ਤੀਰਥ-ਇਸ਼ਨਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੀਰਥ-ਇਸ਼ਨਾਨ: ਇਸ ਤੋਂ ਭਾਵ ਹੈ ਕਿਸੇ ਤੀਰਥ (ਵੇਖੋ) ਦੇ ਜਲ-ਆਸ਼ਯ ਵਿਚ ਇਸ਼ਨਾਨ ਕਰਨਾ। ਸਿੱਖ ਧਰਮ ਵਿਚ ਪੌਰਾਣਿਕ ਪਰੰਪਰਾ ਅਤੇ ਮਾਨਤਾ ਵਾਲੇ ਤੀਰਥਾਂ ਉਤੇ ਇਸ਼ਨਾਨ ਕਰਨ ਦੀ ਗੱਲ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਕਿਉਂਕਿ ਬਿਨਾ ਮਨ ਨੂੰ ਵਿਸ਼ੇ-ਵਿਕਾਰਾਂ ਤੋਂ ਹਟਾਉਣ ਦੇ, ਨਿਰਾ ਜਲ ਨਾਲ ਸ਼ਰੀਰ ਧੋਣਾ ਕੋਈ ਅਰਥ ਨਹੀਂ ਰਖਦਾ।
ਸਿੱਖ ਧਰਮ ਦੇ ਅਨੇਕ ਗੁਰੂ-ਧਾਮਾਂ ਦੇ ਨਾਲ ਜਲ-ਆਸ਼ਿਆਂ ਦੀ ਵਿਵਸਥਾ ਹੈ, ਵਗਦੇ ਰੂਪ ਵਿਚ ਜਾਂ ਸਰੋਵਰ ਰੂਪ ਵਿਚ। ਇਨ੍ਹਾਂ ਗੁਰੂ-ਧਾਮਾਂ ਵਿਚ ਇਸ਼ਨਾਨ ਕਰਨ ਦਾ ਸਰੂਪ ਪੌਰਾਣਿਕ ਪਰੰਪਰਾ ਵਾਲੇ ਤੀਰਥ- ਇਸ਼ਨਾਨ ਤੋਂ ਭਿੰਨ ਹੈ। ਪੌਰਾਣਿਕ ਤੀਰਥ-ਇਸ਼ਨਾਨ ਆਪਣੇ ਆਪ ਹੀ ਪਾਪ-ਨਾਸ਼ਕ ਅਤੇ ਮੋਕਸ਼ ਪ੍ਰਾਪਤੀ ਦੇ ਸਮਰਥ ਮੰਨੇ ਜਾਂਦੇ ਹਨ। ਪਰ ਸਿੱਖ ਧਰਮ-ਧਾਮਾਂ ਨਾਲ ਜੁੜੇ ਸਰੋਵਰਾਂ ਆਦਿ ਵਿਚ ਕੀਤਾ ਇਸ਼ਨਾਨ ਹਰਿ-ਪ੍ਰਾਪਤੀ-ਪਥ ਉਤੇ ਅਗੇ ਵਧਣ ਲਈ ਕਾਫ਼ੀ ਨਹੀਂ। ਇਸ ਨਾਲ ਸਿਰਫ਼ ਤਨ ਦੀ ਸਫ਼ਾਈ ਹੁੰਦੀ ਹੈ। ਇਸ ਤੋਂ ਬਾਦ ਸਤਿ-ਸੰਗਤ ਵਿਚ ਹਾਜ਼ਰੀ ਭਰ ਕੇ ਮਨ ਅਤੇ ਜੀਵਾਤਮਾ ਨੂੰ ਵੀ ਸ਼ੁੱਧ ਕਰਨਾ ਹੁੰਦਾ ਹੈ। ਇਸ ਲਈ ਕੀਰਤਨ ਸ਼੍ਰਵਣ ਕਰਨਾ ਅਤੇ ਨਾਮ ਜਪਣਾ ਅਤਿ ਆਵੱਸ਼ਕ ਹਨ। ਸਪੱਸ਼ਟ ਹੈ ਕਿ ਕੇਵਲ ਇਸ਼ਨਾਨ ਕਰਨ ਦਾ ਕੋਈ ਅਧਿਆਤਮਿਕ ਲਾਭ ਨਹੀਂ, ਜਦ ਤਕ ਗੁਰੂ-ਧਾਮ ਵਿਚ ਜੁੜੀ ਸਤਿਸੰਗਤ ਵਿਚ ਸ਼ਾਮਲ ਹੋ ਕੇ, ਕੀਰਤਨ ਨੂੰ ਸੁਣ ਕੇ ਅਤੇ ਨਾਮ ਨੂੰ ਜਪ ਕੇ ਹਰ ਪੱਖੋਂ ਆਪਣੇ ਆਪ ਨੂੰ ਪਵਿੱਤਰ ਨ ਕੀਤਾ ਜਾਏ। ਸਿੱਖ ਗੁਰੂ- ਧਾਮਾਂ ਉਤੇ ਇਸ਼ਨਾਨ ਕਰਨ ਦੀ ਇਹੀ ਰੀਤੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First