ਨਾਂਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਂਵ: ਕਿਸੇ ਸਜੀਵ, ਨਿਰਜੀਵ ਜਾਂ ਅਮੂਰਤ ਹੋਂਦ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਨਾਂਵ ਕਿਹਾ ਜਾਂਦਾ ਹੈ। ਜਿਵੇਂ ਆਦਮੀ, ਜੁਗਿੰਦਰ, ਗੁੜ, ਪੰਜਾਬ, ਸੁੰਦਰਤਾ ਆਦਿ। ਪੰਜਾਬੀ ਭਾਸ਼ਾ ਦਾ ਹਰ ਨਾਂਵ ਸ਼ਬਦ ਜਾਂ ਪੁਲਿੰਗ ਹੋਵੇਗਾ ਜਾਂ ਇਲਿੰਗ। ਵਧੇਰੇ ਕਰ ਕੇ ਇੱਕ ਨਾਂਵ ਸ਼ਬਦ ਦੇ ਪੁਲਿੰਗ ਅਤੇ ਇਲਿੰਗ ਦੋਨੋਂ ਰੂਪ ਮਿਲਦੇ ਹਨ; ਘੋੜਾ, ਸੋਟਾ ਅਤੇ ਧੋਬੀ ਪੁਲਿੰਗ ਨਾਵਾਂ ਦੇ ਕ੍ਰਮਵਾਰ ਇਲਿੰਗ ਰੂਪ ਹਨ: ਘੋੜੀ, ਸੋਟੀ ਅਤੇ ਧੋਬਣ। ਕਈ ਪੰਜਾਬੀ ਨਾਂਵ ਕੇਵਲ ਪੁਲਿੰਗ ਰੂਪ ਵਿੱਚ ਹੀ ਵਿਚਰਦੇ ਹਨ (ਸੂਰਜ, ਆਟਾ, ਹੌਸਲਾ ਆਦਿ) ਅਤੇ ਕਈ ਇਲਿੰਗ ਰੂਪ ਵਿੱਚ ਹੀ (ਸਬਜ਼ੀ, ਰੇਤ, ਭੀੜ ਆਦਿ)। ਪੰਜਾਬੀ ਰਿਸ਼ਤੇਦਾਰੀ ਦੇ ਕਈ ਨਾਂਵ ਇੱਕ ਤੋਂ ਵੱਧ ਅਰਥਾਤ ਦੋ ਵਿਰੋਧੀ ਲਿੰਗ ਵਾਲੇ ਨਾਵਾਂ ਦੇ ਧਾਰਨੀ ਹੁੰਦੇ ਹਨ; ਜਿਵੇਂ ਪੁਲਿੰਗ ਨਾਂਵ ‘ਭਰਾ’ ਦੇ ‘ਭੈਣ’ ਅਤੇ ‘ਭਰਜਾਈ’ ਇਲਿੰਗ ਰੂਪ ਹਨ।

 

     ਅਰਥਾਂ ਦੇ ਆਧਾਰ ਉੱਤੇ ਪੰਜਾਬੀ ਨਾਂਵ ਸ਼ਬਦਾਂ ਦੀਆਂ ਪੰਜ ਕਿਸਮਾਂ ਹਨ-ਨਿੱਜਵਾਚਕ, ਜਾਤੀਵਾਚਕ, ਵਸਤੂ- ਵਾਚਕ, ਇਕੱਠਵਾਚਕ ਅਤੇ ਭਾਵਵਾਚਕ।

     ਕਿਸੇ ਵਿਸ਼ੇਸ਼ ਵਿਅਕਤੀ, ਸਥਾਨ, ਵਰਤਾਰੇ ਆਦਿ ਲਈ ਵਰਤੇ ਜਾਂਦੇ ਸ਼ਬਦ ਨੂੰ ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ ਆਖਦੇ ਹਨ। ਇਹਨਾਂ ਨਾਂਵਾਂ ਲਈ ਪੰਜਾਬੀ ਵਿੱਚ ‘ਨਾਮ’ ਅਤੇ ‘ਨਾਂ’ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਕਿਸਮ ਦੇ ਨਾਂਵ ਹਨ-ਵੇਦ, ਪਟਿਆਲਾ, ਪੰਜਾਬ, ਸਤਲੁਜ ਆਦਿ।

     ਕਿਸੇ ਇੱਕੋ ਕਿਸਮ ਦੀਆਂ ਗਿਣਨਯੋਗ ਵਸਤਾਂ ਲਈ ਵਰਤੇ ਜਾਂਦੇ ਸਾਂਝੇ ਸ਼ਬਦ ਨੂੰ ਜਾਤੀਵਾਚਕ ਨਾਂਵ ਆਖਦੇ ਹਨ: ਮੁੰਡਾ, ਘੋੜਾ, ਸ਼ਹਿਰ, ਪ੍ਰਾਂਤ, ਦਰਿਆ ਆਦਿ।

     ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਦੇ ਨਾਂਵਾਂ ਨੂੰ ਵਸਤੂਵਾਚਕ ਨਾਂਵ ਜਾਂ ਪਦਾਰਥਬੋਧਕ ਨਾਂਵ ਆਖਦੇ ਹਨ: ਦੁੱਧ, ਆਟਾ, ਪਾਣੀ, ਸੋਨਾ, ਚਾਂਦੀ ਆਦਿ।

     ਇੱਕ ਤੋਂ ਵਧੇਰੇ ਜੀਵਾਂ ਜਾਂ ਵਸਤਾਂ ਦੇ ਇਕੱਠ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਇਕੱਠਵਾਚਕ ਨਾਂਵ ਆਖਦੇ ਹਨ: ਭੀੜ, ਸਭਾ, ਇੱਜੜ ਆਦਿ।

     ਜਿਸ ਵਸਤੂ ਜਾਂ ਵਰਤਾਰੇ ਨੂੰ ਨਾ ਤਾਂ ਵੇਖਿਆ ਜਾ ਸਕੇ ਅਤੇ ਨਾ ਹੀ ਛੁਹਿਆ ਜਾ ਸਕੇ ਪਰ ਕੇਵਲ ਮਹਿਸੂਸ ਹੀ ਕੀਤਾ ਜਾ ਸਕੇ ਉਸ ਲਈ ਵਰਤੇ ਜਾਂਦੇ ਸ਼ਬਦ ਨੂੰ ਭਾਵ-ਵਾਚਕ ਨਾਂਵ ਆਖਦੇ ਹਨ: ਸੁੰਦਰਤਾ, ਡਰ, ਦੁੱਖ, ਦਾਨ ਆਦਿ।

          ਪੰਜਾਬੀ ਨਾਂਵਾਂ ਦਾ ਰੂਪਾਂਤਰਨ ‘ਵਚਨ’ ਅਤੇ ‘ਕਾਰਕ’ ਵਿਆਕਰਨ ਸ਼੍ਰੇਣੀਆਂ ਲਈ ਹੁੰਦਾ ਹੈ। ਵਚਨਮੁੱਖ ਰੂਪਾਂਤਰ ਦੋ ਪੱਧਰਾਂ ਉੱਤੇ ਮਿਲਦਾ ਹੈ ਸਧਾਰਨ (ਸੰਬੰਧਕ ਤੋਂ ਬਿਨਾ ਹੀ ਵਰਤੇ) ਅਤੇ ਸੰਬੰਧਕੀ (ਸੰਬੰਧਕ ਸਹਿਤ ਵਰਤੋਂ) ਜਿਸ ਨੂੰ ਹੇਠਾਂ ਦਿੱਤੀ ਤਾਲਿਕਾ ਵਿੱਚ ਦਰਜ ਕੀਤਾ ਗਿਆ ਹੈ।

ਪੰਜਾਬੀ ਨਾਂਵ: ਵਚਨਮੁਖ ਰੂਪਾਂਤਰਨ

                                                                ਸਧਾਰਨ

                                                     ਇੱਕਵਚਨ                    ਬਹੁਵਚਨ

                                      ਪੁਲਿੰਗ        +   ਇਲਿੰਗ                   ਪੁਲਿੰਗ     ਇਲਿੰਗ

                                      ਆ            -   ਅੰਤਿਕ                  U+2192.svg ਏ       +  ਵਾਂ

                                      ਆ            -   ਅੰਤਿਕ ਤੋਂ              +  Φ          +  ਆਂ

                                                         ਇਲਾਵਾ

                                                                        ਸੰਬੰਧਕੀ

                                                     ਇੱਕਵਚਨ                    ਬਹੁਵਚਨ

                                      ਪੁਲਿੰਗ        +   ਇਲਿੰਗ                   ਪੁਲਿੰਗ     ਇਲਿੰਗ

                                    U+2192.svgਏ            +   Φ                    U+2192.svg ਇਆਂ   +  ਵਾਂ

                                       + Φ            +  Φ                     + ਆਂ          +  ਆਂ

     ਤਾਲਿਕਾ ਤੋਂ ਮਿਲਦੇ ਪੰਜਾਬੀ ਨਾਂਵਾਂ ਦੇ ਵਚਨਮੁੱਖ ਰੂਪਾਂਤਰਨ ਬਾਰੇ ਇਹ ਸੰਕੇਤ ਮਿਲਦੇ ਹਨ: (1) ਆ- ਅੰਤਿਕ ਪੁਲਿੰਗ ਨਾਂਵ ਦੇ ਸਧਾਰਨ ਬਹੁਵਚਨ ਅਤੇ ਸੰਬੰਧਕੀ ਇੱਕਵਚਨ ਰੂਪ ਏ-ਅੰਤਿਕ ਹੁੰਦੇ ਹਨ: ਘੋੜਾ ਤੋਂ ਘੋੜੇ, ਮੁੰਡਾ ਤੋਂ ਮੁੰਡੇ ਆਦਿ ਅਤੇ ਇਸ ਕਿਸਮ ਦੇ ਨਾਵਾਂ ਦੇ ਸੰਬੰਧਕੀ ਬਹੁਵਚਨ ਇਆਂ-ਅੰਤਿਕ ਹੁੰਦੇ ਹਨ: ਘੋੜਾ ਤੋਂ ਘੋੜਿਆਂ, ਮੁੰਡਾ ਤੋਂ ਮੁੰਡਿਆਂ ਆਦਿ। ਜਿਹੜੇ ਪੁਲਿੰਗ ਨਾਂਵ ਆ-ਅੰਤਿਕ ਨਹੀਂ ਹਨ, ਉਹਨਾਂ ਦੇ ਸਧਾਰਨ ਬਹੁਵਚਨੀ ਅਤੇ ਸੰਬੰਧਕੀ ਇੱਕਵਚਨੀ ਰੂਪ ਸਧਾਰਨ ਇੱਕਵਚਨੀ ਰੂਪ ਵਾਲੇ ਹੀ ਹੁੰਦੇ ਹਨ ਅਤੇ ਉਹਨਾਂ ਦੇ ਸੰਬੰਧਕੀ ਇੱਕਵਚਨੀ ਰੂਪ ਸਧਾਰਨ ਇੱਕਵਚਨੀ ਰੂਪ ਵਾਲੇ ਹੀ ਹੁੰਦੇ ਹਨ ਅਤੇ ਉਹਨਾਂ ਦੇ ਸੰਬੰਧਕੀ ਬਹੁਵਚਨੀ ਰੂਪ ਆਂ-ਅੰਤਿਕ ਹੁੰਦੇ ਹਨ: ਹਾਥੀ ਤੋਂ ਹਾਥੀਆਂ, ਸੇਠ ਤੋਂ ਸੇਠਾਂ ਆਦਿ। (2) ਇਲਿੰਗ ਨਾਵਾਂ ਦੇ ਸਧਾਰਨ ਅਤੇ ਸੰਬੰਧਕੀ ਵਚਨ ਰੂਪ ਸਮਾਨ ਹੁੰਦੇ ਹਨ। ਆ-ਅੰਤਿਕ ਇਲਿੰਗ ਨਾਂਵਾਂ ਦਾ ਬਹੁਵਚਨ ਵਾਂ-ਅੰਤਿਕ ਹੁੰਦਾ ਹੈ ਅਤੇ ਗ਼ੈਰ ਆ-ਅੰਤਿਕ ਨਾਂਵਾਂ ਦਾ ਆਂ-ਅੰਤਿਕ।

     ਬਹੁਗਿਣਤੀ ਦੇ ਨਾਂਵ ਇੱਕਵਚਨੀ ਅਤੇ ਬਹੁਵਚਨੀ ਦੋਹਾਂ ਰੂਪਾਂ ਵਿੱਚ ਵਰਤੇ ਜਾਂਦੇ ਹਨ ਪਰ ਉਪਜ, ਸਮਝ, ਪਵਿੱਤਰਤਾ, ਨਿਮਰਤਾ ਆਦਿ ਵਰਗੇ ਕੁਝ ਨਾਂਵ ਕੇਵਲ ਇੱਕਵਚਨੀ ਰੂਪ ਵਾਲੇ ਹੀ ਹਨ ਅਤੇ ਇਸ ਤੋਂ ਉਲਟ ਪ੍ਰਾਣ, ਛੋਲੇ, ਲੋਕ, ਦਰਸ਼ਕ ਆਦਿ ਬਹੁਵਚਨੀ ਰੂਪ ਵਾਲੇ ਹਨ।

     ਪੰਜਾਬੀ ਨਾਂਵਾਂ ਦੇ ਸੰਬੰਧਕੀ ਰੂਪਾਂ ਨਾਲ ਸੰਬੰਧਕਾਂ (ਦਾ, ਨੇ, ਨੂੰ ਆਦਿ) ਦੀ ਵਰਤੋਂ ਕੀਤੀ ਜਾਂਦੀ ਹੈ; ਪਰ ਕਈ ਨਾਂਵਾਂ ਨਾਲ ਕਈ ਕਾਰਕਾਂ ਲਈ ਕਾਰਕ ਸੂਚਕ ਪਿਛੇਤਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਮਿਸਾਲ ਵਜੋਂ ਅਪਾਦਾਨ ਕਾਰਕ ਲਈ (-ਓਂ) (ਘਰੋਂ, ਘੋੜਿਓਂ); ਅਧਿਕਰਨ ਕਾਰਕ ਲਈ (-ਏ) ਇੱਕਵਚਨੀ ਨਾਂਵ ਲਈ ਅਤੇ (-ਈਂ) ਬਹੁਵਚਨੀ ਨਾਂਵ ਲਈ (ਘਰੇ, ਘਰੀਂ); ਕਰਨ ਕਾਰਕ ਲਈ (-ਈਂ) (ਹੱਥੀਂ, ਅੱਖੀਂ)।

     ਨਾਂਵ ਖੁੱਲ੍ਹੀ ਸ਼੍ਰੇਣੀ ਦੇ ਸ਼ਬਦ ਹਨ, ਜਿਨ੍ਹਾਂ ਵਿੱਚ ਹੋਰ ਵਾਧਾ/ਘਾਟਾ ਹੁੰਦਾ ਰਹਿੰਦਾ ਹੈ। ਨਵੇਂ ਨਾਂਵਾਂ ਦੀ ਸਿਰਜਣਾ ਲਈ ਪੰਜਾਬੀ ਵਿੱਚ ਦੋ ਜੁਗਤਾਂ: ਵਧੇਤਰੀਕਰਨ ਅਤੇ ਸਮਾਸੀਕਰਨ, ਦੀ ਵਰਤੋਂ ਕੀਤੀ ਜਾਂਦੀ ਹੈ।

     ਵਿਉਤਪਤ ਵਧੇਤਰਾਂ ਦੀ ਵਰਤੋਂ ਨਾਲ ਪੰਜਾਬੀ ਵਿੱਚ ਵਿਭਿੰਨ ਸ਼੍ਰੇਣੀਆਂ ਦੇ ਸ਼ਬਦਾਂ ਤੋਂ ਨਾਂਵ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ: ਨਾਂਵ ਤੋਂ ਨਾਂਵ (ਗਿਆਨ > ਵਿਗਿਆਨ, ਪ੍ਰਧਾਨ > ਉਪ੍ਰਧਾਨ > ਉਪ੍ਰਧਾਨਗੀ), ਵਿਸ਼ੇਸ਼ਣ ਤੋਂ ਨਾਂਵ (ਮੂਰਖ > ਮੂਰਖਤਾ, ਗ਼ਰੀਬ > ਗ਼ਰੀਬੀ) ਕਿਰਿਆ ਤੋਂ ਨਾਂਵ (ਲਿਖ > ਲਿਖਤ)।

     ਇੱਕ ਤੋਂ ਵੱਧ ਨਾਂਵਾਂ ਨੂੰ ਜੋੜ ਕੇ ਸਮਾਸ ਬਣਾਏ ਜਾਂਦੇ ਹਨ: ਦੇਸ-ਭਗਤੀ, ਰਾਜ-ਕਵੀ, ਪੱਥਰ-ਦਿਲ, ਬੱਸ- ਅੱਡਾ, ਆਦਿ।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 40141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਾਂਵ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਨਾਂਵ: ਨਾਂਵ, ਸ਼ਬਦ-ਸ਼ਰੇਣੀਆਂ ਦੀਆਂ ਮੁੱਖ ਸ਼ਬਦ-ਸ਼ਰੇਣੀਆਂ ਦਾ ਮੈਂਬਰ ਹੈ। ਇਹ ਸ਼ਬਦ-ਸ਼ਰੇਣੀ ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ਵਿਚ ਰੱਖੀ ਜਾਂਦੀ ਹੈ ਕਿਉਂਕਿ ਇਸ ਦੀ ਸ਼ਬਦਾਵਲੀ ਦੇ ਮੈਂਬਰਾਂ ਦੀ ਤਾਦਾਦ ਅਸੀਮਤ ਹੈ। ਇਕ ਵੇਲੇ ਤਿਆਰ ਕੀਤੀ ਗਈ ਨਾਵਾਂ ਦੀ ਲਿਸਟ ਪੂਰੀ ਨਹੀਂ ਹੁੰਦੀ ਅਤੇ ਇਸ ਦੇ ਮੈਂਬਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਵਿਚ ਕਿਸੇ ਦੂਜੀ ਭਾਸ਼ਾ ਤੋਂ ਤਤਸਮ ਅਤੇ ਸਦਭਵ ਰੂਪਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਇਹ ਵਾਧਾ ਅਚੇਤ ਅਤੇ ਸੁਚੇਤ ਪੱਧਰ ’ਤੇ ਹੁੰਦਾ ਰਹਿੰਦਾ ਹੈ। ਰੂਪ ਦੇ ਪੱਖ ਤੋਂ ਇਸ ਸ਼ਰੇਣੀ ਦੇ ਮੈਂਬਰ ਵਿਕਾਰੀ ਹੁੰਦੇ ਹਨ ਅਤੇ ਇਨ੍ਹਾਂ ਦਾ ਰੂਪ ਪਰਿਵਰਤਨ ਵਚਨ ਅਤੇ ਕਾਰਕ ਦੇ ਪੱਧਰ ’ਤੇ ਹੁੰਦਾ ਹੈ। ਪੰਜਾਬੀ ਵਿਚ ਇਨ੍ਹਾਂ ਸ਼ਬਦਾਂ ਵਿਚ ਲਿੰਗ ਲਾਜ਼ਮੀ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦੇ ਰੂਪ ਨਾਲ (-ਏ, -ਇਆਂ, -ਆਂ\ਵਾਂ, -ਇਓ, -ਓਂ, -ਇਆ, -ਆ) ਆਦਿ ਅੰਤਕ ਲਗਦੇ ਹਨ। ਪਰੰਪਰਾਵਾਦੀ ਵਿਆਕਰਨਕਾਰਾਂ ਨੇ ਨਾਂਵ ਦੀ ਪਰਿਭਾਸ਼ਾ ਅਰਥ ਦੇ ਅਧਾਰ ’ਤੇ ਕੀਤੀ ਹੈ, ਭਾਵ ‘ਨਾਵਾਂ, ਥਾਵਾਂ, ਵਿਅਕਤੀਆਂ ਅਤੇ ਵਸਤਾਂ’ ਆਦਿ ਦੀ ਸੂਚਨਾ ਪਰਦਾਨ ਕਰਨ ਵਾਲੇ ਸ਼ਬਦ, ਨਾਂਵ ਸ਼ਰੇਣੀ ਦੇ ਮੈਂਬਰ ਹੁੰਦੇ ਹਨ। ਇਸ ਪਰਕਾਰ ਦੀ ਵੰਡ ਜਿਥੇ ਇਕ ਪਾਸੇ ਅਸੀਮਤ ਹੈ ਅਤੇ ਦੂਜੇ ਪਾਸੇ ਇਹ ਜ਼ਰੂਰੀ ਨਹੀਂ ਕਿ ਸਾਰੇ ਨਾਂਵ ਇਨ੍ਹਾਂ ਦੀ ਵੰਡ ਵਿਚ ਸ਼ਾਮਲ ਕੀਤੇ ਜਾ ਸਕਣ ਜਿਵੇਂ : ‘ਸੁੰਦਰਤਾ ਅਤੇ ਮੂਰਖਤਾ’ ਨੂੰ ਕਿਹੜੇ ਵਰਗ ਵਿਚ ਰੱਖਿਆ ਜਾ ਸਕਦਾ ਹੈ। ਪੰਜਾਬੀ ਨਾਂਵ ਸ਼ਬਦ ਰੂਪਾਂ ਦਾ ਵਚਨ ਰੂਪਾਂਤਰਨ ਤਿੰਨ ਤਰ੍ਹਾਂ ਨਾਲ ਹੁੰਦਾ ਹੈ ਜਿਵੇਂ : ਸਾਰੇ (-ਆ) ਅੰਤਕ ਪੁਲਿੰਗ ਨਾਵਾਂ ਨੂੰ ਬਹੁਵਚਨ ਵਿਚ ਪਰਿਵਰਤਤ ਕਰਨ ਲਈ (-ਏ) ਅੰਤਕ ਦੀ ਵਰਤੋਂ ਹੁੰਦੀ ਹੈ : ਬੱਚਾ-ਬੱਚੇ। ਅੰਤਕ ਇਕ ਵਚਨ ਲਿੰਗ ਰੂਪੀ ਨਾਵਾਂ ਨੂੰ ਬਹੁਵਚਨ ਵਿਚ ਰੂਪਾਂਤਰਤ ਕਰਨ ਲਈ (-ਵਾਂ) ਅੰਤਕ ਦੀ ਵਰਤੋਂ ਕੀਤੀ ਜਾਂਦੀ ਹੈ : ਨਾਂ-ਨਾਵਾਂ। ਬਾਕੀ ਸਾਰੇ ਇਕ ਵਚਨ ਇਸਤਰੀ ਲਿੰਗ ਲਿਸਟ ਇਸ ਪਰਕਾਰ ਦੀ ਹੈ ਜਿਸ ’ਤੇ ਵਚਨ ਰੂਪਾਂਤਰਨ ਨਾਲ ਸ਼ਬਦ ਦੇ ਰੂਪ ’ਤੇ ਕੋਈ ਅਸਰ ਨਹੀਂ ਪੈਂਦਾ ਜਿਵੇਂ : ‘ਠੱਗ’ ਸ਼ਬਦ ਇਕ ਵਚਨ ਅਤੇ ਬਹੁਵਚਨ ਦਾ ਸੂਚਕ ਹੈ : ‘ਠੱਗ ਆਇਆ’, ‘ਠੱਗ ਆਏ’।

        ਪੰਜਾਬੀ ਨਾਂਵ ਸ਼ਬਦਾਂ ਦਾ ਕਾਰਕੀ ਰੂਪਾਂਤਰਨ ‘ਸਧਾਰਨ, ਸਬੰਧਕੀ, ਸੰਬੋਧਨੀ ਅਪਾਦਾਨ ਅਤੇ ਅਧਿਕਰਨ’ ਕਾਰਕਾਂ ਅਨੁਸਾਰ ਹੁੰਦਾ ਹੈ। ਮਨੁੱਖੀ ਲੱਛਣਾਂ ਵਾਲੇ ਸ਼ਬਦ ‘ਸਧਾਰਨ, ਸਬੰਧਕੀ ਅਤੇ ਸੰਬੋਧਨੀ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ ਅਤੇ ਇਨ੍ਹਾਂ ਸ਼ਬਦਾਂ ਦੇ ਅੰਤਕ (-ਆ, -ਏ, -ਇਆਂ, -ਇਓ) ਆਦਿ ਹੁੰਦੇ ਹਨ। (-ਆ) ਅੰਤਕ ਗੈਰ-ਮਨੁੱਖੀ ਨਾਂਵ, ਸਧਾਰਨ, ਸਬੰਧਕੀ, ਸੰਬੋਧਨੀ, ਅਪਾਦਾਨ ਅਤੇ ਅਧਿਕਰਨ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ ਜੋ ਕਿ (-ਆ, -ਏ, -ਇਆ, -ਇਓ, -ਈ) ਆਦਿ ਅੰਤਕਾਂ ਦੁਆਰਾ ਪਰਗਟ ਹੁੰਦੇ ਹਨ। ਪੰਜਾਬੀ ਦੇ ਮਨੁੱਖੀ ਇਸਤਰੀ ਲਿੰਗ ਨਾਂਵ ਸ਼ਬਦ, ਸਧਾਰਨ ਸਬੰਧਕੀ, ਅਪਾਦਾਨ ਅਤੇ ਅਧਿਕਰਨ ਕਾਰਕ ਦੁਆਰਾ ਰੂਪਾਂਤਰਤ ਹੁੰਦੇ ਹਨ ਅਤੇ (-ਈ, -ਈਆਂ, -ਏ, -ਓ, -ਓਂ, -ਈ) ਆਦਿ ਦੁਆਰਾ ਪਰਗਟ ਹੁੰਦੇ ਹਨ। ਨਿਰਜੀਵ ਇਸਤਰੀ ਲਿੰਗ ਨਾਂਵ ਸ਼ਬਦ, ਸਧਾਰਨ, ਸਬੰਧਕੀ, ਅਪਾਦਾਨ ਅਤੇ ਅਧਿਕਰਨ ਕਾਰਕ ਦੁਆਰਾ ਰੂਪਾਂਤਰਤ ਹੁੰਦੇ ਹਨ ਅਤੇ (-ਈ, ਈਆਂ, -ਓਂ, -ਈ) ਦੁਆਰਾ ਪਰਗਟ ਹੁੰਦੇ ਹਨ।

        ਪੰਜਾਬੀ ਵਿਚ ਨਾਂਵ ਸ਼ਬਦ ਨਾਂਵ ਵਾਕੰਸ਼ ਦੇ ਕੇਂਦਰੀ ਤੱਤ ਵਜੋਂ ਵਿਚਰਦੇ ਹਨ ਜਿਵੇਂ : ‘ਇਕ ਬਹੁਤ ਸੋਹਣਾ ਮੁੰਡਾ’ ਇਥੇ ‘ਮੁੰਡਾ’ ਕੇਂਦਰੀ ਤੱਤ ਹੈ ਅਤੇ ਬਾਕੀ ਸਾਰੇ ਸ਼ਬਦ ਬਾਹਰੀ ਤੱਤਾਂ ਵਜੋਂ ਵਿਚਰਦੇ ਹਨ। ਕੇਂਦਰੀ ਤੱਤ ਵਿਚ ਇਕ ਤੋਂ ਵਧੇਰੇ ਨਾਂਵ ਸ਼ਬਦ ਵਿਚਰ ਸਕਦੇ ਹਨ। ‘ਮੇਲੇ ਵਿਚ ਮੁੰਡੇ, ਕੁੜੀਆਂ ਅਤੇ ਮਾਪੇ ਆਏ ਹੋਏ ਹਨ’ ਵਿਚ ‘ਮੁੰਡੇ, ਕੁੜੀਆਂ ਅਤੇ ਮਾਪੇ’ ਤਿੰਨ ਨਾਂਵ ਸ਼ਬਦ ਇਕੋ ਵਾਕੰਸ਼ ਵਿਚ ਵਿਚਰ ਕੇ ਕੇਂਦਰੀ ਤੱਤਾਂ ਵਜੋਂ ਕਾਰਜ ਕਰਦੇ ਹਨ। ਕਈ ਵਾਰ ਇਕੋ ਵਾਕੰਸ਼ ਵਿਚ ਨਾਂਵ+ਨਾਂਵ ਅਤੇ ਸੰਕੇਤ-ਸੂਚਕ+ਨਾਂਵ, ਕੇਂਦਰੀ ਤੱਤਾਂ ਵਜੋਂ ਵਿਚਰਦੇ ਹਨ, ਜਿਵੇਂ ‘ਮੇਰੀ ਭੈਣ ਵਿਦਿਆ’ ‘ਮੇਰੀ ਇਹ ਭੈਣ’।

        ਅਰਥ ਦੀ ਦਰਿਸ਼ਟੀ ਤੋਂ ਨਾਵਾਂ ਦੀ ਲਿਸਟ ਨੂੰ ‘ਆਮ ਨਾਂਵ, ਖਾਸ ਨਾਂਵ, ਵਿਅਕਤੀ-ਵਾਚਕ ਨਾਂਵ, ਭਾਵ-ਵਾਚੀ ਨਾਂਵ, ਇਕੱਠ-ਵਾਚਕ ਨਾਂਵ’ ਆਦਿ ਵਿਚ ਰੱਖਿਆ ਜਾਂਦਾ ਹੈ ਪਰ ਇਸ ਦੀਆਂ ਆਪਣੀਆਂ ਸੀਮਾਵਾਂ ਹਨ ਅਤੇ ਇਸ ਵੰਡ ਦੇ ਅਧਾਰ ’ਤੇ ਨਾਂਵ ਵਰਗਾਂ ਦੀ ਇਕ ਲੰਮੀ ਚੋੜੀ ਲਿਸਟ ਬਣਾਈ ਜਾ ਸਕਦੀ ਹੈ। ਦੂਜੇ ਪਾਸੇ ਨਾਂਵਾਂ ਦੇ ਰੂਪ ਪੱਖ ਨੂੰ ਲੈ ਕੇ ਨਾਂਵ ਸ਼ਬਦਾਵਲੀ ਨੂੰ ਕੁਝ ਸੀਮਤ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ ਅਤੇ ਦੂਜੀਆਂ ਭਾਸ਼ਾਵਾਂ ਤੋਂ ਆਏ ਤਤਸਮ ਅਤੇ ਤਦਭਵ ਰੂਪਾਂ ਨੂੰ ਇਨ੍ਹਾਂ ਵਰਗਾਂ ਵਿਚ ਪੰਜਾਬੀ ਦੇ ਰੂਪਗ੍ਰਾਮੀ ਨੇਮਾਂ ਅਨੁਸਾਰ ਅਪਣਾਇਆ ਜਾਂਦਾ ਹੈ। ਤਤਸਮ ਸ਼ਬਦਾਂ ਨੂੰ ਅਪਣਾਉਣ ਵੇਲੇ ਇਸ ਪਰਕਾਰ ਦਾ ਮਸਲਾ ਪੇਸ਼ ਆਉਂਦਾ ਹੈ ਪਰੰਤੂ ਤਤਸਮ ਸ਼ਬਦ ਸਮਾਂ ਪਾ ਕੇ ਤਦਭਵ ਰੂਪ ਗ੍ਰਹਿਣ ਕਰ ਲੈਂਦੇ ਹਨ।

        ਵਿਉਂਤਪਤੀ ਦੀ ਦਰਿਸ਼ਟੀ ਤੋਂ ਪੰਜਾਬੀ ਨਾਂਵ ਸ਼ਰੇਣੀ ਦੇ ਸ਼ਬਦਾਂ ਦੇ ਤਿੰਨ ਮੂਲ ਸਰੋਤ ਹਨ : ਵਿਸ਼ੇਸ਼ਣ-ਨਾਂਵ, ਕਿਰਿਆ-ਨਾਂਵ ਅਤੇ ਨਾਂਵ-ਨਾਂਵ। ਕਿਸੇ ਸਰੋਤ ਸ਼ਬਦ ਨਾਲ ਸੀਮਤ ਅੰਤਕਾਂ ਰਾਹੀਂ ਸ਼ਬਦਾਂ ਦੀ ਸਿਰਜਨਾ ਕੀਤੀ ਜਾਂਦੀ ਹੈ। ਜਿਵੇਂ : ਵਿਸ਼ੇਸ਼ਣ-ਨਾਂਵ (ਗਰੀਬ-ਗਰੀਬੀ, ਗੋਲ-ਗੁਲਾਈ), ਕਿਰਿਆ-ਨਾਂਵ (ਵਸ-ਵਸੋਂ, ਗਿਣ-ਗਿਣਤੀ), ਨਾਂਵ-ਨਾਂਵ (ਸ਼ਬਦ-ਸ਼ਬਦਾਵਲੀ, ਕਲਾ-ਕਲਾਕਾਰ)।

        ਕਾਰਜ ਦੇ ਪੱਖ ਤੋਂ ਪੰਜਾਬੀ ਨਾਂਵ ਸ਼ਰੇਣੀ ਦੇ ਸ਼ਬਦ ਕਿਰਿਆ ਦੇ ਕਰਤਾ ਅਤੇ ਕਰਮ ਵਜੋਂ ਕਾਰਜ ਕਰਦੇ ਹਨ : ਬੱਚਾ ਦੌੜਦਾ ਹੈ’ ਅਕਰਮਕ ਕਿਰਿਆ ਦਾ ਕਰਤਾ ‘ਬੱਚਾ’ ਨਾਂਵ ਹੈ; ‘ਬੱਚੇ ਨੇ ਦੁੱਧ ਪੀਤਾ’ ਸਕਰਮਕ ਕਿਰਿਆ ਦਾ ‘ਦੁੱਧ’ ਕਰਮ ਹੈ। ‘ਮਾਂ ਨੇ ਬੱਚੇ ਨੂੰ ਦੁੱਧ ਪਿਆਇਆ; ਦੋਹਰੀ ਸਕਰਮਕ ਕਿਰਿਆ ਦਾ ‘ਬੱਚੇ’ ਅਪਰਧਾਨ ਕਰਮ ਹੈ।

        ਨਾਂਵ ਸ਼ਰੇਣੀ ਦੀ ਵੰਡ ਵੇਲੇ ਅਰਥ, ਰੂਪ, ਕਾਰਜ, ਵਰਤੋਂ ਅਤੇ ਵਾਕਾਤਮਕਤਾ ਨੂੰ ਅਧਾਰ ਬਣਾਇਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 40114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਨਾਂਵ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਂਵ [ਨਾਂਪੁ] ਵੇਖੋ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਂਵ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਂਵ. ਸੰਗ੍ਯਾ—ਨਾਮ। ੨ ਨੌਕਾ. ਕਿਸ਼ਤੀ. “ਸਾਧ ਨਾਂਵ ਬੈਠਾਵਹੁ ਨਾਨਕ, ਭਵਸਾਗਰੁ ਪਾਰਿ ਉਤਾਰਾ.” (ਸਾਰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.