ਨਜਮ ਹੁਸੈਨ ਸੱਯਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਜਮ ਹੁਸੈਨ ਸੱਯਦ (1936): ਨਜਮ ਹੁਸੈਨ ਸੱਯਦ ਦਾ ਜਨਮ ਅਕਤੂਬਰ 1936 ਵਿੱਚ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਬਟਾਲਾ ਵਿਖੇ ਹੋਇਆ। ਐਮ.ਏ. ਉਸ ਨੇ ਅੰਗਰੇਜ਼ੀ ਵਿੱਚ ਕੀਤੀ ਅਤੇ ਮੁੜ ਐਫ਼.ਸੀ. ਕਾਲਜ ਲਾਹੌਰ ਵਿਖੇ ਅੰਗਰੇਜ਼ੀ ਪੜ੍ਹਾਉਣ ਲੱਗ ਗਿਆ। ਆਪਣੀ ਸੂਝ ਤੇ ਲਿਆਕਤ ਨਾਲ ਉਸ ਨੇ ਪਾਕਿਸਤਾਨ ਸਿਵਲ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ ਅਤੇ ਆਡਿਟ ਐਂਡ ਅਕਾਊਂਟ ਵਿੰਗ ਵਿੱਚ ਉੱਚੇ ਅਹੁਦੇ ਉੱਪਰ ਜਾ ਲੱਗਾ। ਉਸ ਉੱਚੇ ਅਹੁਦੇ ਉੱਪਰ ਅਫ਼ਸਰ ਲੱਗਣ ਦੇ ਬਾਵਜੂਦ ਅਫ਼ਸਰੀ ਦਿਖਾਈ ਨਹੀਂ, ਸਗੋਂ ਦਰਵੇਸ਼ੀ ਜੀਵਨ ਬਸਰ ਕੀਤਾ। ਉਹ ਧੁਰੋਂ ਉਹਨਾਂ ਲੋਕਾਂ ਨਾਲ ਜੁੜਿਆ ਰਿਹਾ ਜਿਨ੍ਹਾਂ ਨੂੰ ਸਾਡਾ ਸਮਾਜ ਨੀਚ ਜਾਂ ਘਟੀਆ ਸਮਝਦਾ ਹੈ। ਏਸੇ ਲਈ ਉਸ ਨੂੰ ਜਾਣਨ-ਸਮਝਣ ਵਾਲੇ ਸਹੀ ਅਰਥਾਂ ਵਿੱਚ ਸੂਫ਼ੀ ਦਰਵੇਸ਼ ਜਾਂ ਸੱਚੇ ਮਾਅਨਿਆਂ ਵਿੱਚ ਅਸਲੀ ਪੰਜਾਬੀ ਆਖਣਾ ਪਸੰਦ ਕਰਦੇ ਹਨ। ਉਹ ਦੋਵਾਂ ਪੰਜਾਬਾਂ ਵਿੱਚ ਇੱਕੋ ਜਿੰਨਾ ਪਸੰਦ ਕੀਤਾ ਜਾਂ ਸਰਾਹਿਆ ਜਾਣ ਵਾਲਾ ਲੇਖਕ ਹੈ।

     ਨਜਮ ਹੁਸੈਨ ਸੱਯਦ ਨੇ ਕੁਲ ਹੱਯਾਤੀ ਆਮ ਲੋਕਾਂ ਦੇ ਸੁਲਘਦੇ ਮਸਲਿਆਂ ਬਾਰੇ ਸੋਚਿਆ, ਲਿਖਿਆ, ਉਹਨਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਦਾ ਯਤਨ ਕੀਤਾ ਅਤੇ ਇਲਮ ਤੇ ਅਕਲ ਦੇ ਜ਼ਰ੍ਹੀਏ ਉਹਨਾਂ ਦਿਮਾਗ਼ਾਂ ਨੂੰ ਰੋਸ਼ਨੀ ਦੇਣ ਜਾਂ ਲੋਅ ਪ੍ਰਦਾਨ ਕਰਨ ਦਾ ਉੱਦਮ ਕੀਤਾ ਹੈ। ਕੋਰੇ ਇਲਮ ਜਾਂ ਖੋਖਲੀ ਸਿਧਾਂਤਕਾਰੀ ਵਿੱਚ ਉਸ ਨੇ ਸਾਰੀ ਜ਼ਿੰਦਗੀ ਕੋਈ ਦਿਲਚਸਪੀ ਨਹੀਂ ਦਿਖਾਈ। ਉਸ ਨੇ ਜੋ ਕੁਝ ਪੜ੍ਹਿਆ ਹੈ ਉਸ ਨੂੰ ਪਹਿਲਾਂ ਪੂਰੀ ਤਰ੍ਹਾਂ ਪਚਾਇਆ ਜਾਂ ਹਜ਼ਮ ਕੀਤਾ ਹੈ। ਮਾਂਗਵੀਂ ਸਿਧਾਂਤਕਾਰੀ ਉਸ ਦੀ ਪ੍ਰਤਿਭਾ ਨੂੰ ਰਾਸ ਨਹੀਂ ਆਈ। ਉਸ ਨੇ ਜੋ ਕੁਝ ਵੀ ਰਚਿਆ-ਸਿਰਜਿਆ ਹੈ ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਧੁਰ-ਡੂੰਘ ਵਿੱਚੋਂ ਹੀ ਹੈ। ਉਸ ਨੇ ਆਪਣੀ ਲੋਕ-ਪੱਖੀ ਲਿਆਕਤ ਨੂੰ ਆਪਣੇ ਵਿਰਸੇ ਦੀ ਸਮਝ ਅਤੇ ਇਨਕਲਾਬੀ ਵਿਆਖਿਆ ਤੇ ਕਾਇਆ ਪਲਟੀ ਲਈ ਹਥਿਆਰ ਵਜੋਂ ਵਰਤਿਆ ਹੈ। ਉਸ ਦੀ ਲਿਆਕਤ ਅਤੇ ਕਥਨ-ਢੰਗ ਵਿੱਚ ਕੋਈ ਪਾੜਾ ਜਾਂ ਫ਼ਾਸਲਾ ਨਹੀਂ।

     ਨਜਮ ਹੁਸੈਨ ਸੱਯਦ ਪਾਕਿਸਤਾਨ ਵਿੱਚ ਪੰਜਾਬੀ ਦਾ ਪ੍ਰਮੁਖ ਆਲੋਚਕ ਹੈ। ਉਸ ਦੀਆਂ ਆਲੋਚਨਾ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਜਿਵੇਂ ਸੇਧਾ, ਸਾਰਾਂ, ਸੱਚ ਸਦਾ ਅਬਾਦੀ ਕਰਨਾ, ਅਕੱਥ ਕਹਾਣੀ (ਹੀਰ ਦਮੋਦਰ ਬਾਰੇ ਕੁਝ ਗੱਲਾਂ) ਖਾਕ਼ ਜੇਡ ਨਾ ਕੋਇ ਅਤੇ ਰੰਗ: ਫ਼ਰੀਦੋਂ ਨਾਨਕ, ਨਾਨਕੋਂ ਫ਼ਰੀਦ ਆਦਿ ਗੁਰਮੁਖੀ ਵਿੱਚ ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ। ਉਸ ਦੀ ਅੰਗਰੇਜ਼ੀ ਦੀ ਇੱਕ ਪੁਸਤਕ Recurrent Patterns in Panjabi Poetry ਮਜਲਿਸ ਸ਼ਾਹ ਹੁਸੈਨ ਲਾਹੌਰ ਵੱਲੋਂ 1968 ਵਿੱਚ ਪ੍ਰਕਾਸ਼ਿਤ ਕੀਤੀ ਗਈ। ਇਹ ਪੁਸਤਕ ਅਸਲ ਵਿੱਚ ਉਸ ਦੀਆਂ ਪਹਿਲੀਆਂ ਦੋਵਾਂ ਪੁਸਤਕਾਂ ਉੱਪਰ ਹੀ ਆਧਾਰਿਤ ਹੈ। ਨਜਮ ਨੇ ਸਿਰਫ਼ ਪੜਚੋਲ ਜਾਂ ਆਲੋਚਨਾ ਦੀਆਂ ਪੁਸਤਕਾਂ ਹੀ ਨਹੀਂ ਰਚੀਆਂ ਬਲਕਿ ਉਸ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਨਾਟਕ ਵੀ ਲਿਖੇ ਹਨ। ਕਾਫ਼ੀਆਂ, ਚੰਦਨ ਰੁਖ ਤੇ ਵਿਹੜਾ, ਬਾਰ ਦੀ ਵਾਰ, ਰੁੱਤ ਤੇ ਕੰਮ, ਖੱਪੇ, ਸ਼ੀਸ਼ ਮਹਿਲ ਦੀ ਵਾਰ, ਆਮ ਦਿਨਾਂ ਦੇ ਨਾਂ ਅਤੇ ਕਾਲ ਥਾਲ ਉਸ ਦੁਆਰਾ ਰਚਿਤ ਸ਼ਾਇਰੀ ਦੀਆਂ ਪੁਸਤਕਾਂ ਹਨ। ਇਹ ਪੁਸਤਕਾਂ ਕਲਾਮ ਨਜਮ ਹੁਸੈਨ ਸੱਯਦ (ਸੰਪਾ. ਕਰਨੈਨ ਸਿੰਘ ਥਿੰਦ) ਦੀ ਗੁਰਮੁਖੀ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜੰਗਲ ਦਾ ਰਾਖਾ, ਤਖ਼ਤ ਲਹੌਰ, ਹਾੜ ਤੇ ਫੁੱਲ ਅਤੇ ਇੱਕ ਰਾਤ ਰਾਵੀ ਦੀ ਉਸ ਦੁਆਰਾ ਰਚਿਤ ਨਾਟਕ ਹਨ। ਨਜਮ ਨੇ ਜੋ ਕੁਝ ਵੀ ਲਿਖਿਆ ਹੈ ਉਹ ਲੋਕ ਮੁਹਾਵਰੇ, ਅਸਲੋਂ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਹੈ। ਉਹ ਲੋਕਾਈ ਦੇ ਦਰਦ ਤੇ ਪੀੜਾ ਨਾਲ ਦਿਲੀ ਸਾਂਝ ਰੱਖਣ ਵਾਲਾ ਲੇਖਕ ਹੈ ਅਤੇ ਮੁੜ-ਮੁੜ ਪ੍ਰਚਲਿਤ ਨਿਜ਼ਾਮ ਜਾਂ ਰਾਜ (ਜਿਸ ਨੂੰ ਉਹ ਵਸਤਪਾਲ ਰਹਿਤਲ ਦਾ ਨਾਂ ਦਿੰਦਾ ਹੈ) ਤੋਂ ਨਾਬਰੀ (ਵਿਦਰੋਹ) ਕਰ ਕੇ ਨਵਾਂ ਲੋਕ-ਪੱਖੀ ਅਤੇ ਸਾਵਾਂ-ਪੱਧਰਾ ਸਮਾਜ ਉਸਾਰਨ ਦਾ ਸੁਨੇਹਾ ਦਿੰਦਾ ਹੈ। ਆਪਣੇ ਇਸ ਮਕਸਦ ਦੀ ਪੂਰਤੀ ਲਈ ਉਹ ਮਿਸਾਲਾਂ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਵਿੱਚੋਂ ਲੈਂਦਾ ਹੈ। ਕੁਝ ਉਦਾਹਰਨ ਦੇਖੋ :

     ਦੁੱਲੇ...ਨੇ ਵਸਤ ਬਣਨ ਤੋਂ ਨਾ ਚਾ ਕੀਤੀ। ਆਪਣੀ ਬੰਦਿਆਈ ਦਾ ਪਾਲਣ ਕੀਤੋਸੁ। ਸਹੀ ਕੀਤੋਸੁ ਜੇ ਬੰਦਾ ਤਾਂ ਈ ਬੰਦਾ ਹੈ ਜੇ ਉਹ ਵਸਤ ਬਣਨ ਤੋਂ ਨਾਬਰ ਹੈ।

     ਪੁਰਾਣੀ ਰਹਿਤਲ ਵਿੱਚ ਰਹਿੰਦਿਆਂ ਕੂੜ ਅੱਗੇ, ਅਨਿਆਂ ਅੱਗੇ ਸਿਰ ਨਾ ਨਿਵਾਵਣ ਦੀ ਆਸ ਦਾ ਨਾਂ ਪੂਰਨ ਆਹਾ।

     ਅਸਾਂਤੀ ਮੱਲ ਲੋਕਾਈ ਨੂੰ ਉਚਿਆਂ ਤੇ ਵਿਕਿਆਂ ਮੇਲਾਂ ਵਿੱਚ ਵੰਡ ਦਿੰਦੀ ਹੈ। ਉੱਚ-ਮੇਲੀ ਜ਼ਰਵਾਲ ਬਣ ਵੈਂਦੇ ਹਨ, ਉਹਨਾਂ ਦੇ ਹੱਥ ਨਾਂ-ਨਾਵਾਂ, ਵਸਤ ਵਰਤਾਰਾ ਤੇ ਹੁਕਮ- ਹਕੂਮਤ ਹੋਂਦਾ ਹੈ। ਹੀਣ-ਮੇਲੀ ਮਿਹਨਤੀ ਤੇ ਕਾਮੇ ਹੋਂਦੇ ਹਨ ਤੇ ਆਪਣੀ ਮਿਹਨਤ ਰਾਹੀਂ ਉੱਚ-ਮੇਲੀਆਂ ਦੇ ਕੋਠੇ ਭਰ ਕੇ ਆਪਣੇ ਜੀਵਨ ਦਾ ਚਾਰਾ ਕਰੇਂਦੇ ਹਨ।

     ਥਲ, ਝਨਾਂ ਤੇ ਬਾਰਾਂ ਅਸਾਡੀ ਸੂਝ ਦੀਆਂ ਹੱਦਾਂ ਉੱਤੇ ਖਿਲਰੇ, ਅਸਾਨੂੰ ਵੰਗਾਰਦੇ ਹਨ। ਜੇ ਖੁਲ੍ਹ ਮਾਨਣੀ ਜੇ, ਸਿਰ ਤਲੀ ਧਰ ਕੇ ਆਉ।

     ਇਸ ਤਰ੍ਹਾਂ ਉਹ ਆਪਣੀ ਸਮੁੱਚੀ ਰਚਨਾ ਵਿੱਚ ਉਸ ਰਾਜ ਦੀਆਂ ਨੀਹਾਂ ਹਿਲਾਉਣ ਦਾ ਸੁਨੇਹਾ ਦਿੰਦਾ ਹੈ ਜਿਸ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਜਿਸ ਵਿੱਚ ਪੂਜਾ ਹੁੰਦੀ ਹੈ ਤਾਂ ਸਿਰਫ਼ ਪੈਸੇ ਤੇ ਵਸਤਾਂ ਦੀ, ਜਿਸ ਵਿੱਚ ਪ੍ਰਧਾਨਤਾ ਹੈ ਤਾ ‘ਮਤਲਬ` ਤੇ ‘ਕੂੜ` ਦੀ ਅਤੇ ਜਿਸ ਵਿੱਚ ਬੰਦੇ ਨੂੰ ਵਸਤ ਬਣਾ ਕੇ ਉਸ ਦੀ ਲੁੱਟ-ਖੋਹ ਕੀਤੀ ਜਾਂਦੀ ਹੈ। ਉਹ ਅਜਿਹੇ ਸਮਾਜ ਨੂੰ ਬਦਲਣ ਦਾ ਸੁਨੇਹਾ ਮੁੜ-ਮੁੜ ਦਿੰਦਾ ਹੈ ਇਸੇ ਲਈ ਉਸ ਨੂੰ ਪ੍ਰਗਤੀਵਾਦੀ ਚਿੰਤਕ ਅਤੇ ਓਧਰਲੇ ਪੰਜਾਬ ਵਿੱਚ “ਤਰੱਕੀ-ਪਸੰਦ ਅਦੀਬ" ਆਖਿਆ ਜਾਂਦਾ ਹੈ।

     ਨਜਮ ਹੁਸੈਨ ਸੱਯਦ ਨੇ ਮੱਧ-ਕਾਲੀਨ ਪੰਜਾਬੀ ਸਾਹਿਤ ਅਤੇ ਵਿਰਸੇ ਨੂੰ ਉਚੇਰੀ ਗਿਆਨ-ਸਾਧਨਾ ਦਾ ਵਿਸ਼ਾ ਬਣਾਇਆ ਹੈ। ਮੱਧ-ਕਾਲੀਨ ਪੰਜਾਬੀ ਸਾਹਿਤ ਵਿੱਚੋਂ ਵੀ ਗੁਰਬਾਣੀ, ਸੂਫ਼ੀ-ਕਾਵਿ, ਕਿੱਸਾ-ਕਾਵਿ ਅਤੇ ਦੰਤ- ਕਥਾਵਾਂ ਦੇ ਕੁਝ ਹਿੱਸਿਆਂ ਉੱਪਰ ਧਿਆਨ ਟਿਕਾਇਆ ਹੈ। ਉਹ ਸ਼ਾਹਕਾਰ ਲੇਖਕਾਂ, ਸ਼ਾਹਕਾਰ ਲਿਖਤਾਂ, ਸ਼ਾਹਕਾਰ ਪੰਕਤੀਆਂ ਦੀ ਵਿਆਖਿਆ ਜਾਂ ਪਰਖ-ਜੋਖ ਕਰਨ ਵਾਲਾ ਚਿੰਤਕ ਹੈ।

     ਨਜਮ ਨੇ ਆਪਣੇ ਚਿੰਤਨ-ਕਾਰਜ ਵਿੱਚ ਸ਼ਾਇਰੀ ਦੇ ਸੁਭਾਅ, ਸ਼ਾਇਰੀ ਨੂੰ ਜਾਣਨ-ਸਮਝਣ ਦੇ ਢੰਗ, ਸ਼ਾਇਰੀ ਦੇ ਸਮਾਜ, ਸੱਭਿਆਚਾਰ ਤੇ ਸਿਆਸਤ ਨਾਲ ਰਿਸ਼ਤੇ ਅਤੇ ਸ਼ਾਇਰ ਦੀ ਦ੍ਰਿਸ਼ਟੀ ਜਾਂ ਨਜ਼ਰ ਸੰਬੰਧੀ ਆਪਣੇ ਕੰਮ ਵਿੱਚ ਥਾਂ-ਪਰ-ਥਾਂ ਕੁਝ ਟਿੱਪਣੀਆਂ ਜ਼ਰੂਰ ਕੀਤੀਆਂ ਹਨ। ਇਹਨਾਂ ਟਿੱਪਣੀਆਂ ਨੂੰ ਇਕੱਠਾ ਕਰ ਕੇ ਅਤੇ ਇੱਕ ਦੂਸਰੇ ਨਾਲ ਇੱਕ ਰਿਸ਼ਤੇ ਵਿੱਚ ਬੰਨ੍ਹ ਕੇ ਉਸ ਦੇ ਸਿਧਾਂਤਿਕ ਚੌਖਟੇ ਨੂੰ ਸਹਿਜੇ ਹੀ ਪਛਾਣਿਆ ਅਤੇ ਉਸਾਰਿਆ ਜਾ ਸਕਦਾ ਹੈ। ਉਸ ਨੇ ਆਪਣੇ ਸਮੁੱਚੇ ਆਲੋਚਨਾ ਵਿਹਾਰ ਨੂੰ ਆਮ ਬੋਲ-ਚਾਲ ਦੀ ਭਾਸ਼ਾ ਅਤੇ ਲਹਿੰਦੀ ਉਪਬੋਲੀ ਦੇ ਮਿਸ਼ਰਨ ਨਾਲ ਉਸਾਰਿਆ ਹੈ। ਪੰਜਾਬੀ ਦੇ ਕੁਝ ਚਿੰਤਕਾਂ ਨੇ ਉਸ ਦੀ ਕੀਲ ਲੈਣ ਵਾਲੀ ਸਧਾਰਨ ਸੰਚਾਰ ਦੀ ਭਾਸ਼ਾ ਤੇ ਲਹਿੰਦੀ ਦੇ ਮਿਲਗੋਭੇ ਦੀ ਖ਼ੂਬ ਪ੍ਰਸੰਸਾ ਕੀਤੀ ਹੈ। ਉਹ ਆਪਣੇ ਆਲੋਚਨਾ-ਵਿਹਾਰ ਵਿੱਚ ਕੁਝ ਲਫ਼ਜ਼ਾਂ ਜਿਵੇਂ ਸੈਨਤ, ਰਮਜ਼, ਅਟਕਲ, ਜ਼ਾਹਰ, ਬਾਤਨ, ਸਤ੍ਹਾ-ਡੂੰਘ, ਰੂਪ ਤੇ ਰਸ, ਗਵੇੜਣਾ, ਲਿਖਤ, ਪੜਤ, ਵਸੇਬ, ਗਵੇੜਣਾ ਅਤੇ ਰੀਤ ਆਦਿ ਨੂੰ ਬਾਰ- ਬਾਰ ਵਰਤਿਆ ਹੈ। ਵਿਆਖਿਆ ਵੇਲੇ ਉਹ ਆਪਣਾ ਧਿਆਨ ਸ਼ਾਇਰੀ ਦੀ ਭਾਸ਼ਾ ਉੱਪਰ ਟਿਕਾਉਂਦਾ ਹੋਇਆ ਉਸ ਦੇ ਨਵੇਕਲੇ ਅੰਦਾਜ਼ ਰਾਹੀਂ, ਮਹੀਨ ਤੇ ਪੁਖ਼ਤਾ ਨਜ਼ਰ ਨਾਲ, ਉਸ ਦੀ ਰੂਹ ਤੱਕ ਅਪੜਣ ਦਾ ਯਤਨ ਕਰਦਾ ਹੈ। ਇਸੇ ਤਰੀਕੇ ਨਾਲ ਉਹ ਸ਼ਾਇਰੀ ਦੇ ਸਮਾਜ, ਸੱਭਿਆਚਾਰ, ਰਾਜਨੀਤੀ ਅਤੇ ਸਦੀਵੀ ਸਰੋਕਾਰਾਂ ਨਾਲ ਰਿਸ਼ਤੇ ਦੀ ਪਛਾਣ ਤਕ ਅੱਪੜ ਜਾਂਦਾ ਹੈ। ਉਹ ਪੜ੍ਹਤਾਂ ਦੀ ਵੰਨ-ਸਵੰਨਤਾ ਤੋਂ ਵੀ ਭਲੀ-ਭਾਂਤ ਵਾਕਫ਼ ਹੈ। ਇਸੇ ਲਈ ਉਹ ਇਹਨਾਂ ਨੂੰ ਦੋ ਖ਼ਾਨਿਆਂ (ਨਿਆਣਿਆਂ ਦੀ ਪੜ੍ਹਤ ਅਤੇ ਸਿਆਣਿਆਂ ਦੀ ਪੜ੍ਹਤ) ਵਿੱਚ ਵੰਡ ਕੇ ਅਗਾਂਹ ਸਰਕਦਾ ਹੈ। ਨਿਆਣਿਆਂ ਦੀ ਪੜ੍ਹਤ ਤੋਂ ਉਸ ਦਾ ਭਾਵ ਲਫ਼ਜ਼ਾਂ ਨਾਲ ਖੇਡਣ ਅਤੇ ਮਾਅਨੇ ਕੱਢ ਲੈਣ ਵਾਲੀ ਪੜ੍ਹਤ ਤੋਂ ਹੈ ਅਤੇ ਸਿਆਣਿਆਂ ਦੀ ਪੜ੍ਹਤ ਤੋਂ ਭਾਵ ਰਮਜ਼ਾਂ, ਸੈਨਤਾਂ ਅਤੇ ਰੰਗਾਂ ਦੀ ਸੋਝੀ ਵਾਲੀ ਪੜ੍ਹਤ ਤੋਂ ਹੈ। ਬਣੇ-ਬਣਾਏ ਜਾਂ ਘੜੇ-ਮਿਥੇ ਵਿਚਾਰਾਂ ਨੂੰ ਸ਼ਾਇਰੀ ਉੱਪਰ ਠੋਸਣ ਤੋਂ ਉਹ ਮੁੜ-ਮੁੜ ਵਰਜਦਾ ਹੈ। ਬਣਤਰ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਨ ਤੋਂ ਅੱਗੇ ਉਹ ਸ਼ਾਇਰੀ ਨੂੰ ਸ਼ਾਇਰੀ ਵਜੋਂ ਸਮਝਣ ਲਈ ਆਖਦਾ ਅਤੇ ਉਸ ਦੀਆਂ ਰਮਜ਼ਾਂ, ਤਾਲਾਂ ਨੂੰ ਪਕੜਣ ਲਈ ਕਹਿੰਦਾ ਹੈ। ਬਣਤਰ ਦੀਆਂ ਘੁੰਡੀਆਂ ਨੂੰ ਖੋਲ੍ਹਣ ਲਈ ਉਹ ਸੁਰਤ- ਸੰਭਾਲ ਦੀ ਅਹਿਮੀਅਤ ਪ੍ਰਗਟ ਕਰਦਾ ਹੈ। ਸ਼ਾਇਰੀ ਦੀ ਵਿਆਖਿਆ ਲਈ ਕੋਰੇ ਸਿਫਤੀ ਕਥਨ ਉਸ ਨੂੰ ਮਾਰੂ ਜਾਪਦੇ ਹਨ। ਬਣਤਰ ਦੇ ਅਸਲੇ ਅਤੇ ਸ਼ਿਅਰ ਦੀਆਂ ਮਹੀਨ ਗੁੰਝਲਾਂ ਨਾਲ ਨਜਿੱਠਣਾ ਉਸ ਦੀ ਆਲੋਚਨਾ ਦਾ ਮਕਸਦ ਹੈ।

     ਨਜਮ ਹੁਸੈਨ ਸੱਯਦ ਦੀ ਆਲੋਚਨਾ ਦੀ ਮੂਲ ਬਿਰਤੀ ਅਤੀਤ ਮੁਖੀ ਹੈ। ਕਈ ਵਾਰ ਉਹ ਆਪਣੀ ਕਥਨੀ ਨੂੰ ਅਮਲ ਜਾਂ ਵਿਹਾਰ ਵਿੱਚ ਢਾਲਣ ਤੋਂ ਖੁੰਝ ਵੀ ਜਾਂਦਾ ਹੈ। ਉਹ ਮੱਧ-ਕਾਲੀਨ ਸਾਹਿਤ ਦੇ ਗਿਣਵੇਂ-ਚੁਣਵੇਂ ਪਾਠਾਂ ਰਾਹੀਂ ਅਤੀਤ ਵਿੱਚ ਮਨਮਰਜ਼ੀ ਦੇ ਰੰਗ ਭਰਦਾ, ਮੁੜ ਉਹਨਾਂ ਨੂੰ ਉਚਿਆਉਂਦਾ ਅਤੇ ਮੁੜ-ਮੁੜ ਦੁਹਰਾਉਂਦਾ ਹੈ। ਉਹ ਅਸਲ ਵਿੱਚ ਵਿਰਸੇ ਦੀ ਚਕਾਚੌਂਧ ਕਰ ਦੇਣ ਵਾਲੀ ਪ੍ਰਤੀਕਵਾਦੀ ਵਿਆਖਿਆ ਕਰਨ ਵਾਲਾ ਆਲੋਚਕ ਹੈ।


ਲੇਖਕ : ਹਰਿਭਜਨ ਸਿੰਘ ਭਾਟੀਆ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.