ ਪੁਰਖੀ ਢੰਗ ਨਾਲ ਵਾਲ ਕੱਟਣਾ। ਇਸ ਅਵਸਰ ਉੱਤੇ ਅੰਗਾਂ ਸਾਕਾਂ ਤੇ ਦੋਸਤਾਂ ਨੂੰ ਨਿਓਂਦਾ ਦਿੱਤਾ ਜਾਂਦਾ ਹੈ ਅਤੇ ਖਾਣਾ ਖੁਆਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਸੰਤਾਨ ਨਹੀਂ ਹੁੰਦੀ, ਉਹ ਪੀਰਾਂ ਦੀਆਂ ਦਰਗਾਹਾਂ `ਤੇ ਜਾ ਕੇ ਝੰਡ ਲਾਹੁਣ ਦੀ ਸੁੱਖਣਾ ਸੁਖਦੇ ਹਨ। ਵਣਜਾਰਾ ਬੇਦੀ ਦੇ ਕਥਨ ਅਨੁਸਾਰ ਜਿਸ ਬੱਚੇ ਦੀ ਝੰਡ ਨਾ ਹੋਈ ਹੋਵੇ, ਉਸ ਨੂੰ ‘ਝੰਡੂਲਾ’ ਕਿਹਾ ਜਾਂਦਾ ਹੈ। ਲਹਿੰਦੇ ਦੇ ਇਲਾਕੇ ਵਿੱਚ ਕੁੜੀਆਂ ਦੀ ਵੀ ਝੰਡ ਕੀਤੀ ਜਾਂਦੀ ਹੈ। ਕਈਆਂ ਜਾਤਾਂ ਗੋਤਾਂ ਵਿੱਚ ਤਾਂ ਕੁੜੀ ਦਾ ਸਾਰਾ ਸਿਰ ਮੁੰਨ ਦਿੱਤਾ ਜਾਂਦਾ ਹੈ ਪਰ ਕਈਆਂ ਵਿੱਚ ਮੱਥੇ ਦੀਆਂ ਕੁਝ ਲਿਟਾਂ ਹੀ ਕੱਟੀਆਂ ਜਾਂਦੀਆਂ ਹਨ।

     ਭਾਰਤ ਦੇ ਮੁਸਲਿਮ ਲੋਕਾਂ ਵਿੱਚ ਅਕੀਕੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਰਸਮਾਂ ਪ੍ਰਚਲਿਤ ਹਨ। ਹਜ਼ਰਤ ਅਸ਼ਰਫ਼ ਅਲੀ ਥਾਨਵੀ ਅਨੁਸਾਰ ਸਿਰ ਮੁੰਨਣ ਸਮੇਂ ਬਰਾਦਰੀ ਅਤੇ ਖ਼ਾਨਦਾਨ ਦੇ ਲੋਕਾਂ ਵੱਲੋਂ ਕਟੋਰੀ ਜਾਂ ਭਾਂਡੇ ਵਿੱਚ ਪੈਸੇ ਸੁੱਟਣਾ ਅਤੇ ਇਸ ਨੂੰ ਨਾਈ ਦਾ ਹੱਕ ਸਮਝਣਾ, ਭੈਣ ਨੂੰ ਪੈਸੇ ਦੇਣਾ ਜਾਂ ਪੰਜੀਰੀ ਆਦਿ ਵੰਡਣਾ ਇਸਲਾਮੀ ਸ਼ਰੀਅਤ ਦੇ ਦ੍ਰਿਸ਼ਟੀਕੋਣ ਤੋਂ ਉਚਿਤ ਨਹੀਂ ਹੈ। ਇਹ ਵੀ ਰਿਵਾਜ ਹੈ ਕਿ ਜਿਸ ਸਮੇਂ ਬੱਚੇ ਦੇ ਸਿਰ `ਤੇ ਉਸਤਰਾ ਰੱਖਿਆ ਜਾਵੇ, ਉਸੇ ਵਕਤ ਪਸ਼ੂ ਦੀ ਕੁਰਬਾਨੀ ਕੀਤੀ ਜਾਵੇ। ਕੁਝ ਲੋਕ ਕੁਰਬਾਨੀ ਵਾਲੇ ਪਸ਼ੂ ਦੀਆਂ ਹੱਡੀਆਂ ਨੂੰ ਤੋੜਨਾ ਬੁਰਾ ਖ਼ਿਆਲ ਕਰਦੇ ਹਨ। ਹਜ਼ਰਤ ਥਾਨਵੀ ਨੇ ਇਹਨਾਂ ਸਭ ਰਸਮਾਂ ਨੂੰ ਗ਼ੈਰ-ਇਸਲਾਮੀ ਕਰਾਰ ਦਿੱਤਾ ਹੈ।


ਲੇਖਕ : ਅਨਵਰ ਚਿਰਾਗ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਝੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਡ (ਨਾਂ,ਇ) ਬਾਲਾਂ ਦੇ ਸਿਰ ਉਤਲੇ ਮੁੰਨਣ ਤੋਂ ਪਹਿਲਾਂ ਦੇ ਵਾਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਡ [ਨਾਂਇ] ਲੋਹੇ ਨੂੰ ਗਰਮ ਕਰਕੇ ਹਥੌੜੇ ਆਦਿ ਨਾਲ਼ ਸੱਟਾਂ ਮਾਰ ਕੇ ਤਿੱਖਾ ਕਰਨ ਦਾ ਭਾਵ; ਪਹਿਲੀ ਵਾਰ ਸਿਰ ਆਦਿ ਮੁੰਨਣ ਦਾ ਭਾਵ; ਮਾਰ-ਕੁਟਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਡ. ਸੰਗ੍ਯਾ—ਸਿਰ ਦੇ ਮੁੰਨੇ ਹੋਏ ਵਾਲ, ਜੋ ਤਿੰਨ ਚਾਰ ਉਂਗਲ ਲੰਮੇ ਹੋਣ। ੨ ਨਿਉਲਾ। ੩ ਕਰੀਰ ਦਾ ਬੂਟਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੰਡ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੰਡ :    ਹਿੰਦੂਆਂ ਅਤੇ ਮੁਸਲਮਾਨਾਂ ਵਿਚ ਬੱਚਿਆਂ ਦੇ ਪਹਿਲੀ ਵਾਰ ਸਿਰ ਮੁੰਨਣ ਨਾਲ  ਸਬੰਧਤ ਇਕ ਰੀਤ ਹੈ ਜਿਸ ਨੂੰ ਮੁੰਡਨ ਸੰਸਕਾਰ, ਝੰਡਾਂ ਕਰਨੀਆਂ ਜਾਂ ਝੰਡਾਂ ਲਾਹੁਣੀਆਂ ਵੀ ਕਿਹਾ ਜਾਂਦਾ ਹੈ। ਜਿਸ ਬੱਚੇ ਦਾ ਅਜੇ ਮੁੰਡਨ ਨਾ ਹੋਇਆ ਹੋਵੇ ਉਸ ਨੂੰ ਝੰਡੂਲਾ ਕਹਿੰਦੇ ਹਨ। ਹਿੰਦੂਆਂ ਵਿਚ ਬੱਚਾ ਜਦੋਂ ਤਿੰਨ ਚਾਰ ਸਾਲ ਦਾ ਹੋ ਜਾਂਦਾ ਹੈ ਜਾਂ ਉਸ ਤੋਂ ਵੀ ਪਹਿਲਾਂ ਜਦੋੋਂ ਉਸ ਦੇ ਵਾਲ ਲੰਬੇ ਹੋ ਜਾਂਦੇ ਹਨ ਅਤੇ ਮੱਥੇ ਵੱਲ ਨੂੰ ਆਉਣ ਲਗ ਪੈਂਦੇ ਹਨ ਉਸ ਨੂੰ ਕਿਸੇ ਦੇਵੀ ਦੇ ਮੰਦਰ ਜਾਂ ਕਿਸੇ ਤੀਰਥ ਅਸਥਾਨ ਉੱਤੇ ਲਿਜਾ ਕੇ ਝੰਡ ਦੀ ਰੀਤ ਕੀਤੀ ਜਾਂਦੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਝੰੰਗ, ਮੁਲਤਾਨ ਅਤੇ ਸ਼ਾਹਪੁਰ ਦੇ ਹਿੰਦੂ ਵੀ ਇਹ ਰੀਤ ਕਿਸੇ ਮੁਸਲਮਾਨ ਦੀ ਖ਼ਾਨਗਾਹ ਤੇ ਕਰਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ ਪਰ ਹੁਣ ਬਹੁਤੇ ਹਿੰਦੂ ਇਹ ਰਸਮ ਜਵਾਲਾਮੁਖੀ ਦੇ ਮੰਦਰ ਜਾ ਕੇ ਕਰਦੇ ਹਨ। ਕਈ ਲੋਕ ਇਹ ਰੀਤ ਆਪਣੇ ਘਰ ਹੀ ਕਰਦੇ ਹਨ। ਬਰਾਦਰੀ ਨੂੰ ਬੁਲਾ ਕੇ ਹਵਨ ਕੀਤਾ ਜਾਂਦਾ ਹੈ ਅਤੇ ਕੁਲ ਪੁਰੋਹਿਤ ਚੌਕਾ ਪੂਰ ਕੇ ਬੱਚੇ ਨੂੰ ਉਤੇ ਬਿਠਾ ਦਿੰਦਾ ਹੈ। ਵੇਦ ਮੰਤਰਾਂ ਦੇ ਉਚਾਰਣ ਦੌਰਾਨ ਸ਼ੁਭ ਮਹੂਰਤ ਸਮੇਂ ਨਾਈ ਕੈਂਚੀ ਨਾਲ ਬੱਚੇ ਦੀ ਝੰਡ ਉਤਾਰਦਾ ਹੈ। ਇਨ੍ਹਾਂ ਵਾਲਾਂ ਨੂੰ ਜਾਂ ਤਾਂ ਗਊ ਦੇ ਗੋਹੇ ਅਤੇ ਦੱਭ ਘਾਹ ਵਿਚ ਰਲਾ ਕੇ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ ਅਤੇ ਜਾਂ ਬਾਹਰ ਕਿਸੇ ਨਵੇਕਲੀ ਥਾਂ ਉੱਤੇ ਦੱਬ ਦਿੱਤਾ ਜਾਂਦਾ ਹੈ।

     ਆਮ ਤੌਰ ਤੇ ਝੰਡ ਮੁੰਡੇ ਦੀ ਉਤਾਰੀ ਜਾਂਦੀ ਹੈ ਪਰ ਕਈ ਥਾਈਂ ਕੁੜੀਆਂ ਦੀ ਝੰਡ ਲਾਹੁਣ ਦਾ ਵੀ ਰਿਵਾਜ ਹੈ। ਕਈਆਂ ਗੋਤਾਂ ਵਿਚ ਤਾਂ ਉਨ੍ਹਾਂ ਦਾ ਸਾਰਾ ਸਿਰ ਮੁੰਨ ਦਿੱਤਾ ਜਾਂਦਾ ਹੈ ਪਰ ਕਈ ਸਿਰਫ਼ ਮੱਥੇ ਦੀਆਂ ਕੁਝ ਲਿਟਾਂ ਹੀ ਕੱਟਦੇ ਸਨ।

       ਮੁਸਲਮਾਨ ਆਪਣੇ ਬੱਚਿਆਂ ਦੀ ਝੰਡ ਕਿਸੇ ਪੀਰ ਦੀ ਖ਼ਾਨਗਾਹ ਜਾਂ ਮਸੀਤ ਵਿਚ ਕਰਦੇ ਸਨ। ਕਈਆਂ ਵਿਚ ਪਿੰਡ ਦੀ ਮਸੀਤ ਤੇ ਦਰਵਾਜ਼ੇ ਉੱਤੇ ਝੰਡ ਕੱਟੀ ਜਾਂਦੀ ਹੈ ਅਤੇ ਇਸ ਰੀਤ ਨੂੰ ‘ਵੱਡਿਆਂ ਦੀ ਝੰਡ ਲੁਹਾਵਣਾ' ਆਖਿਆ ਜਾਂਦਾ ਹੈ ਅਰਥਾਤ ਪਿਤਾ ਪੁਰਖੀ ਢੰਗ ਨਾਲ ਕੱਟਣਾ। ਕਈ ਬੇਔਲਾਦ ਜੋੜੇ ਪੀਰਾਂ ਦੀਆਂ ਦਰਗਾਹਾਂ ਉੱਤੇ ਝੰਡ ਕਰਨ ਦੀ ਸੁੱਖਣਾ ਸੁੱਖਦੇ ਹਨ। ਬੱਚਾ ਪੈਦਾ ਹੋਣ ਤੇ ਉਹ ਪਹਿਲੀ ਝੰਡ ਕਿਸੇ ਇਕ ਥਾਂ ਕਰ ਲੈਂਦੇ ਹਨ ਅਤੇ ਉਸ ਤੋਂ ਬਾਅਦ ਜਿਥੇ ਜਿਥੇ ਵੀ ਉਨ੍ਹਾਂ ਨੇ ਸੁੱਖਣਾ ਸੁੱਖੀ ਹੁੰਦੀ ਹੈ, ਵਾਰੀ ਵਾਰੀ ਉਥੇ ਜਾ ਕੇ ਝੰਡ ਉਤਾਰਦੇ ਹਨ। ਇਨ੍ਹਾਂ ਝੰਡਾਂ ਨੂੰ ‘ਮੰਨਤ ਦੀਆਂ ਝੰਡਾਂ' ਕਹਿੰਦੇ ਹਨ। ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਵਿਚ ਹੀ ਝੰਡਾਂ ਉਤਾਰਨ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਖਾਣਾ ਖੁਆਉਣ ਦਾ ਰਿਵਾਜ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-12-55-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ; ਪੰ. -ਰੰਧਾਵਾ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.